Tuesday, August 14, 2018

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਸੂਬੇ ਦੇ ਪਹਿਲੇ ਸਮਾਰਟ ਸਕੂਲ ਦਾ ਉਦਘਾਟਨ

Tue, Aug 14, 2018 at 8:29 PM
261 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ
ਲੁਧਿਆਣਾ/ਚੰਡੀਗੜ: 14 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉਪਰ ਚੁੱਕਣ ਦੇ ਮਕਸਦ ਨਾਲ ‘ਸਮਾਰਟ ਸਕੂਲ’ ਦੇ ਨਿਵੇਕਲੇ ਉਪਰਾਲੇ ਦੀ ਸ਼ੁਰੂਆਤ ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ‘ਸਮਾਰਟ ਸਕੂਲ’ ਦਾ ਉਦਘਾਟਨ ਕਰਕੇ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸਮਾਰਟ ਸਕੂਲ ਲੈਪਟਾਪ, ਮਲਟੀਮੀਡੀਆ ਪ੍ਰੋਜੈਕਟਰ ਅਤੇ ਹਾਈ-ਸਪੀਡ ਇੰਟਰਨੈੱਟ ਨਾਲ ਲੈਸ ਹੋਣਗੇ ਜਿਸ ਨਾਲ ਪੜਾਉਣ ਦੇ ਤਰੀਕੇ ਸੁਖਾਲੇ ਹੋਣ ਦੇ ਨਾਲ-ਨਾਲ ਹੋਰ ਪ੍ਰਭਾਵੀ ਹੋਣਗੇ। ਉਨਾਂ ਕਿਹਾ ਕਿ ਸੂਬੇ ਵਿੱਚ 261 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਇਨਾਂ ਸਮਾਰਟ ਕਲਾਸਰੂਮਾਂ ਤੋਂ ਇਲਾਵਾ ਸਰਕਾਰ ਵੱਲੋਂ ਅਜਿਹੇ ਸਕੂਲਾਂ ਦੀਆਂ ਛੱਤਾਂ ’ਤੇ ਸੌਰ ੳੂਰਜਾ ਪਲਾਂਟ ਵੀ ਸਥਾਪਤ ਕੀਤੇ ਜਾਣਗੇ। ਉਨਾਂ ਨੇ ਪੀ.ਏ.ਯੂ. ਸਮਾਰਟ ਸਕੂਲ ਵਿੱਚ 5.60 ਲੱਖ ਦੀ ਲਾਗਤ ਨਾਲ ਸਥਾਪਤ ਕੀਤੇ 10 ਕਿਲੋਵਾਟ ਦੀ ਸਮਰਥਾ ਵਾਲੇ ਸੋਲਰ ਨੈੱਟ ਮੀਟਰਿੰਗ ਪ੍ਰਾਜੈਕਟ ਦਾ ਵੀ ਉਦਘਾਟਨ ਕੀਤਾ। ਇਸ ਸਕੂਲ ਵਿੱਚ ਇਹ ਸੋਲਰ ਪਲਾਂਟ ਸਥਾਪਤ ਕਰਨ ਨਾਲ ਸਾਲਾਨਾ 1,20,450 ਰੁਪਏ ਦੀ ਬੱਚਤ ਹੋਵੇਗੀ।
ਪੀ.ਏ.ਯੂ. ਸਮਾਰਟ ਸਕੂਲ 50 ਲੱਖ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ ਜਿਸ ਵਿੱਚ ਅੱਠ ਨਵੇਂ ਕਲਾਸਰੂਮ ਹਨ ਅਤੇ ਹਰੇਕ ਕਲਾਸਰੂਮ ਵਿੱਚ ਪੜਾਉਣ ਦੀਆਂ ਆਧੁਨਿਕ ਤਕਨੀਕਾਂ ਸਮੇਤ ਪ੍ਰਾਜੈਕਟ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਸਕੂਲ ਵਿੱਚ ਚਾਰ ਪਖਾਨਿਆਂ ਦਾ ਵੀ ਨਿਰਮਾਣ ਕੀਤਾ ਗਿਆ ਜਦਕਿ ਮੌਜੂਦਾ ਦੀ ਮੁਰੰਮਤ ਕੀਤੀ ਗਈ ਹੈ। ਸਕੂਲ ਵਿੱਚ ਪੜਾਈ ਦਾ ਸਾਕਾਰਤਮਕ ਮਾਹੌਲ ਸਿਰਜਣ ਲਈ ਕੁਝ ਹਿੱਸਿਆਂ ਵਿੱਚ ਲੈਂਡਸਕੇਪਿੰਗ ਕਰਨ ਦੇ ਨਾਲ-ਨਾਲ ਸਮੁੱਚੇ ਸਕੂਲ ਵਿੱਚ ਕਲਰ ਕੋਡਿੰਗ ਕੀਤੀ ਜਾ ਰਹੀ ਹੈ।
 ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਸੰਜੇ ਤਲਵਾਰ ਤੇ ਕੁਲਦੀਪ ਸਿੰਘ ਵੈਦ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਹੋਰ ਹਾਜ਼ਰ ਸਨ।  

No comments: