Showing posts with label Red Flag. Show all posts
Showing posts with label Red Flag. Show all posts

Tuesday, October 13, 2015

ਪੰਜਾਬ ਵਿੱਚ ਫਿਰ ਬੁਲੰਦ ਹੋ ਰਿਹਾ ਹੈ ਲਾਲ ਝੰਡਾ

ਚਾਰ ਖੱਬੀਆਂ ਪਾਰਟੀਆਂ ਨੇ ਕੀਤੇ ਸਾਰੇ ਜ਼ਿਲ੍ਹਿਆਂ 'ਚ ਜ਼ਬਰਦਸਤ ਰੋਸ ਮੁਜ਼ਾਹਰੇ
ਚੰਡੀਗੜ੍ਹ: 12 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
File photo 
ਪੰਜਾਬ ਵਿੱਚ ਲਾਲ ਝੰਡਾ ਫਿਰ ਬੁਲੰਦ ਹੋ ਰਿਹਾ ਹੈ। ਖੱਬੀਆਂ ਪਾਰਟੀਆਂ ਆਏ ਦਿਨ ਕੋਈ ਨ ਕੋਈ ਸਾਰਥਕ ਅੰਦੋਲਨ ਕਰਕੇ ਲੋਕਾਂ ਨਾਲ ਆਪਣੀ ਸਾਂਝ ਫਿਰ ਮਜਬੂਤ ਬਣਾ ਰਹੀਆਂ ਹਨ। ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਐਮ ਪੰਜਾਬ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੱਦੇ 'ਤੇ ਸਾਰੇ ਜ਼ਿਲ੍ਹਿਆਂ 'ਚ ਡੀ ਸੀ ਦਫ਼ਤਰਾਂ ਸਾਹਮਣੇ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਅਤੇ ਧਰਨੇ ਦਿੱਤੇ ਗਏ। ਖੱਬੀਆਂ ਪਾਰਟੀਆਂ ਵੱਲੋਂ ਇਹ ਧਰਨੇ ਕਿਸਾਨੀ ਦੀ ਮੰਡੀਆਂ 'ਚ ਹੋ ਰਹੀ ਲੁੱਟ ਅਤੇ ਨਰਮੇ ਦੀ ਬਰਬਾਦੀ ਵਿਰੁੱਧ ਦਿੱਤੇ ਗਏ। ਚਾਰ ਖੱਬੀਆਂ ਪਾਰਟੀਆਂ ਨੇ ਕਿਸਾਨ ਮਸਲਿਆਂ ਦੇ ਸਮੱਰਥਨ 'ਚ ਸੂਬੇ ਭਰ 'ਚ ਧਰਨਿਆਂ ਦਾ ਸੱਦਾ ਦਿੱਤਾ ਸੀ, ਜੋ ਕਿ ਬਹੁਤ ਹੀ ਸਫ਼ਲ ਰਹੇ। 
ਬੁਲਾਰਿਆਂ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਪਾਹ ਉਤਪਾਦਕਾਂ ਨੂੰ ਘਟੀਆ ਮਿਆਰ ਦੀਆਂ ਕੀੜੇਮਾਰ ਦਵਾਈਆਂ ਵੇਚੇ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਫਸਲ ਦਾ 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਾਸਮਤੀ 'ਤੇ 7 ਫੀਸਦੀ ਟੈੱਕਸ ਲਾ ਦਿੱਤਾ ਹੈ ਅਤੇ ਦਾਣਾ ਮੰਡੀਆਂ ਵਿੱਚ ਸਰਕਾਰੀ ਏਜੰਸੇਆਂ ਵੱਲੋਂ ਘੱਟੋ-ਘੱਟ ਸਮੱਰਥਨ ਮੁੱਲ 'ਤੇ ਵੀ ਬਾਸਮਤੀ ਦੀ ਖਰੀਦ ਨਹੀਂ ਕੀਤੀ ਜਾ ਰਹੀ ਅਤੇ ਗੰਨਾ ਮਿੱਲਾਂ ਵੱਲੋਂ ਗੰਨਾ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਅਤੇ ਪੰਜਾਬ ਸਰਕਾਰ ਦੇ ਰਵੱਈਏ ਨਾਲ ਪੰਜਾਬ ਦੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨਵ-ਉਦਾਰਵਾਦੀ ਨੀਤੀਆਂ ਅਤੇ ਸੂਬਾ ਸਰਕਾਰ ਦੇ ਰਵੱਈਏ ਨਾਲ ਕਿਸਾਨੀ, ਖੇਤੀ ਕਾਮੇ, ਨੌਜੁਆਨ, ਵਿਦਿਆਰਥੀ, ਸਮਾਜ ਦੇ ਦੂਜੇ ਵਰਗ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਬੁਲਾਰਿਆਂ ਨੇ ਬਿਨਾਂ ਦੇਰੀ ਜਨਤਕ ਵੰਡ ਪ੍ਰਣਾਲੀ ਸ਼ੁਰੂ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਪਰ ਸਰਕਾਰ ਵੱਲੋਂ ਮਹਿੰਗਾਈ ਰੋਕਣ ਲਈ ਕੁਝ ਨਹੀਂ ਕੀਤਾ ਜਾ ਰਿਹਾ। ਬੁਲਾਰਿਆਂ ਨੇ ਮੰਗ ਕੀਤੀ ਕਿ ਬੇਰੁਜ਼ਗਾਰੀ ਖਤਮ ਕੀਤੀ ਜਾਵੇ ਅਤੇ ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਰੇਤ ਮਾਫੀਆ 'ਤੇ ਰੋਕ ਲਾਈ ਜਾਵੇ। ਉਨ੍ਹਾ ਮੰਗ ਕੀਤੀ ਕਿ ਬੇਜ਼ਮੀਨਿਆਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨਾਂ ਦੀ ਉਸਾਰੀ ਲਈ ਤਿੰਨ-ਤਿੰਨ ਲੱਖ ਰੁਪਏ ਦਿੱਤੇ ਜਾਣ, ਨਰੇਗਾ ਦੇ ਬਕਾਏ ਅਦਾ ਕੀਤੇ ਜਾਣ, ਸਿਹਤ ਸੁਵਿਧਾਵਾਂ ਸਸਤੀਆਂ ਕੀਤੀਆਂ ਜਾਣ, ਬੁਢਾਪਾ ਅਤੇ ਵਿਧਵਾ ਪੈਨਸ਼ਨ ਪ੍ਰਤੀ ਮਹੀਨਾ ਤਿੰਨ ਹਜ਼ਾਰ ਰੁਪਏ ਕੀਤੀ ਜਾਵੇ ਅਤੇ ਘੱਟੋ-ਘੱਟ 15 ਹਜ਼ਾਰ ਰੁਪਏ ਮਹੀਨਾ ਮਿਥੀ ਜਾਵੇ। 
ਉਨ੍ਹਾ ਮੰਗ ਕੀਤੀ ਕਿ ਕਪਾਹ ਉਤਪਾਦਕਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤੀ ਕਾਮਿਆਂ ਨੂੰ 25 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਬਾਸਮਤੀ 1509 ਦੀ ਕੀਮਤ 3500 ਰੁਪਏ ਪ੍ਰਤੀ ਕੁਇੰਟਲ ਮਿਥੀ ਜਾਵੇ ਅਤੇ ਗੰਨੇ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ। ਉਨ੍ਹਾ ਚਿਤਾਵਨੀ ਦਿੱਤੀ ਕਿ ਜੇ ਉਨ੍ਹਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਜ਼ਿਲ੍ਹਾ ਪੱਧਰੀ ਧਰਨਿਆਂ ਨੂੰ ਹੋਰਨਾਂ ਤੋਂ ਇਲਾਵਾ ਸੀ ਪੀ ਆਈ ਆਗੂਆਂ ਕਾਮਰੇਡ ਅਰਸ਼ੀ, ਡਾ. ਜੋਗਿੰਦਰ ਦਿਆਲ, ਬੰਤ ਬਰਾੜ, ਸੀ ਪੀ ਐੱਮ ਵੱਲੋਂ ਚਰਨ ਸਿੰਘ ਵਿਰਦੀ, ਵਿਜੈ ਮਿਸ਼ਰਾ, ਰਘੂਨਾਥ ਸਿੰਘ, ਸੀ ਪੀ ਆਈ ਐੱਮ ਪੰਜਾਬ ਵੱਲੋਂ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਕੁਲਵੰਤ ਸੰਧੂ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਗੁਰਮੀਤ ਸਿੰਘ ਬਖਤਪੁਰਾ, ਸੁਖਦਰਸ਼ਨ ਨੱਤ ਅਤੇ ਬਲਕਰਨ ਸਿੰਘ ਨੇ ਵੀ ਸੰਬੋਧਨ ਕੀਤਾ।
ਮਾਨਸਾ: ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ. (ਐੱਮ.), ਸੀ.ਪੀ.ਐੱਮ. ਪੰਜਾਬ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਸੱਦੇ 'ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦਾ ਮਜ਼ਦੂਰਾਂ ਨੂੰ ਪ੍ਰਤੀ ਪਰਵਾਰ 20,000/- ਰੁਪਏ ਮੁਆਵਜ਼ਾ ਅਤੇ ਕਿਸਾਨਾਂ ਪ੍ਰਤੀ ਏਕੜ 40,000/- ਰੁਪਏ ਮੁਆਵਜ਼ਾ ਦਿਵਾਉਣ ਅਤੇ 15 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਲਈ ਸਥਾਨਕ ਜ਼ਿਲ੍ਹਾ ਕੰਪਲੈਕਸ ਵਿਖੇ ਸੈਂਕੜੇ ਕਮਿਊਨਿਸਟ ਵਰਕਰਾਂ ਵੱਲੋਂ ਵਿਸ਼ਾਲ ਧਰਨਾ ਦੇ ਕੇ ਸ਼ਹਿਰ ਵਿਚ ਹੱਥਾਂ ਵਿੱਚ ਲਾਲ ਝੰਡੇ ਲੈ ਕੇ ਰੋਸ ਮਾਰਚ ਕੀਤਾ ਅਤੇ ਧਰਨੇ ਦੀ ਅਗਵਾਈ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀ.ਪੀ.ਆਈ.ਐੱਮ ਦੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਉÎੱਡਤ, ਸੀ.ਪੀ.ਐੱਮ. ਪੰਜਾਬ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ ਅਤੇ ਸੀ.ਆਈ.ਐੱਮ.ਐੱਲ. ਲਿਬਰੇਸ਼ਨ ਦੇ ਸਾਥੀ ਅਮਰੀਕ ਸਿੰਘ ਸਮਾਓਂ ਆਗੂਆਂ ਨੇ ਕੀਤੀ। 
ਧਰਨੇ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ, ਸੀ.ਪੀ.ਆਈ. ਐੱਮ.ਐੱਲ. ਲਿਬਰੇਸ਼ਲ ਦੇ ਸੂਬਾ ਸਕੱਤਰੇਤ ਮੈਂਬਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਵਰਗ ਨੂੰ ਕੰਗਾਲੀ ਦੇ ਰਸਤੇ 'ਤੇ ਲੈ ਕੇ ਜਾਣ ਲਈ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਸਿੱਧੇ ਤੌਰ 'ਤੇ ਮੁੱਖ ਦੋਸ਼ੀ ਹੈ ਅਤੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਨਾਲ ਧਰਮਾਂ ਅਤੇ ਜਾਤਾਂ ਦੀ ਵੰਡ ਕਰਕੇ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਆਪਣੀ ਰਾਜ ਸੱਤਾ ਨੂੰ ਕਾਇਮ ਰੱਖਿਆ ਹੈ, ਪ੍ਰੰਤੂ ਪੰਜਾਬ ਅੰਦਰ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋਇਆ ਹੈ। ਮਜ਼ਦੂਰ-ਕਿਸਾਨ ਲਗਾਤਾਰ ਇਨ੍ਹਾਂ ਨੀਤੀਆਂ ਕਰਨ ਖੁਦਕੁਸ਼ੀਆਂ ਕਰ ਰਹੇ ਹਨ, ਪਰ ਆਮ ਲੋਕਾਂ ਲਈ ਕੋਈ ਬਦਲ ਨਹੀਂ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਖੁਦਕੁਸ਼ੀਆਂ ਕਰਨ ਦੀ ਬਜਾਇ ਰਿਸ਼ਵਤਖੋਰ ਅਫ਼ਸਰਸ਼ਾਹੀ ਅਤੇ ਸਰਕਾਰ ਖਿਲਾਫ ਇੱਕ ਪਲੇਟਫਾਰਮ ਤਿਆਰ ਕਰਕੇ ਸੰਘਰਸ਼ ਲਈ ਤਿਆਰ ਹੋਣਾ ਪਏਗਾ। ਉਹਨਾਂ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਕੇਵਲ ਆਪਣੇ ਚਹੇਤਿਆਂ ਨੂੰ ਨਾ-ਮਾਤਰ ਮੁਆਵਜ਼ੇ ਦੇ ਚੈੱਕ ਦੇ ਕੇ ਮਗਰਮੱਛ ਵਾਲੇ ਅੱਥਰੂ ਵਹਾ ਰਹੀ ਹੈ ਅਤੇ ਕਿਸਾਨ ਪੱਖੀ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਜਦੋਂਕਿ ਪੰਜਾਬ ਦਾ ਬੱਚਾ-ਬੱਚਾ ਪੰਜਾਬ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਮਝ ਚੁੱਕਾ ਹੈ ਅਤੇ ਸੰਘਰਸ਼ ਦੇ ਰਾਹ ਪਿਆ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾ ਰਹੀ ਹੈ, ਜਿਸ ਵਿੱਚ ਕਿਸਾਨਾਂ ਨੂੰ 40,000/- ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 20,000/- ਰੁਪਏ ਪ੍ਰਤੀ ਪਰਵਾਰ ਮੁਆਵਜ਼ਾ ਦਿਵਾਉਣ ਅਤੇ ਨਕਲੀ ਕੀੜੇਮਾਰ ਦਵਾਈਆਂ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਅਤੇ 15 ਨੁਕਾਤੀ ਮੰਗਾਂ ਦਾ ਪ੍ਰੋਗਰਾਮ ਲਾਗੂ ਕਰਵਾਉਣ ਸੰਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਮੇਂ ਸੀ.ਪੀ.ਐੱਮ. ਪੰਜਾਬ ਦੇ ਸੂਬਾਈ ਆਗੂ ਮਾਸਟਰ ਛੱਜੂ ਰਾਮ, ਸੀ.ਪੀ.ਐੱਮ. ਲਿਬਰੇਸ਼ਨ ਦੇ ਗੁਰਮੀਤ ਸਿੰਘ ਨੰਦਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਗੁਰਸੇਵਕ ਸਿੰਘ ਮਾਨ, ਜੀਤ ਸਿੰਘ ਬੋਹਾ, ਸਰਪੰਚ ਰਣਜੀਤ ਸਿੰਘ ਤਾਮਕੋਟ, ਸੁਰਜੀਤ ਸਿੰਘ ਕੋਟਧਰਮੂ, ਨਰਿੰਦਰ ਕੌਰ, ਸੀ.ਪੀ.ਆਈ. ਦੇ ਜਗਰਾਜ ਸਿੰਘ ਹੀਰਕੇ, ਰੂਪ ਸਿੰਘ ਢਿੱਲੋਂ, ਡਾ. ਆਤਮਾ ਸਿੰਘ ਆਤਮਾ, ਸੀਤਾ ਰਾਮ ਗੋਬਿੰਦਪੁਰਾ, ਮਾਸਟਰ ਗੁਰਬਚਨ ਸਿੰਘ ਮੰਦਰਾਂ, ਰਤਨ ਭੋਲਾ, ਮੇਘਾ ਸਿੰਘ ਪ੍ਰਧਾਨ ਨਗਰ ਪੰਚਾਇਤ ਜੋਗਾ, ਮੇਜਰ ਸਿੰਘ ਅਤੇ ਹਰੀ ਸਿੰਘ ਸੰਮਤੀ ਮੈਂਬਰ, ਮਨਜੀਤ ਗਾਮੀਵਾਲਾ, ਮੰਗਤ ਰਾਮ ਭੀਖੀ, ਸੀ.ਪੀ.ਐਮ. ਪੰਜਾਬ ਮੇਜਰ ਸਿੰਘ ਮਾਨਸਾ, ਨਰਿੰਦਰ ਸੋਮਾ, ਰਜਿੰਦਰ ਕੁਲੈਹਰੀ, ਆਤਮਾ ਸਿੰਘ ਸਰਦੂਲਗੜ੍ਹ, ਸੀ.ਪੀ.ਆਈ. ਐਮ. ਦੇ ਘੋਕਾ ਦਾਸ ਰੱਲਾ, ਰਾਜਵਿੰਦਰ ਸਿੰਘ ਹੀਰੇਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਲੁਧਿਆਣਾ: ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਐਮ ਪੰਜਾਬ ਅਤੇ ਸੀ ਪੀ ਆਈ (ਐੱਮ ਐਲ) ਲਿਬਰੇਸ਼ਨ ਦੇ ਸੱਦੇ 'ਤੇ ਕਿਸਾਨਾਂ ਦੀਆਂ ਮੰਗਾਂ ਦੇ ਸਮੱਰਥਨ ਵਿੱਚ ਅੱਜ ਇੱਥੇ ਮਿੰਨੀ ਸਕਤਰੇਤ ਲੁਧਿਆਣਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਪਾਰਟੀਆਂ ਨੇ ਮੰਗ ਕੀਤੀ ਕਿ ਚਿੱਟੀ ਮੱਖੀ ਨਾਲ ਤਬਾਹ ਹੋਏ ਨਰਮੇ ਦਾ ਪੂਰਾ ਮੁਆਵਜ਼ਾ 40000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਨੂੰ ਅਤੇ 20000 ਰੁਪਏ ਦੇ ਹਿਸਾਬ ਨਾਲ ਖੇਤ ਮਜ਼ਦੂਰਾਂ ਨੂੰ ਦਿੱਤਾ ਜਾਏ। ਇਸ ਮੌਕੇ ਬੋਲਦਿਆਂ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੀ ਕੌਮੀ ਜਨਰਲ ਸਕੱਤਰ ਕਾ. ਜਗਮਤੀ ਸਾਂਗਵਾਂ ਅਤੇ ਕਾ. ਸੁਮੀਤ ਚੋਪੜਾ-ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਸਕੱਤਰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਚਾਉਣ ਦੀ ਬਜਾਏ 33 ਕਰੋੜ ਦਾ ਕੀਟਨਾਸ਼ਕ ਦਾ ਘਪਲਾ ਕਰਨ ਵਾਲੇ ਪੰਜਾਬ ਸਰਕਾਰ ਵਿੱਚ ਉੱਚ ਅਹੁਦਿਆਂ 'ਤੇ ਬੈਠੇ ਅਸਲ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀ ਲੱਗੀ ਹੋਈ ਹੈ। 
ਇਸ ਮੌਕੇ ਸੰਬੋਧਨ ਕਰਦੇ ਹੋਏ ਕਾ. ਕਰਤਾਰ ਸਿੰਘ ਬੁਆਣੀ-ਸਕੱਤਰ ਸੀ ਪੀ ਆਈ ਜ਼ਿਲ੍ਹਾ ਲੁਧਿਆਣਾ, ਕਾ. ਅਮਰਜੀਤ ਸਿੰਘ ਮੱਟੂ-ਸਕੱਤਰ ਸੀ ਪੀ ਆਈ (ਐਮ) ਜ਼ਿਲ੍ਹਾ ਲੁਧਿਆਣਾ ਅਤੇ ਕਾ. ਮਹਿੰਦਰ ਅੱਚਰਵਾਲ-ਜ਼ਿਲ੍ਹਾ ਸਕੱਤਰ ਸੀ ਪੀ ਐਮ ਪੰਜਾਬ ਨੇ ਕਿਹਾ ਕਿ ਇਸ ਸਮੇਂ ਕਿਸਾਨੀ ਤੇ ਖੇਤ ਮਜ਼ਦੂਰ ਵਰਗ ਗੰਭੀਰ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਤਬਾਹ ਹੋਣ ਕਰ ਕੇ ਅਤੇ ਬਾਸਮਤੀ ਦੇ ਨਿਗੂਨੇ ਭਾਅ ਨੇ ਉਨ੍ਹਾਂ ਦਾ ਕਚੂਮਰ ਕੱਢ ਦਿੱਤਾ ਹੈ। ਇਹਨਾਂ ਤੋਂ ਇਲਾਵਾ ਕਾ. ਡੀ ਪੀ ਮੌੜ, ਕਾ. ਜਗਦੀਸ਼, ਕਾ. ਗੁਰਨਾਮ ਸਿੱਧੂ, ਕਾ. ਰਮੇਸ਼ ਰਤਨ, ਕਾ. ਪਰਮਜੀਤ ਸਿੰਘ, ਕਾ. ਭਰਪੂਰ ਸਿੰਘ, ਕਾ. ਸੁਰਿੰਦਰ ਜਲਾਲਦੀਵਾਲ, ਕਾ. ਅਮਨਦੀਪ ਸਿੰਘ, ਕਾ. ਬਲਦੇਵ ਲਤਾਲਾ, ਕਾ. ਸੁਖਵਿੰਦਰ ਲੋਟੇ, ਕਾ. ਅਵਤਾਰ ਗਿੱਲ, ਕਾ. ਸਿਕੰਦਰ ਸਿੰਘ ਜੜਤੌਲੀ, ਕਾ. ਜਗਤਾਰ ਸਿੰਘ, ਕਾ. ਰਾਜਾ ਰਾਮ, ਕਾ. ਗੁਰਦੀਪ ਸਿੰਘ ਕਲਸੀ ਆਦਿ ਨੇ ਵੀ ਸੰਬੋਧਨ ਕੀਤਾ।
ਪਠਾਨਕੋਟ : ਅੱਜ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ ਐਮ, ਸੀ ਪੀ ਐਮ ਪੰਜਾਬ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ ਪੰਜਾਬ ਅੰਦਰ ਚੱਲ ਰਹੇ ਕਿਸਾਨਾਂ-ਮਜ਼ਦੂਰਾਂ ਦਾ ਰੇਲ ਰੋਕੋ ਅੰਦੋਲਨ ਦੇ ਸਮੱਰਥਨ ਵਿੱਚ ਕਾਮਰੇਡ ਅਮਰੀਕ ਸਿੰਘ, ਕਾਮਰੇਡ ਕੇਵਲ ਕਾਲੀਆ, ਕਾਮਰੇਡ ਦਲਬੀਰ ਸਿੰਘ ਅਤੇ ਕਾਮਰੇਡ ਦਰਸ਼ਨ ਅਖਰੋਟਾ ਦੀ ਸਾਂਝੀ ਪ੍ਰਧਾਨਗੀ ਹੇਠ ਡੀ ਸੀ ਦਫਤਰ ਪਠਾਨਕੋਟ ਅੱਗੇ ਵਿਸ਼ਾਲ ਧਰਨਾ ਮਾਰਿਆ ਗਿਆ।
ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਸੀ ਪੀ ਆਈ ਦੇ ਠਾਕੁਰ ਰਮੇਸ਼ ਸਿੰਘ, ਸੱਤਿਆ ਦੇਵ ਸੈਣੀ, ਉਂਕਾਰ ਸਿੰਘ, ਸੀ ਪੀ ਆਈ ਐਮ ਦੇ ਡਾ ਸੁਰਿੰਦਰ ਸਿੰਘ, ਲਖਵਿੰਦਰ ਮਰੜ, ਗਨੇਸ਼ ਰਾਜ, ਸੀ ਪੀ ਐਮ ਪੰਜਾਬ ਦੇ ਕਾਮਰੇਡ ਨੱਥਾ ਸਿੰਘ, ਮਾਸਟਰ ਸੁਭਾਸ਼ ਸ਼ਰਮਾ, ਕਾਮਰੇਡ ਹਜ਼ਾਰੀ ਲਾਲ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਅਸ਼ਵਨੀ ਕੁਮਾਰ ਹੈਪੀ ਨੇ ਕਿਹਾ ਕਿ ਪੰਜਾਬ ਅੰਦਰ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਜਬੂਰ ਹੋ ਕੇ ਪਿਛਲੀ 7 ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਾ ਪਿਆ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੀ ਬੇਰੁਖੀ ਤੇ ਅਣਦੇਖੀ ਕਾਰਨ ਸੰਘਰਸ਼ ਦਿਨ ਪ੍ਰਤੀ ਦਿਨ ਅੱਗੇ ਵਧਾਉਣਾ ਪੈ ਰਿਹਾ ਹੈ। ਪੰਜਾਬ ਸਰਕਾਰ ਨਾ ਤਾਂ ਕਿਸਾਨਾਂ ਮਜ਼ਦੂਰਾਂ ਦੀਆਂ ਵੱਧ ਰਹੀਆਂ ਮੁਸ਼ਕਲਾਂ ਦੀ ਪ੍ਰਵਾਹ ਕਰਦੀ ਹੈ, ਨਾ ਹੀ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਬਾਰੇ ਸੋਚਦੀ ਹੈ।
ਅੰਮ੍ਰਿਤਸਰ:: ਅੱਠ ਕਿਸਾਨ ਜਥੇਬੰਦੀਆਂ ਵੱਲੋਂ 1121 ਬਾਸਮਤੀ ਅਤੇ 1509, ਕਿਸਮ ਦੇ ਉਚਿਤ ਭਾਅ, ਨਰਮੇ ਦੇ ਖਰਾਬੇ ਦਾ ਮੁਆਵਜ਼ਾ, ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ, ਮੰਡ ਖੇਤਰ ਦੀ ਹੋਈ ਫਸਲ ਦੀ ਤਬਾਹੀ ਅਤੇ ਗੰਨੇ ਦੇ ਬਕਾਏ ਨੂੰ ਲੈ ਕੇ ਵਿੱਢਿਆ ਸੰਘਰਸ਼ ਅੱਜ ਛੇਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਕਿਸਾਨਾਂ ਅੰਮ੍ਰਿਤਸਰ ਦਿੱਲੀ ਰੇਲਵੇ ਮਾਰਗ ਨੂੰ ਪਿੰਡ ਮੁੱਛਲ ਕੋਲ ਪੂਰੀ ਤਰ੍ਹਾਂ ਜਾਮ ਕਰਕੇ ਬੈਠੇ ਹੋਏ ਹਨ, ਜਦ ਕਿ ਸੰਘਰਸ਼ ਨੂੰ ਸਫਲ ਕਰਨ ਲਈ ਪਿੰਡਾਂ ਵਿੱਚੋਂ ਲੋਕ ਤਰ੍ਹਾਂ-ਤਰ੍ਹਾਂ ਦਾ ਲੰਗਰ ਸਾਜ਼ੋ-ਸਾਮਾਨ ਲੈ ਕੇ ਆਪ-ਮੁਹਾਰੇ ਪਹੁੰਚ ਰਹੇ ਹਨ। ਜਾਰੀ ਇੱਕ ਬਿਆਨ ਰਾਹੀਂ ਕਿਸਾਨ ਆਗੂ ਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਰੇਲਵੇ ਟਰੈਕ 'ਤੇ ਪੱਕੇ ਡੇਰੇ ਲਾ ਰੱਖੇ ਹਨ, ਹਰ ਰੋਜ਼ ਧਰਨੇ 'ਤੇ ਬੈਠੇ ਕਿਸਾਨਾਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਕਿਸਾਨਾਂ ਵਿੱਚ ਫੈਲੇ ਰੋਹ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਉਹਨਾਂ ਦੱਸਿਆ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ, ਜਮਹੂਰੀ ਕਿਸਾਨ ਸਭਾ ਦੇ ਪ੍ਰਗਟ ਸਿੰਘ ਜਾਮਾਰਾਏ, ਕਿਰਤੀ ਕਿਸਾਨ ਯੂਨੀਅਨ ਦੇ ਧੰਨਵੰਤ ਸਿੰਘ ਖਤਰਾਏ ਕਲਾਂ, ਕਿਸਾਨ ਸੰਘਰਸ਼ ਕਮੇਟੀ ਦੇ ਗੁਰਸਾਹਿਬ ਸਿੰਘ ਚਾਟੀਵਿੰਡ, ਬੀ.ਕੇ.ਯੂ ਦੇ ਕਸ਼ਮੀਰ ਸਿੰਘ ਧੰਗਈ ਆਦਿ ਨੇ ਕਿਹਾ ਕਿ ਬਾਦਲ ਸਰਕਾਰ ਨੇ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ , ਜਿਸ ਕਾਰਨ ਮਜਬੂਰੀ ਵੱਸ ਕਿਸਾਨਾਂ ਨੂੰ ਰੇਲਵੇ ਮਾਰਗਾਂ 'ਤੇ ਆਉਣਾ ਪਿਆ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਝੰਡੇਰ, ਜਗਜੀਤ ਸਿੰਘ ਕਲਾਨੌਰ, ਇੰਦਰਜੀਤ ਸਿੰਘ ਕੋਟ ਬੁੱਢਾ, ਸੁਖਵਿੰਦਰ ਸਿੰਘ ਸਭਰਾ, ਹਰਦਿਆਲ ਸਿੰਘ ਮਠੌਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਉਮੀਦ ਕਰਨੀ ਚਾਹੀਦੀ ਹੈ ਕਿ ਆਉਂਦੇ ਦਿਨਾਂ ਵਿੱਚ ਕਾਮਰੇਡ ਆਪਣੀ ਪੁਰਾਣੀ ਸ਼ਾਨੋ ਸ਼ੌਕਤ ਬਹਾਲ ਕਰਨ ਵਿੱਚ ਕਾਮਯਾਬ ਰਹਿਣਗੇ। 


Monday, October 05, 2015

ਮੋਦੀ ਸਰਕਾਰ ਦੇ ਝੂਠੇ ਵਾਅਦੇ ਤੇ ਥੋਥੇ ਨਾਅਰਿਆਂ ਦਾ ਪਰਦਾਫ਼ਾਸ਼-CPI


ਸਮਾਜ ਨੂੰ ਕਿਸੇ ਵੀ ਕੀਮਤ ਤੇ ਵੰਡਣ ਨਹੀਂ ਦਿਆਂਗੇ-ਸੀ ਪੀ ਆਈ

ਲੁਧਿਆਣਾ:: 5 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):

ਮੋਦੀ ਸਰਕਾਰ ਦੇ ਝੂਠੇ ਵਾਅਦੇ ਤੇ ਥੋਥੇ ਨਾਅਰਿਆਂ ਦਾ ਪਰਦਾ ਫ਼ਾਸ਼ ਕਰਨ ਦੇ ਲਈ ਰਾਸ਼ਟਰ ਵਿਆਪੀ ਪ੍ਰੋਗਰਾਮ ਦੇ ਹਿੱਸੇ ਵਜੋਂ ਭਾਰਤੀ ਕਮਿਉਨਿਸਟ ਪਾਰਟੀ-(ਸੀ ਪੀ ਆਈ) ਦੀ ਲੁਧਿਆਣਾ ਇਕਾਈ ਵਲੋਂ ਅੱਜ ਇੱਥੇ ਰੇਲਵੇ ਸਟੇਸ਼ਨ ਤੇ ਰੈਲੀ ਕਰਨ ਉਪਰੰਤ ਘੰਟਾ ਘਰ ਚੌਂਕ ਤੱਕ ਜਲੂਸ ਕੱਢਿਆ ਗਿਆ| ਇਸ ਮੌਕੇ ਤੇ ਬੋਲਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕੇ ਅੱਛੇ ਦਿਨ ਤਾਂ ਕਿ ਆਉਣੇ ਸਨ, ਮਹਿੰਗਾਈ ਬੇਰੋਜਗਾਰੀ ਅਤੇ ਸਮਾਜ ਵਿੱਚ ਪਾੜਾ ਵੱਧਣ ਦੇ ਕਾਰਣ ਆਮ ਲੋਕਾਂ ਦਾ ਜੀਵਨ ਦੁੱਬਰ ਹੋ ਗਿਆ ਹੈ ਜਦੋਂ ਕਿ ਕਾਰਪੋਰੇਟ ਖੇਤਰ ਨੂੰ ਗੱਫੇ ਵੰਡੇ ਜਾ ਰਹੇ ਹਨ|  ਜਿਸ ਢੰਗ ਦੇ ਨਾਲ ਮੋਦੀ ਨੂੰ ਉਭਾਰਿਆ ਗਿਆ ਤੇ ਹੁਣ ਪ੍ਰਚਾਰਿਆ ਜਾ ਰਿਹਾ ਹੈ, ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਜਰਮਨੀ ਵਿੱਚ ਉਥੋਂ ਦੇ ਕਾਰਪੋਰੇਟ ਖੇਤਰ ਨੇ ਹਿਟਲਰ ਨੂੰ ਉਭਾਰਿਆ ਸੀ|  ਮੋਦੀ ਦੀ ਅਗਵਾਈ ਹੇਠ ਮੌਜੂਦਾ ਭਾਜਪਾ ਸਰਕਾਰ ਵਲੋਂ ਜਿਸ ਢੰਗ ਨਾਲ ਵਿਦੇਸ਼ੀ ਸਰਮਾਏ ਨੂੰ ਖੁੱਲੀ ਆਮਦ ਦਿੱਤੀ ਜਾ ਰਹੀ ਹੈ ਅਤੇ ਉਨਾਂ ਦੇ ਨਿਰਦੇਸ਼ਾਂ ਦੇ ਮੁਤਾਬਿਕ ਮਜਦੂਰ ਵਿਰੋਧੀ ਕਾਨੂੰਨ ਲਿਆਂਦੇ ਜਾ ਰਹੇ ਹਨ ਅਤੇ ਜਿਵੇਂ ਕਿਸਾਨਾਂ ਦੀ ਜਮੀਨ ਹੱੜਪਨ ਲਈ ਅਧਿਆਦੇਸ਼ਾਂ ਦਾ ਸਹਾਰਾ ਲਿਆ ਜਾ ਰਿਹਾ ਹੈ, ਨੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਲੈ ਆਂਦਾ ਹੈ| ਪਬਲਿਕ ਸੈਕਟਰ ਦੇ ਬੈਂਕਾ, ਖਾਨਾਂ ਤੇ ਰੇਲਵੇ ਦੇ ਨਿੱਜੀਕਰਨ ਵੱਲ ਕਦਮ ਚੁੱਕਣਾਂ ਸਾਡੇ ਦੇਸ਼ ਦੀਆਂ ਪ੍ਰਵਾਨਿਤ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ ਹੈ|  ਮੇਕ ਇੰਨ ਇੰਡੀਆ ਦੇ ਨਾਂ ਤੇ ਦੇਸ਼ ਦੇ ਬਹੁਮੁੱਲੇ ਸੋਮਿਆਂ ਨੂੰ ਕਾਰਪੋਰੇਟ ਖੇਤਰ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਸਾਜਿਸ਼ ਹੈ|  ਪ੍ਰਧਾਨ ਮੰਤਰੀ ਵਲੋਂ  ਦਿਸ਼ਾਹੀਣ ਵਿਦੇਸ਼ੀ ਦੌਰਿਆਂ ਦੌਰਾਨ ਜਿਸ ਢੰਗ ਦੇ ਨਾਲ ਆਪਣੇ ਭਾਸ਼ਣਾਂ ਵਿੱਚ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸਲੇ ਸਾਡੇ ਦੇਸ਼ ਦੇ ਪ੍ਰਭਾਵ ਨੂੰ ਦੁਨੀਆਂ ਵਿੱਚ ਨੀਵਾਂ ਕੀਤਾ ਹੈ| ਆਪਣੀਆਂ ਕਮਜੋਰੀਆਂ ਅਤੇ ਅਸਫਲਤਾਵਾਂ ਨੂੰ ਛੁਪਾਉਣ ਦੇ ਲਈ ਆਰ ਐਸ ਐਸ ਦੇ ਨਿਰਦੇਸ਼ਾਂ ਅਨੁਸਾਰ ਸਮਾਜ ਨੂੰ ਫਿਰਕੂ ਲੀਹਾਂ ਦੇ ਵੰਡਣ ਅਤੇ ਤਰਕਸ਼ੀਲ ਸੋਚ ਨੂੰ ਦਬਾਉਣ ਦੀ ਨੀਤੀ ਨੰਗੇ ਚਿੱਟੇ ਢੰਗ ਨਾਲ ਚਲਾਈ ਜਾ ਰਹੀ ਹੈ|  ਦਿੱਲੀ ਦੇ ਨੇੜੇ ਬਿਸਾਡਾ  ਪਿੰਡ ਵਿੱਚ ਗਾਂ ਦੇ ਮਾਸ ਨੂੰ ਲੈ ਕੇ ਝੂਠੇ ਪ੍ਰਚਾਰ ਅਧੀਨ ਸ਼ਾਜਿਸ਼ ਦੇ ਤਹਿਤ ਇੱਕ ਵਿਅਕਤੀ ਦਾ ਕਤਲ ਅਤੇ ਇੱਕ ਕੇਂਦਰੀ ਮੰਤਰੀ ਵਲੋਂ ਇਸਨੂੰ ਦੁਰਘਟਨਾ ਕਰਾਰ ਦੇਣਾ ਅਤੀ ਸ਼ਰਮਨਾਕ ਘਟਨਾ ਹੈ|  ਇਸਨੇ ਇਸ ਸਰਕਾਰ ਦਾ ਫਾਸ਼ੀਵਾਦੀ ਮੁਖੌਟਾ ਉਤਾਰ ਕੇ ਰੱਖ ਦਿੱਤਾ ਹੈ| ਭ੍ਰਿਸ਼ਟਾਚਾਰ ਦੇ ਮੁੱਦੇ ਤੇ ਜਿੱਤ ਕੇ ਆਉਣ ਵਾਲੀ ਮੋਦੀ ਸਰਕਾਰ ਦਾ ਅਸਲੀ ਰੂਪ ਲੋਕਾਂ ਸਾਹਮਣੇ ਆ ਗਿਆ ਹੈ ਜਦੋਂ ਉਸਦੇ ਸੁਸ਼ਮਾ ਸਵਰਾਜ, ਵਸੂੰਧਰਾ ਰਾਜੇ ਅਤੇ ਮੱਧ ਪ੍ਰਦੇਸ਼ ਦੇ ਵਿਆਪਮ ਘੁਟਾਲੇ ਦੇ ਦੋਸ਼ੀਆ ਨੂੰ ਬੜੇ ਹੀ ਸ਼ਰਮਨਾਕ ਢੰਗ ਨਾਲ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਸਾਡੀਆਂ ਪ੍ਰਸਿੱਧ ਕਦਰਾਂ ਵਾਲੀਆਂ ਸੰਸਥਾਵਾਂ ਵਿੱਚ ਆਰ ਐਮ ਐਸ ਦੇ ਬੰਦੇ ਬਿਨਾਂ ਲੋੜੀਂਦੀ ਕਾਬਲੀਅਤ ਦੇ ਫਿਟ ਕੀਤੇ ਜਾ ਰਹੇ ਹਨ| ਵਿਗਿਆਨ ਅਤੇ ਮਿਥਿਹਾਸ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਰੱਲ ਗੱਢ ਕਰਕੇ ਸਮਾਂ ਵਿਹਾ  ਚੁੱਕੀ ਰੂੜ੍ਹੀਵਾਦੀ ਸੋਚ ਨੂੰ ਉਭਾਰਿਆ ਜਾ ਰਿਹਾ ਹੈ| ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਇਹਨਾਂ ਦੇ ਖਿਲਾਫ਼ ਵੱਡੇ ਸੰਘਰਸ਼ ਕਰਕੇ ਭਾਰਤੀ ਕਮਿਉਨਿਸਟ ਪਾਰਟੀ ਸਮਾਜ ਨੂੰ ਕਿਸੇ ਵੀ ਕੀਮਤ ਤੇ ਵੰਡਣ ਨਹੀਂ ਦੇਵੇਗੀ| 

ਇਸ ਮੌਂਕੇ ਤੇ ਹੋਰਨਾਂ ਤੋਂ ਇਲਾਵਾ ਕਾ. ਕਾਰਤਾਰ ਬੁਆਣੀ, ਡਾ. ਅਰੁਣ ਮਿਤੱਰਾ, ਕਾ. ਡੀ. ਪੀ. ਮੋੜ, ਕਾ. ਕਾ. ਰਮੇਸ਼ ਰਤਨ, ਕਾ. ਗੁਰਨਾਮ ੱਿਸਧ, ਵਿਜੇ ਕੁਮਾਰ, ਫਿਰੋਜ਼ ਮਾਸਟਰ, ਰਾਮ ਅਧਾਰ ਸਿੰਘ, ਅਨੋਦ ਕੁਮਾਰ, ਕਾ. ਮਨਜੀਤ ਸਿੰਘ ਬੂਟਾ, ਡਾ: ਗੁਲਜਾਰ ਪੰਧੇਰ, ਟਾਈਗਰ ਸਿੰਘ, ਚਮਕੌਰ ਸਿੰਘ ਅਦਿ ਨੇ ਸੰਬੋਧਨ ਕੀਤਾ| 

Friday, September 25, 2015

ਸਾਥੀ ਜਸਪਾਲ ਜੱਸੀ ਨੂੰ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਲਾਂਭੇ ਕਿਉਂ ਕੀਤਾ?

ਕਾਮਰੇਡ ਮਾਓ ਦੀਆਂ ਸਿੱਖਿਆਵਾਂ ਨੂੰ ਪਾਠਕਾਂ ਤੋਂ ਦੂਰ ਰੱਖਣ ਦਾ ਵੀ ਗੰਭੀਰ ਦੋਸ਼ 
ਅਦਾਰਾ ਸੁਰਖ ਰੇਖਾ ਦੇ ਪ੍ਰਕਾਸ਼ਕ Balwinder Manguwal ਵੱਲੋਂ ਜਾਰੀ ਲਿਖਤ 
ਸਾਥੀ ਜਸਪਾਲ ਜੱਸੀ ਨੂੰ ਸੁਰਖ਼ ਰੇਖਾ ਦੇ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਲਾਂਭੇ ਕਿਉਂ ਕੀਤਾ?
* ਸਾਥੀ ਜੱਸੀ ਦੀ ਔਖ ਤੇ ਬੁਖਲਾਹਟ  
* ਪਰਚਿਆਂ ਦੀ ਏਕਤਾ— ਪਾਠਕਾਂ ਨੂੰ ਵੱਡੀਆਂ ਆਸਾਂ
* ਪਾਠਕਾਂ ਦੇ ਕਿਰਨ ਦਾ ਅਮਲ ਸ਼ੁਰੂ
* ਸਮੇਂ ਦੀ ਪਾਬੰਦੀ ਤੇ ਲਗਾਤਾਰਤਾ ਵਿੱਚ ਵਿਘਨ ਦਾ ਅਮਲ
* ਪਰਚਾ ਸਾਥੀ ਜੱਸੀ ਦੀਆਂ ਸੌੜੀਆਂ ਲੋੜਾਂ ਦਾ ਮੁਥਾਜ
* ਸਮੇਂ ਦਾ ਪਾਬੰਦ ਹੋਣ ਦੇ ਇਨਕਲਾਬੀ ਗੁਣ ਨੂੰ ਖੋਰਾ
* ਪਾਠਕਾਂ ਮੂਹਰੇ ਜਵਾਬਦੇਹੀ ਤੋਂ ਬੇਪ੍ਰਵਾਹ
* ਪਰਚੇ ਦੀ ਸਿਆਸੀ ਦੁਰਵਰਤੋਂ
* ਇਨਕਲਾਬੀ ਧਿਰਾਂ/ਪਰਚਿਆਂ ਪ੍ਰਤੀ ਤੰਗਨਜ਼ਰ ਪਹੁੰਚ
* ਏਕਤਾ ਪਹੁੰਚ ਨਾਲ ਬੇਮੇਲ ਤੰਗ-ਨਜ਼ਰ ਪਹੁੰਚ
* ਲਮਕਵੇਂ ਲੋਕ-ਯੁੱਧ ਬਾਰੇ ਕਾਮਰੇਡ ਮਾਓ ਦੀਆਂ ਸਿੱਖਿਆਵਾਂ ਨੂੰ ਪਾਠਕਾਂ ਤੋਂ ਦੂਰ ਰੱਖਣਾ
* ਕਮਿਊਨਿਸਟ ਇਨਕਲਾਬੀ ਕੈਂਪ ਨੂੰ ਪਰਚੇ 'ਚ ਲੋੜੀਂਦੀ ਥਾਂ ਦੇਣ ਤੋਂ ਟਾਲਾ ਵੱਟਣਾ
* ਇਨਕਲਾਬੀ ਨੈਤਿਕਤਾ ਦਾ ਲੜ ਛੱਡਣਾ
(ਸੁਰਖ਼ ਰੇਖਾ ਪ੍ਰਕਾਸ਼ਨ)
ਸਾਥੀ ਜਸਪਾਲ ਜੱਸੀ ਨੂੰ ਸੁਰਖ਼ ਰੇਖਾ ਦੇ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਲਾਂਭੇ ਕਿਉਂ ਕੀਤਾ?
ਅਦਾਰਾ ਸੁਰਖ਼ ਰੇਖਾ ਵੱਲੋਂ ਸਾਥੀ ਜਸਪਾਲ ਜੱਸੀ ਨੂੰ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਹਟਾ ਦਿੱਤਾ ਗਿਆ ਹੈ। ਇਹ ਕਦਮ ਇਸ ਕਰਕੇ ਲੈਣਾ ਪਿਆ ਹੈ, ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਗੰਭੀਰ ਕੁਤਾਹੀਆਂ ਕਰਦਾ ਆ ਰਿਹਾ ਸੀ, ਲੰਗੇ-ਡੰਗੇ ਸੰਪਾਦਕੀ ਜੁੰਮੇਵਾਰੀਆਂ ਨਿਭਾਉਂਦਾ ਆ ਰਿਹਾ ਸੀ, ਗੈਰ-ਜੁੰਮੇਵਾਰਾਨਾ ਅਤੇ ਆਪਹੁਦਰਾ ਰਵੱਈਆ ਅਖਤਿਆਰ ਕਰਕੇ ਚੱਲ ਰਿਹਾ ਸੀ ਅਤੇ ਪਰਚੇ ਦੇ ਮਨੋਰਥਾਂ ਅਤੇ ਸੇਧਾਂ ਤੋਂ ਭਟਕ ਰਿਹਾ ਸੀ। ਉਸਦੇ ਇਸ ਨੁਕਸਦਾਰ ਰੋਲ ਅਤੇ ਕਾਰਗੁਜ਼ਾਰੀ ਕਰਕੇ ਸੁਰਖ਼ ਰੇਖਾ ਨੂੰ ਗੰਭੀਰ ਹਰਜ਼ਾ ਹੋ ਰਿਹਾ ਸੀ, ਪਰਚੇ ਦੀ ਲਗਾਤਾਰਤਾ ਕਾਇਮ ਨਹੀਂ ਸੀ ਰਹਿ ਰਹੀ, ਪਾਠਕਾਂ ਦਾ ਘੇਰਾ ਸੁੰਗੜ ਰਿਹਾ ਸੀ। ਇਸ ਹਾਲਤ ਵਿੱਚ ਸਾਥੀ ਜੱਸੀ ਨੂੰ ਸੰਪਾਦਕ ਦੀ ਜੁੰਮੇਵਾਰੀ ਤੋਂ ਪਾਸੇ ਨਾ ਕਰਨ ਦਾ ਮਤਲਬ ਉਸ ਨੂੰ ਪਰਚੇ ਵੱਲੋਂ ਮਿਥੇ ਮਨੋਰਥਾਂ ਤੇ ਸੇਧਾਂ ਤੋਂ ਭਟਕਾਉਣ ਅਤੇ ''ਪਾਠਕ ਸਮੂੰਹ'' ਨੂੰ ਖਿੰਡਾਉਣ ਦੀ ਆਗਿਆ ਦੇਣਾ ਸੀ।
ਸਾਥੀ ਜੱਸੀ ਦੀ ਔਖ ਤੇ ਬੁਖਲਾਹਟ
ਖੈਰ! ਸਾਥੀ ਜੱਸੀ ਨੂੰ ਸੰਪਾਦਕ ਦੀ ਜੁੰਮੇਵਾਰੀ ਤੋਂ ਹਟਾਉਣ 'ਤੇ ਡਾਢੀ ਔਖ ਹੋਈ ਹੈ। ਉਸਦੀ ਔਖ ਤਾਂ ਸਮਝ ਵਿੱਚ ਆਉਣ ਵਾਲੀ ਹੈ। ਪਰ ਉਹ ਔਖ ਤੋਂ ਵੀ ਅੱਗੇ ਬੁਰੀ ਤਰ੍ਹਾਂ ਬੁਖਲਾਹਟ ਵਿੱਚ ਆ ਗਿਆ ਹੈ। ਬੁਖਲਾਹਟ ਵਿੱਚ ਆ ਕੇ ਇਹ ਵੀ ਭੁੱਲ ਗਿਆ ਹੈ ਕਿ ਜਿਹੜਾ ਸਾਥੀ ਨਾਜ਼ਰ ਸਿੰਘ ਬੋਪਾਰਾਏ ਸੁਰਖ਼ ਰੇਖਾ ਦੇ ਸਤੰਬਰ-ਅਕਤੂਬਰ ਅੰਕ ਜਾਰੀ ਹੋਣ ਤੱਕ ਸਾਥੀ ਸੀ ਅਤੇ ਜਿਸ ਨੂੰ 'ਸਾਬਕਾ ਸੰਪਾਦਕ' ਅਮੋਲਕ ਸਿੰਘ ਰਾਹੀਂ ਤਰ੍ਹਾਂ ਤਰ੍ਹਾਂ ਦੀਆਂ ਕੁੰਡੀਆਂ ਸੁੱਟ ਕੇ (ਆਰਥਿਕ ਸਹਾਇਤਾ, ਰਹਿਣ-ਸਹਿਣ ਲਈ ਬਸੇਰਾ ਆਦਿ ਰਾਹੀਂ) ਫਾਹੁਣ 'ਤੇ ਤਾਣ ਲਾਇਆ ਜਾ ਰਿਹਾ ਸੀ, ਜਿਸ ਨੂੰ ਇਹੀ ਸਾਥੀ ਜੱਸੀ ਸਿਰਫ ਦੋ ਹੋਰ ਅੰਕ ਕੱਢਣ ਦੀ ਆਗਿਆ ਦੇਣ ਲਈ ਅਰਜੋਈਆਂ ਕਰ ਰਿਹਾ ਸੀ, ਉਹੀ ਸਾਥੀ ਨਾਜ਼ਰ ਸਿੰਘ ਪਰਚਾ ਜਾਰੀ ਹੋਣ ਸਾਰ ''ਸ਼੍ਰੀ'' ਨਾਜ਼ਰ ਸਿੰਘ ਬੋਪਾਰਾਏ ਜਾਂ ''ਸ਼੍ਰੀ'' ਬੋਪਾਰਾਏ ਕਿਵੇਂ ਬਣ ਗਿਆ? ਇਹ ਇੱਕ ਕਮਿਊਨਿਸਟ ਵੱਲੋਂ ਗੈਰ-ਕਮਿਊਨਿਸਟ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਲਕਬ ਹੈ। ਕੀ ਸਾਥੀ ਬੋਪਾਰਾਏ ਰਾਤੋ ਰਾਤ ਸਾਥੀ ਜੱਸੀ ਅਤੇ ਸਾਥੀ ਅਮਲੋਕ ਸਿੰਘ ਦੀਆਂ ਨਜ਼ਰਾਂ ਵਿੱਚ ਕਮਿਊਨਿਸਟ ਤੋਂ ਗੈਰ-ਕਮਿਊਨਿਸਟ ਬਣ ਗਿਆ ਹੈ?

ਇੱਕ ਵਾਰ ਫੇਰ ਲਾਲ ਝੰਡੇ ਵਾਲਿਆਂ ਦੇ ਏਕੇ ਵਿੱਚ ਲੱਗੀ ਸੰਨ

ਬੁਖਲਾਹਟ ਵਿੱਚ ਆ ਕੇ ਭਰਮਵਸ ਹੋਏ ਸਾਥੀ ਜੱਸੀ ਵੱਲੋਂ ਸਤੰਬਰ-ਅਕਤੂਬਰ ਅੰਕ ਵਿੱਚ ਉਸ ਨੂੰ ਹਟਾਉਣ ਦੀ ਵਿਆਖਿਆ ਨਾ ਦੇਣ ਨੂੰ ਸਾਡੇ ਵੱਲੋਂ ਚੁੱਪ ਵੱਟਣਾ ਲਿਆ ਗਿਆ ਹੈ। ਸਾਡੇ ਇਉਂ ਕਰਨ ਦਾ ਮਤਲਬ ਪਰਚੇ ਦੇ ਪੰਨਿਆਂ ਤੋਂ ਵਿਵਾਦ ਨੂੰ ਜਿੰਨਾ ਵੀ ਹੋ ਸਕੇ, ਸੀਮਤ ਕਰਕੇ ਪੇਸ਼ ਕਰਨਾ ਸੀ ਅਤੇ ਉਸ ਅੰਦਾਜ਼ ਵਿੱਚ ਪੇਸ਼ਕਾਰੀ ਤੋਂ ਗੁਰੇਜ਼ ਕਰਨਾ ਸੀ, ਜਿਸ ਅੰਦਾਜ਼ ਵਿੱਚ ਸਾਥੀ ਜੱਸੀ ਸੁਰਖ਼ ਰੇਖਾ ਦੇ ਪੰਨਿਆਂ ਤੋਂ ਦੂਸਰੇ ਇਨਕਲਾਬੀ ਪਰਚਿਆਂ ਨਾਲ ਖਹਿਬੜਦਾ ਰਿਹਾ ਹੈ। ਇਸ ਮਾਮਲੇ ਸਬੰਧੀ ਅਸੀਂ ਇੱਕ ਸੰਖੇਪ ਨੋਟ ਅਗਲੇ ਅੰਕ ਵਿੱਚ ਦੇਣਾ ਸੀ। ਵੈਸੇ, ਅਸੀਂ ਸਾਥੀ ਜੱਸੀ ਨੂੰ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਸ ਕੋਲ ਪਰਚੇ ਨੂੰ ਕੱਢਣ ਦਾ ਕੋਈ ਸਿਆਸੀ ਹੱਕ ਨਹੀਂ ਹੈ, ਇਸ ਲਈ ਪਰਚੇ ਨੂੰ ਉਸਦੀ ਹਕੀਕੀ ਸੇਧ ਤੇ ਮਨੋਰਥਾਂ ਦੀ ਰੌਸ਼ਨੀ ਵਿੱਚ ਅਸੀਂ ਜਾਰੀ ਰੱਖਾਂਗੇ। ਜੇ ਫਿਰ ਵੀ ਉਹਨੂੰ ਕੋਈ ਉਜਰ ਸੀ ਜਾਂ ਉਸਦੇ ਮਨ ਵਿੱਚ ਇਸ ਮਾਮਲੇ ਨੂੰ ਕਿਸੇ ਸੁਹਿਰਦ, ਸਹਿਜ ਅਤੇ ਸਾਥੀਆਨਾ ਭਾਵਨਾ ਨਾਲ ਨਿਬੇੜਨ ਦੀ ਭਾਵਨਾ ਮੌਜੂਦ ਸੀ ਤਾਂ ਉਹ ਸਾਡਾ ਪਰਚਾ ਜਾਰੀ ਹੋਣ ਤੋਂ ਬਾਅਦ ਸਾਡੇ ਤੱਕ ਪਹੁੰਚ ਕਰ ਸਕਦਾ ਸੀ। ਅਸੀਂ ਇਸਦਾ ਸੁਆਗਤ ਕਰਨਾ ਸੀ। ਪਰ ਜਿਵੇਂ ਉਸ ਵੱਲੋਂ ਸਤੰਬਰ-ਅਕਤੂਬਰ ਅੰਕ ਦਾ ਟਾਇਟਲ ਦੇਖਦਿਆਂ ਹੀ ਕੱਪੜਿਆਂ ਤੋਂ ਬਾਹਰ ਹੋ ਕੇ ਕੜਵਾਹਟ ਭਰੇ ਪ੍ਰਤੀਕਰਮ ਨੂੰ ਫੇਸਬੁੱਕ 'ਤੇ ਚਾੜ੍ਹਨ ਦੀ ਕਾਹਲੀ ਦਿਖਾਈ ਗਈ ਹੈ, ਇਸਨੇ ਉਸਦੇ ਮਨ ਵਿੱਚ ਉੱਸਲਵੱਟੇ ਲੈਂਦੀ 'ਸੁਹਿਰਦ' ਭਾਵਨਾ ਦਾ ਪੋਲ ਖੋਲ੍ਹ ਦਿੱਤਾ ਹੈ।
ਪਰਚਿਆਂ ਦੀ ਏਕਤਾ— ਪਾਠਕਾਂ ਨੂੰ ਵੱਡੀਆਂ ਆਸਾਂ
ਸਾਥੀ ਜੱਸੀ (ਅਤੇ ਸ਼ਾਇਦ ਸਾਥੀ ਅਮੋਲਕ ਸਿੰਘ ਨੂੰ ਵੀ) ਯਾਦ ਹੋਵੇਗਾ ਕਿ ਜਦੋਂ 1993 ਵਿੱਚ ਸੁਰਖ਼ ਰੇਖਾ ਅਤੇ ਇਨਕਲਾਬੀ ਜਨਤਕ ਲੀਹ ਪਰਚੇ ਨੂੰ ਇੱਕ ਕੀਤਾ ਗਿਆ ਸੀ ਅਤੇ ਇਹਨਾਂ ਦੋਵਾਂ ਦੀ ਥਾਂ ਇੱਕ ਪਰਚਾ ਸੁਰਖ਼ ਰੇਖਾ ਜਾਰੀ ਕੀਤਾ ਗਿਆ ਸੀ ਤਾਂ ਇਹ ਪਰਚਾ ਹਰ ਮੀਹਨੇ ਛਪਣ ਵਾਲਾ ਇੱਕ ਮਾਸਿਕ ਪਰਚਾ ਸੀ ਅਤੇ ਇਸ ਦੇ ਪਾਠਕਾਂ ਦੀ ਗਿਣਤੀ 4000 ਸੀ। ਦੋਹਾਂ ਪਰਚਿਆਂ ਦੇ ਇੱਕ ਹੋਣ ਨਾਲ ਪਾਠਕ ਸਮੂੰਹ ਵਿੱਚ ਬੇਹੱਦ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸੀ। ਸਭਨਾਂ ਨੂੰ ਆਸ ਸੀ ਕਿ ਹੁਣ ਦੋਵਾਂ ਪਰਚਿਆਂ ਦੀ ਕਾਰਕੁੰਨ ਸ਼ਕਤੀ ਇਕੱਠੀ ਹੋਣ ਕਰਕੇ ਦੁੱਗਣੀ ਹੋ ਗਈ ਹੈ, ਇਸ ਲਈ ਹੁਣ ਸੁਰਖ਼ ਰੇਖਾ ਦਿਨ ਦੂਣੀ ਅਤੇ ਰਾਤ ਚੌਗੁਣੀ ਤਰੱਕੀ ਕਰੇਗਾ। ਇਹ ਵਿਕਾਸ ਦੇ ਰਾਹ 'ਤੇ ਲੰਮੀਆਂ ਪੁਲਾਂਘਾ ਪੁੱਟੇਗਾ। ਪਰਚੇ ਵੱਲੋਂ ਦਿੱਤੇ ਜਾਣ ਵਾਲੇ ਇਨਕਲਾਬੀ ਸੋਚ ਦੇ ਛੱਟੇ ਨਾਲ ਜਿੱਥੇ ਇਨਕਲਾਬੀ ਪਾਠਕਾਂ ਦੀ ਮੌਜੂਦਾ ਪੀੜ੍ਹੀ ਹੋਰ ਪਰਪੱਕ ਅਤੇ ਸਰਗਰਮ ਹੋਵੇਗੀ, ਉੱਥੇ ਇਨਕਲਾਬੀ ਪਾਠਕਾਂ ਦੀ ਨਵੀਂ ਪੀੜ੍ਹੀ ਦੀਆਂ ਹਜ਼ਾਰਾਂ ਹੋਣਹਾਰ ਕਰੂੰਬਲਾਂ ਹੋਰ ਫੁੱਟਣਗੀਆਂ ਅਤੇ ਇਨਕਾਲਬੀ ਲਹਿਰ ਅੰਦਰ ਸਰਗਰਮ ਕਾਰਕੁੰਨਾਂ ਵਜੋਂ ਪੂਰ ਚੜ੍ਹਨਗੀਆਂ। ਇਸ ਤਰ੍ਹਾਂ, ਇਨਕਲਾਬੀ ਪਾਠਕਾਂ ਤੇ ਕਾਰਕੁੰਨਾਂ ਦੇ ਪੂਰ ਸਿਰੇ ਚੜ੍ਹਨ ਨਾਲ ਪਰਚੇ ਨੂੰ ਹੋਰ ਕਾਰਕੁੰਨ ਸ਼ਕਤੀ ਹਾਸਲ ਹੋਵੇਗੀ, ਜਿਹੜੀ ਲਿਖਤਾਂ ਲਿਖਣ, ਪਰਚੇ ਦੀ ਵੰਡ-ਵੰਡਾਈ ਅਤੇ ਆਰਥਿਕ ਸਾਧਨ ਜੁਟਾਈ ਵਿੱਚ ਤਾਣ ਲਾਵੇਗੀ। ਇਉਂ ਪਰਚੇ ਦੀ ਲਗਾਤਾਰ ਵਧਦੀ ਕਾਰਕੁੰਨ-ਸ਼ਕਤੀ ਨਾਲ ਪਰਚੇ ਨੂੰ ਮਾਸਿਕ ਤੋਂ ਪੰਦਰਵਾੜਾ, ਫਿਰ ਪੰਦਰਵਾੜੇ ਤੋਂ ਹਫਤਾਵਾਰੀ ਕਰਨ ਵੱਲ ਵਧਿਆ ਜਾ ਸਕੇਗਾ ਅਤੇ ਇਹਦੇ ਪਾਠਕਾਂ ਦੀ ਗਿਣਤੀ ਵੀ 4000, 6000, 8000, 10000 ਹੁੰਦੀ ਹੋਈ ਛਾਲਾਂ ਮਾਰਦੀ ਅੱਗੇ ਵਧੇਗੀ। ਆਸ ਕੀਤੀ ਜਾਂਦੀ ਸੀ ਕਿ ਪਰਚਾ ਘੱਟੋ ਘੱਟ ਪੰਜਾਬ ਦੀ ਇਨਕਲਾਬੀ ਲਹਿਰ ਅੰਦਰ ਦਰੁਸਤ ਸੋਚਾਂ-ਸਮਝਾਂ ਨੂੰ ਉਭਾਰੇਗਾ, ਇਨਕਲਾਬੀ ਪਰਚਿਆਂ ਅਤੇ ਇਨਕਲਾਬੀ ਲਹਿਰ ਦੇ ਵੱਖ ਵੱਖ ਹਿੱਸਿਆਂ ਦਰਮਿਆਨ ਪ੍ਰਸਪਰ ਸਹਿਯੋਗ ਅਤੇ ਰਸਨਾ ਦੇ ਮਾਹੌਲ ਸਿਰਜਣ ਵਿੱਚ ਸਿਰਕੱਢਵਾਂ ਰੋਲ ਅਦਾ ਕਰੇਗਾ ਅਤੇ ਇਉਂ ਇਨਕਲਾਬੀ ਲਹਿਰ ਦੀ ਏਕਤਾ ਦੇ ਅਮਲ ਅੰਦਰ ਬਣਦਾ ਸਹਾਈ ਰੋਲ ਅਦਾ ਕਰੇਗਾ।  

ਇੱਕ ਵਾਰ ਫੇਰ ਲਾਲ ਝੰਡੇ ਵਾਲਿਆਂ ਦੇ ਏਕੇ ਵਿੱਚ ਲੱਗੀ ਸੰਨ

ਪਾਠਕਾਂ ਦੇ ਕਿਰਨ ਦਾ ਅਮਲ ਸ਼ੁਰੂ
ਪਰ ਅਫਸੋਸ! ਸੁਰਖ਼ ਰੇਖਾ ਦੇ ਪਾਠਕਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ। ਸਾਥੀ ਜੱਸੀ ਦੀ ਸੰਪਾਦਕੀ ਹੇਠ ਛਪਦੇ ਪਰਚੇ ਨੇ ਜੋ ਦਿਸ਼ਾ ਅਤੇ ਦਸ਼ਾ ਅਖਤਿਆਰ ਕਰਨ ਦਾ ਰਾਹ ਫੜਿਆ, ਇਸ ਨਾਲ ਹਜ਼ਾਰਾਂ ਨਵੇਂ ਪਾਠਕਾਂ ਦੀਆਂ ਕਰੂੰਬਲਾਂ ਨੇ ਤਾਂ ਕੀ ਫੁੱਟਣਾ ਸੀ, ਉਲਟਾ ਪਹਿਲੇ ਪਾਠਕ ਸਮੂਹ ਦੇ ਉਤਸ਼ਾਹ ਦੇ ਸਲ੍ਹਾਬੇ ਜਾਣ ਦਾ ਅਮਲ ਸ਼ੁਰੂ ਹੋ ਗਿਆ। ਪਰਚੇ ਵਿੱਚ ਪਾਠਕਾਂ ਦੀ ਦਿਲਚਸਪੀ, ਲਗਾਅ ਅਤੇ ਵਿਸ਼ਵਾਸ਼ ਨੂੰ ਖੋਰਾ ਲੱਗਣਾ ਆਰੰਭ ਹੋ ਗਿਆ। ਹੌਲੀ ਹੌਲੀ ਇਹ ਪਾਠਕ ਸਮੂੰਹ ਕਿਰਨਾ ਸ਼ੁਰੂ ਹੋ ਗਿਆ। ਦਰਜਨਾਂ ਦੇ ਦਰਜਨ ਪਾਠਕਾਂ ਵੱਲੋਂ ਪਰਚੇ ਨਾਲੋਂ ਤੋੜ-ਵਿਛੋੜੇ ਦਾ ਅਮਲ ਛਿੜ ਗਿਆ। ਪਰਚੇ ਦੇ ਵਧਣ-ਫੁੱਲਣ ਲਈ ਆਸਵੰਦ ਇਨਕਲਾਬੀ ਪਾਠਕਾਂ ਦੇ ਮਨਾਂ ਨੂੰ ਪਹਿਲੀ ਵੱਡੀ ਠੋਕਰ ਉਦੋਂ ਲੱਗੀ, ਜਦੋਂ 1997 ਤੋਂ ਬਾਅਦ ਪਰਚੇ ਨੂੰ ਦੋ-ਮਾਸਿਕ ਕਰਨ ਦਾ ਫੈਸਲਾ ਉਹਨਾਂ ਤੱਕ ਪਹੁੰਚਿਆ। ਪਾਠਕ ਤਾਂ ਇਹ ਸੁਲੱਖਣੀ ਖਬਰ ਸੁਣਨ ਲਈ ਤਾਂਘ ਰਹੇ ਸਨ ਕਿ ਕਦੋਂ ਪਰਚੇ ਨੂੰ ਪੰਦਰਵਾੜਾ ਕੀਤਾ ਜਾਂਦਾ ਹੈ। ਪੰਦਰਵਾੜਾ ਕਰਨ ਵੱਲ ਕਦਮ-ਵਧਾਰੇ ਦੀ ਬਜਾਇ ਦੋ ਮਾਸਿਕ ਕਰਨ ਦਾ ਪਿਛਲਮੋੜ ਕਦਮ ਪਾਠਕਾਂ ਨੂੰ ਕਿਵੇਂ ਹਜ਼ਮ ਹੋ ਸਕਦਾ ਸੀ। ਇਸ ਉਲਟ ਰੁਖ਼ ਕਦਮ-ਵਧਾਰੇ ਨੇ ਪਾਠਕਾਂ ਦੇ ਮਨਾਂ ਵਿੱਚ ਪਰਚੇ ਵਿੱਚ ਦਿਲਚਸਪੀ ਅਤੇ ਵਿਸ਼ਵਾਸ਼ ਨੂੰ ਠੇਸ ਹੀ ਨਹੀਂ ਪਹੁੰਚਾਈ, ਸਗੋਂ ਉਹਨਾਂ ਅੰਦਰ ਸੰਸਿਆਂ-ਸ਼ੰਕਿਆਂ ਦੇ ਉੱਭਰਨ ਦਾ ਅਮਲ ਵੀ ਸ਼ੁਰੂ ਹੋ ਗਿਆ। ਇਸ ਨਾਲ ਪਾਠਕਾਂ ਦੇ ਇੱਕ ਹਿੱਸੇ ਦੇ ਕਿਰਨ ਦਾ ਅਮਲ ਸ਼ੁਰੂ ਹੋ ਗਿਆ। ਜਿਸਦਾ ਅੰਤਿਮ ਨਤੀਜਾ ਪਰਚੇ ਨਾਲੋਂ ਕੁੱਲ 2000 ਪਾਠਕਾਂ ਦੇ ਤੋੜ-ਵਿਛੋੜੇ ਵਿੱਚ ਨਿਕਲਿਆ। ਕੁੱਲ ਪਾਠਕਾਂ ਦੀ ਗਿਣਤੀ 4000 ਤੋਂ ਡਿਗਦੀ ਡਿਗਦੀ 2000 ਰਹਿ ਗਈ। 2000 ਛਪਣ ਗਿਣਤੀ ਬਣਦੀ ਹੈ। ਕੁੱਲ ਪਰਚੇ 15-16 ਸੌ ਹੀ ਲੱਗਦੇ ਹਨ। ਬਾਕੀ ਅਦਾਰੇ ਕੋਲ ਵਾਧੂ ਪਏ ਰਹਿੰਦੇ ਹਨ। ਇਹ ਸਾਥੀ ਜੱਸੀ ਦੀ ਸੰਪਾਦਕੀ ਅਤੇ ਉਸ ਅਦਾਰੇ (ਜਿਸ ਨੂੰ ਉਹ ਆਪਣੇ ਨਾਲ ਹੋਣ ਦਾ ਦਾਅਵਾ ਕਰਦਾ ਹੈ) ਦੀ ਕਾਰਗੁਜ਼ਾਰੀ ਦਾ ਹੀ 'ਕ੍ਰਿਸ਼ਮਾ' ਹੈ, ਕਿ ਪਿਛਲੇ ਵੀਹ ਸਾਲਾਂ ਦੌਰਾਨ ਉਹਨਾਂ ਵੱਲੋਂ ਨਵੇਂ ਇਨਕਲਾਬੀ ਪਾਠਕਾਂ ਨੂੰ ਪਰਚੇ ਦੇ ਨੇੜੇ ਤਾਂ ਕੀ ਫਟਕਣ ਦੇਣਾ ਸੀ, ਸਗੋਂ ਹਰ ਸਾਲ ਔਸਤ ਇੱਕ ਸੌ ਪਾਠਕਾਂ (ਕੁੱਲ 2000 ਪਾਠਕਾਂ) ਨੂੰ ਪਰਚੇ ਤੋਂ ਤੋਬਾ ਕਰਾਉਣ ਦਾ ਰਿਕਾਰਡ ਕਾਇਮ ਕਰ ਮਾਰਿਆ ਹੈ। ਸੁਰਖ਼ ਰੇਖਾ ਦੇ ਪਾਠਕ ਸਮੁੰਹ ਸਾਥੀਓ— ਜੇ ਉਹ ਸੁਰਖ਼ ਰੇਖਾ ਦਾ ਅਜੇ ਵੀ ਸੰਪਾਦਕ ਬਣਿਆ ਰਹਿੰਦਾ ਤਾਂ ਆਪਾਂ ਨੂੰ ਉਹ ਮੰਦਭਾਗਾ ਦਿਨ ਵੀ ਦੇਖਣਾ ਪੈ ਸਕਦਾ ਸੀ, ਜਦੋਂ ਸੁਹਿਰਦ ਇਨਕਲਾਬੀ ਪਾਠਕਾਂ ਦੀ ਵੱਡੀ ਗਿਣਤੀ ਨੂੰ ਪਰਚੇ ਨਾਲੋਂ ਸਬੰਧ ਤੋੜਨ ਲਈ ਮਜਬੂਰ ਕਰ ਦਿੱਤਾ ਜਾਂਦਾ ਅਤੇ ਪਰਚੇ ਦੇ ਅਦਾਰੇ ਦਾ ਭੋਗ ਪਾਉਣ ਤੱਕ ਨੌਬਤ ਆ ਜਾਂਦੀ।
ਸਮੇਂ ਦੀ ਪਾਬੰਦੀ ਤੇ ਲਗਾਤਾਰਤਾ ਵਿੱਚ ਵਿਘਨ ਦਾ ਅਮਲ
ਚੱਲੋ, ਪਰਚਾ ਦੋ-ਮਾਸਿਕ ਵੀ ਕਰ ਦਿੱਤਾ ਗਿਆ, ਪਰ ਫਿਰ ਪਰਚੇ ਦੇ ਨਿਸ਼ਚਿਤ ਮੌਕੇ/ਤਾਰੀਖ 'ਤੇ ਜਾਰੀ ਹੋਣ ਅਤੇ ਲਗਾਤਾਰਤਾ ਦੇ ਅਮਲ ਵਿੱਚ ਵਿਘਨ ਪੈਣ ਦੇ ਵਰਤਾਰੇ ਨੇ ਸਿਰ ਚੁੱਕ ਲਿਆ। ਇਸ ਪੱਖੋਂ ਪਿਛਲੇ ਲੱਗਭੱਗ ਇੱਕ ਦਹਾਕੇ ਤੋਂ ਉੱਪਰ ਦੇ ਅਮਲ 'ਤੇ ਝਾਤ ਮਾਰਿਆਂ, ਇਹ ਦੇਖਿਆ ਜਾ ਸਕਦਾ ਹੈ ਕਿ ਪਰਚੇ ਦਾ ਨਾ ਸਿਰਫ ਮਿਥੇ ਸਮੇਂ ਤੋਂ ਦੇਰ ਨਾਲ ਛਪਣ ਦਾ ਵਰਤਾਰਾ ਰੜਕਵੀਂ ਸ਼ਕਲ ਅਖਤਿਆਰ ਕਰ ਗਿਆ ਸੀ, ਸਗੋਂ ਕਈ ਅੰਕਾਂ ਨੂੰ ਇੱਕੋ ਅੰਕ 'ਚ ਤੁੱਥ-ਮੁੱਥ ਕਰਨ, ਇੱਕੋ ਵਿਸ਼ੇ 'ਤੇ ਛਾਪੇ ਵਿਸ਼ੇਸ਼ ਅੰਕ ਦੀ ਸਮੱਗਰੀ (ਜਿਹੜੀ ਮਸਾਂ ਇੱਕ ਅੰਕ ਦੀ ਸਮੱਗਰੀ ਬਰਾਬਰ ਨਹੀਂ ਸੀ ਬਣਦੀ) ਨੂੰ ਦੋ ਅੰਕਾਂ ਦਾ ਫੱਟਾ ਲਾਉਣ ਅਤੇ ਇੱਕੋ ਮੌਕੇ ਇਕੱਠਿਆਂ ਹੀ ਦੋ ਅੰਕ ਛਾਪ ਸੁੱਟਣ ਦਾ ਵਰਤਾਰਾ ਉੱਭਰਵੀਂ ਸ਼ਕਲ ਅਖਤਿਆਰ ਕਰ ਗਿਆ ਸੀ।
ਮਿਸਾਲ ਵਜੋਂ 2003 ਵਿੱਚ ਸਿਰਫ ਚਾਰ ਅੰਕ ਹੀ ਜਾਰੀ ਕੀਤੇ ਗਏ। 2005 ਵਿੱਚ ਚਾਰ ਚਾਰ ਮਹੀਨਿਆਂ ਬਾਅਦ ਤਿੰਨ ਪਰਚੇ ਜਾਰੀ ਕੀਤੇ ਗਏ। ਹਰੇਕ ਪਰਚੇ ਵਿੱਚ ਦੋ ਦੋ ਅੰਕਾਂ ਨੂੰ ਤੁੱਥ-ਮੁੱਥ ਕਰ ਦਿੱਤਾ ਗਿਆ। ਚੌਥਾ ਪਰਚਾ ''ਬਿਜਲੀ ਬੋਰਡ ਦੇ ਨਿੱਜੀਕਰਨ ਵਿਰੋਧੀ ਟਾਕਰਾ ਅੰਕ'' ਕੱਢਿਆ ਗਿਆ। ਫਿਰ 2006 ਵਿੱਚ ਚਾਰ ਮਹੀਨਿਆਂ ਬਾਅਦ ਅਪ੍ਰੈਲ ਵਿੱਚ ਜਾ ਕੇ ਪਹਿਲਾ ਅੰਕ ਜਾਰੀ ਕੀਤਾ ਗਿਆ। ਮਈ-ਜੂਨ ਅੰਕ ਕੱਢਣ ਤੋਂ ਬਾਅਦ ਫਿਰ 4 ਮਹੀਨਿਆਂ ਬਾਅਦ ਅਕਤੂਬਰ ਵਿੱਚ ਅੰਕ ਨੰ. 3 ਕੱਢਿਆ ਗਿਆ। ਦਸੰਬਰ ਵਿੱਚ ਜਾ ਕੇ ਅੰਕ-4 (44 ਸਫੇ) ਅਤੇ ਅੰਕ-5 (36 ਸਫੇ) ਜਾਰੀ ਕੀਤੇ ਗਏ। ਅੰਕ ਨੰ. 6 ਕੱਢਿਆ ਹੀ ਨਹੀਂ ਗਿਆ। 2007 ਵਿੱਚ ਸਿਰਫ ਤਿੰਨ ਅੰਕ ਜਾਰੀ ਕੀਤੇ ਗਏ; ਉਹ ਵੀ ਵਿਸ਼ੇਸ਼ ਅੰਕਾਂ ਵਜੋਂ। ਪਹਿਲਾ ਅੰਕ ਵਿਸ਼ੇਸ਼ ਚੋਣ ਅੰਕ ਵਜੋਂ ਜਨਵਰੀ ਵਿੱਚ ਜਾਰੀ ਕੀਤਾ ਗਿਆ। ਦੂਜਾ ਮਈ ਵਿਸ਼ੇਸ਼ ਅੰਕ (40 ਸਫੇ) ਮਈ ਵਿੱਚ ਜਾਰੀ ਕੀਤਾ ਗਿਆ। ਤੀਜਾ ਅੰਕ ਸਤੰਬਰ ਵਿੱਚ ਸ਼ਹੀਦ ਭਗਤ ਸਿੰਘ ਵਿਸ਼ੇਸ਼ ਅੰਕ ਵਜੋਂ ਕੱਢਿਆ ਗਿਆ ਅਤੇ ਇਸ ਵਿਸ਼ੇਸ਼ ਅੰਕ ਨੂੰ 3+4 ਅੰਕ ਕਹਿ ਦਿੱਤਾ ਗਿਆ। 2008 ਵਿੱਚ ਪਹਿਲਾ ਅੰਕ ਅਪ੍ਰੈਲ ਵਿੱਚ ਜਾ ਕੇ ਜਾਰੀ ਕੀਤਾ ਗਿਆ। ਦੂਜਾ ਅੰਕ ਫਿਰ 4 ਮਹੀਨਿਆਂ ਬਾਅਦ ਜਾ ਕੇ ਸਤੰਬਰ ਵਿੱਚ ਕੱਢਿਆ ਗਿਆ ਅਤੇ ਤੀਜਾ ਅੰਕ ਵੀ ਸਤੰਬਰ ਵਿੱਚ ਕੱਢ ਦਿੱਤਾ ਗਿਆ। ਫਿਰ ਨਵੰਬਰ ਵਿੱਚ ਇਕੱਠਿਆਂ 4-5 ਅੰਕ ਕੱਢੇ ਗਏ ਅਤੇ ਦਸੰਬਰ ਵਿੱਚ ਛੇਵਾਂ ਅੰਕ ਜਾਰੀ ਕੀਤਾ ਗਿਆ। ਕੁੱਲ ਮਿਲਾ ਕੇ 6 ਅੰਕ ਕੱਢਣ ਦੀ ਖਾਨਾ ਪੂਰਤੀ ਕਰ ਦਿੱਤੀ ਗਈ। 2009 ਵਿੱਚ ਸਿਰਫ ਤਿੰਨ ਅੰਕ ਕੱਢੇ ਗਏ। ਜਨਵਰੀ ਵਿੱਚ ਫਲਸਤੀਨ ਵਿਸ਼ੇਸ਼ ਅੰਕ, ਅਪ੍ਰੈਲ ਵਿੱਚ ਲੋਕ ਸਭਾ ਚੋਣਾਂ 'ਤੇ ਵਿਸ਼ੇਸ਼ ਅੰਕ (ਪੁਰਾਣੀਆਂ ਲਿਖਤਾਂ ਇਕੱਠੀਆਂ ਕਰਕੇ) ਅਤੇ ਜੁਲਾਈ ਵਿੱਚ ਕਾਮਰੇਡ ਹਰਭਜਨ ਸੋਹੀ ਵਿਸ਼ੇਸ਼ ਅੰਕ ਕੱਢੇ ਗਏ। ਇਸ ਅੰਕ ਨੂੰ ਵੀ ਅੰਕਾਂ ਦੀ ਗਿਣਤੀ ਵਧਾਉਣ ਲਈ 3+4 ਅੰਕ ਕਹਿ ਦਿੱਤਾ ਗਿਆ। 2010 ਵਿੱਚ ਸਿਰਫ ਦੋ ਅੰਕ ਕੱਢੇ ਗਏ। ਪਹਿਲਾ ਮਾਰਚ ਵਿੱਚ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਵਿਸ਼ੇਸ਼ ਅੰਕ ਅਤੇ ਫਿਰ ਸਾਲ ਦੇ ਅਖੀਰ ਵਿੱਚ ਦਸੰਬਰ ਮਹੀਨੇ ਦੂਜਾ ਅੰਕ (56 ਸਫੇ) ਜਾਰੀ ਕੀਤਾ ਗਿਆ ਅਤੇ ਅੰਕਾਂ ਦੀ ਗਿਣਤੀ ਵਧਾਉਣ ਲਈ ਇਸ ਨੂੰ ਵੀ ਅੰਕ ਨੰ. 2+3 ਦਾ ਠੱਪਾ ਲਾ ਦਿੱਤਾ ਗਿਆ।
ਉਪਰੋਕਤ ਵਿਆਖਿਆ 'ਚੋ ਸਾਫ ਦੇਖਿਆ ਜਾ ਸਕਦਾ ਹੈ ਕਿ ਪਰਚੇ ਦਾ ਦੇਰ ਨਾਲ ਛਪਣਾ, ਲੰਗੇ-ਡੰਗ ਨਿਕਲਣਾ, 4-4 ਮਹੀਨਿਆਂ ਬਾਅਦ ਜਾਰੀ ਹੋਣਾ, ਖਾਨਾਪੂਰਤੀ ਲਈ ਦੋ ਦੋ ਅੰਕਾਂ ਨੂੰ ਇੱਕੋ ਪਰਚੇ ਵਿੱਚ ਤੁੱਥ-ਮੁੱਥ ਕਰਨਾ, ਮਸਾਂ ਇੱਕ ਪਰਚੇ ਦੀ ਸਮੱਗਰੀ ਬਣਦੇ ਅੰਕ ਨੂੰ ਦੋ ਅੰਕਾਂ ਵਜੋਂ ਜਾਰੀ ਕਰਕੇ ਪਾਠਕਾਂ ਨਾਲ ਚੋਰ-ਚਤੁਰਾਈ ਕਰਨਾ ਇੱਕ ਉੱਭਰਵਾਂ ਅਮਲ ਬਣ ਗਿਆ ਸੀ। ਪੰਜ ਸਾਲ 2003, 2005, 2007, 2009 ਅਤੇ 2010 ਅਜਿਹੇ ਹਨ, ਜਿਹਨਾਂ ਵਿੱਚ ਕਰਮਵਾਰ ਸਿਰਫ 4, 4, 3-3, 2 ਅੰਕ ਕੱਢੇ ਗਏ। ਇਹਨਾਂ ਵਿੱਚ 2007 ਅਤੇ 2009 ਵਿੱਚ ਸਿਰਫ ਵਿਸ਼ੇਸ਼ ਪ੍ਰਚਾਰ ਅੰਕ ਹੀ ਜਾਰੀ ਕੀਤੇ ਗਏ। ਮੁਲਕ ਅਤੇ ਸੂਬੇ ਦੇ ਸਿਆਸੀ ਮੰਚ 'ਤੇ ਵਾਪਰਦੀਆਂ ਘਟਨਾਵਾਂ ਅਤੇ ਜਮਾਤੀ ਘੋਲਾਂ ਦੇ ਅਖਾੜੇ ਦੀਆਂ ਲੋੜਾਂ ਨੂੰ ਉੱਕਾ ਹੀ ਸੰਬੋਧਤ ਨਹੀਂ ਹੋਇਆ ਗਿਆ। 2010 ਵਿੱਚ ਵੀ ਇੱਕ ਅੰਕ ਵਿਸ਼ੇਸ਼ ਤੋਂ ਇਲਾਵਾ ਸਿਰਫ ਇੱਕੋ ਰੈਗੂਲਰ ਅੰਕ ਹੋਣ ਕਰਕੇ ਲੱਗਭੱਗ ਇਹੀ ਸਥਿਤੀ ਬਣਦੀ ਹੈ। 2010 ਤੋਂ ਬਾਅਦ ਪਰਚੇ ਦੀ ਲਗਾਤਾਰਤਾ ਬਣਾਉਣ ਲਈ ਝੁੱਟੀ ਮਾਰ ਕੇ ਹੋਏ ਹਰਜੇ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਪਰਚਾ ਸਾਥੀ ਜੱਸੀ ਦੀਆਂ ਸੌੜੀਆਂ ਲੋੜਾਂ ਦਾ ਮੁਥਾਜ
ਸਾਥੀ ਜੱਸੀ ਵੱਲੋਂ ਪਰਚੇ ਦੇ ਸੰਪਾਦਕ ਵਜੋਂ ਓਟੀ ਜੁੰਮੇਵਾਰੀ ਨਿਭਾਉਣ ਲਈ ਲੋੜੀਂਦੀ ਗੰਭੀਰਤਾ ਨਹੀਂ ਦਿਖਾਈ ਗਈ ਅਤੇ ਲੋੜੀਂਦਾ ਸਮਾਂ ਅਤੇ ਸ਼ਕਤੀ ਨਹੀਂ ਲਾਈ ਗਈ। ''ਪਾਠਕ ਸਮੂਹ'' ਨੂੰ ਟਿੱਚ ਜਾਣਦਿਆਂ, ਗੈਰ-ਜੁੰਮੇਵਾਰਾਨਾ ਰੋਲ ਅਖਤਿਆਰ ਕਰ ਲਿਆ ਗਿਆ। ਪਰਚਾ ''ਪਾਠਕ ਸਮੂਹ'' ਦੀਆਂ ਅਮਲੀ-ਸਿਆਸੀ ਜ਼ਰੂਰਤਾਂ ਦਾ ਤਰਜ਼ਮਾਨ ਹੋਣ ਦੀ ਬਜਾਇ ਸਾਥੀ ਜੱਸੀ ਦੀਆਂ ਸੌੜੀਆਂ ਲੋੜਾਂ ਦਾ ਮੁਥਾਜ ਬਣ ਕੇ ਰਹਿ ਗਿਆ।
ਹੋ ਸਕਦਾ ਹੈ ਕਿ ਸਾਥੀ ਜੱਸੀ ਨੂੰ ਸੰਪਾਦਕ ਦੀਆਂ ਜੁੰਮੇਵਾਰੀਆਂ 'ਤੇ ਪੂਰਾ ਉੱਤਰਨ ਲਈ ਲੋੜੀਂਦਾ ਸਮਾਂ ਅਤੇ ਸ਼ਕਤੀ ਕੱਢਣ ਵਿੱਚ ਕੋਈ ਦਿੱਕਤਾਂ ਆਉਂਦੀਆਂ ਹੋਣ। ਅਜਿਹੀਆਂ ਦਿੱਕਤਾਂ ਦੀ ਵਜਾਹ ਘਰੇਲੂ-ਪਰਿਵਾਰਕ ਰੁਝੇਵੇਂ ਵੀ ਹੋ ਸਕਦੇ ਹਨ। ਕੋਈ ਹੋਰ ਸਮਾਜਿਕ-ਸਿਆਸੀ ਖੇਤਰ ਦੇ ਰੁਝੇਵੇਂ ਵੀ ਹੋ ਸਕਦੇ ਹਨ। ਜੇ ਅਜਿਹਾ ਸੀ, ਤਾਂ ਐਡੇ ਵੱਡੇ ਪਾਠਕ ਸਮੂੰਹ 'ਚੋਂ (ਜਿਸ ਨੂੰ ਉਹ ਅੱਜ ਵੀ ਆਪਣੇ ਨਾਲ ਹੋਣ ਦਾ ਦਾਅਵਾ ਕਰਦਾ ਹੈ) ਕਿਸੇ ਹੋਰ ਨੂੰ ਸੰਪਾਦਕ ਦੀ ਜੁੰਮੇਵਾਰੀ ਸੰਭਾਲੀ ਜਾ ਸਕਦੀ ਸੀ। ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਇਸਦੇ ਦੋ ਕਾਰਨ ਹੀ ਹੋ ਸਕਦੇ ਹਨ। ਇੱਕ— ਐਡੇ ਵੱਡੇ ਪਾਠਕ ਸਮੂੰਹ ਵਿੱਚ ਸੱਚੀਉਂ ਹੀ ਸੰਪਾਦਕ ਦੀਆਂ ਜੁੰਮੇਵਾਰੀਆਂ ਓਟਣਯੋਗ ਕੋਈ ਇਨਕਲਾਬੀ ਪਾਠਕ ਮੌਜੂਦ ਨਹੀਂ ਸੀ। ਜੇ ਇਹ ਗੱਲ ਸੀ, ਤਾਂ ਇਹ ਖੁਦ-ਬ-ਖੁਦ ਪਰਚੇ ਦੀ ਇਨਕਲਾਬੀ ਭੂਮਿਕਾ ਅਤੇ ਕਾਰਗਰਤਾ ਨੂੰ ਲੱਗੇ ਖੋਰੇ ਦਾ ਇਕਬਾਲ ਬਣਦੀ ਹੈ; ਦੂਜਾ— ''ਪਾਠਕ ਸਮੂਹ'' ਵਿੱਚ ਸੰਪਾਦਕ ਦੀਆਂ ਜੁੰਮੇਵਾਰੀਆਂ ਸੰਭਾਲਣ ਵਾਲੇ ਵਿਕਸਤ ਸਾਥੀ ਤਾਂ ਮੌਜੂਦ ਸਨ, ਪਰ ਸਾਥੀ ਜੱਸੀ ਹੋਰਾਂ ਦੀਆਂ ਸੌੜੀਆਂ ਸਿਆਸੀ ਲੋੜਾਂ ਦੇ ਚੌਖਟੇ ਨੂੰ ਰਾਸ ਆਉਣ ਵਾਲੇ ਨਹੀਂ ਸੀ ਲੱਗਦੇ। ਜਿਸ ਕਰਕੇ ਚਾਹੇ ''ਪਾਠਕ ਸਮੁਹ'' ਜਾਵੇ ਢੱਠੇ ਖੂਹ 'ਚ, ਉਹਨਾਂ ਵੱਲੋਂ ਪਰਚੇ ਦੀ ਸੰਪਾਦਕੀ 'ਤੇ ਜਿਵੇਂ ਕਿਵੇਂ ਜੱਫਾ ਮਾਰ ਕੇ ਰੱਖਣਾ ਜ਼ਰੂਰੀ ਹੋ ਗਿਆ ਸੀ।
ਸਮੇਂ ਦਾ ਪਾਬੰਦ ਹੋਣ ਦੇ ਇਨਕਲਾਬੀ ਗੁਣ ਨੂੰ ਖੋਰਾ
ਕਮਿਊਨਿਸਟ ਇਨਕਲਾਬੀ ਪਰਚਾ ਹੋਣ ਕਰਕੇ ਸੁਰਖ਼ ਰੇਖਾ ਦਾ ਜਮਾਤੀ ਜਨਤਕ ਸੰਘਰਸ਼ਾਂ ਅਤੇ ਇਨਕਲਾਬੀ ਲਹਿਰ ਵਿੱਚ ਸਰਗਰਮ ਪਾਠਕ ਹਿੱਸਿਆਂ ਨੂੰ ਇਨਕਲਾਬੀ ਸਿਆਸੀ-ਸਿੱਖਿਆ ਦੇਣ ਅਤੇ ਸੇਧ ਮੁੱਹਈਆ ਕਰਨ ਅਤੇ ਸੰਘਰਸ਼ਸ਼ੀਲ ਜਨਤਾ ਵਿੱਚ ਇਨਕਲਾਬੀ ਸਿਆਸਤ ਦਾ ਛਿੱਟਾ ਦੇਣ ਦੇ ਮਾਮਲੇ ਵਿੱਚ ਬਹੁਤ ਹੀ ਅਹਿਮ ਰੋਲ ਬਣਦਾ ਹੈ। ਇਨਕਲਾਬੀ ਲਹਿਰ ਅਤੇ ਜਨਤਕ ਲਹਿਰ ਵਿੱਚ ਸਰਗਰਮ ਪਾਠਕ ਮੁਲਕ ਅਤੇ ਸੂਬਾਈ ਸਿਆਸੀ ਦ੍ਰਿਸ਼ 'ਤੇ ਵਾਪਰਦੀਆਂ ਘਟਨਾਵਾਂ ਨੂੰ ਜਾਣਨ-ਬੁੱਝਣ ਅਤੇ ਘੋਲ ਸਰਗਰਮੀਆਂ ਵਿੱਚ ਸੇਧ ਹਾਸਲ ਕਰਨ ਲਈ ਪਰਚੇ ਵੱਲ ਝਾਕਦੇ ਹਨ। ਪਰਚੇ ਵੱਲੋਂ ਇਹ ਰੋਲ ਨਿਭਾਉਣ ਲਈ ਤਹਿ ਕੀਤੇ ਮੌਕੇ ਸਿਰ ਪਾਠਕਾਂ ਦੇ ਹੱਥਾਂ ਵਿੱਚ ਪਹੁੰਚਣਾ ਸਭ ਤੋਂ ਪਹਿਲੀ ਸ਼ਰਤ ਹੈ। ਇਸ ਲਈ ਸਮੇਂ ਦਾ ਪਾਬੰਦ ਹੋਣਾ ਕਮਿਊਨਿਸਟ ਇਨਕਲਾਬੀ ਪਰਚੇ ਦਾ ਇੱਕ ਲਾਜ਼ਮੀ ਇਨਕਲਾਬੀ ਗੁਣ ਅਤੇ ਲੱਛਣ ਹੈ।
ਪਰ ਜਿਵੇਂ ਪਿੱਛੇ ਜ਼ਿਕਰ ਕੀਤਾ ਗਿਆ ਹੈ ਕਿ ਪਰਚੇ ਦੇ ਦੇਰ ਨਾਲ ਆਉਣ ਅਤੇ ਲਗਾਤਾਰਤਾ ਵਿੱਚ ਹੋਈ ਵੱਡੀ ਗੜਬੜ ਨਾਲ ਸੁਰਖ਼ ਰੇਖਾ ਦੇ ਇਸ ਇਨਕਲਾਬੀ ਗੁਣ ਅਤੇ ਲੱਛਣ ਨੂੰ ਗੰਭੀਰ ਜ਼ਰਬ ਆਈ ਹੈ, ਪਾਠਕਾਂ ਦੀ ਪਰਚੇ ਤੋਂ ਰੱਖੀ ਉਮੀਦ ਨੂੰ ਵੱਡੀ ਠੋਕਰ ਵੱਜੀ ਹੈ, ਪਰਚੇ ਵਿੱਚ ਵਿਸ਼ਵਾਸ਼ ਨੂੰ ਖੋਰਾ ਲੱਗਿਆ ਹੈ ਅਤੇ ਬੇਪ੍ਰਤੀਤੀ ਦਾ ਮਾਹੌਲ ਬਣਿਆ ਹੈ।
ਪਾਠਕਾਂ ਮੂਹਰੇ ਜਵਾਬਦੇਹੀ ਤੋਂ ਬੇਪ੍ਰਵਾਹ
ਕਮਿਊਨਿਸਟ ਇਨਕਲਾਬੀ ਪਰਚਾ ਹੋਣ ਕਰਕੇ ਇਹ ਆਪਣੇ ਮੌਜੂਦਾ ਪਾਠਕਾਂ ਅਤੇ ਇਨਕਲਾਬੀ ਜੁਝਾਰ ਹਿੱਸਿਆਂ ਦੀਆਂ ਲੋੜਾਂ ਪ੍ਰਤੀ ਜਵਾਬਦੇਹ ਹੈ। ਜਨਤਾ ਮੂਹਰੇ ਜਮਹੂਰੀ ਜਵਾਬਦੇਹੀ ਦਾ ਮਤਲਬ ਹੈ— ਉਹਨਾਂ ਦੀਆਂ ਇਨਕਲਾਬੀ ਲੋੜਾਂ ਨੂੰ ਸਿਰਮੌਰ ਰੱਖਣਾ, ਉਹਨਾਂ ਦੀਆਂ ਆਸਾਂ 'ਤੇ ਪੂਰਾ ਉੱਤਰਨ ਲਈ ਤਾਣ ਲਾਉਣਾ, ਉਹਨਾਂ ਦੀਆਂ ਲੋੜਾਂ ਨੂੰ ਬਾਮੌਕਾ ਹੁੰਗਾਰਾ ਦੇਣਾ, ਸਮੇਂ ਸਮੇਂ ਖੜ੍ਹੀਆਂ ਹੁੰਦੀਆਂ ਸਮੱਸਿਆਵਾਂ ਪਾਠਕ ਸਮੁਹ ਨਾਲ ਸਾਂਝੀਆਂ ਕਰਨਾ ਅਤੇ ਇਹਨਾਂ ਦੇ ਹੱਲ ਲਈ ਉਹਨਾਂ ਦੀ ਰਾਇ ਲੈਣੀ, ਮੱਦਦ ਲੈਣੀ ਅਤੇ ਉਹਨਾਂ ਦੀ ਸਮੂਹਿਕ ਲਿਆਕਤ ਦੀ ਵਰਤੋਂ ਕਰਨਾ ਅਤੇ ਸਮੂਹਿਕ ਰਜ਼ਾ ਦਾ ਸਤਿਕਾਰ ਕਰਨਾ। ਸ਼ੁਰੂ ਵਿੱਚ ਪਾਠਕਾਂ ਦੀਆਂ ਲੋੜਾਂ ਅਤੇ ਪਰਚੇ ਦੀ ਸਮੱਗਰੀ ਬਾਰੇ ਰਾਇ ਦੇ ਇੱਕ ਢੰਗ ਵਜੋਂ ''ਪਾਠਕਾਂ ਦੀ ਸੱਥ'' ਕਾਲਮ ਸ਼ੁਰੂ ਕੀਤਾ ਗਿਆ ਸੀ। ਇਹ ਕਾਲਮ ਬੜੀ ਮੁਸ਼ਕਲ ਨਾਲ 2004 ਤੱਕ ਚੱਲਿਆ ਅਤੇ ਉਸ ਤੋਂ ਬਾਅਦ ਇਹ ਕਾਲਮ ਬੰਦ ਕਰ ਦਿੱਤਾ ਗਿਆ। ਸਾਥੀ ਸੰਪਾਦਕ ਵੱਲੋਂ ਪਿਛਲੇ ਵਰ੍ਹਿਆਂ ਵਿੱਚ ਪਾਠਕਾਂ ਦੀਆਂ ਲੋੜਾਂ ਦਾ ਖਿਆਲ ਰੱਖਣ ਤੇ ਉਹਨਾਂ ਨੂੰ ਬਾਮੌਕਾ ਹੁੰਗਾਰਾ ਦੇਣ ਦੀ ਲੋੜ ਤੋਂ ਬੇਪ੍ਰਵਾਹ ਹੁੰਦਿਆਂ, ਪਰਚੇ ਨੂੰ ਸਮੇਂ ਦੀ ਪਾਬੰਦੀ ਤੋਂ ਮੁਕਤ ਕਰਦਿਆਂ, ਮਨਮਰਜ਼ੀ ਦੀ ਤਾਰੀਕ 'ਤੇ ਜਾਰੀ ਕਰਨ ਦਾ ਅਮਲ ਵਿੱਢ ਲਿਆ ਗਿਆ ਅਤੇ ਇਸਦੀ ਲਗਾਤਾਰਤਾ ਨੂੰ ਭੰਗ ਕਰ ਦਿੱਤਾ ਗਿਆ। ਇਸ ਤੋਂ ਅੱਗੇ, ਪਰਚਾ ਕੱਢਣ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਹੋ ਰਹੀ ਗੜਬੜਚੌਥ ਨੂੰ ਪਾਠਕਾਂ ਨਾਲ ਸਾਂਝੀ ਕਰਨ ਦੀ ਲੋੜ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ। ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਉਹਨਾਂ ਦੀ ਰਾਇ ਲੈਣ ਅਤੇ ਲਿਆਕਤ ਦੀ ਵਰਤੋਂ ਕਰਨ ਨੂੰ ਨਜ਼ਰਅੰਦਾਜ਼ ਕਰਦਿਆਂ, ਜਮਹੂਰੀ ਜਵਾਬਦੇਹੀ ਤੋਂ ਮੁਨਕਰ ਹੋਣ ਦਾ ਰਾਹ ਚੁਣਿਆ ਗਿਆ। 
ਪਰਚੇ ਦੀ ਸਿਆਸੀ ਦੁਰਵਰਤੋਂ 
ਕਾਮਰੇਡ ਹਰਭਜਨ ਸੋਹੀ ਦੀ ਜੂਨ 2009 ਵਿੱਚ ਹੋਈ ਮੌਤ ਤੋਂ ਬਾਅਦ ਵਿੱਚ ਸੰਪਾਦਕ ਸਾਥੀ ਵੱਲੋਂ ਉਸਦੇ ਵਿਵਾਦਤ ਰੋਲ ਨੂੰ ਉਭਾਰਨ ਲਈ ਜਿਵੇਂ ਪਰਚੇ ਦੀ ਦੁਰਵਰਤੋਂ ਕੀਤੀ ਗਈ, ਇਹ ਇੱਕ ਸਿਰੇ ਦਾ ਗੈਰ-ਜੁੰਮੇਵਾਰਾਨਾ ਅਤੇ ਨਿੰਦਣਯੋਗ ਕਦਮ ਸੀ। ਉਸਦੀ ਮੌਤ 'ਤੇ ਅਫਸੋਸ ਜ਼ਾਹਰ ਕਰਦਿਆਂ ਉਸਦੇ 1994 ਤੋਂ ਪਹਿਲਾਂ ਦੇ ਰੋਲ ਬਾਰੇ ਇੱਕ ਆਮ ਚਲੰਤ ਜ਼ਿਕਰ ਸ਼ੋਕ ਨੋਟ 'ਚ ਦਿੱਤਾ ਜਾ ਸਕਦਾ ਸੀ। ਸਾਡੀ ਜਾਣਕਾਰੀ ਮੁਤਾਬਿਕ ਉਹ 1994 ਵਿੱਚ ਚਾਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੀ ਏਕਤਾ ਤੋਂ ਬਾਅਦ ਹੋਂਦ ਵਿੱਚ ਆਈ ਨਵੀਂ ਜਥੇਬੰਦੀ ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ (ਮ.ਲ.) ਦੀ ਕੇਂਦਰੀ ਕਮੇਟੀ ਦਾ ਸਕੱਤਰ ਬਣਿਆ ਸੀ ਅਤੇ ਮਾਰਚ 2009 ਤੱਕ ਇਸ ਅਹੁਦੇ 'ਤੇ ਬਿਰਾਜਮਾਨ ਰਿਹਾ ਸੀ। ਉਸਦੀ ਸਕੱਤਰਸ਼ਿੱਪ ਹੇਠ ਇਹ ਜਥੇਬੰਦੀ ਬੁਰੀ ਤਰ੍ਹਾਂ ਖੜੋਤ ਅਤੇ ਸੰਕਟ ਦਾ ਸ਼ਿਕਾਰ ਹੋ ਗਈ। ਜਥੇਬੰਦੀ ਵੱਲੋਂ ਆਪਣੀ ਕਾਨਫਰੰਸ 2000 ਵਿੱਚ ਕੀਤੀ ਜਾਣੀ ਸੀ, ਪਰ ਕਾਮਰੇਡ ਸੋਹੀ ਬਤੌਰ ਸਕੱਤਰ 2009 ਤੱਕ ਕੇਂਦਰੀ ਕਮੇਟੀ ਦੀ ਕਾਰਗੁਜ਼ਾਰੀ ਦਾ ਲੇਖਾਜੋਖਾ ਕਰਨ ਅਤੇ ਕੇਂਦਰੀ ਕਾਨਫਰੰਸ ਨੂੰ ਨੇਪਰੇ ਚਾੜ੍ਹਨ ਵਿੱਚ ਕੇਂਦਰੀ ਕਮੇਟੀ ਦੀ ਅਗਵਾਈ ਕਰਨ ਤੋਂ ਨਾਕਾਮ ਨਿੱਬੜਿਆ। ਉਸ ਵੱਲੋਂ ਕੇਂਦਰੀ ਕਮੇਟੀ ਦੇ ਕਾਰਵਿਹਾਰ ਨੂੰ 6 ਸਾਲਾਂ ਲਈ ਜਾਮ ਕਰਕੇ ਰੱਖਣ ਵਿੱਚ 'ਸਿਰਕੱਢ' ਰੋਲ ਨਿਭਾਇਆ ਗਿਆ ਅਤੇ ਉਹ ਖੁਦ 6 ਸਾਲਾਂ ਲਈ ਉਖੜੇਵੇਂ ਅਤੇ ਗੈਰ-ਸਰਗਰਮੀ ਦੇ ਦੌਰ 'ਚੋਂ ਗੁਜ਼ਰਿਆ। ਸਿੱਟੇ ਵਜੋਂ ਇਹਨਾਂ 6 ਸਾਲਾਂ ਦੌਰਾਨ ਕੇਂਦਰੀ ਕਮੇਟੀ ਵੱਲੋਂ ਹੇਠਾਂ ਜਥੇਬੰਦੀ ਨੂੰ ਅਗਵਾਈ ਦੇਣ ਦਾ ਕਾਰਜ ਠੱਪ ਹੋ ਕੇ ਰਹਿ ਗਿਆ। ਉਸਦੀ ਸਕੱਤਰਸ਼ਿੱਪ ਹੇਠ ਜਦੋਂ ਕੇਂਦਰੀ ਕਮੇਟੀ ਦਾ ਕੰਮ ਕਰਨਾ ਦੁੱਭਰ ਤੇ ਅਸੰਭਵ ਹੋ ਗਿਆ ਤਾਂ ਉਸਨੂੰ ਆਪਣੇ ਇਸ ਨਾਕਸ ਤੇ ਨਖਿੱਧ ਰੋਲ ਸਦਕਾ ਸਕੱਤਰਸ਼ਿੱਪ ਤੋਂ ਅਸਤੀਫਾ ਦੇ ਕੇ ਪਾਸੇ ਹੋਣਾ ਪਿਆ। ਉਸਦੇ ਅਸਤੀਫੇ ਤੋਂ ਬਾਅਦ ਅਤੇ ਨਵੇਂ ਸਕੱਤਰ ਦੀ ਅਗਵਾਈ ਹੇਠ ਹੀ ਜਥੇਬੰਦੀ ਅੰਦਰ ਲੇਖੇਜੋਖੇ ਦਾ ਕੰਮ ਰੇੜ੍ਹੇ ਪਿਆ। 1994 ਤੋਂ ਲੈ ਕੇ 2009 ਤੱਕ ਉਸ ਵੱਲੋਂ ਬਤੌਰ ਕੇਂਦਰੀ ਕਮੇਟੀ ਸੱਕਤਰ ਨਿਭਾਇਆ ਗਿਆ ਰੋਲ ਅਜੇ ਲੇਖੇਜੋਖੇ ਅਧੀਨ ਸੀ। ਉਸਦਾ ਰੋਲ ਅਜੇ ਕੇਂਦਰੀ ਕਮੇਟੀ ਅਤੇ ਜਥੇਬੰਦੀ ਅੰਦਰ ਵਾਦ-ਵਿਵਾਦ ਦਾ ਮੁੱਦਾ ਸੀ। ਜਿੱਥੋਂ ਤੱਕ 1994 ਤੋਂ ਪਹਿਲਾਂ ਉਸ ਵੱਲੋਂ ਨਿਭਾਏ ਗਏ ਚੰਗੇ-ਮਾੜੇ ਰੋਲ ਦਾ ਸਬੰਧ ਹੈ, ਇਸਦਾ ਨਾ ਸਿਰਫ 1994 ਦੀ ਏਕਤਾ ਤੋਂ ਬਾਅਦ ਹੋਂਦ ਵਿੱਚ ਆਈ ਨਵੀਂ ਸਿਆਸੀ ਜਥੇਬੰਦੀ ਨਾਲ ਕੋਈ ਲਾਗਾ-ਦੇਗਾ ਨਹੀਂ ਸੀ, ਉਸਦਾ ਇਹ ਰੋਲ 1994 ਵਿੱਚ ਇੱਕ ਹੋਈਆਂ ਜਥੇਬੰਦੀਆਂ ਅਤੇ ਪੰਜਾਬ ਦੇ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਤਿੱਖੇ ਵਿਵਾਦ ਦਾ ਮਾਮਲਾ ਵੀ ਸੀ।
ਸਾਥੀ ਸੰਪਾਦਕ ਵੱਲੋਂ ਉਪਰੋਕਤ ਬਿਆਨ ਕੀਤੀ ਹਾਲਤ ਤੋਂ ਬੇਪ੍ਰਵਾਹ ਹੁੰਦਿਆਂ, ਕਾਮਰੇਡ ਹਰਭਜਨ ਸੋਹੀ ਦੀ ਬੇਲੋੜੀ, ਨਿਰਆਧਾਰ, ਮਨਚਾਹੀ ਅਤੇ ਬੜਬੋਲੀ ਪ੍ਰਸੰਸਾ ਦੇ ਪੜੁੱਲ ਬੰਨ੍ਹਣ ਲਈ ਸੁਰਖ਼ ਰੇਖਾ ਨੂੰ ਝੋਕ ਦਿੱਤਾ ਗਿਆ ਅਤੇ ਉਸ ਬਾਰੇ ਇੱਕ ਵਿਸ਼ੇਸ਼ ਅੰਕ ਜਾਰੀ ਕਰ ਮਾਰਿਆ। ਇੱਥੇ ਹੀ ਬੱਸ ਨਹੀਂ, ਉਸ ਵੱਲੋਂ ਪਰਚੇ ਦੇ ਸਫਿਆਂ 'ਤੇ ਕਾਮਰੇਡ ਸੋਹੀ ਨੂੰ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਪੇਸ਼ ਕਰਨ ਦਾ ਝੂਠ ਵੀ ਬੋਲਿਆ ਗਿਆ। ਇਹ ਸਾਰਾ ਕੁੱਝ ਕਾਮਰੇਡ ਸੋਹੀ ਵੱਲੋਂ 1994 ਤੋਂ 2009 ਤੱਕ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਨਿਭਾਏ ਨਾਕਾਮ ਅਤੇ ਨਖਿੱਧ ਰੋਲ 'ਤੇ ਪਰਦਾ ਪਾਉਣ, ਉਸਦੇ ਇਸ ਰੋਲ ਨੂੰ ਬੜਬੋਲੀ ਅਤੇ ਗੁਮਰਾਹੀ ਲਫਾਜ਼ੀ ਨਾਲ ਸ਼ਿੰਗਾਰਦਿਆਂ ਸਫਾਂ ਵਿੱਚ ਉਸਦੇ ਰੋਲ ਦਾ ਭਰਮਾਊ ਨਕਸ਼ਾ ਬੰਨ੍ਹਣ ਦੀ ਸੋਚੀ-ਸਮਝੀ ਚਾਲ ਵਜੋਂ ਕੀਤਾ ਗਿਆ। ਇਸ ਤਰ੍ਹਾਂ ਪਰਚੇ ਨੂੰ ਸਿਆਸੀ ਜਥੇਬੰਦੀ ਅੰਦਰ ਕਾਮਰੇਡ ਸੋਹੀ ਦੀ ਧਿਰ ਦਾ ਨੰਗਾ-ਚਿੱਟਾ (ਪਰ ਅਣ-ਐਲਾਨਿਆ) ਬੁਲਾਰਾ ਬਣਾਇਆ ਗਿਆ। ਇਸਦਾ ਮਨੋਰਥ ਕੇਂਦਰੀ ਕਮੇਟੀ ਦੀ ਪਿਛਲੇ ਲੱਗਭੱਗ ਪੰਦਰਾਂ ਸਾਲਾਂ ਦੀ ਕਾਰਗੁਜ਼ਾਰੀ ਤੋਂ ਬਦਜ਼ਨ ਅਤੇ ਬੇਚੈਨ ਸਫਾਂ ਨੂੰ ਅਸਰਅੰਦਾਜ਼ ਕਰਨਾ ਅਤੇ ਕਾਮਰੇਡ ਸੋਹੀ ਦੀ ਧਿਰ ਨਾਲ ਰੌਲੇ-ਰੱਟੇ ਦਾ ਪ੍ਰਗਟਾਅ ਕਰ ਰਹੀ ਧਿਰ ਖਿਲਾਫ ਮਾਹੌਲ ਤੇ ਨਾ-ਮੁਆਫਿਕ ਹਾਲਤਾਂ ਸਿਰਜਣ ਦੀ ਕੋਸ਼ਿਸ਼ ਕਰਨਾ ਸੀ। ਸਾਥੀ ਜੱਸੀ ਦੀ ਇਹ ਚਾਲ ਪਰਚੇ ਦੀ ਦੁਰਵਰਤੋਂ ਦੀ ਇੱਕ ਜ਼ਾਹਰਾ ਮਿਸਾਲ ਸੀ।
ਇਨਕਲਾਬੀ ਧਿਰਾਂ/ਪਰਚਿਆਂ ਪ੍ਰਤੀ ਤੰਗਨਜ਼ਰ ਪਹੁੰਚ
ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਵੀ ਸਾਥੀ ਸਾਬਕਾ ਸੰਪਾਦਕ ਦੀ ਇਹੋ ਪਹੁੰਚ ਅਤੇ ਰਵੱਈਆ ਸਾਹਮਣੇ ਆਇਆ ਹੈ। ਇੱਕ ਕਮਿਊਨਿਸਟ ਇਨਕਲਾਬੀ ਪਰਚਾ ਹੋਣ ਕਰਕੇ ਇਸਦਾ ਮਕਸਦ ਜਿੱਥੇ ਆਪਣੀ ਸੋਚ ਅਨੁਸਾਰ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ, ਸਮਝਾਂ-ਪਹੁੰਚਾਂ ਅਤੇ ਸੇਧਾਂ ਨੂੰ ਹਾਂ-ਪੱਖੀ ਢੰਗ ਨਾਲ ਪ੍ਰਚਾਰਨਾ-ਉਭਾਰਨਾ ਸੀ, ਉੱਥੇ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਲਹਿਰ ਅੰਦਰਲੀਆਂ ਵੱਖ ਵੱਖ ਧਿਰਾਂ ਦੇ ਅਮਲ ਅੰਦਰ ਸਾਹਮਣੇ ਆ ਰਹੇ ਨਰੋਏ ਅਤੇ ਹਾਂ-ਪੱਖਾਂ ਨੂੰ ਉਜਾਗਰ ਕਰਨਾ ਸੀ। ਉਹਨਾਂ ਦਰਮਿਆਨ ਪ੍ਰਸਪਰ ਸਾਂਝ ਅਤੇ ਸਹਿਯੋਗ ਦੇ ਪੱਖਾਂ ਨੂੰ ਉਘਾੜਨਾ ਸੀ। ਇਹ ਪਹੁੰਚ ਵੱਖ ਵੱਖ ਪਰਚਿਆਂ ਦਰਮਿਆਨ ਸਾਂਝ ਅਤੇ ਸਹਿਯੋਗ ਦੇ ਆਧਾਰ ਨੂੰ ਉਭਾਰਨ ਤੇ ਸਾਕਾਰ ਕਰਨ ਦੀ ਕੋਸ਼ਿਸ਼ ਕਰਦਿਆਂ, ਉਹਨਾਂ ਦਰਮਿਆਨ ਅਤੇ ਇਨਕਲਾਬੀ ਲਹਿਰ ਅੰਦਰ ਭਾਈਚਾਰਕ ਰਸਨਾ ਅਤੇ ਸਹਿਯੋਗ ਨੂੰ ਪ੍ਰਫੁੱਲਤ ਕਰਨ ਵੱਲ ਸੇਧਤ ਸੀ। ਇਹ ਪਹੁੰਚ ਪਾਟਕ ਦਾ ਸ਼ਿਕਾਰ ਇਨਕਲਾਬੀ ਲਹਿਰ ਨੂੰ ਅੰਤਿਮ ਤੌਰ 'ਤੇ ਏਕਤਾ ਵਿੱਚ ਪਰੋਣ ਦੇ ਭਵਿੱਖ-ਨਕਸ਼ੇ ਅਨੁਸਾਰ ਚੱਲਣ ਦਾ ਠੋਸ ਇਜ਼ਹਾਰ ਬਣਦੀ ਸੀ। ਇਹ ਪਹੁੰਚ ਪਰਚੇ ਦੇ ਪਲੇਟਫਾਰਮ ਤੋਂ ਵੱਖ ਵੱਖ ਇਨਕਲਾਬੀ ਧਿਰਾਂ/ਜਨਤਕ ਜਥੇਬੰਦੀਆਂ ਦਰਮਿਆਨ ਅਭਿਆਸ ਅੰਦਰ ਜ਼ਾਹਰ ਹੋ ਰਹੇ ਰੱਟਿਆਂ ਤੇ ਮੱਤਭੇਦਾਂ ਦੇ ਮਾਮਲੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਨ ਅਤੇ ਕਿਸੇ ਇੱਕ ਜਾਂ ਦੂਜੀ ਧਿਰ/ਜਥੇਬੰਦੀ ਦੇ ਪੱਖ ਜਾਂ ਵਿਰੋਧ ਵਿੱਚ ਖੜ੍ਹਨ ਤੋਂ ਬਚਾਅ ਕਰਨ ਦੀ ਮੰਗ ਕਰਦੀ ਸੀ।
ਪਰ ਸਾਬਕਾ ਸੰਪਾਦਕ ਵੱਲੋਂ ਇਸ ਪਹੁੰਚ 'ਤੇ ਖੜ੍ਹਨ ਦੀ ਬਜਾਇ, ਸੂਬੇ ਵਿੱਚ ਨਿਕਲਦੇ ਸਭਨਾਂ ਇਨਕਲਾਬੀ ਪਰਚਿਆਂ ਨਾਲ ਤਿੱਖੀ ਬਹਿਸ-ਭੇੜ ਦਾ ਆਢਾ ਲਾਇਆ ਗਿਆ। ਲਾਲ ਤਾਰਾ, ਚਮਕਦਾ ਲਾਲ ਤਾਰਾ, ਸਮਕਾਲੀ ਦਿਸ਼ਾ, ਹਿਰਾਵਲ ਦਸਤਾ ਦੇ ਨਾਂ ਬਦਲੀ ਹੋਣ ਤੋਂ ਬਾਅਦ 'ਚ ਨਿਕਲ ਰਹੇ ''ਇਨਕਲਾਬੀ ਸਾਡਾ ਰਾਹ'' ਅਤੇ ਲਾਲ ਪਰਚਮ ਨਾਲ ਵੱਖ ਵੱਖ ਜਨਤਕ ਜਥੇਬੰਦੀਆਂ/ਥੜ੍ਹਿਆਂ ਅਤੇ ਇਨਕਲਾਬੀ ਲਹਿਰ ਅੰਦਰ ਵੱਖ ਵੱਖ ਧਿਰਾਂ ਦੀ ਅਮਲਦਾਰੀ ਵਿੱਚ ਜ਼ਾਹਰ ਹੁੰਦੇ ਵਖਰੇਵਿਆਂ/ਰੱਟਿਆਂ 'ਤੇ ਸ਼ਰੇਆਮ ਬੇਲੋੜੀ, ਕਾਟਵੀਂ, ਭਖਵੀਂ ਅਤੇ ਰਗੜ-ਮਾਂਜਾ ਲਾਊ ਲਹਿਜੇਦਾਰ ਬਹਿਸ ਦੀ ਨੁਮਾਇਸ਼ ਲਾਈ ਗਈ। ਇਉਂ, ਪਰਚੇ ਨੂੰ ਵੱਖ ਵੱਖ ਜਨਤਕ ਜਥੇਬੰਦੀਆਂ ਅਤੇ ਇਨਕਲਾਬੀ ਧਿਰਾਂ ਦਰਮਿਆਨ ਵਖਰੇਵਿਆਂ/ਰੱਟਿਆਂ ਵਿੱਚ ਸਿੱਧਮ-ਸਿੱਧੀ ਦਖਲਅੰਦਾਜ਼ੀ ਕਰਨ ਅਤੇ ਕਿਸੇ ਇੱਕ ਜਾਂ ਦੂਜੀ ਜਨਤਕ ਜਥੇਬੰਦੀ ਅਤੇ ਇਨਕਲਾਬੀ ਧਿਰ ਦੇ ਹੱਕ/ਵਿਰੋਧ ਵਿੱਚ ਖੜ੍ਹਨ ਦੀ ਨੌਬਤ ਤੱਕ ਪੁਚਾਇਆ ਗਿਆ। ਦੂਸਰੇ ਲਫਜ਼ਾਂ ਵਿੱਚ— ਪਰਚੇ ਨੂੰ ਕਿਸੇ ਵਿਸ਼ੇਸ਼ ਜਨਤਕ ਜਥੇਬੰਦੀ/ਜਥੇਬੰਦੀਆਂ ਅਤੇ ਇਨਕਲਾਬੀ ਧਿਰ ਦੀ ਸਮਝ ਦੇ ਗੱਜਵੱਜਵੇਂ ਬੁਲਾਰੇ ਵਿੱਚ ਤਬਦੀਲ ਕਰਨ ਦੀ ਦਿਸ਼ਾ ਅਖਤਿਆਰ ਕੀਤੀ ਗਈ। ਇਸ ਦਾ ਨਤੀਜਾ ਵੱਖ ਵੱਖ ਇਨਕਲਾਬੀ ਪਰਚਿਆਂ ਅਤੇ ਇਨਕਲਾਬੀ ਲਹਿਰ ਦੀਆਂ ਵੱਖ ਵੱਖ ਟੁਕੜੀਆਂ ਦਰਮਿਆਨ ਆਪਸੀ ਭਾਈਚਾਰਕ ਰਸਨਾ, ਸਾਂਝ ਅਤੇ ਸਹਿਯੋਗ ਦੀ ਭਾਵਨਾ ਦੇ ਪ੍ਰਫੁੱਲਤ ਹੋਣ ਦੀ ਬਜਾਇ, ਆਪਸੀ ਕੁੜੱਤਣ, ਵਿੱਥ ਅਤੇ ਟਕਰਾਅ ਵਾਲੇ ਮੰਦਭਾਗੇ ਮਾਹੌਲ ਦੇ ਹੋਰ ਵੀ ਮਾੜੇ ਰੁਖ਼ ਵਧਾਰੇ ਵਿੱਚ ਨਿੱਕਲਿਆ।
ਦੂਸਰੀਆਂ ਇਨਕਲਾਬੀ ਧਿਰਾਂ ਪ੍ਰਤੀ ਧਾਰੀ ਗੈਰ-ਸਾਥੀਆਨਾ ਅਤੇ ਤੰਗਨਜ਼ਰ ਪਹੁੰਚ ਦਾ ਹੀ ਲਾਜ਼ਮੀ ਸਿੱਟਾ ਸੀ ਕਿ ਉਸ ਵੱਲੋਂ ਇਨਕਲਾਬੀ ਲਹਿਰ ਦੀਆਂ ਵੱਖ ਵੱਖ ਧਿਰਾਂ ਦੀਆਂ ਹਾਂ-ਪੱਖੀ ਅਤੇ ਉਸਾਰੂ ਸਰਗਰਮੀਆਂ ਅਤੇ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਲੜੇ ਗਏ ਜ਼ਿਕਰਯੋਗ ਘੋਲਾਂ ਨੂੰ ਪਰਚੇ ਅੰਦਰ ਬਣਦੀ ਥਾਂ ਦੇਣ ਦੀ ਬਜਾਇ, ਉਹਨਾਂ ਨੂੰ ਅਕਸਰ ਨਜ਼ਰਅੰਦਾਜ਼ ਕਰਨ ਦਾ ਰਵੱਈਆ ਅਖਤਿਆਰ ਕੀਤਾ ਗਿਆ ਅਤੇ ਪਰਚੇ ਨੂੰ ਨਿਰੋਲ ਸ਼ਰੇਆਮ ਇੱਕੋ ਇੱਕ ਵਿਸ਼ੇਸ਼ ਇਨਕਲਾਬੀ ਧਿਰ ਅਤੇ ਵਿਸ਼ੇਸ਼ ਜਨਤਕ ਜਥੇਬੰਦੀਆਂ/ਥੜ੍ਹਿਆਂ ਦੀਆਂ ਸਰਗਰਮੀਆਂ ਨੂੰ ਉਭਾਰਨ ਦੇ ਸਾਧਨ ਵਿੱਚ ਤਬਦੀਲ ਕਰਨ ਦਾ ਰੁਖ ਅਖਤਿਆਰ ਕੀਤਾ ਗਿਆ।
ਏਕਤਾ ਪਹੁੰਚ ਨਾਲ ਬੇਮੇਲ ਤੰਗ-ਨਜ਼ਰ ਪਹੁੰਚ
''ਸੁਰਖ਼ ਰੇਖਾ'' ਅਤੇ ''ਇਨਕਲਾਬੀ ਜਨਤਕ ਲੀਹ''— ਦੋਵਾਂ ਪਰਚਿਆਂ ਦੀ ਏਕਤਾ ਬਰਾਬਰਤਾ ਦੇ ਆਧਾਰ 'ਤੇ ਹੋਈ ਸੀ। ਜਿਹਨਾਂ ਸਾਂਝੀਆਂ ਵਿਚਾਰਧਾਰਕ-ਸਿਆਸੀ ਸੇਧਾਂ ਅਤੇ ਮਨੋਰਥਾਂ ਦੇ ਆਧਾਰ 'ਤੇ ਇਹ ਇੱਕਮਿੱਕਤਾ ਹੋਈ ਸੀ, ਸਾਂਝੇ ਪਰਚੇ ਸੁਰਖ਼ ਰੇਖਾ— ਨੇ ਉਹਨਾਂ ਅਨੁਸਾਰ ਚੱਲਣਾ ਸੀ। ਦੋਵਾਂ ਪਰਚਿਆਂ ਦੀ ਵੱਖੋਂ ਵੱਖਰੀ ਕਾਰਗੁਜ਼ਾਰੀ ਦਾ ਅਤੇ ਇਹਨਾਂ 'ਚ ਛਪਦੀਆਂ ਰਹੀਆਂ ਲਿਖਤਾਂ ਦਾ ਲੇਖਾਜੋਖਾ ਕਰਨਾ, ਇਹਨਾਂ ਬਾਰੇ ਸਿੱਧਾ/ਅਸਿੱਧਾ ਫਤਵਾ ਦੇਣਾ ਜਾਂ ਇੱਕ/ਦੂਜੇ ਪਰਚੇ ਦੀਆਂ ਲਿਖਤਾਂ ਦੀ ਪੈਰਵਾਈ ਕਰਨਾ ਇਸ ਪਰਚੇ ਦਾ ਕਾਰਜ ਨਹੀਂ ਸੀ। ਪਰ ਇਸਦਾ ਮਤਲਬ ਇਹ ਨਹੀਂ ਸੀ, ਕਿ 1993 ਤੋਂ ਪਹਿਲਾਂ ਦੋਵਾਂ ਪਰਚਿਆਂ 'ਚ ਛਪੀਆਂ ਹੋਈਆਂ ਲਿਖਤਾਂ 'ਚੋਂ ਅੱਜ ਦੇ ਪ੍ਰਸੰਗ ਵਿੱਚ ਢੁਕਵੀਆਂ ਅਤੇ ਸਾਰਥਿਕ ਬਣਦੀਆਂ ਚੋਣਵੀਆਂ ਲਿਖਤਾਂ ਦੀ ਵਰਤੋਂ ਵਰਜ਼ਿਤ ਸੀ। ਬਿਨਾ ਸ਼ੱਕ, ਦੋਵਾਂ ਪਰਚਿਆਂ 'ਚੋਂ ਅਜਿਹੀਆਂ ਲਿਖਤਾਂ ਦੁਹਰਾਈਆਂ ਜਾ ਸਕਦੀਆਂ ਸਨ। ਪਰ 1993 ਤੋਂ ਅੱਜ ਤੱਕ ਜਿਹੜੀਆਂ ਵੀ ਲਿਖਤਾਂ ਦੁਹਰਾ ਕੇ ਛਾਪੀਆਂ ਗਈਆਂ ਹਨ, ਉਹ ਸਾਰੀਆਂ ਦੀਆਂ ਸਾਰੀਆਂ ''ਜਫ਼ਰਨਾਮਾ'' ਅਤੇ ''ਇਨਕਲਾਬੀ ਜਨਤਕ ਲੀਹ'' ਵੱਲੋਂ ਛਾਪੀਆਂ ਹੋਈਆਂ ਹਨ। 1993 ਤੋਂ ਪਹਿਲਾਂ ''ਸੁਰਖ਼ ਰੇਖਾ'' ਦੇ ਥੜ੍ਹੇ ਤੋਂ ਛਪੀਆਂ ਹੋਈਆਂ ਲਿਖਤਾਂ 'ਚੋਂ ਇੱਕ ਵੀ ਲਿਖਤ ਨਹੀਂ ਛਾਪੀ ਗਈ। ਕੀ 1993 ਤੋਂ ਪਹਿਲਾਂ ਸੁਰਖ਼ ਰੇਖਾਵਿੱਚ ਛਪਦੀ ਰਹੀ ਸਾਰੀ ਦੀ ਸਾਰੀ ਸਮੱਗਰੀ 'ਚ ਅਜਿਹੀਆਂ ਲਿਖਤਾਂ ਮੌਜੂਦ ਨਹੀਂ ਹਨ, ਜਿਹੜੀਆਂ 1993 ਤੋਂ ਬਾਅਦ ਵੀ ਪੜ੍ਹਨਯੋਗ, ਢੁਕਵੀਆਂ ਅਤੇ ਸਾਰਥਿਕ ਸਨ, ਜਿਹੜੀਆਂ ਦਰੁਸਤ ਇਨਕਲਾਬੀ ਸਮਝ ਦੀ ਤਰਜ਼ਮਾਨੀ ਕਰਦੀਆਂ ਸਨ ਅਤੇ ਲਟ ਲਟ ਬਲ਼ਦੀ ਇਨਕਲਾਬੀ ਭਾਵਨਾ ਨਾਲ ਸ਼ਰਸ਼ਾਰ ਸਨ। ਅਸੀਂ ਸਮਝਦੇ ਹਾਂ ਕਿ ਅਜਿਹੀ ਇਨਕਲਾਬੀ ਸਮਝ ਅਤੇ ਭਾਵਨਾ ਨਾਲ ਭਰਪੂਰ ਲਿਖਤਾਂ ਮੌਜੂਦ ਸਨ। ਪਰ ਫਿਰ ਵੀ ਇਹਨਾਂ ਲਿਖਤਾਂ 'ਚੋਂ ਇੱਕ ਵੀ ਲਿਖਤ ਦੇ ਕਦੇ ਪਾਠਕਾਂ ਨੂੰ ਦੀਦਾਰ ਨਹੀਂ ਕਰਵਾਏ ਗਏ। 1993 ਤੋਂ ਪਹਿਲਾਂ ਦੇ ''ਸੁਰਖ਼ ਰੇਖਾ'' ਨੂੰ ਮੁਕੰਮਲ ਤੌਰ 'ਤੇ ਵਿਸਾਰਦਿਆਂ, ਕਿੰਨੀਆਂ ਹੀ ਲਿਖਤਾਂ ''ਜਫ਼ਰਨਾਮਾ'' ਅਤੇ ''ਇਨਕਲਾਬੀ ਜਨਤਕ ਲੀਹ'' ਦੀ ਪੁਰਾਣੀ ਸਮੱਗਰੀ 'ਚੋਂ ਚੁੱਕ ਕੇ ਦੁਹਰਾਈਆਂ ਗਈਆਂ।
ਅਜਿਹੀ ਇੱਕਪਾਸੜ ਧੁੱਸ ਅਖਤਿਆਰ ਕਰਨ ਦੀ ਵਜਾਹ ਕੀ ਬਣੀ ਹੈ? ਇਹ ਵਜਾਹ ਕੋਈ ਹੋਰ ਨਹੀਂ, ਸਗੋਂ 1993 ਤੋਂ ਪਹਿਲਾਂ ਦੇ ਸੁਰਖ਼ ਰੇਖਾ ਅਤੇ ਉਸਦੇ ਪਾਠਕਾਂ ਪ੍ਰਤੀ ਉਹ ਹੀ ਸੌੜੀ ਤੇ ਤੰਗਨਜ਼ਰ ਪਹੁੰਚ ਅਖਤਿਆਰ ਕਰਨਾ ਹੈ, ਜਿਹੜੀ ਬਾਅਦ ਵਿੱਚ ਦੂਸਰੇ ਇਨਕਲਾਬੀ ਪਰਚਿਆਂ ਪ੍ਰਤੀ ਅਖਤਿਆਰ ਕੀਤੀ ਗਈ ਹੈ। ਇਸਦੀ ਅਰਥ-ਸੰਭਾਵਨਾ ਇਹ ਪ੍ਰਭਾਵ ਸਿਰਜਣਾ ਹੈ ਕਿ 1993 ਤੋਂ ਬਾਅਦ ਦਾ ਸੁਰਖ਼ ਰੇਖਾ ''ਜਫ਼ਰਨਾਮਾ'' ਅਤੇ ''ਇਨਕਲਾਬੀ ਜਨਤਕ ਲੀਹ'' ਦਾ ਜਾਰੀ ਰੂਪ ਹੈ ਨਾ ਕਿ ਇੱਕਮਿੱਕ ਹੋਏ ''ਸੁਰਖ਼ ਰੇਖਾ'' ਅਤੇ ''ਇਨਕਲਾਬੀ ਜਨਤਕ ਲੀਹ'' ਦੀ ਸਾਂਝੀ ਇਨਕਲਾਬੀ ਵਿਰਾਸਤ ਦਾ ਤਰਜ਼ਮਾਨ ਹੈ। ਇਸ ਦੀ ਅਰਥ-ਸੰਭਾਵਨਾ ਇਹ ਇਹ ਪ੍ਰਭਾਵ ਸਿਰਜਣਾ ਵੀ ਹੈ ਕਿ 1993 ਤੋਂ ਪਹਿਲਾਂ ਦੇ ''ਸੁਰਖ਼ ਰੇਖਾ'' ਅਤੇ ''ਇਨਕਲਾਬੀ ਜਨਤਕ ਲੀਹ'' ਦਰਮਿਆਨ ਏਕਤਾ ਦੀ ਬਜਾਇ ''ਸੁਰਖ਼ ਰੇਖਾ'' ਵੱਲੋਂ ''ਇਨਕਲਾਬੀ ਜਨਤਕ ਲੀਹ'' ਵਿੱਚ ਸ਼ਾਮਲ ਹੋਇਆ ਗਿਆ ਸੀ।
ਲਮਕਵੇਂ ਲੋਕ-ਯੁੱਧ ਬਾਰੇ ਕਾਮਰੇਡ ਮਾਓ ਦੀਆਂ ਸਿੱਖਿਆਵਾਂ ਨੂੰ ਪਾਠਕਾਂ ਤੋਂ ਦੂਰ ਰੱਖਣਾ
ਇੱਕ ਕਮਿਊਨਿਸਟ ਇਨਕਲਾਬੀ ਪਰਚਾ ਹੋਣ ਕਰਕੇ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ, ਵਿਸ਼ੇਸ਼ ਕਰਕੇ ਮਾਓ ਵਿਚਾਰਧਾਰਾ ਬਾਰੇ ਇਨਕਲਾਬੀ ਪਾਠਕਾਂ ਨੂੰ ਸਿੱਖਿਅਤ ਕਰਨਾ ਇੱਕ ਅਹਿਮ ਤੇ ਲਾਜ਼ਮੀ ਕਾਰਜ ਬਣਦਾ ਸੀ। ਅਦਾਰਾ ਸੁਰਖ਼ ਰੇਖਾ ਪ੍ਰਕਾਸ਼ਨ ਵੱਲੋਂ ਬਹੁਤ ਸਾਰੀਆਂ ਮਾਰਕਸੀ-ਲੈਨਿਨੀ ਲਿਖਤਾਂ, ਖਾਸ ਕਰਕੇ ਮਾਓ-ਜ਼ੇ-ਤੁੰਗ ਦੀਆਂ ਲਿਖਤਾਂ ਨੂੰ ਛਪਵਾਇਆ ਵੀ ਗਿਆ। ਜਿਵੇਂ ਨਵ-ਜਮਹੂਰੀ ਇਨਕਲਾਬ ਦੀ ਆਮ ਸੇਧ ਬਾਰੇ, ਫਲਸਫਾਨਾ ਲਿਖਤਾਂ, ਚੀਨ ਦੀ ਕਮਿਊਨਿਸਟ ਪਾਰਟੀ ਦਾ ਇਤਿਹਾਸ ਆਦਿ। ਇਸ ਤੋਂ ਇਲਾਵਾ ਚੀਨੀ ਸਮਾਜਵਾਦ ਦੀਆਂ ਬਰਕਤਾਂ ਦਾ ਇਜ਼ਹਾਰ ਬਣਦੀਆਂ ਲਿਖਤਾਂ ਵੀ ਪਰਚੇ ਵਿੱਚ ਸਮੇਂ ਸਮੇਂ ਛਪਦੀਆਂ ਰਹੀਆਂ ਹਨ। ਲਿਖਤਾਂ ਦੀ ਸੂਚੀ 'ਤੇ ਸਰਸਰੀ ਝਾਤ ਮਾਰਿਆਂ ਲੱਗ ਸਕਦਾ ਹੈ ਕਿ ਸੰਪਾਦਕੀ ਅਦਾਰੇ ਵੱਲੋਂ ਇਹ ਕਾਰਜ ਬਾਖੂਬੀ ਨਿਭਾਇਆ ਗਿਆ ਹੈ।
ਪਰ ਇਹਨਾਂ ਲਿਖਤਾਂ ਦੀ ਸੂਚੀ ਨੂੰ ਗਹੁ ਨਾਲ ਵਾਚਿਆਂ ਇਹ ਬੁੱਝਿਆ ਜਾ ਸਕਦਾ ਹੈ ਕਿ ਇਹਨਾਂ 'ਚੋਂ ਲਮਕਵੇਂ ਲੋਕ-ਯੁੱਧ ਦੇ ਸਿਧਾਂਤ, ਯੁੱਧਨੀਤੀ ਤੇ ਦਾਅਪੇਚਾਂ ਨਾਲ ਸਬੰਧਤ ਕਾਮਰੇਡ ਮਾਓ-ਜ਼ੇ-ਤੁੰਗ ਦੀਆਂ ਲਿਖਤਾਂ ਨੂੰ ਗਾਇਬ ਕਰ ਦਿੱਤਾ ਗਿਆ ਹੈ। ਲਮਕਵੇਂ ਲੋਕ-ਯੁੱਧ ਦਾ ਸਿਧਾਂਤ, ਯੁੱਧਨੀਤੀ ਅਤੇ ਦਾਅਪੇਚ ਮਾਰਕਸੀ-ਲੈਨਿਨੀ ਫੌਜੀ ਵਿਗਿਆਨ ਦਾ ਸਿਖਰ ਬਣਦੇ ਹਨ। ਇਹ ਮਾਓ ਵਿਚਾਰਧਾਰਾ ਦੇ ਅਜਿੱਤ ਸਿਧਾਂਤਕ ਖਜ਼ਾਨੇ ਦਾ ਬੇਹੱਦ ਅਹਿਮ ਅਤੇ ਅਨਿੱਖੜਵਾਂ ਅੰਗ ਬਣਦੇ ਹਨ।
ਸਭਨਾਂ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਵਾਂਗ ਕਾਮਰੇਡ ਮਾਓ-ਜ਼ੇ-ਤੁੰਗ ਵੱਲੋਂ ਘੜਿਆ ਲਮਕਵੇਂ ਲੋਕ-ਯੁੱਧ ਦਾ ਰਾਹ ਭਾਰਤੀ ਇਨਕਲਾਬ ਲਈ ਵੀ ਐਨ ਢੁਕਵਾਂ ਅਤੇ ਅਮਲਯੋਗ ਹੈ। ਕਾਮਰੇਡ ਮਾਓ ਦੇ ਲਮਕਵੇਂ ਲੋਕ-ਯੁੱਧ ਦੇ ਸਿਧਾਂਤ, ਯੁੱਧਨੀਤੀ ਅਤੇ ਦਾਅਪੇਚਾਂ ਦੇ ਆਧਾਰ 'ਤੇ ਹੀ ਭਾਰਤ ਦੇ ਨਵ-ਜਮਹੂਰੀ ਇਨਕਲਾਬ ਨੂੰ ਅੱਗੇ ਵਧਾਉਣ ਤੇ ਸਿਰੇ ਲਾਉਣ ਲਈ ਦਰੁਸਤ ਤੇ ਢੁਕਵੀਂ ਮਾਰਕਸੀ-ਲੈਨਿਨੀ ਫੌਜੀ ਲੀਹ ਘੜੀ ਤੇ ਵਿਕਸਤ ਕੀਤੀ ਜਾ ਸਕਦੀ ਹੈ। ਜਿਵੇਂ ਕਾਮਰੇਡ ਮਾਓ-ਜ਼ੇ-ਤੁੰਗ ਦਾ ਕਥਨ ਹੈ ਕਿ ''ਸਾਡੀ ਇਨਕਲਾਬੀ ਜੰਗ ਨੇ ਸਾਬਤ ਕੀਤਾ ਹੈ ਕਿ ਸਾਨੂੰ ਇੱਕ ਦਰੁਸਤ ਮਾਰਕਸਵਾਦੀ ਫੌਜੀ ਲੀਹ ਅਤੇ ਇੱਕ ਦਰੁਸਤ ਸਿਆਸੀ ਲੀਹ ਦੀ ਜ਼ਰੂਰਤ ਹੈ। ਇਨਕਲਾਬ ਅਤੇ ਜੰਗ ਦੇ ਪੰਦਰਾਂ ਸਾਲਾਂ ਦੇ ਅਮਲ ਵਿੱਚ ਅਜਿਹੀਆਂ ਸਿਆਸੀ ਅਤੇ ਫੌਜੀ ਲੀਹਾਂ ਘੜੀਆਂ ਗਈਆਂ ਹਨ। ਇਤਿਹਾਸ ਦੱਸਦਾ ਹੈ ਕਿ ਦਰੁਸਤ ਸਿਆਸੀ ਅਤੇ ਫੌਜੀ ਲੀਹਾਂ ਆਪਮੁਹਾਰੇ ਅਤੇ ਅਮਨ-ਅਮਾਨ ਨਾਲ ਨਹੀਂ ਸਗੋਂ ਸਿਰਫ ਸੰਘਰਸ਼ ਦੇ ਅਮਲ 'ਚੋਂ ਉੱਭਰਦੀਆਂ ਅਤੇ ਵਿਕਸਤ ਹੁੰਦੀਆਂ ਹਨ।'' (ਮਾਓ-ਜ਼ੇ-ਤੁੰਗ, ਚੀਨ ਦੀ ਇਨਕਲਾਬੀ ਜੰਗ ਵਿੱਚ ਯੁੱਧਨੀਤੀ, ਗਰੰਥ-1, ਸਫਾ 194) ਇੱਕ ਦਰੁਸਤ ਮਾਰਕਸੀ-ਲੈਨਿਨੀ ਸਿਆਸੀ ਲੀਹ ਅਤੇ ਦਰੁਸਤ ਫੌਜੀ ਲੀਹ ਇੱਕ-ਦੂਜੇ ਨਾਲ ਜੜੁੱਤ, ਪ੍ਰਸਪਰ ਅੰਤਰਕਰਮ ਅਤੇ ਇੱਕਦੇਹ ਰੂਪ ਵਿੱਚ ਘੜੀਆਂ ਅਤੇ ਵਿਕਸਤ ਕੀਤੀਆਂ ਜਾ ਸਕਦੀਆਂ ਹਨ। ਇਹਨਾਂ ਦੀ ਹੋਂਦ ਨੂੰ ਇੱਕ ਦੂਜੇ ਤੋਂ ਬਗੈਰ ਚਿਤਵਿਆ ਹੀ ਨਹੀਂ ਜਾ ਸਕਦਾ।
ਪਰਚੇ ਦੇ ਸੰਪਾਦਕੀ ਅਦਾਰੇ ਵੱਲੋਂ ਭਾਰਤ ਦੇ ਨਵ-ਜਮਹੁਰੀ ਇਨਕਲਾਬ ਦੀ ਸਿਆਸੀ ਲੀਹ ਨੂੰ ਘੜਨ ਦਾ ਆਧਾਰ ਬਣਦੀਆਂ ਮਾਓ ਦੀਆਂ ਲਿਖਤਾਂ ਤਾਂ ਪ੍ਰਕਾਸ਼ਤ ਕੀਤੀਆਂ ਗਈਆਂ, ਪਰ ਇੱਕ ਦਰੁਸਤ ਫੌਜੀ ਲੀਹ ਦਾ ਆਧਾਰ ਬਣਦੀਆਂ ਲਮਕਵੇਂ ਲੋਕ-ਯੁੱਧ ਨਾਲ ਸਬੰਧਤ ਕਾਮਰੇਡ ਮਾਓ-ਜ਼ੇ-ਤੁੰਗ ਦੀਆਂ ਸੈਨਿਕ ਲਿਖਤਾਂ ਨੂੰ ਮੁਕੰਮਲ ਰੂਪ ਵਿੱਚ ਨਜ਼ਰਅੰਦਾਜ਼ ਕਰਦਿਆਂ ਪਾਠਕਾਂ ਤੋਂ ਦੂਰ ਰੱਖਿਆ ਗਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਸਾਥੀ ਸੰਪਾਦਕ ਹੋਰਾਂ ਨੂੰ ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਇੱਕ ਅਣਧਿਕਾਰਤ ਤੇ ਰੱਦ ਸਮਝੀ ਜਾਂਦੀ ਅਤੇ ਸੋਧਵਾਦੀ ਲਿਨ-ਪਿਆਓ ਵੱਲੋਂ ਲਮਕਵੇਂ ਲੋਕ-ਯੁੱਧ ਬਾਰੇ ਲਿਖੀ ਲਿਖਤ ਛਪਵਾ ਕੇ ਵੰਡਣ ਦਾ ਫੁਰਨਾ ਜ਼ਰੂਰ ਫੁਰਿਆ ਅਤੇ ਇਸ 'ਤੇ ਫੁੱਲ ਵੀ ਚੜ੍ਹਾਏ ਗਏ। ਲਮਕਵੇਂ ਲੋਕ-ਯੁੱਧ ਬਾਰੇ ਇਸ ਲਖਿਤ ਦੀ ਵਿਆਖਿਆ ਅਤੇ ਤੱਤ ਦਾ ਕਾਮਰੇਡ ਮਾਓ ਦੇ ਲਮਕਵੇਂ ਲੋਕ-ਯੁੱਧ ਦੇ ਸਿਧਾਂਤ ਤੇ ਯੁੱਧਨੀਤੀ ਨਾਲ ਕੋਈ ਸਬੰਧ ਨਹੀਂ ਹੈ।
ਲਮਕਵੇਂ ਲੋਕ-ਯੁੱਧ ਸਬੰਧੀ ਕਾਮਰੇਡ ਮਾਓ ਦੀਆਂ ਲਿਖਤਾਂ ਕਿਉਂ ਨਹੀਂ ਛਾਪੀਆਂ ਗਈਆਂ? ਇੱਕ ਸਾਜਸ਼ੀ ਸੋਧਵਾਦੀ ਲਿਨ-ਪਿਆਓ ਦੀ ਗਲਤ ਅਤੇ ਅਣਅਧਿਕਾਰਤ ਲਿਖਤ ਨੂੰ ਕਿਉਂ ਛਾਪਿਆ ਗਿਆ? ਵਿਚਲੀ ਗੱਲ ਤਾਂ ਸਾਥੀ ਜੱਸੀ ਹੀ ਦੱਸ ਸਕਦਾ ਹੈ, ਪਰ ਇਹ ਗੱਲ ਸਾਫ ਹੈ ਕਿ ਕਾਮਰੇਡ ਮਾਓ ਦੀਆਂ ਇਹਨਾਂ ਲਿਖਤਾਂ ਦੀ ਕਦਰ-ਘਟਾਈ ਕੀਤੀ ਗਈ ਹੈ। ਇੱਕ ਦਰੁਸਤ ਮਾਰਕਸੀ-ਲੈਨਿਨੀ ਫੌਜੀ ਲੀਹ ਅਤੇ ਇੱਕ ਦਰੁਸਤ ਸਿਆਸੀ ਲੀਹ ਦੇ ਇੱਕਦੇਹ ਰਿਸ਼ਤੇ ਨੂੰ ਨਜ਼ਰਅੰਦਾਜ਼ ਕਰਦਿਆਂ, ਸਿਆਸੀ ਲੀਹ ਘੜਨ ਦੀ ਲੋੜ 'ਤੇ ਇੱਕਪਾਸੜ ਜ਼ੋਰ ਪਾਇਆ ਗਿਆ ਹੈ ਅਤੇ ਫੌਜੀ ਲੀਹ ਘੜਨ ਦੀ ਲੋੜ ਤੇ ਮਹੱਤਤਾ ਨੂੰ ਉਭਾਰਨ ਤੋਂ ਸਪਸ਼ਟ ਟਾਲਾ ਵੱਟਿਆ ਗਿਆ ਹੈ।
ਕਮਿਊਨਿਸਟ ਇਨਕਲਾਬੀ ਕੈਂਪ ਨੂੰ ਪਰਚੇ 'ਚ ਲੋੜੀਂਦੀ ਥਾਂ ਦੇਣ ਤੋਂ ਟਾਲਾ ਵੱਟਣਾ
ਅੱਜ ਕੱਲ੍ਹ ਇਹ ਗੱਲ ਇਨਕਲਾਬੀ ਅਤੇ ਲੋਕ-ਹਿਤੈਸ਼ੀ ਪ੍ਰਚਾਰ ਸਾਧਨਾਂ ਅਤੇ ਹਾਕਮ ਜਮਾਤੀ ਪ੍ਰਚਾਰ ਸਾਧਨਾਂ ਵਿੱਚ ਉੱਭਰਵੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਭਾਰਤ ਦੇ ਕਈ ਸੂਬਿਆਂ (ਛੱਤੀਸ਼ਗੜ੍ਹ, ਝਾਰਖੰਡ, ਬਿਹਾਰ, ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਆਦਿ) 'ਚ ਸੀ.ਪੀ.ਆਈ.(ਮਾਓਵਾਦੀ) ਦੀ ਅਗਵਾਈ ਵਿੱਚ ਹਥਿਆਰਬੰਦ ਗੁਰੀਲਾ ਲੜਾਈ ਚੱਲ ਰਹੀ ਹੈ। ਭਾਰਤੀ ਹਾਕਮਾਂ ਵੱਲੋਂ ਇਸ ਹਥਿਆਰਬੰਦ ਘੋਲ ਨੂੰ ''ਖੱਬੇਪੱਖੀ ਅੱਤਵਾਦ'' ਦਾ ਨਾਂ ਦਿੰਦਿਆਂ ਅਤੇ ਇਸ ਨੂੰ ਮੁਲਕ ਦੀ ''ਅੰਦਰੂਨੀ ਸੁਰੱਖਿਆ ਲਈ ਪ੍ਰਮੁੱਖ ਖਤਰਾ'' ਗਰਦਾਨਦਿਆਂ ਇਸ ਨੂੰ ਕੁਚਲਣ ਲਈ ''ਅਪ੍ਰੇਸ਼ਨ ਗਰੀਨ ਹੰਟ'' ਨਾਂ ਦਾ ਫੌਜੀ ਹੱਲਾ ਵਿੱਢਿਆ ਹੋਇਆ ਹੈ। ਭਾਰਤੀ ਹਾਕਮਾਂ ਅਤੇ ਉਹਨਾਂ ਦੇ ਪ੍ਰਚਾਰ ਸਾਧਨਾਂ ਵੱਲੋਂ ਸੀ.ਪੀ.ਆਈ.(ਮਾਓਵਾਦੀ) ਨੂੰ ਲੋਕਾਂ ਵਿੱਚ ਬੱਦੂ ਕਰਕੇ ਨਿਖੇੜਨ ਤੇ ਹੋਰ ਵੀ ਤਿੱਖੀ ਮਾਰ ਹੇਠ ਲਿਆਉਣ ਲਈ ਕੂੜ-ਪ੍ਰਚਾਰ ਦਾ ਚੌਤਰਫਾ ਹੱਲਾ ਵਿੱਢਿਆ ਹੋਇਆ ਹੈ। ਸੀ.ਪੀ.ਆਈ.(ਮਾਓਵਾਦੀ) ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਭਾਰਤ ਦੇ ਨਵਜਮਹੂਰੀ ਇਨਕਲਾਬ ਨੂੰ ਨੇਪਰੇ ਚਾੜ੍ਹਨ ਲਈ ਲਮਕਵਾਂ ਲੋਕ-ਯੁੱਧ ਲੜਿਆ ਜਾ ਰਿਹਾ ਹੈ, ਜਿਹੜਾ ਕਾਮਰੇਡ ਮਾਓ ਦੀਆਂ ਸਿੱਖਿਆਵਾਂ ਅਨੁਸਾਰ ਹੈ।
ਸਾਥੀ ਸੰਪਾਦਕ ਵੱਲੋਂ ''ਅਪ੍ਰੇਸ਼ਨ ਗਰੀਨ ਹੰਟ'' ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਵੱਲੋਂ ਆਦਿਵਾਸੀਆਂ 'ਤੇ ਢਾਹੇ ਜਾ ਰਹੇ ਜਬਰੋ-ਜ਼ੁਲਮਾਂ ਬਾਰੇ ਜਮਹੂਰੀ ਪੈਂਤੜੇ ਤੋਂ ਕਦੇ ਕਦੇ ਬੋਲਿਆ ਗਿਆ ਹੈ ਅਤੇ ਕਦੇ ਕਦੇ ਜਮਹੂਰੀ/ਜਨਤਕ-ਸਿਆਸੀ ਜਥੇਬੰਦੀਆਂ/ਵਿਅਕਤੀਆਂ ਦੀਆਂ ਰਿਪੋਰਟਾਂ ਵੀ ਛਾਪੀਆਂ ਗਈਆਂ ਹਨ। ਇਸੇ ਤਰ੍ਹਾਂ, ਸੁਰੱਖਿਆ ਬਲਾਂ ਵੱਲੋਂ ਸ਼ਹੀਦ ਹੋਏ ਸਾਥੀਆਂ (ਆਜ਼ਾਦ ਅਤੇ ਕ੍ਰਿਸ਼ਨ ਜੀ) ਬਾਰੇ ਵੀ ਉਹਨਾਂ ਦੀ ਸ਼ਹਾਦਤ 'ਤੇ ਆਮ ਇਨਕਲਾਬੀ ਰੋਲ ਬਾਰੇ ਜ਼ਿਕਰ ਕੀਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਸੰਪਾਦਕ ਆਪਣਾ ਸਿਆਸੀ ਰੋਲ ਨਿਭਾਉਣ ਵਿੱਚ ਨਾਕਾਮ ਨਿੱਬੜੇ ਅਤੇ ਅਸਤੀਫਾ ਦੇ ਕੇ ਲਾਂਭੇ ਹੋਏ ਹਰਭਜਨ ਸੋਹੀ ਦੇ ਰੋਲ ਨੂੰ ਸ਼ਿੰਗਾਰ ਕੇ ਪੇਸ਼ ਕਰਨ ਲਈ ਉਸਦੀ ਸਿਆਸੀ ਜਨਮ-ਪੱਤਰੀ ਫਰੋਲਣ ਤੱਕ ਗਿਆ ਹੈ, ਉਸ ਨੇ ਕਿੰਨੇ ਵਰ੍ਹਿਆਂ ਤੋਂ ਸੀ.ਪੀ.ਆਈ.(ਮਾਓਵਾਦੀ) ਵੱਲੋਂ ਲੜੇ ਜਾ ਰਹੇ ਹਥਿਆਰਬੰਦ ਘੋਲ ਬਾਰੇ ਦੜ ਵੱਟ ਕੇ ਵਕਤ ਲੰਘਾਉਣ ਦਾ ਰਾਹ ਚੁਣਿਆ ਹੈ। ਸੀ.ਪੀ.ਆਈ.(ਮਾਓਵਾਦੀ) ਵੱਲੋਂ ਅਖਤਿਆਰ ਕੀਤੀ ਸਿਆਸੀ ਲੀਹ ਅਤੇ ਫੌਜੀ ਲੀਹ ਦੇ ਦਰੁਸਤ/ਨੁਕਸਦਾਰ ਹੋਣ (ਜਦੋਂ ਕਿ ਪੰਜਾਬ ਅੰਦਰ ਸਭਨਾਂ ਇਨਕਲਾਬੀ ਧਿਰਾਂ/ਪਰਚਿਆਂ ਨਾਲ ਖੁੱਲ੍ਹਾ ਆਢਾ ਲਾਇਆ ਗਿਆ ਹੈ) ਦੀ ਵਜਾਹਤ/ਖੰਡਨ ਕਰਨ ਨੂੰ ਪਾਸੇ ਛੱਡਦਿਆਂ ਵੀ ਉਸ ਪਾਰਟੀ ਦੀ ਅਗਵਾਈ ਵਿੱਚ ਲੜੇ ਜਾ ਰਹੇ ਹਥਿਆਰਬੰਦ ਘੋਲ, ਕੀਤੀਆਂ ਜਾ ਰਹੀਆਂ ਸਰਗਰਮੀਆਂ ਅਤੇ ਵੱਖ ਵੱਖ ਇਲਾਕਿਆਂ ਵਿੱਚ ਇਨਕਲਾਬੀ ਲਹਿਰ ਦੀ ਹਾਲਤ ਦੀ ਬਾਹਰਮੁਖੀ ਪੇਸ਼ਕਾਰੀ ਕਰਨ ਤੋਂ ਕੰਨੀ ਕਤਰਾਈ ਹੈ। ਇਸਦਾ ਸਿੱਟਾ ਇਹ ਹੈ ਕਿ ਅੱਜ ਤੱਕ ਸੁਰਖ਼ ਰੇਖਾ ਦੇ ਪਾਠਕ ਸੀ.ਪੀ.ਆਈ.(ਮਓਵਾਦੀ) ਬਾਰੇ ਲੋੜੀਂਦੀ ਅਤੇ ਭਰੋਸੇਯੋਗ ਜਾਣਕਾਰੀ ਤੋਂ ਸੱਖਣੇ ਹਨ। ਉਸਦੀ ਠੋਸ ਸਿਆਸੀ ਲੀਹ ਅਤੇ ਫੌਜੀ ਲੀਹ ਦੇ ਅਭਿਆਸ ਦੇ ਵੱਖ ਵੱਖ ਪੱਖਾਂ 'ਚੋਂ ਉੱਘੜ ਰਹੇ ਮੂੰਹ-ਮੁਹਾਂਦਰੇ ਬਾਰੇ ਉੱਕਾ ਹੀ ਕੋਰੇ ਹਨ। ਜਿਸ ਕਰਕੇ ਉਸ ਬਾਰੇ ਤਰ੍ਹਾਂ ਤਰ੍ਹਾਂ ਦੇ ਭਰਮ-ਭੁਲੇਖਿਆਂ, ਰੋਲ-ਘਚੋਲਿਆਂ ਅਤੇ ਭੰਡੀ-ਪ੍ਰਚਾਰ ਦਾ ਸ਼ਿਕਾਰ ਹੋਣ ਕਰਕੇ ਸਹੀ ਨਿਰਣਾ ਕਰਨ ਅਤੇ ਸਮਝ ਬਣਾਉਣ ਤੋਂ ਕੋਹਾਂ ਦੂਰ ਖੜ੍ਹੇ ਹਨ। ਇਹੀ ਹਾਲਤ ਸਾਡੇ ਗੁਆਂਢੀ ਮੁਲਕ ਨਿਪਾਲ ਅੰਦਰ ਲੱਗਭੱਗ ਇੱਕ ਦਹਾਕਾ ਲੰਮਾ ਚੱਲੇ ਹਥਿਆਰਬੰਦ ਘੋਲ ਦੇ ਮਾਮਲੇ ਵਿੱਚ ਪਾਠਕਾਂ ਦੀ ਉਤਸੁਕਤਾ ਅਤੇ ਜਗਿਆਸਾ ਨੂੰ ਸੰਬੋਧਨ ਹੋਣ ਦੇ ਮਾਮਲੇ ਵਿੱਚ ਸਾਹਮਣੇ ਆਈ ਹੈ। ਪਾਠਕਾਂ ਵੱਲੋਂ ਵਾਰ ਵਾਰ ਮੰਗ ਕਰਨ 'ਤੇ ਸੁਰਖ਼ ਰੇਖਾ ਵਿੱਚ ਇੱਕ-ਦੋ ਚਲੰਤ ਤੇ ਡੰਗ-ਟਪਾਊ ਟਿੱਪਣੀਆਂ ਕਰਨ ਤੋਂ ਸਿਵਾਏ ਇਸ ਵਿਸ਼ੇ ਨੂੰ ਘੱਟੋ ਘੱਟ ਤਸੱਲੀਬਖਸ਼ ਢੰਗ ਨਾਲ ਸੰਬੋਧਤ ਹੋਣ ਤੋਂ ਟਾਲਾ ਵੱਟਿਆ ਗਿਆ।
ਯਾਦ ਰਹੇ ਕਿ ਸੀ.ਪੀ.ਆਈ.(ਮਾਓਵਾਦੀ) ਭਾਰਤ ਦੇ ਕਮਿਊਨਿਸਟ ਇਨਕਲਾਬੀ ਕੈਂਪ ਦੀ ਸਭ ਤੋਂ ਵੱਡੀ ਅਤੇ ਜਾਨਦਾਰ ਜਥੇਬੰਦੀ ਹੈ। (ਕਮਿਊਨਿਸਟ ਇਨਕਲਾਬੀ ਕੈਂਪ ਦੀਆਂ ਵੱਖ ਵੱਖ ਟੁਕੜੀਆਂ ਅਤੇ ਉਹਨਾਂ ਦੀ ਅਗਵਾਈ ਹੇਠਲੀ ਲਹਿਰ ਬਾਰੇ ਰਿਪੋਰਟਾਂ ਦੇਣ ਦੀ ਗੱਲ ਤਾਂ ਪਾਸੇ ਰਹੀ) ਜੇ ਕੋਈ ਇਨਕਲਾਬੀ ਪਰਚੇ ਦਾ ਸੰਪਾਦਕ ਪਰਚੇ ਦੇ ਇਨਕਲਾਬੀ ਪਾਠਕਾਂ ਨੂੰ ਕਮਿਊਨਿਸਟ ਇਨਕਲਾਬੀ ਕੈਂਪ ਦੀ ਅਜਿਹੀ ਟੁਕੜੀ ਬਾਰੇ ਜਾਣੇ/ਅਣਜਾਣੇ ਲੋੜੀਂਦੀ, ਭਰਵੀਂ ਅਤੇ ਭਰੋਸੇਯੋਗ ਸਿਆਸੀ ਜਾਣਕਾਰੀ ਦੇਣ ਤੋਂ ਦੜ ਵੱਟ ਕੇ ਵਕਤ ਲੰਘਾਉਂਦਾ ਹੈ ਤਾਂ ਉਸਦਾ ਇਸ ਪਿੱਛੇ ਕੰਮ ਕਰਦਾ ਮੰਤਵ ਕੀ ਹੈ? ਇਹ ਤਾਂ ਉਹ ਖੁਦ ਹੀ ਦੱਸ ਸਕਦਾ ਹੈ, ਪਰ ਇੱਕ ਗੱਲ ਪੱਕੀ ਹੈ ਕਿ ਇਹ ਅਮਲ ਨਾ ਸਿਰਫ ਇਨਕਲਾਬੀ ਪਾਠਕਾਂ ਨੂੰ ਸੂਬੇ, ਮੁਲਕ ਅਤੇ ਸੰਸਾਰ ਅੰਦਰ ਵਾਪਰਦੀਆਂ ਘਟਨਾਵਾਂ, ਵਿਸ਼ੇਸ਼ ਕਰਕੇ ਮੁਲਕ ਦੇ ਕਮਿਊਨਿਸਟ ਇਨਕਲਾਬੀ ਕੈਂਪ ਦੀ ਠੋਸ ਹਾਲਤ ਅਤੇ ਚਾਲ-ਢਾਲ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਹੱਕ ਤੋਂ ਵਾਂਝਿਆ ਕਰਦਾ ਹੈ, ਸਗੋਂ ਉਹਨਾਂ ਦੀ ਸੋਚ, ਨਜ਼ਰੀਏ ਅਤੇ ਅਮਲ ਨੂੰ ਖੂਹ ਦੇ ਡੱਡੂ ਵਾਂਗ ਸੌੜੀਆਂ ਵਲਗਣਾਂ ਤੱਕ ਸੁੰਗੇੜ ਕੇ ਰੱਖਣ ਦਾ ਰੋਲ ਵੀ ਨਿਭਾਉਂਦਾ ਹੈ।
ਇਨਕਲਾਬੀ ਨੈਤਿਕਤਾ ਦਾ ਲੜ ਛੱਡਣਾ
ਉਪਰੋਕਤ ਵਿਆਖਿਆ ਦਿਖਾਉਂਦੀ ਹੈ ਕਿ ਸਾਥੀ ਜੱਸੀ ਸੁਰਖ਼ ਰੇਖਾ ਦੇ ਵਡੇਰੇ ਇਨਕਲਾਬੀ ਮਨਰੋਥਾਂ ਅਤੇ ਸੇਧ ਤੋਂ ਭਟਕ ਗਿਆ ਸੀ ਅਤੇ ਉਸ ਵੱਲੋਂ ਸੌੜੀ ਸਿਆਸਤ ਅਤੇ ਪਹੁੰਚ ਦਾ ਲੜ ਫੜ ਲਿਆ ਸੀ। ਅਦਾਰਾ ਸੁਰਖ਼ ਰੇਖਾ ਵੱਲੋਂ ਉਸਨੂੰ ਵਰਜਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਵੱਲੋਂ ਦਰੁਸਤੀ ਵੱਲ ਮੋੜਾ ਕੱਟਣ ਤੋਂ ਮੁਨਕਰ ਹੋਇਆ ਗਿਆ। ਜਿਸ ਕਰਕੇ ਉਸ ਨੂੰ ਪਰਚੇ ਦੀ ਸੰਪਾਦਕੀ ਤੋਂ ਹਟਾਉਣ ਦਾ ਫੈਸਲਾ ਕਰਨਾ ਪਿਆ। ਇਹ ਫੈਸਲਾ ਸੁਣਨ ਤੋਂ ਬਾਅਦ ਉਸਨੂੰ ਇਹ ਫੈਸਲਾ ਹਜ਼ਮ ਨਾ ਆਇਆ ਅਤੇ ਉਹ ਸਾਥੀ ਕਰੋੜਾ ਸਿੰਘ ਦੇ ਸਮਾਗਮ 'ਤੇ ਸੰਪਾਦਕ ਤੋਂ ਹਟਾਏ ਜਾਣ ਦੇ ਫੈਸਲੇ ਬਾਰੇ ਜਾਣਦੇ ਹੋਏ ਵੀ ਸਟੇਜ ਤੋਂ ਪਰਚੇ ਦੇ ਸੰਪਾਦਕ ਵਜੋਂ ਬੋਲਿਆ। ਇਸ ਤੋਂ ਵੀ ਅੱਗੇ, ਉਸ ਵੱਲੋਂ ਬੁਖਲਾਹਟ ਵਿੱਚ ਆਉਂਦਿਆਂ, ਨਾ ਸਿਰਫ ਇਨਕਲਾਬੀ ਨੈਤਿਕਤਾ ਦਾ ਲੜ ਛੱਡ ਕੇ ਸੁਰਖ਼ ਰੇਖਾ ਦੀ ਈ-ਮੇਲ, ਬਲਾਗ ਅਤੇ ਫੇਸਬੁੱਕ ਅਕਾਊਂਟ ਆਦਿ ਨੂੰ ਚੋਰੀ (ਹੈਕ) ਕਰ ਲਿਆ ਗਿਆ, ਸਗੋਂ ਸਾਥੀ ਨਾਜ਼ਰ ਸਿੰਘ ਦੀ ਨਿੱਜੀ ਈ-ਮੇਲ ਅਤੇ ਫੇਸ-ਬੁੱਕ ਦੇ ਖਾਤਿਆਂ ਨੂੰ ਵੀ ਆਪਣੇ ਕੋਝੇ ਮਨੋਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ।
ਸਾਥੀ ਜੱਸੀ ਜੀ, ਤੁਹਾਡੇ ਵੱਲੋਂ ਵਰਤੇ ਗਏ ਇਹਨਾਂ ਅਨੈਤਿਕ ਢੰਗ-ਤਰੀਕਿਆਂ ਨਾਲ ਸਾਡਾ ਕੁੱਝ ਵਿਗੜਨਾ ਨਹੀਂ ਅਤੇ ਤੁਹਾਡਾ ਕੁੱਝ ਵੀ ਸੰਵਰਨਾ ਨਹੀਂ। ਪਰਚਾ ਕਿਹਨਾਂ ਸ਼ਕਤੀਆਂ ਦੇ ਹੱਥਾਂ ਵਿੱਚ ਹੋਵੇ? ਇਹ ਕਾਨੂੰਨੀ/ਤਕਨੀਕੀ ਨੁਕਤਾ ਨਹੀਂ ਹੈ। ਇਹ ਪਰਚੇ ਦੀ ਸੇਧ ਅਤੇ ਮਨੋਰਥਾਂ 'ਤੇ ਡਟਣ ਦਾ ਸੁਆਲ ਹੈ, ਜਿਹਨਾਂ ਤੋਂ ਤੁਸੀਂ ਭਟਕ ਗਏ ਹੋ। ਜਿੱਥੋਂ ਤੱਕ ਭਾਰਤੀ ਨਿਆਂਪਾਲਿਕਾ ਤੋਂ ਮੱਦਦ ਲੈਣ ਦਾ ਸੁਆਲ ਹੈ, ਇਹ ਅਸੀਂ ਨਹੀਂ, ਸਾਥੀ ਜੱਸੀ ਜੀ, ਇਹ ਤੁਸੀਂ ਹੀ ਹੋ ਜਿਹੜੇ ਭਾਰਤੀ ਨਿਆਂਪਾਲਿਕਾ ਤੇ ਕਾਨੂੰਨ ਦੀ ਮੱਦਦ ਨਾਲ ਸੁਰਖ਼ ਰੇਖਾ ਦੀ ਲੱਖਾਂ ਰੁਪਏ ਦੀ ਜਾਇਦਾਦ ਆਪਣੇ ਨਾਂ ਕਰਵਾਈ ਫਿਰਦੇ ਹੋ। ਇਹ ਤੁਸੀਂ ਹੀ ਹੋ, ਜਿਹਨਾਂ ਦੀ ਸੋਚ ਤੇ ਸਰਗਰਮੀ ਭਾਰਤੀ ਨਿਆਂਪਾਲਿਕਾ ਤੇ ਇਸਦੇ ਕਾਨੂੰਨ ਦੀਆਂ ਲਛਮਣ ਰੇਖਾਵਾਂ ਦੀ ਮੁਥਾਜ ਬਣ ਕੇ ਰਹਿ ਗਈ ਹੈ।
(ਨੋਟ- ਉਪਰੋਕਤ ਵਿਆਖਿਆ ਸਾਥੀ ਜੱਸੀ ਵੱਲੋਂ ਸੰਪਾਦਕ ਵਜੋਂ ਨਿਭਾਏ ਗੈਰ-ਜਿੰਮੇਵਾਰਾਨਾ ਅਤੇ ਨਾਂਹ-ਪੱਖੀ ਰੋਲ ਨੂੰ ਦਿਖਾਉਂਦੀਆਂ ਕੁੱਝ ਰੜਕਵੀਆਂ ਅਤੇ ਉੱਭਰਵੀਆਂ ਨਿਰਖਾਂ 'ਤੇ ਆਧਾਰਤ ਹੈ। ਇਹ ਵਿਆਖਿਆ ਸਾਥੀ ਜੱਸੀ (ਅਤੇ ਸੁਰਖ਼ ਰੇਖਾ ਅਦਾਰੇ) ਦੇ ਰੋਲ ਦਾ ਲੇਖਾ-ਜੋਖਾ ਨਹੀਂ ਹੈ।)
ਵੱਲੋਂ:    
ਅਦਾਰਾ ਸੁਰਖ਼ ਰੇਖਾ
ਪ੍ਰਕਾਸ਼ਕ: ਬਲਵਿੰਦਰ ਮੰਗੂਵਾਲ
ਪਤਾ: ਪਿੰਡ ਤੇ ਡਾਕਘਰ ਮੰਗੂਵਾਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ: 97805 67027
———————————————————————————————

Sunday, September 20, 2015

ਇੱਕ ਵਾਰ ਫੇਰ ਲਾਲ ਝੰਡੇ ਵਾਲਿਆਂ ਦੇ ਏਕੇ ਵਿੱਚ ਲੱਗੀ ਸੰਨ

Thursday, September 3, 2015
ਖੁਲ੍ਹ ਕੇ ਆਹਮੋ ਸਾਹਮਣੇ ਆਏ "ਸੁਰਖ ਰੇਖਾ" ਦੇ ਦੋ ਗੁੱਟ 
ਜੇ ਲੋਕਾਂ ਨੂੰ ਕਿਸੇ ਤੇ ਰੱਬ ਤੋਂ ਵਧ ਵਿਸ਼ਵਾਸ ਸੀ ਤਾਂ ਓਹ ਸਨ ਲਾਲ ਝੰਡੇ ਵਾਲੇ। ਲਾਲ ਝੰਡੇ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਫੁੱਟ ਪਾਉਣ ਦੀਆਂ ਚਾਲਾਂ ਚੱਲੀਆਂ ਗਈਆਂ। ਸਿੱਟਾ ਇਹ ਹੋਇਆ ਕਿ ਲਾਲ ਝੰਡੇ ਵਾਲੇ ਕਈ ਨਾਵਾਂ ਹੇਠ ਵੰਡੇ ਗਏ। ਇਸ ਭਾਣੇ ਦੇ ਬਾਵਜੂਦ ਲੋਕ ਫਿਰ ਵੀ ਲਾਲ ਝੰਡੇ ਨਾਲ ਜੁੜੇ ਰਹੇ ਤਾਂ  ਲਾਲ ਝੰਡੇ ਦੇ ਦੁਸ਼ਮਨ ਚਿੰਤਿਤ ਹੋ ਗਏ।  ਇਹ ਅੱਡ ਅੱਡ ਹੋ ਕੇ ਵੀ ਵਿਚਾਰਾਂ ਨੂੰ ਅਧਾਰ ਬਣਾ ਕੇ ਫਿਰ ਇੱਕ ਜੁੱਟ ਹੋ ਜਾਂਦੇ ਸਨ। ਫਿਰ ਸੂਖਮ ਵਾਰ ਕੀਤੇ ਗਏ।  ਲਾਲ ਝੰਡੇ ਵਾਲੇ ਇੱਕ ਦੂਜੇ ਤੇ ਹੀ ਸ਼ੱਕ ਕਰਨ ਲੱਗੇ ਅਤੇ ਉਹ ਵੀ ਵਿਚਾਰਾਂ ਨੂੰ ਲੈ ਕੇ। ਹੋਲੀ ਹੋਲੀ ਅਥਾਹ ਕੁਰਬਾਨੀਆਂ ਵਾਲੀ ਇਹ ਲਹਿਰ ਵੰਡੀ ਗਈ। ਪੂੰਜੀਵਾਦ ਦਾ ਵਿਰੋਧ ਕਰਦੇ ਕਰਦੇ ਇਹ ਕਦੋਂ ਪੂੰਜੀਵਾਦ ਦੇ ਮਾਇਆਜਾਲ ਵਿੱਚ ਜਾ ਫਸੇ ਕਿਸੇ ਨੂੰ ਪਤਾ ਲੱਗਿਆ। ਇਸ ਭਾਰੀ ਨੁਕਸਾਨ ਦੇ ਬਾਵਜੂਦ ਇਸ ਲਹਿਰ ਦੇ ਕਈ ਅਹਿਮ ਹਿੱਸੇ ਬਚੇ ਰਹੇ। ਪੰਜਾਬ ਵਿੱਚ ਚੱਲੀ ਹਥਿਆਰਬੰਦ ਮੁਹਿੰਮ ਵੇਲੇ ਜੇ ਕਾਮਰੇਡਾਂ ਦਾ ਪੈਗਾਮ ਗਰੁੱਪ ਉਸਦਾ  ਸੀ ਤਾਂ ਸੁਰਖ ਰੇਖਾ ਜਬਰ ਅਤੇ ਫਿਰਕਾਪ੍ਰਸਤੀ ਦੋਹਾਂ ਦੇ ਖਿਲਾਫ਼ ਖੜਾ ਸੀ। ਹੋਰਨਾਂ ਲਈ ਪੰਜਾਬ ਮਸਲਾ ਗਏ ਗੁਜ਼ਰੇ ਜਮਾਨੇ ਦੀ ਗੱਲ ਹੋ ਸਕਦਾ ਹੈ ਪਰ ਲਾਲ ਝੰਡੇ ਵਾਲੇ ਸੇਵੇਵਾਲਾ ਨੂੰ ਵੀ ਨਹੀਂ ਭੁੱਲ ਸਕਦੇ ਅਤੇ  ਨੂੰ ਵੀ ਜਿਹੜੇ ਸਿਧਾਂਤ ਦੀ ਰਾਖੀ ਕਰਦਿਆਂ ਕੁਰਬਾਨੀ ਦੇ ਗਏ। ਅੱਜ ਸੁਰਖ ਰੇਖਾ ਵਿੱਚ ਆਈ ਤਰੇੜ ਉਹਨਾਂ ਸਾਰਿਆਂ ਲਈ ਚਿੰਤਾਜਨਕ ਹੈ ਜਿਹਨਾਂ ਨੇ ਸੁਰਖ ਰੇਖਾ ਨਾਲ ਜਜ਼ਬਾਤੀ ਸਾਂਝ ਰੱਖੀ ਹੈ। ਵਿਚਾਰਵਾਨ ਲੋਕਾਂ ਦਰਮਿਆਨ ਵਿਚਾਰਧਾਰਕ ਮਤਭੇਦ ਆਉਣਾ ਕੋਈ ਨਵੀਂ ਗੱਲ ਨਹੀਂ। ਉਮੀਦ  ਚਾਹੀਦੀ ਹੈ ਕਿ ਵਿਚਾਰਾਂ ਦੀ ਰੌਸ਼ਨੀ ਸਭ ਨੂੰ ਸੇਧ ਦੇ ਕੇ ਨੇੜੇ ਨੇੜੇ ਲਿਆਵੇਗੀ। ਨਾਜਰ  ਬੋਪਾਰਾਏ ਨੇ ਆਪਣੀ ਸਾਰੀ ਉਮਰ ਵਿਚਾਰਾਂ ਨੂੰ ਸਮਰਪਿਤ ਰਹਿੰਦਿਆਂ ਲੰਘੀ ਹੈ।  ਲੋਕਾਂ ਦੇ ਦੁੱਖ ਸੁੱਖ ਵਿੱਚ ਪਰਿਵਾਰ ਵਾਂਗ ਸ਼ਿਰਕਤ ਕੀਤੀ ਹੈ। ਜਸਪਾਲ ਜੱਸੀ ਅਤੇ ਅਮੋਲਕ ਸਿੰਘ ਵੀ ਉਸ ਵਿਚਾਰ ਦਾ ਖੰਡਣ ਬਣ ਕੇ ਵਿਚਰਦੇ ਰਹੇ ਹਨ ਜਿਸ ਵਿੱਚ ਕਿਹਾ ਗਿਆ ਸੀ ਕੌਣ ਜਾਣੇ ਪੀੜ੍ਹ ਪਰਾਈ। ਇਹਨਾਂ ਨੇ ਲੋਕਾਂ ਦੇ ਦਰਦਾਂ ਨੂੰ ਹਾਧਿਨ ਹੰਡਾਇਆ ਹੈ। ਸੁਰਖ ਰੇਖਾ ਦਾ ਜੋ ਮੌਜੂਦਾ ਸਚ ਸਾਹਮਣੇ ਆਇਆ ਹੈ ਉਹ ਅਸੀਂ  ਇਥੇ ਵੀ ਪਾਠਕਾਂ ਦੀ ਜਾਣਕਾਰੀ ਲਈ ਦੇ ਰਹੇ ਹਾਂ।    --ਰੈਕਟਰ ਕਥੂਰੀਆ 
ਸੁਰਖ਼ ਰੇਖਾ ਅਦਾਰੇ ਨਾਲ ਬੋਪਾਰਾਏ ਦਾ ਕੋਈ ਸਬੰਧ ਨਹੀਂ ਹੈ
ਜ਼ਰੂਰੀ ਸੂਚਨਾ   
ਸੁਰਖ਼ ਰੇਖਾ ਦੇ ਵਿਚਾਰਾਂ ਅਤੇ ਅਦਾਰੇ ਨਾਲ ਹੁਣ ਨਾਜ਼ਰ ਸਿੰਘ ਬੋਪਾਰਾਏ ਦਾ ਕੋਈ ਸਬੰਧ ਨਹੀਂ ਹੈ
ਸੁਰਖ਼ ਰੇਖਾ ਪਾਠਕ ਪਰਿਵਾਰ ਅਤੇ ਸਹਿਯੋਗੀਆਂ ਲਈ ਜ਼ਰੂਰੀ ਸੂਚਨਾ ਹੈ ਕਿ ਸ਼੍ਰੀ ਨਾਜ਼ਰ ਸਿੰਘ ਬੋਪਾਰਾਏ ਨੇ ਆਪਣੇ ਆਪ ਨੂੰ ਅਦਾਰਾ ਸੁਰਖ਼ ਰੇਖਾ ਦੇ ਵਿਚਾਰਾਂ ਨਾਲੋਂ ਵੱਖ ਕਰ ਲਿਆ ਹੈ। ਸੁਰਖ਼ ਰੇਖਾ ਪਰਿਵਾਰ ਨਾਲ ਹੁਣ ਉਨ•ਾਂ ਦਾ ਸਬੰਧ ਨਹੀਂ ਰਿਹਾ ਹੈ।
1994 'ਚ ਵਿਚਾਰਧਾਰਕ ਸਿਆਸੀ ਨੀਤੀਆਂ ਦੀ ਅਸੂਲੀ ਸਾਂਝ ਦੇ ਆਧਾਰ 'ਤੇ ਸੁਰਖ਼ ਰੇਖਾ ਅਤੇ ਇਨਕਲਾਬੀ ਜਨਤਕ ਲੀਹ ਦੇ ਅਦਾਰਿਆਂ ਨੇ ਆਪਸੀ ਏਕਤਾ ਦਾ ਕਦਮ ਲਿਆ ਸੀ। ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਅਰਸੇ 'ਚ ਇਹ ਅਸੂਲੀ ਏਕਤਾ ਹੋਰ ਪ੍ਰਫੁੱਲਤ ਅਤੇ ਮਜ਼ਬੂਤ ਹੋਈ ਹੈ। ਸੁਰਖ਼ ਰੇਖਾ ਇਸ ਅਸੂਲੀ ਏਕਤਾ ਅਤੇ ਇਸ ਦੀ ਮਜ਼ਬੂਤੀ ਦੀ ਤਰਜਮਾਨੀ ਕਰਦਾ ਆਇਆ ਹੈ। ਸਮੁੱਚਾ ਸੁਰਖ਼ ਰੇਖਾ ਪਰਿਵਾਰ ਇਸ ਸਥਾਪਤ ਸਮਝ ਦੁਆਲੇ ਇਕਮੁੱਠ ਹੈ। ਪਰ ਨਾਜ਼ਰ ਸਿੰਘ ਬੋਪਾਰਾਏ ਨੇ ਇਸ ਸਮਝ 'ਤੇ ਆਪਣਾ ਵਿਸ਼ਵਾਸ਼ ਗੁਆ ਕੇ ਵੱਖਰਾ ਵਿਅਕਤੀਗਤ ਰਸਤਾ ਚੁਣ ਲਿਆ ਹੈ।
1994 'ਚ ਇਕਜੁੱਟ ਹੋਏ ਸੁਰਖ਼ ਰੇਖਾ ਅਦਾਰੇ ਨੇ ਪਰਚੇ ਦੀ ਮਾਲਕੀ ਲਈ ਨਾਜ਼ਰ ਸਿੰਘ ਬੋਪਾਰਾਏ ਦੇ ਨਾਮ ਦੀ ਵਰਤੋਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਸੀ। ਅਜਿਹਾ ਉਹਨਾਂ ਦੀ ਸਹਿਮਤੀ ਨਾਲ ਕੀਤਾ ਗਿਆ ਸੀ, ਕਿਉਂਕਿ ਉਹ ਅਦਾਰਾ ਸੁਰਖ਼ ਰੇਖਾ ਦੇ ਵਿਚਾਰਾਂ ਦਾ ਅਨੁਸ਼ਾਸਨ ਕਬੂਲ ਕਰਦੇ ਸਨ ਜਿਹੜੇ ਅਮੋਲਕ ਸਿੰਘ ਅਤੇ ਜਸਪਾਲ ਜੱਸੀ ਦੀ ਅਗਵਾਈ 'ਚ ਦੋਹਾਂ ਅਦਾਰਿਆਂ ਦੇ ਵਰਿ•ਆਂ ਲੰਮੇ ਵਿਚਾਰ ਵਟਾਂਦਰੇ ਰਾਹੀਂ ਨਿਤਾਰੇ ਅਤੇ ਅਪਣਾਏ ਗਏ ਸਨ। ਸੁਰਖ਼ ਰੇਖਾ ਘੇਰੇ ਨੇ ਨਾ ਸਿਰਫ਼ ਉਸ ਮੌਕੇ ਇਸ ਅਸੂਲੀ ਏਕਤਾ ਦਾ ਪੁਰਜੋਸ਼ ਸਵਾਗਤ ਕੀਤਾ ਸੀ, ਸਗੋਂ ਅੱਜ ਵੀ ਸੁਰਖ਼ ਰੇਖਾ ਪਰਿਵਾਰ ਵੱਲੋਂ ਇਹਨਾਂ ਵਿਚਾਰਾਂ ਅਤੇ ਨੀਤੀਆਂ ਦੀ ਡਟਵੀਂ ਇਕਮੁੱਠ ਪਹਿਰੇਦਾਰੀ 'ਤੇ ਗਹਿਰੀ ਤਸੱਲੀ ਮਹਿਸੂਸ ਕੀਤੀ ਜਾ ਰਹੀ ਹੈ।
ਸੁਰਖ਼ ਰੇਖਾ ਦੇ ਵਿਚਾਰਾਂ ਅਤੇ ਅਦਾਰੇ ਤੋਂ ਬਾਹਰ ਹੋ ਜਾਣ ਤੋਂ ਬਾਅਦ ਸ਼੍ਰੀ ਬੋਪਾਰਾਏ ਸੁਰਖ਼ ਰੇਖਾ ਦੇ ਪ੍ਰਕਾਸ਼ਨ 'ਚ ਤਕਨੀਕੀ ਮੁਸ਼ਕਲਾਂ ਖੜ•ੀਆਂ ਕਰਨ ਦੇ ਅਫ਼ਸੋਸਨਾਕ ਰਾਹ ਪੈ ਗਏ ਹਨ। ਉਹਨਾਂ ਨੇ ਇੱਕ ਵੱਖਰਾ ਪਰਚਾ ਸੁਰਖ਼ ਰੇਖਾ ਦੇ ਨਾਮ 'ਤੇ ਜਾਰੀ ਕਰ ਦਿੱਤਾ ਹੈ। ਇਸਨੂੰ ਚਲੇ ਆ ਰਹੇ ਸੁਰਖ਼ ਰੇਖਾ ਦੇ ਅਗਲੇ ਅੰਕ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਉਸ ਸੁਰਖ਼ ਰੇਖਾ ਅਦਾਰੇ ਵੱਲੋਂ ਜਾਰੀ ਹੋਇਆ ਪਰਚਾ ਨਹੀਂ ਹੈ ਜਿਸ ਵੱਲੋਂ 1994 ਤੋਂ ਸੁਰਖ਼ ਰੇਖਾ ਪ੍ਰਕਾਸ਼ਨ ਚਲਾਇਆ ਜਾ ਰਿਹਾ ਹੈ। ਸ਼੍ਰੀ ਬੋਪਾਰਾਏ ਨੇ ਆਪਣੇ ਆਪ ਨੂੰ ਸੁਰਖ਼ ਰੇਖਾ ਦਾ ''ਐਕਟਿੰਗ ਸੰਪਾਦਕ'' ਐਲਾਨ ਦਿੱਤਾ ਹੈ। ਉਹਨਾਂ ਵੱਲੋਂ ਫਿਲਹਾਲ ਦੇਸ਼ ਵਿਦੇਸ਼ ਦੇ ਪਾਠਕਾਂ ਨੂੰ ਇਸ ਗੱਲ ਬਾਰੇ ਸੋਚ-ਸਮਝ ਕੇ ਘਚੋਲੇ 'ਚ ਰੱਖਿਆ ਜਾ ਰਿਹਾ ਹੈ ਕਿ ਹੁਣ ਉਹ 1994 ਤੋਂ ਚਲੀ ਆ ਰਹੀ ਸੁਰਖ਼ ਰੇਖਾ ਦੀ ਸਮਝ ਅਤੇ ਅਦਾਰੇ ਦੇ ਅਧੀਨ ਨਹੀਂ ਰਹੇ।
ਸੁਰਖ਼ ਰੇਖਾ ਪਰਿਵਾਰ 'ਚੋਂ ਮੁਕੰਮਲ ਨਿਖੇੜੇ ਦੇ ਬਾਵਜੂਦ, ਨਾਜਰ ਸਿੰਘ ਨੇ ਅਜਿਹਾ ਕਦਮ ਲੈਣ ਦਾ ਹੌਂਸਲਾ ਨਿਰੋਲ ਇਸ ਗੱਲ ਦੇ ਸਿਰ 'ਤੇ ਕੀਤਾ ਹੈ ਕਿ ਤਕਨੀਕੀ ਤੌਰ 'ਤੇ ਪਰਚੇ ਦੀ ਮਾਲਕੀ ਉਹਨਾਂ ਦੇ ਨਾਮ ਹੈ ਅਤੇ ਇਸਦਾ ਲਾਹਾ ਲੈ ਕੇ ਉਹ ਪਰਚੇ ਦੇ ਨਾਮ ਅਤੇ ਮਕਬੂਲੀਅਤ ਨੂੰ ਆਪਣੇ ਵੱਖਰੇ ਮਨੋਰਥ ਲਈ ਵਰਤ ਸਕਦੇ ਹਨ। ਉਹ ਆਸਵੰਦ ਹਨ ਕਿ ਇਸ ਮਾਮਲੇ 'ਚ ਭਾਰਤੀ ''ਨਿਆਂਪਾਲਿਕਾ'' ਵੀ ਉਹਨਾਂ ਦੀ ਮਦਦਗਾਰ ਹੋ ਸਕਦੀ ਹੈ।
ਚੰਗੀ ਗੱਲ ਹੁੰਦੀ ਜੇ ਉਹ ਇਹ ਸੋਚ ਸਕਦੇ ਕਿ ਪਰਚੇ ਦੀ ਤਕਨੀਕੀ ਮਾਲਕੀ ਸੁਰਖ਼ ਰੇਖਾ ਪਰਿਵਾਰ ਵੱਲੋਂ ਸਮੂਹਕ ਤੌਰ 'ਤੇ ਉਹਨਾਂ ਨੂੰ ਸੌਂਪੀ ਗਈ ਅਮਾਨਤ ਹੈ। ਇਸ ਅਮਾਨਤ ਨੂੰ ਆਪਣਾ ਵਿਅਕਤੀਗਤ ਅਧਿਕਾਰ ਸਮਝਣ ਦਾ ਉਹਨਾਂ ਦਾ ਪ੍ਰਤੱਖ ਰੁਖ਼ ਵੇਖ ਕੇ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸੁਰਖ਼ ਰੇਖਾ ਦੇ ਸਥਾਪਤ ਵਿਚਾਰਾਂ ਦੇ ਸੰਚਾਰ ਲਈ ਕਿਸੇ ਵੱਖਰੇ ਨਾਮ ਦੀ ਚੋਣ ਕਰਨ 'ਚ ਸਾਨੂੰ ਕੋਈ ਸਮੱਸਿਆ ਨਹੀਂ ਹੈ। ਤਾਂ ਵੀ ਸਾਨੂੰ ਇਹ ਉਮੀਦ ਸੀ ਕਿ ਸ਼੍ਰੀ ਬੋਪਾਰਾਏ ਸੁਰਖ਼ ਰੇਖਾ ਦੇ ਨਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਜ਼ਰੂਰ ਸਪੱਸ਼ਟ ਕਰਨਗੇ ਕਿ ਸੁਰਖ਼ ਰੇਖਾ ਅਤੇ ਜਨਤਕ ਲੀਹ ਦੇ ਮੁੱਖ ਸੰਪਾਦਕਾਂ ਦੀ ਅਗਵਾਈ 'ਚ ਲੰਮੇ ਵਿਚਾਰ ਵਟਾਂਦਰੇ ਰਾਹੀਂ ਤਹਿ ਹੋਈਆਂ ਅਤੇ ਦੋ ਦਹਾਕਿਆਂ ਦੀਆਂ ਲਗਾਤਾਰ ਪ੍ਰਕਾਸ਼ਨਾਵਾਂ ਰਾਹੀਂ ਸਥਾਪਤ ਹੋਈਆਂ ਨੀਤੀਆਂ ਉਹਨਾਂ ਵੱਲੋਂ ਜਾਰੀ ਕੀਤੇ ਜਾ ਰਹੇ ਵੱਖਰੇ ਪਰਚੇ ਦੀਆਂ ਨੀਤੀਆਂ ਨਹੀਂ ਹੋਣਗੀਆਂ।
ਇਸੇ ਵਜ•ਾ ਕਰਕੇ ਅਸੀਂ ਉਹਨਾਂ ਵੱਲੋਂ ਪਰਚਾ ਜਾਰੀ ਕਰਨ ਤੋਂ ਪਹਿਲਾਂ ਪਾਠਕਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਸਮਝੀ। ਅਸੀਂ ਇਹ ਪੇਸ਼ਕਸ਼ ਅਤੇ ਉਮੀਦ ਵੀ ਕੀਤੀ ਸੀ ਕਿ ਵਿਚਾਰਾਂ 'ਚ ਬੁਨਿਆਦੀ ਵਖਰੇਵਾਂ ਆ ਜਾਣ ਦੀ ਹਕੀਕਤ ਸਚਿਆਰੇ ਢੰਗ ਨਾਲ ਸੁਰਖ਼ ਰੇਖਾ ਦੇ ਪੰਨਿਆਂ ਰਾਹੀਂ ਹੀ ਪਾਠਕਾਂ ਤੱਕ ਸਾਂਝੇ ਤੌਰ 'ਤੇ ਪਹੁੰਚਦੀ ਕਰ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਸ਼੍ਰੀ ਬੋਪਾਰਾਏ ਵਿਅਕਤੀਗਤ ਤੌਰ 'ਤੇ ਜਾਂ ਜੀਹਦੇ ਨਾਲ ਮਰਜ਼ੀ ਰਲ ਕੇ ਆਪਣੀਆਂ ਪ੍ਰਕਾਸ਼ਨਾਵਾਂ ਲਈ ਸੁਰਖ਼ ਰੇਖਾ ਦਾ ਨਾਮ ਵਰਤਣ ਦੀ ਆਪਣੀ ਬੇਕਾਬੂ ਇੱਛਾ ਪੂਰੀ ਕਰ ਸਕਣਗੇ।
ਖੈਰ! ਜੋ ਨਾਜਰ ਸਿੰਘ ਦੇ ਚਿੱਤ ਨੂੰ ਚੜ੍ਹਿਆ  ਉਹਨਾਂ ਕਰ ਦਿੱਤਾ ਹੈ। ਹਾਸਲ ਹਾਲਤ 'ਚ ਸਾਡਾ ਸਰੋਕਾਰ ਪਾਠਕਾਂ ਨੂੰ ਇਹ ਸਪੱਸ਼ਟ ਕਰਨਾ ਹੈ ਕਿ ਮਈ-ਜੂਨ, 2015 (ਅੰਕ-3) ਤੋਂ ਬਾਅਦ ਸੁਰਖ਼ ਰੇਖਾ ਦੇ ਨਾਮ ਹੇਠ ਜਾਰੀ ਹੋਈ ਕਿਸੇ ਵੀ ਪ੍ਰਕਾਸ਼ਨਾ ਨੂੰ ਸਾਡਿਆਂ ਵਿਚਾਰਾਂ ਦੀ ਅਧਿਕਾਰਤ ਤਰਜਮਾਨ ਸਮਝਣ ਦੀ ਗਲਤੀ ਨਾ ਕੀਤੀ ਜਾਵੇ। ਬੋਪਾਰਾਏ ਵੱਲੋਂ ਖੜ•ੀ ਕੀਤੀ ਤਕਨੀਕੀ ਮੁਸ਼ਕਲ ਨੂੰ ਲਾਂਭੇ ਕਰਕੇ, ਜਲਦੀ ਹੀ ਸੁਰਖ਼ ਰੇਖਾ ਦੀ ਵਿਚਾਰਧਾਰਾ, ਸਿਆਸਤ ਅਤੇ ਲੀਹ ਬਦਲਵੇਂ ਨਾਮ ਹੇਠ ਪਾਠਕਾਂ ਦੇ ਰੂਬਰੂ ਹੋਵੇਗੀ। ਸੁਰਖ਼ ਰੇਖਾ ਦਾ ਅਗਲਾ ਅੰਕ ਏਸੇ ਮਹੀਨੇ ਬਦਲਵੇਂ ਨਾਮ ਹੇਠ ਪਾਠਕਾਂ ਤੱਕ ਪੁੱਜ ਰਿਹਾ ਹੈ। ਬਿਹਤਰ ਮਿਆਰ ਅਤੇ ਸਮੱਗਰੀ ਨਾਲ ਅਸੀਂ ਜਲਦੀ ਹੀ ਪਾਠਕਾਂ ਦੇ ਵਡੇਰੇ ਘੇਰੇ ਨੂੰ ਮੁਖ਼ਾਤਬ ਹੋਵਾਂਗੇ।
ਉਦੋਂ ਤੱਕ ਸਭਨਾਂ ਮਕਸਦਾਂ ਲਈ ਸੁਰਖ਼ ਰੇਖਾ ਦੇ ਮਈ-ਜੂਨ ਅੰਕ 'ਚ ਪ੍ਰਕਾਸ਼ਤ ਫੋਨ ਨੰਬਰਾਂ ਅਤੇ ਪਤੇ ਦੀ ਵਰਤੋਂ ਕੀਤੀ ਜਾਵੇ। ਸਭਨਾਂ ਸਾਥੀਆਂ ਨੂੰ ਆਪੋ-ਆਪਣੇ ਸੂਚਨਾ ਵਸੀਲਿਆਂ (ਫੇਸਬੁੱਕ, ਵਟਸਐਪ, ਈਮੇਲ, ਬਲਾਗ, ਐਸ. ਐਮ. ਐਸ. ਆਦਿ) ਰਾਹੀਂ ਇਹ ਜਾਣਕਾਰੀ ਇਨਕਲਾਬੀ ਲਹਿਰ ਦੇ ਪਾਠਕ ਘੇਰੇ ਤੱਕ ਪੁੱਜਦੀ ਕਰਨ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ।
ਇਨਕਲਾਬੀ ਸ਼ੁਭ ਇੱਛਾਵਾਂ ਨਾਲ!
   ਜਸਪਾਲ ਜੱਸੀ – ਸੰਪਾਦਕ
ਅਮੋਲਕ ਸਿੰਘ – ਸਾਬਕਾ ਸੰਪਾਦਕ 

Monday, September 07, 2015

ਬਸਤੀ ਜੋਧੇਵਾਲ਼ ਥਾਣੇ 'ਤੇ ਜ਼ੋਰਦਾਰ ਰੋਸ ਮੁਜ਼ਾਹਰਾ

ਰੋਸ ਵਖਾਵਾ ਕੀਤਾ ਵਿਸ਼ਾਲ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ 
ਲੁਧਿਆਣਾ: 06 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਅੱਜ ਵਿਸ਼ਾਲ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਟਿੱਬਾ ਰੋਡ ਲੁੱਟ-ਮਾਰ ਕਾਂਡ ਅਤੇ ਲੁਧਿਆਣੇ ਵਿੱਚ ਵੱਧਦੀ ਗੁੰਡਾਗਰਦੀ ਖਿਲਾਫ਼ ਤਿੰਨ ਜੁਝਾਰੂ ਜਨਤਕ ਜੱਥੇਬੰਦੀਆਂ ਨੌਜਵਾਨ ਭਾਰਤ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਬਸਤੀ ਜੋਧੇਵਾਲ਼ ਥਾਣੇ 'ਤੇ ਜ਼ੋਰਦਾਰ ਰੋਸ ਮੁਜਾਹਰਾ ਕੀਤਾ। ''ਲੋਕਾਂ ਦੀ ਸੁਰੱਖਿਆ ਦੀ ਗਰੰਟੀ ਕਰੋ!'', ''ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਦੋਸ਼ੀਆਂ ਬਿੱਲਾ-ਹੈਪੀ ਨੂੰ ਜੇਲ 'ਚ ਡੱਕੋ!'', ''ਬਸਤੀ ਜੋਧੇਵਾਲ਼ ਪੁਲੀਸ ਮੁਰਦਾਬਾਦ!'', ''ਲੋਕ ਏਕਤਾ ਜ਼ਿੰਦਾਬਾਦ!'' ਆਦਿ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਟਿੱਬਾ ਰੋਡ ਲੁੱਟ ਮਾਰ ਕਾਂਡ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਜੇਲ 'ਚ ਡੱਕਿਆ ਜਾਵੇ ਅਤੇ ਲੁਧਿਆਣੇ ਵਿੱਚ ਵੱਧਦੀ ਜਾ ਰਹੀ ਗੁੰਡਾਗਰਦੀ, ਲੁੱਟ-ਮਾਰ, ਛੁਰੇਬਾਜ਼ੀ, ਔਰਤਾਂ ਨਾਲ਼ ਛੇੜਛਾੜ, ਅਗਵਾ, ਬਲਾਤਕਾਰ ਆਦਿ ਅਪਰਾਧ ਨੂੰ ਠੱਲ ਪਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ।
ਧਿਆਨ ਦੇਣ ਯੋਗ ਹੈ ਕਿ ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਮਾਮਲੇ ਵਿੱਚ ਧਾਰਾ 382, 34, 323 ਤਹਿਤ ਐਫ.ਆਈ.ਆਰ. ਦਰਜ਼ ਹੋ ਚੁੱਕੀ ਹੈ। ਇਹ ਐਫ਼.ਆਈ.ਆਰ. ਵੀ ਥਾਣੇ 'ਤੇ ਰੋਸ ਮੁਜ਼ਾਹਰੇ ਤੋਂ ਬਾਅਦ ਹੀ ਦਰਜ਼ ਹੋਈ ਸੀ। ਪੁਲਿਸ ਨੇ ਐਫ਼.ਆਈ.ਆਰ. ਦਰਜ਼ ਹੋਣ ਤੋਂ ਬਾਅਦ ਦੋਸ਼ੀ ਗੁੰਡਾ ਗਿਰੋਹ ਨੂੰ ਫੜ ਤਾਂ ਲਿਆ ਪਰ ਬਿਨਾਂ ਅਦਾਲਤ ਵਿੱਚ ਪੇਸ਼ ਕੀਤਿਆਂ ਅਤੇ ਬਿਨਾਂ ਜਮਾਨਤ ਤੋਂ ਉਹਨਾਂ ਨੂੰ ਛੱਡ ਦਿੱਤਾ। ਪੁਲੀਸ ਸ਼ਰੇਆਮ ਗੁੰਡਾਗਰਦੀ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਸ ਖਿਲਾਫ਼ ਲੋਕਾਂ ਵਿੱਚ ਭਾਰੀ ਰੋਹ ਹੈ ਅਤੇ ਅੱਜ ਵਿਸ਼ਾਲ ਗਿਣਤੀ ਵਿੱਚ ਇਕੱਠੇ ਹਏ ਲੋਕਾਂ ਨੇ ਪੁਲੀਸ-ਗੁੰਡਾ ਗਠਜੋੜ ਖਿਲਾਫ਼ ਜ਼ੋਰਦਾਰ ਅਵਾਜ਼ ਬੁਲੰਦ ਕੀਤੀ।
ਅੱਜ ਦੇ ਮੁਜਾਹਰੇ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਟੈਕਸਟਾਈਲ  ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਨੌਜਵਾਨ ਭਾਰਤ ਸਭਾ ਦੇ ਨਵਕਰਨ, ਵਿਸ਼ਵਨਾਥ, ਵਿਸ਼ਾਲ ਆਦਿ ਨੇ ਸੰਬੋਧਿਤ ਕੀਤਾ।
ਬੁਲਾਰਿਆਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂਰੇ ਲੁਧਿਆਣੇ ਦੀ ਤਰਾਂ ਬਸਤੀ ਜੋਧੇਵਾਲ਼ ਥਾਣਾ ਖੇਤਰ ਵਿੱਚ ਵੀ ਗੁੰਡਾਗਰਦੀ, ਲੁੱਟ-ਮਾਰ, ਔਰਤਾਂ ਨਾਲ਼ ਛੇੜਛਾੜ, ਅਗਵਾ, ਬਲਾਤਕਾਰ ਜਿਹੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਰ ਪੁਲੀਸ ਅਪਰਾਧੀਆਂ ਖਿਲਾਫ਼ ਨਾ ਸਿਰਫ਼ ਬਣਦੀ ਕਾਰਵਾਈ ਨਹੀਂ ਕਰਦੀ ਸਗੋਂ ਅਪਰਾਧੀਆਂ ਦਾ ਸਾਥ ਦਿੱਤਾ ਜਾ ਰਿਹਾ ਹੈ। ਪਿਛਲੇ ਦਿਨੀਂ 27 ਅਗਸਤ ਨੂੰ ਬਿੱਲਾ ਅਤੇ ਹੈਪੀ ਨਾਂ ਦੇ ਦੋ ਗੁੰਡਿਆਂ ਨੇ ਦੋ ਮਜ਼ਦੂਰਾਂ (ਸ਼ੰਭੂ ਅਤੇ ਕੇਦਾਰਨਾਥ) ਨਾਲ਼ ਲੁੱਟ-ਮਾਰ ਕੀਤੀ। ਇਸ ਮਾਮਲੇ ਵਿੱਚ ਲੋਕਾਂ ਨੇ ਜਦੋਂ ਥਾਣੇ 'ਤੇ ਮੁਜਾਹਰਾ ਕੀਤਾ ਤਾਂ ਧਾਰਾ 382, 34, 323 ਤਹਿਤ ਐਫ.ਆਈ.ਆਰ. (ਨੰ. 300) ਵੀ ਦਰਜ ਹੋਈ। ਪਹਿਲਾਂ ਤਾਂ ਦੋਸ਼ੀਆਂ ਨੂੰ ਫੜਿਆ ਹੀ ਨਹੀਂ ਗਿਆ ਪਰ ਚਾਰ ਦਿਨ ਬਾਅਦ ਲੋਕਾਂ ਦੇ ਦਬਾਅ ਕਾਰਨ ਦੋਸ਼ੀ ਫੜੇ ਗਏ। ਪਰ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕੀਤੇ ਬਿਨਾਂ ਹੀ ਦੋਸ਼ੀਆਂ ਨੂੰ ਛੱਡ ਦਿੱਤਾ। ਬਿੱਲਾ ਅਤੇ ਹੈਪੀ ਨੂੰ ਪੁਲੀਸ ਦੀ ਮਿਲੀਭੁਗਤ ਨਾਲ਼ ਅਜ਼ਾਦ ਘੁੰਮ ਰਹੇ ਹਨ। 
ਬੁਲਾਰਿਆਂ ਨੇ ਕਿਹਾ ਕਿ ਲੁੱਟ-ਮਾਰ ਦਾ ਸ਼ਿਕਾਰ ਮਜ਼ਦੂਰਾਂ ਨੂੰ ਕੇਸ ਵਾਪਿਸ ਲੈਣ ਲਈ ਲਗਾਤਾਰ ਡਰਾਇਆ ਥਮਕਾਇਆ ਜਾ ਰਿਹਾ ਹੈ। ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਥਾਣੇ ਵਿੱਚ ਸ਼ਿਕਾਇਤ ਹੋਣ ਤੋਂ ਬਾਅਦ ਵੀ ਸ਼ੰਭੂ 'ਤੇ ਗੁੰਡਾ ਗਿਰੋਹ ਵੱਲੋਂ ਦੋ ਜਾਨਲੇਵਾ ਹਮਲੇ ਹੋ ਚੁੱਕੇ ਹਨ। ਸ਼ੰਭੂ ਦੇ ਬੱਚਿਆਂ ਨੂੰ ਡਰ ਕਾਰਨ ਸਕੂਲ ਛੱਡਣਾ ਪਿਆ ਹੈ। ਬਸਤੀ ਜੋਧੇਵਾਲ ਪੁਲੀਸ ਦੀ ਇਸ ਘਟੀਆ ਕਾਰਗੁਜ਼ਾਰੀ ਬਾਰੇ ਏ.ਡੀ.ਸੀ.ਪੀ. - 4 ਸਤਪਾਲ ਸਿੰਘ ਅਟਵਾਲ਼ ਨੂੰ ਮਿਲਕੇ ਸੂਚਿਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਇਸ ਸਬੰਧੀ ਲਿਖਿਤ ਸ਼ਿਕਾਇਤ ਵੀ ਕੀਤੀ ਗਈ ਹੈ। ਪਰ ਇਸ ਸਬੰਧੀ ਹੁਣ ਤੱਕ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਹੈ।
ਬੁਲਾਰਿਆਂ ਨੇ ਕਿਹਾ ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਸਬੰਧ ਵਿੱਚ ਬਸਤੀ ਜੋਧੇਵਾਲ਼ ਪੁਲੀਸ ਦੀ ਅਪਰਾਧੀਆਂ ਨਾਲ਼ ਮਿਲੀਭੁਗਤ ਤੋਂ ਸਮਝਿਆ ਜਾ ਸਕਦਾ ਹੈ ਕਿ ਕਿਉਂ ਲੁਧਿਆਣੇ ਵਿੱਚ ਆਮ ਲੋਕਾਂ, ਗਰੀਬਾਂ-ਔਰਤਾਂ ਨਾਲ਼ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨ। ਕਿ ਕਿਉਂ ਗੁੰਡਾ ਗਿਰੋਹ ਏਨੇ ਬੇਖੌਫ਼ ਹਨ। ਸ਼ਹਿਰ ਵਿੱਚ ਗੁੰਡਾ-ਪੁਲੀਸ-ਸਿਆਸੀ ਨਾਪਾਕ ਗਠਜੋੜ ਕਾਇਮ ਹੈ ਜਿਸ ਖਿਲਾਫ਼ ਲੋਕਾਂ ਨੂੰ ਅੱਗੇ ਆਉਣ ਹੀ ਪਵੇਗਾ। 
ਹੋਰ ਵੇਰਵੇ ਲਈ ਸੰਪਰਕ ਕਰੋ ਲਖਵਿੰਦਰ ਨਾਲ ਜੋ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਹਨ। ਮੋਬਾਈਲ ਨੰਬਰ ਹੈ:ਫੋਨ ਨੰ.- 9646150249 

Wednesday, December 10, 2014

Ludhiana: ਅੱਗ ਲਾ ਕੇ ਕਤਲ ਦੀ ਘਟਨਾ ਖਿਲਾਫ਼ ਲੋਕ ਰੋਹ ਹੋਇਆ ਹੋਰ ਤਿੱਖਾ

Wed, Dec 10, 2014 at 4:55 PM
ਘਟਨਾ ਮਗਰੋਂ ਦੇਸ਼ ਹੁਣ ਫੇਰ ਗੂਹੜੀ ਨੀਂਦਰ ਚੋਂ ਜਾਗਣ ਦੀ ਤਿਆਰੀ ਵਿੱਚ 
ਲੁਧਿਆਣਾ: 10 ਦਸੰਬਰ 2014: (ਪੰਜਾਬ ਸਕਰੀਨ ਬਿਊਰੋ): 
ਕਿਸੇ ਵੇਲੇ ਪੰਜਾਬ ਦੇ ਅੰਦੋਲਨਾਂ ਵਿੱਚ ਮੂਹਰਲੀਆਂ ਸਫਾਂ ਵਿੱਚ ਸ਼ਾਮਿਲ ਰਹੀ ਵਿਦਿਆਰਥੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਅੱਜਕਲ੍ਹ ਫੇਰ ਸਰਗਰਮ ਹੈ। ਲੁਧਿਆਣਾ ਨੇੜੇ ਢੰਡਾਰੀ ਇਲਾਕੇ ਵਿੱਚ ਜਲਾ ਕੇ ਮਾਰ ਦਿੱਤੀ ਗਈ ਨਾਬਾਲਿਗ ਲੜਕੀ  ਤੇ ਸਭ  ਤਿੱਖਾ ਪ੍ਰਤੀਕਰਮ ਅੱਜ ਇਸੇ ਸੰਗਠਨ ਦਾ ਸੀ। ਲੋਕ ਰੋਹ ਦਾ ਪ੍ਰਤੀਕ ਬਣਕੇ ਇਸ ਸੰਗਠਨ ਨੇ ਅੱਜ ਇਸ ਮੁੱਦੇ ਤੇ ਜਬਰਦਸਤ ਆਵਾਜ਼ ਬੁਲੰਦ ਕੀਤੀ। ਇਸਦੇ ਨਾਲ ਕਈ ਹੋਰ  ਹਮਖਿਆਲ ਸੰਗਠਨ ਵੀ ਸਨ। 
ਢੰਡਾਰੀ, ਲੁਧਿਆਣਾ ਵਿਖੇ ਵਾਪਰੀ ਅਗਵਾ, ਬਲਾਤਕਾਰ ਅਤੇ ਅੱਗ ਲਾ ਕੇ ਕਤਲ ਦੀ ਘਟਨਾ ਖਿਲਾਫ਼ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਨੌਜਵਾਨ ਭਾਰਤ ਸਭਾ, ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਚਾਰੇ ਪਾਸਿਓਂ ਪੁਲਿਸ ਦੀ ਹੋ ਰਹੀ ਥੂਹ-ਥੂਹ ਤੋਂ ਬਾਅਦ ਪੁਲਿਸ ਨੇ ਅਜੇ ਤੱਕ ਚਾਰ ਦੋਸ਼ੀਆਂ ਨੂੰ ਹੀ ਗਿਰਫ਼ਤਾਰ ਕੀਤਾ ਹੈ। ਪਰ ਸਥਾਨਕ ਲੋਕਾਂ ਅਤੇ ਪਰਿਵਾਰ ਨੂੰ ਪੁਲਿਸ ਉੱਤੇ ਇਨਸਾਫ਼ ਦਵਾਉਣ ਦਾ ਭਰੋਸਾ ਨਹੀਂ ਹੈ। ਜਿਸ ਤਰਾਂ ਪਹਿਲਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਹੈ ਅਤੇ ਹਲੇ ਵੀ ਢਿੱਲ ਵਰਤੀ ਜਾ ਰਹੀ ਹੈ ਉਸਨੂੰ ਵੇਖਦੇ ਹੋਏ ਲੋਕ ਘੋਲ਼ ਤੋਂ ਬਿਨਾਂ ਇਨਸਾਫ਼ ਹਾਸਿਲ ਨਹੀਂ ਕੀਤਾ ਜਾ ਸਕਦਾ। ਲਡ਼ਕੀ ਦਾ ਇਲਾਜ ਪਰਿਵਾਰ ਨੂੰ ਆਪਣੇ ਖਰਚੇ ਉੱਤੇ ਕਰਨਾ ਪਿਆ। ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਵੀ ਮੁਆਵਜਾ ਨਹੀਂ ਦਿੱਤਾ ਗਿਆ। ਦੋਸ਼ੀ ਪੁਲਿਸ ਅਫ਼ਸਰਾਂ ਉੱਤੇ ਹੋਈ ਕਾਰਵਾਈ ਨਾਕਾਫੀ ਹੈ। ਇਸ ਲਈ ਲੋਕਾਂ ਕੋਲ਼ ਜੁਝਾਰੂ ਘੋਲ਼ ਲਡ਼ਨ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ ਹੈ। ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਐਲਾਨ ਕੀਤਾ ਕਿ ਜੇਕਰ ਪੀਡ਼ਤਾਂ ਨੂੰ ਜਲਦੀ ਹੀ ਇਨਸ਼ਾਫ ਨਹੀਂ ਦਿੱਤਾ ਗਿਆ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।
ਮੰਗਾਂ -  
1. ਦੋਸ਼ੀਆਂ ਖਿਲਾਫ਼ ਜਲਦੀ ਤੋਂ ਜਲਦੀ ਫਾਸਟ ਟਰੈਕ ਕੋਰਟ ਰਾਹੀਂ ਕੇਸ ਚਲਾ ਕੇ ਉਨਾਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ।
2. ਇਲਾਜ ਤੇ ਹੋਇਆ ਸਾਰਾ ਖਰਚ ਸਰਕਾਰ ਦੇਵੇ ਅਤੇ ਇਸ ਤੋਂ ਬਿਨਾਂ ਘੱਟੋ-ਘੱਟ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ।
3. ਦੋਸ਼ੀ ਪੁਲਿਸ ਅਫ਼ਸਰਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।
4. ਗੁੰਡਾ ਗਿਰੋਹਾਂ-ਪੁਲਸ-ਸਿਆਸੀ ਲੀਡਰਾਂ ਦੇ ਗਠਜੋਡ਼ ਨੂੰ ਨੱਥ ਪਾਈ ਜਾਵੇ।                                        
5. ਲੋਕਾਂ ਦੀ, ਖਾਸਕਰ ਔਰਤਾਂ ਦੀ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ।

6. ਭਗੌੜ੍ਹਿਆ ਨੂੰ ਜਲਦੀ ਤੋਂ ਜਲਦੀ ਗਰਿਫ਼ਤਾਰ ਕੀਤਾ ਜਾਵੇ।