Showing posts with label DMC. Show all posts
Showing posts with label DMC. Show all posts

Monday, September 26, 2016

ਆਮਦਨ ਕਰ ਵਿਭਾਗ ਵੱਲੋਂ ਟੀ. ਡੀ. ਐੱਸ. ਸੰਬੰਧੀ ਸੈਮੀਨਾਰ ਦਾ ਆਯੋਜਨ

Date: 2016-09-26 19:18 GMT+05:30
ਸਾਦੇ ਸ਼ਬਦਾਂ ਵਿੱਚ ਸਮਝਾਈਆਂ ਸਬੰਧਤ ਮੁਸ਼ਕਿਲਾਂ ਅਤੇ ਗੁੰਝਲਾਂ 
ਲੁਧਿਆਣਾ: 26 ਸਤੰਬਰ 2016:(ਪੰਜਾਬ ਸਕਰੀਨ ਬਿਊਰੋ):
ਆਮਦਨ ਕਰ ਵਿਭਾਗ ਵੱਲੋਂ ਟੀ. ਡੀ. ਐੱਸ. ਸੰਬੰਧੀ ਸੈਮੀਨਾਰ ਦਾ ਆਯੋਜਨ ਸਥਾਨਕ ਦਯਾਨੰਦ ਹਸਪਤਾਲ ਅਤੇ ਕਾਲਜ ਸਥਿਤ ਡੁਮਰਾ ਆਡੀਟੋਰੀਅਮ ਵਿਖੇ ਕਰਵਾਇਆ ਗਿਆ, ਜਿਸ ਨੂੰ ਸ਼੍ਰੀਮਤੀ ਡਾ. ਤਰੁਨਦੀਪ ਕੌਰ ਸੰਯੁਕਤ ਕਮਿਸ਼ਨਰ ਆਮਦਨ ਕਰ, ਟੀ.ਡੀ.ਐੱਸ. ਰੇਂਜ ਲੁਧਿਆਣਾ, ਸ਼੍ਰੀਮਤੀ ਡਾ. ਗਗਨ ਕੁੰਦਰਾ ਡਿਪਟੀ ਕਮਿਸ਼ਨਰ ਆਮਦਨ ਕਰ (ਟੀ.ਡੀ.ਐੱਸ.) ਲੁਧਿਆਣਾ, ਸ੍ਰੀ ਵਾਸੁਦੇਵ ਸ਼ਰਮਾ ਇਨਕਮ ਟੈਕਸ ਅਫ਼ਸਰ, ਸ੍ਰੀ ਸੁਦੇਸ਼ ਕੁਮਾਰ ਇੰਸਪੈਕਟਰ, ਸ੍ਰੀ ਪਿਊਸ਼ ਜੈਨ ਚਾਰਟਰ ਅਕਾਊਂਟੈਂਟ ਨੇ ਸੰਬੋਧਨ ਕੀਤਾ ਇਸ ਸੈਮੀਨਾਰ ਵਿੱਚ ਸਾਰੇ ਵਿਭਾਗਾਂ ਦੇ ਡੀ. ਡੀ. ਓਜ਼ ਅਤੇ ਸ਼ਹਿਰ ਦੇ ਅਲੱਗ-ਅਲੱਗ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। 
ਸ਼੍ਰੀਮਤੀ ਡਾ. ਤਰੁਨਦੀਪ ਕੌਰ ਨੇ ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰੀ ਦੀ ਪ੍ਰਸੰਸ਼ਾ ਕੀਤੀ ਅਤੇ ਇਨਕਮ ਟੈਕਸ ਐਕਟ ਵਿੱਚ ਸ਼ਾਮਿਲ ਕੀਤੇ ਗਈਆਂ ਨਵੀਆਂ ਟੀ. ਸੀ. ਐੱਸ. ਪ੍ਰੋਵਿਜ਼ਨਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਮੂਹ ਡੀ. ਡੀ. ਓਜ਼ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਟੀ.ਡੀ.ਐੱਸ. ਕੱਟਣਾ ਅਤੇ ਸਮੇਂ ਸਿਰ ਜਮਾ ਕਰਾਉਣਾ ਅਤੇ ਆਮਦਨ ਕਰ ਰਿਟਰਨਾਂ ਭਰਾਈਆਂ ਜਾਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਮਦਨ ਕਰ ਕਾਨੂੰਨ ਤਹਿਤ ਭਾਰੀ ਜੁਰਮਾਨਾ ਅਤੇ ਹੋਰ ਸਜ਼ਾਵਾਂ ਦੀ ਪ੍ਰੋਵੀਜ਼ਨ ਹੈ। ਸ਼੍ਰੀਮਤੀ ਡਾ. ਕੁੰਦਰਾ ਨੇ ਜ਼ੋਰ ਦਿੱਤਾ ਕਿ ਰਿਟਰਨਾਂ ਦਾ ਬਕਾਇਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਇਸ ਤੋਂ ਇਲਾਵਾ ਹੋਰ ਹਾਜ਼ਰੀਨ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ। 

Thursday, September 22, 2016

ਨਹੀਂ ਬਚਾਇਆ ਜਾ ਸਕਿਆ RSS ਲੀਡਰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ

6 ਅਗਸਤ ਨੂੰ ਜਲੰਧਰ ਵਿੱਚ ਚਲਾਈਆਂ ਗਈਆਂ ਸਨ ਉਹਨਾਂ ਉੱਤੇ ਗੋਲੀਆਂ 
ਲੁਧਿਆਣਾ: 22 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਆਰ ਐਸ ਐਸ ਦੇ ਸੀਨੀਅਰ ਲੀਡਰ ਰਿਟਾਇਰਡ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦਾ ਕੁਝ ਦੇਰ ਪਹਿਲਾਂ ਸਵਾ ਕੁ 9 ਵਜੇ ਦੀ ਐਮ ਸੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।  ਉਹਨਾਂ ਉੱਪਰ 6 ਅਗਸਤ 2016 ਨੂੰ ਜਲੰਧਰ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ। ਡਾਕਟਰਾਂ ਨੇ ਉਹਨਾਂ ਨੂੰ ਬਚ ਹੌਂ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਡਨੀ ਦੀ ਇਨਫੈਕਸ਼ਨ ਕੰਟਰੋਲ ਹੇਠ ਨਹੀਂ ਲਿਆਂਦੀ ਜਾ ਸਕੀ। ਇਸ ਖਬਰ ਤੋਂ ਬਾਅਦ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿਛਲੇ ਇੱਕ ਹਫਤੇ ਤੋਂ ਉਹਨਾਂ ਦੀ ਹਾਲਤ ਬਹੁਤ ਹੀ ਗੰਭੀਰ ਬਣੀ ਹੋਈ ਸੀ। ਸੋਸ਼ਲ ਮੀਡੀਆ ਉੱਤੇ ਇਹ ਖਬਰ ਨਸ਼ਰ ਹੁੰਦਿਆਂ ਸਾਰ ਹੀ ਆਰ ਐਸ ਐਸ ਵਰਕਰ ਡੀ ਐਮ ਸੀ ਹਸਪਤਾਲ ਵੱਲ ਦੌੜ ਪਏ। ਇਸ ਹਮਲੇ ਦੀ ਹਰ ਪਾਸਿਓਂ ਵੱਡੀ ਪੱਧਰ 'ਤੇ ਨਿੰਦਾ ਹੋਈ ਸੀ। 
ਚੇਤੇ ਰਹੇ ਕਿ ਜਲੰਧਰ ਵਿੱਚ ਛੇ ਅਗਸਤ ਵਾਲੇ ਦਿਨ ਦੇਰ ਸ਼ਾਮ ਨੂੰ ਜੋਤੀ ਚੌਕ ਨੇੜੇ ਦੋ ਨਕਾਬਪੋਸ਼ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸਹਿ ਸੰਘ ਸੂਬਾ ਚਾਲਕ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ। ਹਮਲਾਵਰ ਵਾਰਦਾਤ ਤੋਂ ਬਾਅਦ ਬੇਖ਼ੌਫ਼ ਹੋ ਕੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ ਸਨ। ਬਿਲਕੁਲ ਉਸੇ ਤਰਾਂ ਹੀ ਜਿਵੇਂ ਅੱਸੀਵਿਆਂ ਵਿੱਚ ਆਮ ਹੋਇਆ ਕਰਦਾ ਸੀ। ਹਮਲੇ ਪਿੱਛੋਂ ਇਕ ਰਾਹਗੀਰ ਨੇ ਇਕ ਹੋਰ ਵਿਅਕਤੀ ਦੀ ਸਹਾਇਤਾ ਦੇ ਨਾਲ ਜਗਦੀਸ਼ ਗਗਨੇਜਾ ਹੁਰਾਂ ਨੂੰ ਸਥਾਨਕ ਪਟੇਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਦੇਰ ਤੱਕ ਗੰਭੀਰ ਬਣੀ ਰਹੀ। ਦੇਰ ਰਾਤ ਹਸਪਤਾਲ ਵਿਖੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਸ੍ਰੀ ਗਗਨੇਜਾ ਦੇ ਸਰੀਰ 'ਚੋਂ 2 ਗੋਲੀਆਂ ਕੱਢ ਦਿੱਤੀਆਂ ਸਨ। ਇੱਕ ਚਸ਼ਮਦੀਦ ਗਵਾਹ ਨਰਿੰਦਰ ਸਿੰਘ ਨੇ ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਤੀ ਚੌਕ ਕੋਲ ਉਸ ਦੀ ਕਾਰ ਖ਼ਰਾਬ ਹੋ ਗਈ ਸੀ। ਉਹ ਜਿਉਂ ਹੀ ਮਾਡਲ ਟਾਊਨ ਰੋਡ 'ਤੇ ਕਾਰ ਦੀ ਮੁਰੰਮਤ ਲਈ ਕਿਸੇ ਦੁਕਾਨ ਵੱਲ ਜਾ ਰਿਹਾ ਸੀ ਤਾਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ। ਉਸ ਨੇ ਦੇਖਿਆ ਕਿ ਇਕ ਸਵਿਫ਼ਟ ਡਿਜ਼ਾਇਰ ਕਾਰ ਦੇ ਪਿੱਛੇ ਕੰਧ ਨਾਲ ਪੇਸ਼ਾਬ ਕਰਨ ਲਈ ਖੜ੍ਹੇ ਇਕ ਵਿਅਕਤੀ ਨੂੰ ਇਕ ਨਕਾਬਪੋਸ਼ ਗੋਲੀਆਂ ਮਾਰ ਰਿਹਾ ਸੀ, ਜਿਸ ਨਾਲ ਉਹ ਵਿਅਕਤੀ ਜ਼ਮੀਨ 'ਤੇ ਡਿਗ ਗਿਆ। ਨਰਿੰਦਰ ਸਿੰਘ ਜਦ ਤੱਕ ਜ਼ਮੀਨ 'ਤੇ ਡਿੱਗੇ ਹੋਏ ਵਿਅਕਤੀ ਤੱਕ ਪਹੁੰਚਦਾ ਉਸ ਸਮੇਂ ਤੱਕ ਹਮਲਾਵਰ ਪਲੈਟਿਨਾ ਮੋਟਰਸਾਈਕਲ 'ਤੇ ਮੌਕੇ ਤੋਂ ਫ਼ਰਾਰ ਹੋ ਗਏ। ਸੜਕ 'ਤੇ ਮੌਜੂਦ ਹੋਰ ਲੋਕ ਬੇਵੱਸ ਉਨ੍ਹਾਂ ਵੱਲ ਦੇਖਦੇ ਰਹੇ। ਬਿਲਕੁਲ ਉਸੇ ਤਰਾਂ ਜਿਸ ਤਰਾਂ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਹੋਇਆ ਕਰਦਾ ਸੀ। ਨਰਿੰਦਰ ਸਿੰਘ ਨੇ ਦੱਸਿਆ ਕਿ ਪਿੱਛੇ ਬੈਠੇ ਵਿਅਕਤੀ ਦੇ ਹੱਥ 'ਚ 2 ਪਿਸਤੌਲਾਂ ਸਨ, ਜੋ ਲਹਿਰਾਉਂਦਾ ਹੋਇਆ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਦੋ ਹਵਾਈ ਫਾਇਰ ਵੀ ਕੀਤੇ। ਉਸ ਵੇਲੇ ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ, ਡੀ.ਸੀ.ਪੀ. ਹਰਜੀਤ ਸਿੰਘ, ਏ.ਡੀ.ਸੀ.ਪੀ. (ਕ੍ਰਾਈਮ) ਵਿਵੇਕ ਸੋਨੀ, ਏ.ਡੀ.ਸੀ.ਪੀ. (ਸਪੈਸ਼ਲ ਬਰਾਂਚ) ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ. (ਸਿਟੀ-1) ਜਸਬੀਰ ਸਿੰਘ, ਏ.ਡੀ.ਸੀ.ਪੀ. (ਸਿਟੀ-2) ਏ.ਐੱਸ. ਪਵਾਰ ਅਤੇ ਹੋਰ ਉੱਚ ਅਧਿਕਾਰੀ ਵੱਡੀ ਗਿਣਤੀ 'ਚ ਮੁਲਾਜ਼ਮਾਂ ਸਮੇਤ ਜਾਂਚ ਕਰਨ ਪਹੁੰਚੇ। ਪੁਲਿਸ ਨੇ ਇਕ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਸਵੀਰਾਂ ਨੂੰ ਵੀ ਚੰਗੀ ਤਰਾਂ ਘੋਖਿਆ ਹੈ ਜਿਸ ਵਿਚ ਦੋ ਨਕਾਬਪੋਸ਼ ਮੋਟਰਸਾਈਕਲ 'ਤੇ ਜਾਂਦੇ ਹੋਏ ਨਜ਼ਰ ਆਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਤੋਂ 4 ਕਾਰਤੂਸਾਂ ਦੇ ਖ਼ੋਲ ਵੀ ਬਰਾਮਦ ਹੋਏ ਹਨ। ਜਿਨ੍ਹਾਂ ਵਿਚੋਂ ਤਿੰਨ ਖ਼ੋਲ ਮੌਕੇ ਤੋਂ ਅਤੇ ਇਕ ਖ਼ੋਲ ਥੋੜ੍ਹੀ ਦੂਰੀ ਤੋਂ ਬਰਾਮਦ ਹੋਇਆ। ਮੁੱਢਲੀ ਜਾਂਚ 'ਚ ਪੁਲਿਸ ਨੂੰ ਪਤਾ ਲੱਗਾ ਕਿ ਦੀਪਨਗਰ, ਜਲੰਧਰ ਛਾਉਣੀ ਦੇ ਰਹਿਣ ਵਾਲੇ ਸ੍ਰੀ ਜਗਦੀਸ਼ ਗਗਨੇਜਾ ਆਪਣੀ ਪਤਨੀ ਸੁਦੇਸ਼ ਗਗਨੇਜਾ ਦੇ ਨਾਲ ਖ਼ਰੀਦਦਾਰੀ ਕਰਨ ਸ਼ਹਿਰ 'ਚ ਆਏ ਹੋਏ ਸਨ ਜਦੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਦੇਰ ਰਾਤ ਤੱਕ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਅਤੇ ਮੋਬਾਈਲ ਡੰਪ ਦੀ ਜਾਂਚ ਕੀਤੀ ਜਾ ਰਹੀ ਸੀ। ਘਟਨਾ ਤੋਂ ਬਾਅਦ ਸਨਸਨੀ ਵਰਗਾ ਮਾਹੌਲ ਬਣਿਆ ਹੋਇਆ ਹੈ। 
ਬਾਅਦ ਵਿੱਚ ਛੇਤੀ ਹੀ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਲੁਧਿਆਣਾ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਜਿੱਥੇ ਲਗਾਤਾਰ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਡੀ  ਐਮ ਸੀ ਹੀਰੋ ਹਾਰਟ ਸੈਂਟਰ ਦੇ ਇੱਕ ਡਾਇਰੈਕਟਰ ਡਾਕਟਰ ਜੀ ਐਸ ਵਾਂਦਰ ਨੇ ਦੱਸਿਆ ਕਿ ਸ਼੍ਰੀ ਗਗਨੇਜਾ ਨੇ ਅੱਜ ਸਵੇਰੇ 9:16 'ਤੇ ਆਖ਼ਿਰੀ ਸਾਹ ਲਿਆ। ਉਹਨਾਂ ਦੀ ਮ੍ਰਿਤਿਕ ਦੇਹ ਨੂੰ ਦੁਪਹਿਰ ਬਾਅਦ ਜਲੰਧਰ ਲਿਜਾ ਕਰ ਬਾਅਦ ਦੁਪਹਿਰ 4 ਵਜੇ ਅੰਤਿਮ ਸੰਸਕਾਰ ਕੀਤਾ ਜਾਏਗਾ। ਇਸ ਮੌਕੇ ਸਾਰਾ ਹਸਪਤਾਲ ਪੁਲਿਸ ਛਾਉਣੀ ਬਣਿਆ ਹੋਇਆ ਸੀ।  ਬੀਜੇਪੀ ਆਗੂ ਮੁਨੀਸ਼ ਸਰੀਨ ਨੇ ਸ਼੍ਰੀ ਗਗਨੇਜਾ ਦੇ ਦੇਹਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਅਮਨ ਅਮਨ ਬਣਾਈ ਰੱਖਣ। 

Sunday, October 05, 2014

ਡਾ.ਸੁਪ੍ਰੀਆ ਦੀ ਡਾਇਰੀ ਨੂੰ ਗੁੰਮ ਕਿਉਂ ਕੀਤਾ ਗਿਆ?

ਪੰਜ ਅਕਤੂਬਰ ਦਾ ਮਾਰਚ ਹੋਵੇਗਾ ਸਮਾਜ ਨੂੰ ਇੱਕ ਸੁਨੇਹਾ 
ਹਨੇਰਾ ਨਿਗਲ ਰਿਹੈ ਰੌਸ਼ਨ-ਦਿਮਾਗ ਧੀਆਂ ਨੂੰ       -ਅਮੋਲਕ ਸਿੰਘ
ਪੀ.ਐਮ.ਟੀ. ਦੇ ਇਮਤਿਹਾਨ ਸਮੇਂ ਪੰਜਾਬ ਵਿੱਚੋਂ ਪੰਜਵਾਂ ਸਥਾਨ ਹਾਸਲ ਕਰਨ ਵਾਲੀ, ਪੰਜ ਮਹੀਨੇ ਤੱਕ ਮੈਡੀਕਲ ਖੇਤਰ ‘ਚ ਐਮ.ਡੀ. ਦੀ ਡਿਗਰੀ ਹਾਸਲ ਕਰਨ ਵਾਲੀ 27 ਵਰ੍ਹਿਆਂ ਦੀ ਸੁਪ੍ਰੀਆ, ਦਇਆ ਨੰਦ ਮੈਡੀਕਲ ਹਸਪਤਾਲ ਅਤੇ ਕਾਲਜ ਵਿੱਚ ਆਪਣੀ ਵਿਦਵਤਾ ਪੱਖੋਂ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ। ਅਜੇਹੀ ਲੜਕੀ ਕਾਲਜ ਦੇ ਹੀ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਗਈ। ਉਹ ਆਪ ਇਸ ਸੰਸਾਰ ਨੂੰ ਅਲਵਿਦਾ ਆਖ ਗਈ; ਪਿੱਛੇ ਛੱਡ ਗਈ ਹੱਥ ਲਿਖਤ। ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਲਿਖੀ ਉਸ ਦੀ ਲਿਖਤ ਬੋਲਦੀ ਹੈ:
‘‘ਮੰਮੀ, ਪਾਪਾ, ਆਈ ਐਮ ਟਾਇਰਡ ਨਓ। ਮੈਂ ਕੱਲੇ ਲੜ ਲੜ ਕੇ ਥੱਕ ਗਈ ਹਾਂ। ਹੁਣ ਮੈਥੋਂ ਹੋਰ ਨਹੀਂ ਸਹ ਹੁੰਦਾ। ਮੇਰੀ ਬੱਸ ਹੋ ਗਈ ਹੈ। ਪਾਪਾ ਤੁਸੀਂ ਟੈਨਸ਼ਨ ਨਹੀਂ ਲੈਣੀ। ਤੁਹਾਡੇ ਕੋਲ ਨਨੂੰ ਹੈ। ਉਹਦੇ ਬਾਰੇ ਸੋਚਿਓ। ਮੇਰੇ ਬਾਰੇ ਸੋਚਕੇ ਆਪਣੀ ਸਿਹਤ ਖਰਾਬ ਨਾ ਕਰਨਾ। ਮੈਂ ਨਹੀਂ ਚਾਹੁੰਦੀ ਮੇਰੀ ਵਜ੍ਹਾ ਨਾਲ ਨਨੂੰ ਦੀ ਲਾਈਫ਼ ਖਰਾਬ ਹੋਵੇ।‘‘
ਇਹ ਕੁੱਝ ਸਾਡੇ ਸਮਿਆਂ ਵਿੱਚ ਹੀ ਹੋਣਾ ਸੀ ਕਿ ਮੈਡੀਕਲ ਸਿੱਖਿਆ ਦੇ ਖੇਤਰ ‘ਚ ਉਭਰਦੀ ਇੱਕ ਧੀ ਨੇ ਮੌਤ ਨੂੰ ਗਲੇ ਲਗਾਉਂਦੇ ਹੋਏ, ਜ਼ਿੰਦਗੀ ਦਾ ਅੰਤ ਕਰਦੇ ਹੋਏ ਅਜੇਹਾ ਨੋਟ ਲਿਖਣਾ ਸੀ। ਜ਼ਿੰਦਗੀ ਅਤੇ ਮੌਤ ਬਾਰੇ ਪ੍ਰੀਭਾਸ਼ਾ ਹੀ ਬਦਲ ਜਾਣ ਵਾਲੀ ਚਿੰਤਾਜਨਕ ਮਨੋਦਸ਼ਾ ਤੱਕ ਪਹੁੰਚ ਰਹੀ ਜੁਆਨੀ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਵਾਲੀ ਹਵਾ ਜੇ ਏਦਾਂ ਹੀ ਰਹੀ ਤਾਂ ਹੋਰ ਅਨੇਕਾਂ ਘਰਾਂ ਦੇ ਚਿਰਾਗ਼ ਵੀ ਇਉਂ ਹੀ ਬੁਝਦੇ ਰਹਿਣਗੇ।

ਸੁਪ੍ਰੀਆ ਦੇ ਪਿਤਾ, ਜਲੰਧਰ ਜ਼ਿਲੇ ਦੇ ਸਿਹਤ ਅਫ਼ਸਰ ਹਨ। ਉਹਨਾਂ ਦੇ ਨੈਣਾ ਦਾ ਨੀਰ ਸੁੱਕ ਅਤੇ ਮੁੱਕ ਚੁੱਕਾ ਹੈ। ਮਾਂ ਪ੍ਰੋ. ਰਜਿੰਦਰ ਕੌਰ, ਧਰਤੀ ਨਾਲ ਲੱਗ ਗਈ। ਐਮ.ਬੀ.ਬੀ.ਐਸ. ਕਰਦਾ ਭਰਾ ਨਨੂੰ ਗਹਿਰੀਆਂ ਸੋਚਾਂ ‘ਚ ਡੁੱਬ ਗਿਆ ਹੈ। ਉਸਦਾ ਕਹਿਣਾ ਹੈ ਕਿ,‘‘ਸਾਨੂੰ ਸਰੀਰਕ ਬਿਮਾਰੀਆਂ ਦੇ ਕਾਰਨਾਂ ਅਤੇ ਇਲਾਜ ਬਾਰੇ ਤਾਂ ਗਿਆਨ ਹਾਸਲ ਕਰਨ ਦਾ ਮੌਕਾ ਮਿਲ ਰਿਹੈ ਪਰ ਸਮਾਜ ਨੂੰ ਚਿੰਬੜੀਆਂ ਇਹਨਾਂ ਮਰਜ਼ਾਂ ਦਾ ਇਲਾਜ ਕਿਵੇਂ ਹੋਏਗਾ ਇਸਦੀ ਡੂੰਘੀ ਖੋਜ਼ ਕੌਣ ਕਰੇਗਾ?
ਸੁਪ੍ਰੀਆ ਦੇ ਮਾਪਿਆਂ ਦੀ ਦਰਦ-ਪਰੁੰਨੀ ਕਹਾਣੀ ਸੁਣਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ। ਉਹਨਾਂ ਨੂੰ ਸੁਪ੍ਰੀਆ ਲਗਾਤਾਰ ਦੱਸਦੀ ਰਹੀ ਕਿ ਡਾ. ਦੀਪਕ ਭੱਟ ਅਤੇ ਡਾ. ਪੁਨੀਤ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਹਨ। ਉਸਦੇ ਪਿਤਾ ਡਾ. ਬਲਵਿੰਦਰ ਸਿੰਘ ਉਹਨਾਂ ਕੋਲ ਜਾ ਕੇ ਰੋਸ ਵੀ ਪ੍ਰਗਟ ਕਰਕੇ ਆਏ।

ਹਸਪਤਾਲ ‘ਚ ਇਹ ਵੀ ਚਰਚਾ ਹੈ ਕਿ ਘਟਨਾ ਵਾਲੇ ਦਿਨ ਵਾਰਡ ਵਿੱਚ ਉਸਨੂੰ ਜ਼ਲੀਲ ਕੀਤਾ ਗਿਆ। ਉਹ ਰੋਂਦੀ ਗਈ। ਜਿਉਂ ਹੀ ਮਾਪਿਆਂ ਨੂੰ ਪਤਾ ਲੱਗਾ ਕਿ ਉਹ ਮਿਲ ਨਹੀਂ ਰਹੀ, ਤਾਂ ਉਹ ਉਸੇ ਵਕਤ ਜਲੰਧਰ ਤੋਂ ਲੁਧਿਆਣੇ ਲਈ ਰਵਾਨਾ ਹੋ ਗਏ। ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਸੁਪ੍ਰੀਆ ਦੇ ਕਮਰੇ ਦਾ ਦਰਵਾਜਾ ਤੋੜ ਦਿੱਤਾ ਗਿਆ। ਉਸ ਵੱਲੋਂ ਲਿਖਿਆ ਜਿਹੜਾ ਖੁਦਕੁਸ਼ੀ ਨੋਟ ਦਿਖਾਇਆ ਗਿਆ ਉਸਦੀ ਫੋਟੋਸਟੇਟ ਕਾਪੀ ਹੀ ਮਾਪਿਆਂ ਨੂੰ ਦਿੱਤੀ ਗਈ। ਉਹ ਸਫ਼ਾ ਗਹੁ ਨਾਲ ਪੜਤਾਲਿਆਂ ਪਤਾ ਲੱਗਦਾ ਹੈ ਕਿ ਉਹ ਡਾਇਰੀ ਦਾ ਸਫ਼ਾ ਹੈ। ਉਹ ਡਾਇਰੀ ਕਿੱਥੇ ਹੈ? ਫੋਟੋਸਟੇਟ ਦਾ ਸਫ਼ਾ ਹੀ ਕਿਉਂ ਦਿੱਤਾ ਗਿਆ। ਉਸ ਡਾਇਰੀ ਨੂੰ ਗੁੰਮ ਕਿਉਂ ਕੀਤਾ ਗਿਆ? ਕੀ ਪਤੈ ਉਸਨੇ ਕਿਸੇ ਹੋਰ ਸਫ਼ੇ ‘ਤੇ ਕੁੱਝ ਹੋਰ ਵੀ ਲਿਖਿਆ ਹੋਵੇ। ਇੱਕ ਤਿੱਖਾ ਸੁਆਲ ਇਹ ਉਠਦਾ ਹੈ ਕਿ ਜਦੋਂ ਸੁਪ੍ਰੀਆ ਦੇ ਮਾਪੇ ਲਿਖਤੀ ਤੌਰ ‘ਤੇ ਪੁਲਸ ਕੋਲ ਐਫ.ਆਈ.ਆਰ. ਦਰਜ ਕਰਾਉਣ ਸਮੇਂ ਲਿਖਕੇ ਦੇ ਕੇ ਆਏ ਹਨ ਕਿ ਡਾ. ਦੀਪਕ ਭੱਟ ਅਤੇ ਡਾ. ਪੁਨੀਤ ਉਸਦੀ ਮੌਤ ਦੇ ਜ਼ਿੰਮੇਵਾਰ ਹਨ ਫ਼ਿਰ ਉਹਨਾਂ ‘ਤੇ ਯੋਗ ਧਾਰਾਵਾਂ ਲਗਾਕੇ ਗ੍ਰਿਫ਼ਤਾਰੀ ਕਿਉਂ ਨਹੀਂ? ਪੁਲਸ ਕਮਿਸ਼ਨਰ ਦਾ ਪ੍ਰੈਸ ਅੱਗੇ ਇਹ ਕਹਿਣਾ ਕਿ ਪੜਤਾਲ ‘ਚ ਜੇ ਉਹ ਦੋਸ਼ੀ ਪਾਏ ਗਏ ਤਾਂ ਕਾਰਵਾਈ ਕੀਤੀ ਜਾਏਗੀ। ਜਦੋਂ ਸੁਪ੍ਰੀਆ, ਮਾਪਿਆਂ ਨੂੰ ਉਹਨਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਬਾਰੇ ਅਗਾਉਂ ਸੂਚਿਤ ਕਰਦੀ ਰਹੀ ਅਤੇ ਮਾਪੇ ਲਿਖਤੀ ਤੌਰ ‘ਤੇ ਦੋਸ਼ੀਆਂ ‘ਤੇ ਉਗਲ ਧਰ ਰਹੇ ਹਨ। ਕੀ ਮਾਪਿਆਂ ਦੇ ਹਲਫ਼ੀਆ ਬਿਆਨ ਦੀ ਕਾਨੂੰਨ ਦੀਆਂ ਨਜ਼ਰਾਂ ‘ਚ ਕੋਈ ਕੀਮਤ ਨਹੀਂ? 

ਪੜਤਾਲੀਆਂ ਕਮੇਟੀਆਂ ਚੋਰ ਮੋਰੀਆਂ ਰਾਹੀਂ ਦੋਸ਼ੀਆਂ ਨੂੰ ਬਰੀ ਕਰਨ ਦਾ ਹੀ ਸਾਧਨ ਬਣਦੀਆਂ ਹਨ। ਪੰਜਾਬ ਅੰਦਰ ਲੋਕ-ਹੱਕਾਂ ਲਈ ਜੂਝਣ ਵਾਲਿਆਂ ਉਪਰ ਪਿਛਲੇ 4-5 ਸਾਲ ਪੁਰਾਣੇ ਕੇਸ ਵੀ ਮੜ੍ਹੇ ਜਾ ਰਹੇ ਹਨ। ਉਹਨਾਂ ਨੂੰ ਝੂਠੇ ਕੇਸਾਂ ‘ਚ ਫਸਾਇਆ ਜਾ ਰਿਹਾ ਹੈ। ਪਰ ਜਦੋਂ ਸੁਪ੍ਰੀਆ ਵਰਗੀਆਂ ਕੁੜੀਆਂ ਦਾ ਮਾਮਲਾ ਹੋਵੇ ਉਸ ਵੇਲੇ ਕਾਨੂੰਨ ਹੋਰ ਦਾ ਹੋਰ ਹੋ ਜਾਂਦਾ ਹੈ।
ਸੁਪ੍ਰੀਆ ਇੱਕਲੀ ਨਹੀਂ। ਪੰਜਾਬ ਅੰਦਰ ਏਸੇ ਮਹੀਨੇ ਹੀ ਰਾਜਵਿੰਦਰ ਕੌਰ ਸੁਨਾਮ ਅਤੇ ਕਰਮਜੀਤ ਕੌਰ ਪਿੰਡ ਟਾਹਲੀਆਂ (ਮਾਨਸਾ) ਨੇ ਖੁਦਕੁਸ਼ੀ ਕੀਤੀ ਹੈ। ਤਿੰਨੇ ਕੁੜੀਆਂ ਮਜ਼ਦੂਰ ਪਰਿਵਾਰਾਂ ‘ਚੋਂ ਹਨ। ਸੁਪ੍ਰੀਆ ਪੜਾਈ ‘ਚ ਅਵੱਲ ਦਰਜੇ ਹਾਸਲ ਕਰਦੀ ਆ ਰਹੀ ਸੀ। ਰਾਜਵਿੰਦਰ ਹਾਕੀ ਦੀ ਮੰਨੀ-ਪ੍ਰਮੰਨੀ ਖਿਡਾਰਨ ਸੀ। ਉਹ ਚਾਰ ਵਾਰ ਸਟੇਟ ਇਕ ਵਾਰ ਨੈਸ਼ਨਲ ਖੇਡਕੇ ਆਈ। ਘਰ ਆਰਥਕ ਤੰਗੀਆਂ ਨੇ ਭੰਨਿਆ ਹੈ। ਸਰਕਾਰ ਨੇ ਸਪੋਰਟਸ ਵਿੰਗ ਰਾਹੀਂ ਮਿਲਦੀ ਸਹਾਇਤਾ ਉਪਰ ਕਾਂਟਾ ਮਾਰ ਦਿੱਤਾ। ਨਿਰਾਸ਼ਤਾ ਦੇ ਆਲਮ ‘ਚ ਘਿਰੀ ਰਾਜਵਿੰਦਰ ਨੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਇਉਂ ਹੀ ਕਰਮਜੀਤ ਈ.ਟੀ.ਟੀ. ਕਰਨ ਉਪਰੰਤ ਆਪਣੇ ਮਾਪਿਆਂ ਦੇ ਨਾਲ ਸੰਘਰਸ਼ ਦੇ ਮੈਦਾਨ ‘ਚ ਕੁੱਦਦੀ ਰਹੀ। ਬੇਰੁਜ਼ਗਾਰੀ ਦੇ ਤੰਦੂਰ ‘ਚ ਸੜਦੀ ਉਹ ਆਫ਼ਤਾਂ ਅੱਗੇ ਹਾਰ ਗਈ।
ਇਹ ਵਰਤਾਰਾ ਸਮਾਜ ਦੇ ਸਭਨਾਂ ਸੰਵੇਦਨਸ਼ੀਲ ਹਿੱਸਿਆਂ ਦਾ ਧਿਆਨ ਖਿੱਚਦਾ ਹੈ। ਇਸ ਕਰਕੇ ਹੀ ਸੁਪ੍ਰੀਆ ਦੇ ਸ਼ਰਧਾਂਜ਼ਲੀ ਸਮਾਗਮ ‘ਤੇ 5 ਅਕਤੂਬਰ ਨੂੰ ਭੋਗਪੁਰ (ਜਲੰਧਰ) ਵਿਖੇ ਰੋਹ-ਭਰਿਆ ਮਾਰਚ, ਹੱਥਾਂ ‘ਚ ਮੋਮਬੱਤੀਆਂ ਲੈ ਕੇ ਕੀਤਾ ਜਾ ਰਿਹਾ ਹੈ। ਇਹ ਮਾਰਚ ਇਕ ਸੁਨੇਹਾ ਹੈ ਕਿ ਸਮਾਜ ਆਪਣੇ ਫ਼ਰਜ਼ਾਂ ਦੀ ਪਹਿਚਾਣ ਕਰਦੇ ਹੋਏ ਅੱਗੇ ਆਏ ਨਹੀਂ ਤਾਂ ਹਨੇਰਾ, ਰੌਸ਼ਨ ਦਿਮਾਗ ਧੀਆਂ ਨੂੰ ਨਿਗਲਦਾ ਰਹੇਗਾ।

ਸੰਪਰਕ: 94170 76735