Showing posts with label Com. Hardev Arshi. Show all posts
Showing posts with label Com. Hardev Arshi. Show all posts

Wednesday, April 04, 2018

ਕੀ ਅੰਮ੍ਰਿਤਸਰ ਤੋਂ ਹੋ ਸਕੇਗੀ ਸੀਪੀਆਈ ਪੰਜਾਬ ਦੀ ਮੁੜ ਨਵੀਂ ਸ਼ੁਰੂਆਤ ?

ਕਾਮਰੇਡ ਸੁਧਾਕਰ ਰੈਡੀ ਨੇ ਮੀਡੀਆ ਨੂੰ ਵੀ ਲੰਮੇ ਹੱਥੀਂ ਲਿਆ 
ਅੰਮ੍ਰਿਤਸਰ: 4 ਅਪਰੈਲ  2018 (ਪੰਜਾਬ ਸਕਰੀਨ ਬਿਊਰੋ)::
ਅੱਤਵਾਦ ਖਿਲਾਫ ਲੜੀ ਗਈ ਲੰਮੀ ਲੜਾਈ ਅਤੇ ਉਸਤੋਂ ਬਾਅਦ ਪੈਦਾ ਹੋਈਆਂ ਹਾਲਤਾਂ ਨੇ ਖੱਬੀ ਮੁਹਿੰਮ 'ਤੇ ਬੁਰੀ ਤਰਾਂ ਅਸਰ ਪਾਇਆ। ਇਸ ਦਾ ਮਾੜਾ ਪ੍ਰਭਾਵ ਸੀਪੀਆਈ 'ਤੇ ਵੀ ਪਿਆ। ਇਸਦੇ ਬਾਵਜੂਦ ਸੀਪੀਆਈ ਨੇ ਆਪਣਾ ਵਿਚਾਰਧਾਰਕ ਪੈਂਤੜਾ ਨਹੀਂ ਬਦਲਿਆ। ਅੱਜ ਦੇ ਨਾਜ਼ੁਕ ਹਾਲਾਤਾਂ ਵਿੱਚ ਵੀ ਸੀਪੀਆਈ ਫਿਰ ਆਪਣੇ ਪੁਰਾਣੇ ਸ਼ਕਤੀਸ਼ਾਲੀ ਸਰੂਪ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ। ਇਸੇ ਦੌਰਾਨ ਸੀਪੀਆਈ ਦੀ 23ਵੀਂ ਸੂਬਾਈ ਪਾਰਟੀ ਕਾਨਫਰੰਸ ਅੰਮ੍ਰਿਤਸਰ ਦੀ ਧਰਤੀ 'ਤੇ ਸ਼ੁਰੂ ਹੋਈ। ਉਹੀ ਧਰਤੀ ਜਿੱਥੇ ਕਦੇ ਸੀਪੀਆਈ ਨੇ ਬਹੁਤ ਵੱਡੀਆਂ ਚੁਣੌਤੀਆਂ ਕਬੂਲੀਆਂ ਸਨ। ਇਹਨਾਂ ਨਾਜ਼ੁਕ ਹਾਲਤਾਂ ਦੌਰਾਨ ਪਾਰਟੀ ਦੀ ਸਥਾਨਕ ਅਗਵਾਈ ਕਾਮਰੇਡ ਸਤਪਾਲ ਡਾਂਗ ਅਤੇ ਕਾਮਰੇਡ ਪਰਦੁੱਮਣ ਸਿੰਘ ਦੇ ਹੱਥਾਂ ਵਿੱਚ ਸੀ। ਕਾਨਫਰੰਸ ਵਾਲੇ ਹਾਲ ਦਾ ਨਾਮ ਉਸ ਇਤਿਹਾਸਿਕ ਸਿਆਸੀ ਜੋੜੀ ਦੇ ਇੱਕ ਅਹਿਮ ਕਾਮਰੇਡ ਪਰਦੁੱਮਣ 'ਤੇ ਸਿੰਘ ਦੇ ਨਾਮ ਰੱਖਿਆ ਗਿਆ ਹੈ। ਉਸ ਦੌਰ ਨੇ ਸੀਪੀਆਈ ਦੀਆਂ ਕੁਰਬਾਨੀਆਂ ਦਾ ਇੱਕ ਨਵਾਂ ਇਤਿਹਾਸ ਰਚਿਆ ਸੀ। ਕਾਮਰੇਡ ਸਤਪਾਲ ਡਾਂਗ ਅਤੇ ਪਰਦੁੱਮਣ ਸਿੰਘ ਨੇ ਰਚਿਆ ਸੀ ਨਵਾਂ ਇਤਿਹਾਸ 
ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਐੱਸ. ਸੁਧਾਕਰ ਰੈਡੀ ਨੇ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਵਿਰੁੱਧ ਅਤੇ ਫਿਰਕੂ ਲੀਹਾਂ 'ਤੇ ਲੋਕਾਂ ਵਿੱਚ ਜਾਤੀਵਾਦੀ ਤੇ ਧਰਮਵਾਦੀ ਫੁੱਟ ਪਾਉਣ ਦੇ ਘਿਨਾਉਣੇ ਮਨਸੂਬਿਆਂ ਵਿਰੁੱਧ ਦੇਸ਼ ਦੇ ਸਮੂਹ ਧਰਮਾਂ ਦੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੋਦੀ ਤੇ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ, ਜੋ ਔਖਾ ਵੀ ਨਹੀਂ ਹੈ, ਜਦ ਕਿ ਕੁਝ ਮੀਡੀਆ ਚੈਨਲ ਜ਼ਰੂਰ ਮੋਦੀ ਦੇ ਗੁਣਗਾਣ ਕਰਨ ਵਿੱਚ ਲੱਗੇ ਹੋਏ ਹਨ, ਜੋ ਕਿ ਲੋਕਤੰਤਰ ਦੇ ਚੌਥੇ ਥੰਮ ਦੀ ਮਰਿਆਦਾ ਦੇ ਉਲਟ ਹੈ। 
ਸਥਾਨਕ ਵਿਸ਼ਵਵਿਦਿਆਲ ਦੇ ਸਾਹਮਣੇ ਕਬੀਰ ਪਾਰਕ ਦੀ ਖੁੱਲੀ ਗਰਾਊਂਡ ਵਿੱਚ ਇੱਕ ਵਿਸ਼ਾਲ ਤੇ ਜੋਸ਼ ਭਰਪੂਰ ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਐੱਸ ਸੁਧਾਕਰ ਨੇ ਹਿੱਕ ਦੇ ਜ਼ੋਰ ਨਾਲ 23ਵੀਂ ਸੂਬਾ ਪੱਧਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਐੱਨ ਡੀ ਏ ਦੀ ਸਰਕਾਰ ਨੇ ਅਮੀਰ-ਗਰੀਬ ਦੇ ਪਾੜੇ ਇੰਨੇ ਵਧਾ ਦਿੱਤੇ ਹਨ ਕਿ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ ਤੇ ਗਰੀਬ ਜਲਾਲਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਕਾਰਪੋਰੇਟ ਸੈਕਟਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਕੇ ਦੇਸ਼ ਦੇ ਹਰ ਪ੍ਰਕਾਰ ਦੇ ਖਣਿਜ ਨੂੰ ਲੁੱਟ ਰਿਹਾ ਹੈ। ਅੰਡਾਨੀ, ਅੰਬਾਨੀ, ਟਾਟੇ ਬਿਰਲੇ ਤੇ ਮਹਿੰਦਰਾ ਸ਼ਿੰਦਰਾ ਵਰਗੇ ਘਰਾਣੇ ਦੇਸ਼ ਦਾ ਸਰਮਾਇਆ ਇੱਕ ਥਾਂ ਇਕੱਠਾ ਕਰੀ ਜਾ ਰਹੇ ਹਨ। ਅੱਜ 90 ਫੀਸਦੀ ਲੋਕ ਆਰਥਿਕ ਸੰਕਟ ਦਾ ਸ਼ਿਕਾਰ ਹਨ ਤੇ ਗਰੀਬ ਨੂੰ ਦੋ ਸਮੇਂ ਦੀ ਰੋਟੀ ਵੀ ਮਿਲਣੀ ਮੁਸ਼ਕਲ ਹੋਈ ਪਈ ਹੈ। ਸਰਕਾਰ ਦੀ ਨੀਤੀ ਜਨਤਕ ਅਦਾਰੇ ਖਤਮ ਕਰਕੇ ਨਿੱਜੀਕਰਨ ਤੇ ਨਵ-ਉਦਾਰੀਕਰਨ ਦੀਆਂ ਨੀਤੀਆਂ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਉਣਾ ਹੈ ਤੇ ਲਾਭ ਵਾਲੇ ਜਨਤਕ ਅਦਾਰੇ ਵੀ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਦਿੱਤੇ ਗਏ ਹਨ, ਜਿਸ ਕਾਰਨ ਬੇਰੁਜ਼ਗਾਰੀ, ਮਹਿੰਗਾਈ ਅਤੇ ਗਰੀਬੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 
ਉਹਨਾਂ ਕਿਹਾ ਕਿ ਭਾਜਪਾ ਦੇ ਜਿਹੜੇ ਵੀ ਪਹਿਲੂ ਨੂੰ ਹੱਥ ਲਾਇਆ ਜਾਵੇ, ਉਹੀ ਹੀ ਵਿਨਾਸ਼ਕਾਰੀ ਸਾਬਤ ਹੋ ਰਿਹਾ ਹੈ। ਰਸਸ ਦੇ ਕੰਟਰੋਲ ਵਾਲੀ ਭਾਜਪਾ ਸਰਕਾਰ ਦੇਸ਼ ਨੂੰ ਫਿਰਕੂ ਤੇ ਜਜ਼ਬਾਤੀ ਲੀਹਾਂ 'ਤੇ ਕਤਾਰਬੰਦ ਕਰਨ 'ਤੇ ਤੁਲੀ ਹੋਈ ਹੈ। ਉਹਨਾ ਕਿਹਾ ਕਿ ਸੀ ਪੀ ਆਈ ਦੀ ਅਗਵਾਈ ਹੇਠ ਅਵਾਮ ਪੰਥੀ ਮੋਰਚਾ ਸਮੁੱਚੇ ਖੱਬੇ ਪੱਖੀ ਧਿਰਾਂ ਨੇ ਪਿਛਾਂਹ-ਖਿੱਚੂ ਆਰਥਿਕ ਨੀਤੀਆਂ ਵਿਰੁੱਧ ਅਤੇ ਫਾਸ਼ੀ ਫਿਰਕੂ ਤਾਕਤਾਂ ਦੇ ਖਤਰੇ ਵਿਰੁੱਧ ਲੜਨ ਲਈ ਸਿਰ 'ਤੇ ਮੜਾਸਾ ਬੰਨ੍ਹ ਲਿਆ ਹੈ ਤੇ ਮੋਦੀ ਸਰਕਾਰ ਨੂੰ ਚਾਰੋਂ ਤਰਫ ਘੇਰ ਕੇ ਉਸ ਦੀਆਂ ਫਿਰਕੂ ਤੇ ਦੇਸ਼ ਵਿਰੋਧੀ ਨੀਤੀਆਂ ਨੂੰ ਨਾਕਾਮ ਕਰਨਾ ਹੈ। ਉਹਨਾਂ ਕਿਹਾ ਕਿ ਸੀ ਪੀ ਆਈ ਵੱਲੋਂ ਜੰਗੀ ਪੱਧਰ 'ਤੇ ਕੋਸ਼ਿਸ਼ਾਂ ਜਾਰੀ ਹਨ ਕਿ 2019 ਦੇ ਚੋਣ ਮਹਾਂਭਾਰਤ ਲਈ ਧਰਮ ਨਿਰਪੱਖ, ਜਮਹੂਰੀ ਤੇ ਆਰਥਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਾਲਾ ਮੋਰਚਾ ਕਾਇਮ ਕੀਤਾ ਜਾਵੇ ਤਾਂ ਕਿ ਫਾਸ਼ੀਵਾਦੀਆਂ ਨੂੰ ਪਛਾੜਿਆ ਜਾ ਸਕੇ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਆਦਿ ਸੂਬਿਆਂ ਵਿੱਚ ਹੋਈਆਂ ਉਪ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਤੇ ਭਾਜਪਾ ਦਾ ਪਾਣੀ ਲਹਿਣਾ ਸ਼ੁਰੂ ਹੋ ਗਿਆ ਹੈ। ਉਹਨਾ ਕਿਹਾ ਕਿ ਦੇਸ਼ ਦੀ ਆਰਥਿਕਤਾ ਤੇ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ਫਿਰਕੂਵਾਦੀ ਭਾਜਪਾ ਤੇ ਉਸ ਦੇ ਸਹਿਯੋਗੀਆਂ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ, ਜਿਸ ਦਾ ਮੁੱਢ ਪੰਜਾਬ ਦੇ ਲੋਕਾਂ ਨੇ ਬੰਨ੍ਹ ਦਿੱਤਾ ਹੈ। ਉਹਨਾ ਕਿਹਾ ਕਿ ਦੇਸ਼ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਸੈਂਕੜੇ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ, ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਹਨਾ ਕਿਹਾ ਕਿ ਜਿਸ ਤਰੀਕੇ ਨਾਲ ਮਹਾਂਰਾਸ਼ਟਰ ਵਿੱਚ ਲਾਲ ਝੰਡੇ ਦੀ ਕਮਾਂਡ ਹੇਠ ਕਿਸਾਨਾਂ ਨੇ ਇੱਕ ਮਾਰਚ ਕਰਕੇ ਸਰਕਾਰ ਦੀ ਬੋਲਤੀ ਬੰਦ ਕਰ ਦਿੱਤੀ ਸੀ, ਅਜਿਹਾ ਹੀ ਮੋਰਚਾ ਪੂਰੇ ਭਾਰਤ ਵਿੱਚ ਸਥਾਪਤ ਕਰਨ ਦੀ ਲੋੜ ਹੈ। ਉਹਨਾ ਕਿਹਾ ਕਿ ਵਿਦਿਅਕ ਅਦਾਰੇ ਦੇਸ਼ ਦੇ ਭਵਿੱਖ ਦੇ ਨਿਰਮਾਤਾ ਹੁੰਦੇ ਪਰ ਦੇਸ਼ ਦੇ ਸਭ ਵੱਡੇ ਵਿਸ਼ਵ ਵਿਦਿਆਲੇ ਜੇ ਐੱਨ ਯੂ ਨੂੰ ਬਰਬਾਦ ਕਰਨ ਵਿੱਚ ਭਾਜਪਾ ਨੇ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਵਿਦਿਆਰਥੀਆਂ ਨੇ ਜੇਲ੍ਹਾਂ ਕੱਟ ਕੇ ਵੀ ਇਸ ਨੂੰ ਬਚਾਉਣ ਵਿੱਚ ਪੂਰਾ-ਪੂਰਾ ਯੋਗਦਾਨ ਪਾਇਆ ਹੈ ਤੇ ਭਗਵਾਂਧਾਰੀਆਂ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਮਰੇਡ ਅਮਰਜੀਤ ਕੌਰ ਜਨਰਲ ਸਕੱਤਰ ਏਟਕ ਨੇ ਕਿਰਤੀਆਂ ਦੇ ਅਧਿਕਾਰਾਂ 'ਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਅਤੇ ਸਮੁੱਚੇ ਲੋਕਾਂ ਦੇ ਹਿੱਤਾਂ ਲਈ ਲੜਨ ਵਾਸਤੇ ਅੱਗੇ ਆਉਣ ਤਾਂ ਜੋ ਜਮਹੂਰੀ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਪ੍ਰਸਿੱਧ ਅੰਗਰੇਜ਼ੀ ਸਪਤਾਹਿਕ ਅਖਬਾਰ ਦੇ ਨਿਊਏਜ਼ ਦੇ ਮੁੱਖ ਸੰਪਾਦਕ ਕਾਮਰੇਡ ਸ਼ਮੀਮ ਫੈਜ਼ੀ ਨੇ ਕਿਹਾ ਕਿ ਕੇਵਲ ਕਿਰਤੀ ਜਨਤਾ ਹੀ ਨਹੀਂ, ਸਗੋਂ ਬੁੱਧੀਜੀਵੀ ਵਰਗ ਵੀ ਸਰਕਾਰ ਦੀਆਂ ਅਸਹਿਣਸ਼ੀਲਤਾ ਦੀਆਂ ਕਾਰਵਾਈਆਂ ਵਿਰੁੱਧ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਲੜ ਰਿਹਾ ਹੈ। ਉਹਨਾ ਕਿਹਾ ਕਿ ਬੁੱਧੀਜੀਵੀ ਵਰਗ ਨੂੰ ਆਪਣਾ ਪੱਖ ਪੂਰੀ ਜ਼ਿੰਮੇਵਾਰੀ ਨਾਲ ਪੇਸ਼ ਕਰਨਾ ਚਾਹੀਦਾ ਹੈ, ਕਿਉਂਕਿ ਦੇਸ਼ ਨੂੰ ਸਹੀ ਅਗਵਾਈ ਬੁੱਧੀਜੀਵੀ ਵਰਗ ਹੀ ਦੇ ਸਕਦਾ ਹੈ।
ਕਾਮਰੇਡ ਅਤੁਲ ਅਨਜਾਣ ਜਨਰਲ ਸਕੱਤਰ ਕੁਲ ਹਿੰਦ ਕਿਸਾਨ ਸਭਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਨੀਤੀਆਂ ਖੇਤੀ ਦੇ ਸੰਕਟ ਨੂੰ ਹੋਰ ਵੀ ਵਿਗਾੜ ਰਹੀਆਂ ਹਨ ਅਤੇ ਕਿਸਾਨਾਂ, ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਵੱਲ ਧੱਕ ਰਹੀਆਂ ਹਨ। ਉਹਨਾ ਕਿਹਾ ਕਿ ਦੇਸ਼ ਦੀ ਖੁਸ਼ਹਾਲੀ ਦੇ ਪ੍ਰਤੀਕ ਸਿਰਫ ਕਿਸਾਨ ਹਨ, ਜਿਹੜੇ ਦੇਸ਼ ਦੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਅਨਾਜ ਪੈਦਾ ਕਰਕੇ ਖਵਾ ਰਹੇ ਹਨ। ਕਾਮਰੇਡ ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਪੰਜਾਬ ਨੇ ਸਾਰੇ ਪੰਜਾਬ ਵਿੱਚੋਂ ਖਾਸ ਕਰਕੇ ਮਾਝਾ ਖੇਤਰ ਵਿੱਚੋਂ ਵੱਡੀ ਗਿਣਤੀ ਵਿੱਚ ਆਏ ਸਾਥੀਆਂ ਨੂੰ ਜੀ ਆਇਆਂ ਕਿਹਾ, ਜਿਹਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਨੌਜਵਾਨ, ਮਜ਼ਦੂਰ , ਮੁਲਾਜ਼ਮ ਤੇ ਕਿਸਾਨ ਸਨ ਅਤੇ ਜੋ ਲਾਲ ਝੰਡੇ ਲਹਿਰਾਅ ਰਹੇ ਸਨ ਅਤੇ ਕਮਿਊਨਿਸਟ ਪਾਰਟੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਉਹਨਾਂ ਪੰਜਾਬ ਦੀ ਕੈਪਟਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਵਿੱਚ ਸਰਕਾਰ ਨਾਕਾਮ ਹੀ ਨਹੀਂ ਰਹੀ, ਸਗੋਂ ਵਾਅਦਿਆਂ ਤੋਂ ਭੱਜ ਰਹੀ ਹੈ। ਉਹਨਾ ਕਿਹਾ ਕਿ ਸੀ ਪੀ ਆਈ ਵੱਲੋਂ ਲੋੜ ਪੈਣ 'ਤੇ ਅੰਦੋਲਨ ਛੇੜਿਆ ਜਾਵੇਗਾ ਤਾਂ ਕਿ ਸੂਬੇ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ।
ਡਾ. ਜੋਗਿੰਦਰ ਦਿਆਲ ਕੌਮੀ ਕਾਰਜਕਾਰਨੀ ਮੈਂਬਰ ਸੀ ਪੀ ਆਈ ਨੇ ਲੋਕਾਂ ਨੂੰ ਰਸਸ ਦੇ ਮਨਸੂਬੇ ਫੇਲ੍ਹ ਕਰਨ ਲਈ ਵਿਸ਼ਾਲ ਸਾਂਝੇ ਘੋਲਾਂ ਦਾ ਸੱਦਾ ਦਿੱਤਾ, ਜੋ ਘੱਟ ਗਿਣਤੀਆਂ ਅਤੇ ਕਮਜ਼ੋਰ ਤਬਕਿਆਂ 'ਤੇ ਹਮਲੇ ਕਰ ਰਹੀ ਹੈ।
ਕਾਮਰੇਡ ਜਗਰੂਪ ਨੇ ਦੁਨੀਆ ਭਰ ਦੇ ਮਿਹਨਤਕਸ਼ਾਂ ਨੂੰ ਇੱਕ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਦੁਨੀਆ ਦੇ ਮਿਹਨਤਕਸ਼ ਆਪਣੇ ਹੱਕਾਂ ਲਈ ਜੂਝ ਰਹੇ ਹਨ, ਪਰ ਸਰਮਾਏਦਾਰ ਸਰਕਾਰ ਮਿਹਨਤਕਸ਼ਾਂ ਦਾ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀਆਂ। ਉਹਨਾ ਕਿਹਾ ਕਿ ਪਾਰਟੀ ਦਾ ਕੌਮੀ ਸੰਮੇਲਨ ਕੇਰਲਾ ਵਿੱਚ ਹੋ ਰਿਹਾ ਹੈ, ਜਿਸ ਵਿੱਚ ਅਹਿਮ ਫੈਸਲੇ ਲਏ ਜਾਣੇ ਹਨ। ਉਹਨਾ ਕਿਹਾ ਕਿ ਸੀ ਪੀ ਆਈ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਇੱਕ ਮਜ਼ਬੂਤ ਮੋਰਚਾ ਬਣਾਏਗੀ ਤਾਂ ਕਿ 2019 ਦੀਆਂ ਚੋਣਾਂ ਦੀ ਜੰਗ ਜਿੱਤੀ ਜਾ ਸਕੇ। ਰੈਲੀ ਨੂੰ ਕੌਮੀ ਕੌਂਸਲ ਦੇ ਮੈਂਬਰ ਬੰਤ ਬਰਾੜ, ਸੁਆਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਅਮਰਜੀਤ ਆਸਲ, ਜ਼ਿਲ੍ਹਾ ਸਕੱਤਰ (ਸ਼ਹਿਰੀ) ਸਾਥੀ ਵਿਜੈ ਕੁਮਾਰ, ਦਿਹਾਤੀ ਸਕੱਤਰ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਵੀ ਸੰਬੋਧਨ ਕੀਤਾ। 
ਇਸ ਰੈਲੀ ਦੀ ਪ੍ਰਧਾਨਗੀ ਸਰਵ ਸਾਥੀ ਵਿਜੈ ਕੁਮਾਰ, ਕਾਮਰੇਡ ਦਸਵਿੰਦਰ ਕੌਰ, ਗੁਰਨਾਮ ਕੌਰ ਸਰਪੰਚ, ਜਗਤਾਰ ਸਿੰਘ ਮਹਿਲਾਂਵਾਲਾ ਅਤੇ ਗੁਰਦੀਪ ਸਿੰਘ ਗੁਰੂਵਾਲੀ ਨੇ ਕੀਤੀ। ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਅੰਮ੍ਰਿਤਸਰ ਤੇ ਦੂਜੇ ਜ਼ਿਲ੍ਹਿਆਂ ਤੋਂ ਆਏ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 23ਵੀਂ ਸੂਬਾ ਪੱਧਰੀ ਕਾਨਫਰੰਸ ਅੱਜ ਸ਼ਾਮ ਨੂੰ ਰਾਜੂ ਪੈਲੇਸ ਵਿਖੇ ਸ਼ੁਰੂ ਹੋਵੇਗੀ, ਜਿਸ ਦਾ ਉਦਘਾਟਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਕਰਨਗੇ। ਸੂਬਾ ਸਕੱਤਰ ਵੱਲਂੋ ਪੇਸ਼ ਰਿਪੋਰਟ 'ਤੇ ਬਹਿਸ ਅਤੇ ਹੋਰ ਵਿਚਾਰਾਂ 6 ਅਪ੍ਰੈਲ ਤੱਕ ਚੱਲਣਗੀਆਂ, ਜਿਸ ਦੀ ਪ੍ਰਵਾਨਗੀ ਮਗਰੋਂ ਪਾਰਟੀ ਕਾਂਗਰਸ ਲਈ ਡੈਲੀਗੇਟਾਂ ਦੀ ਚੋਣ ਅਤੇ ਨਵੀਂ ਸੂਬਾ ਕੌਂਸਲ ਚੁਣੀ ਜਾਵੇਗੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਫੈਸਲੇ ਕੀਤੇ ਜਾਣਗੇ।

Friday, March 30, 2018

ਸੀਪੀਆਈ ਦੀ 23ਵੀਂ ਸੂਬਾ ਕਾਨਫਰੰਸ 4 ਤੋਂ 6 ਅਪਰੈਲ ਤੱਕ ਅੰਮ੍ਰਿਤਸਰ ਵਿੱਚ

ਕਾਮਰੇਡ ਅਰਸ਼ੀ ਨੂੰ ਹੀ ਦੁਬਾਰਾ ਸਕੱਤਰ ਚੁਣੇ ਜਾਣ ਦੀ ਸੰਭਾਵਨਾ 
ਚੰਡੀਗੜ: 29 ਮਾਰਚ 2018: (ਪੰਜਾਬ ਸਕਰੀਨ ਬਿਊਰੋ)::  
ਸੀ ਪੀ ਆਈ ਦੀ ਪੰਜਾਬ ਸੂਬਾ ਕੌਂਸਲ ਨੇ ਪੰਜਾਬ ਦੀ ਆਰਥਿਕ ਅਤੇ ਸਮਾਜਿਕ ਹਾਲਤਾਂ ਬਾਰੇ ਖਰੜਾ ਰਿਪੋਰਟ 'ਤੇ ਵਿਸ਼ੇਸ਼ ਵਿਚਾਰ ਕੀਤੀ। ਇਹ ਰਿਪੋਰਟ ਅੰਮ੍ਰਿਤਸਰ ਦੀ ਉਸ ਇਤਿਹਾਸਿਕ ਧਰਤੀ 'ਤੇ ਪੇਸ਼ ਕੀਤੀ ਜਾਣੀ ਹੈ ਜਿੱਥੇ ਕਦੇ ਸੀਪੀਆਈ ਨੇ ਸਿਰ ਧੜ ਦੀ ਬਾਜ਼ੀ ਲਗਾ ਕੇ "ਫਿਰਕਪਰ੍ਸਤੀ" ਵਿਰੁੱਧ ਜੰਗ ਲੜੀ ਸੀ। ਇਹ ਉਹ ਦਿਨ ਸਨ ਜਦੋਂ ਪਾਰਟੀ ਦਾ ਦਫਤਰ ਅਤੇ ਪਾਰਟੀ ਦੇ ਲੀਡਰ ਖਤਰਿਆਂ ਵਿੱਚ ਸਨ।  ਉਸ ਧਰਤੀ 'ਤੇ ਪਾਰਟੀ ਦੀ ਵਿਸ਼ੇਸ਼ ਕਾਨਫਰੰਸ 4-5-6 ਅਪਰੈਲ 2018 ਨੂੰ  ਹੋਣ ਜਾ ਰਹੀ ਹੈ। ਇਹ ਇਕੱਤਰਤਾ ਪਾਰਟੀ ਦੀ 23ਵੀਂ ਸੂਬਾ ਪਾਰਟੀ ਕਾਨਫਰੰਸ ਹੋਵੇਗੀ। ਇਸ ਮੌਕੇ ਤੇ ਪਾਰਟੀ ਦੇ ਜੱਥੇਬੰਦਕ ਢਾਂਚੇ ਵਿੱਚ ਵੀ ਤਬਦੀਲੀ ਆ ਸਕਦੀ ਹੈ ਅਤੇ ਨੀਤੀਆਂ ਵਿੱਚ ਵੀ। ਇਸ ਕਾਨਫਰੰਸ ਮਗਰੋਂ ਸਿਆਸੀ ਸਮੀਕਰਨ ਵੀ ਬਦਲ ਸਕਦੇ ਹਨ। ਸਮਝਿਆ ਜਾ ਰਿਹਾ  ਹੈ ਕਿ ਇਸ ਕਾਮਰੇਡ ਅਰਸ਼ੀ ਨੂੰ ਹੀ ਦੁਬਾਰਾ ਸੂਬਾ ਸਕੱਤਰ ਚੁਣ ਲਿਆ ਜਾਵੇਗਾ।  ਪਾਰਟੀ ਦੇ ਜੱਥੇਬੰਕ ਢਾਂਚੇ ਨੂੰ ਨਵੀਂ ਬਣਤਰ ਦੇਂਦਿਆਂ ਪਰਧਾਨ ਦਾ ਅਹੁਦਾ ਸਿਰਜੇ ਜਾਣ ਦੀ ਵੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਆਮ ਤੌਰ ਤੇ ਕਮਿਊਨਿਸਟ ਪਾਰਟੀਆਂ ਵਿੱਚ ਸਿਰਫ ਸਕੱਤਰ ਦੀ ਪੋਸਟ ਹੁੰਦੀ ਹੈ। 
ਅੰਮਰਿਤਸਰ ਦੀ ਪਾਵਨ ਧਰਤੀ 'ਤੇ ਇਹ ਸੰਮੇਲਨ ਉਦੋਂ ਹੋ ਰਿਹਾ ਹੈ ਜਦੋਂ ਸੂਬੇ ਵਿੱਚ ਕਾਂਗਰਸ ਸਰਕਾਰ ਹੈ ਪਾਰ ਇਹ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਪੂਰਾ ਨਹੀਂ ਉਤਰ ਸਕੀ। ਸੀਪੀਆਈ ਇਸ ਮੁੱਦੇ 'ਤੇ ਕਾਂਗਰਸ ਸਰਕਾਰ ਦੇ ਖਿਲਾਫ ਸਖਤ ਰੁੱਖ ਅਪਣਾਉਂਦੀ ਹੈ ਜਾਂ ਨਹੀਂ ਇਸਦਾ ਪਤਾ ਇਸ ਕਾਨਫਰੰਸ ਵਿੱਚ ਹੀ ਲੱਗਣਾ ਹੈ। ਖੁਦਕੁਸ਼ੀਆਂ, ਅਮਨ ਕਾਨੂੰਨ ਦੀ ਹਾਲਤ, ਬਿਜਲੀ ਦੀਆਂ ਦਰਾਂ ਵਿੱਚ ਵਾਧਾ ਅਤੇ ਹੋਰ ਕਈ ਗੱਲਾਂ ਹਨ ਜਿਹਨਾਂ ਨੂੰ ਲੈ ਕੇ ਸੀਪੀਆਈ ਦੇ ਕੇਦਰ ਵਿੱਚ ਤਿੱਖਾ ਰੋਸ ਹੈ। ਇਸ ਤਿੱਖੇ ਰੋਸ ਦੇ ਬਾਵਜੂਦ ਪਾਰਟੀ ਕੋਈ ਅਜਿਹਾ ਕਦਮ ਨਹੀਂ ਚੁੱਕ ਸਕਦੀ ਜਿਸ ਨਾਲ ਮੋਦੀ ਸਰਕਾਰ ਜਾਂ ਇਸਦੇ ਭਾਈਵਾਲ ਅਕਾਲੀ ਦਲ ਨੂੰ ਕੋਈ ਫਾਇਦਾ ਪਹੁੰਚ ਸਕਦਾ ਹੋਵੇ। ਇਸ ਲਈ ਸਮਾਂ ਨਾਜ਼ੁਕ ਹੈ। ਇਸ ਵਿੱਚ ਫੌਰੀ ਸੰਘਰਸ਼ਾਂ ਦੇ ਨਾਲ ਨਾਲ ਲੰਮੇ ਸੰਘਰਸ਼ਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਹੈ। 
ਸੂਬਾ ਕਾਨਫਰੰਸਾਂ ਦਾ ਸਿਲਸਿਲਾ ਮੁੱਕਣ ਮਗਰੋਂ ਸੀਪੀਆਈ ਦੀ 23ਵੀਂ  ਕੌਮੀ ਕਾਨਫਰੰਸ ਕੋਲਮ (ਕੇਰਲਾ) ਵਿੱਚ 23 ਤੋਂ 25 ਅਪਰੈਲ ਤੱਕ ਹੋਣੀ ਹੈ। 
ਇਸ ਮੌਕੇ ਕਿ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸਬੰਧਤ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਹੋਣੀ ਹੈ। ਇਸ ਖਰੜਾ ਰਿਪੋਰਟ ਨੇ ਇਹ ਵੀ ਧਿਆਨ ਦੁਆਇਆ ਹੈ ਕਿ ਸਾਡਾ ਰਾਜ ਖੇਤੀਬਾੜੀ ਅਤੇ ਉਦਯੋਗਿਕ ਦੋਹਾਂ ਖੇਤਰਾਂ ਵਿਚ ਗੰਭੀਰ ਆਰਥਿਕ ਸੰਕਟ 'ਚੋਂ ਲੰਘ ਰਿਹਾ ਹੈ। ਕਰਜ਼ਾ ਗਰਸਤ  ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਹਨ। ਕਾਂਗਰਸ ਰਾਜ ਦੇ ਇਕ ਸਾਲ ਵਿਚ ਹੀ ਅਜਿਹੀਆਂ ਖੁਦਕੁਸ਼ੀਆਂ ਦੀ ਗਿਣਤੀ ਚਾਰ ਸੌ ਤੱਕ ਜਾ ਪੁੱਜੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ, ਖੇਤ ਮਜ਼ਦੂਰਾਂ ਦੇ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ, ਪਰ ਚੋਣਾਂ ਜਿੱਤਣ ਮਗਰੋਂ ਇਸ ਨੂੰ ਲਾਗੂ ਕਰਨ ਦੀ ਥਾਂ ਅੰਕੜਿਆਂ ਦੇ ਲਾਰੇ-ਲੱਪੇ ਲਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਕੀਤੇ ਹੋਰ ਵਾਅਦੇ ਵੀ ਅਮਲ ਵਿਚ ਨਹੀਂ ਲਿਆਂਦੇ ਗਏ। ਜਿਵੇਂ ਬੇਰੁਜ਼ਗਾਰਾਂ ਲਈ ਨੌਕਰੀ, ਪੈਨਸ਼ਨ ਤੇ ਸ਼ਗਨ ਸਕੀਮ ਦੀ ਰਕਮ ਵਧਾਉਣਾ ਆਦਿ।
ਕਾਮਰੇਡ ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਨੇ ਰਿਪੋਰਟ ਦਾ ਖਰੜਾ ਪੇਸ਼ ਕੀਤਾ ਅਤੇ ਕਿਹਾ ਕਿ ਇਹ ਸੂਬਾ ਕਾਨਫਰੰਸ ਸੀ ਪੀ ਆਈ ਨੂੰ ਮਜ਼ਬੂਤ ਕਰਨ ਲਈ ਢੰਗ-ਤਰੀਕਿਆਂ 'ਤੇ ਵਿਚਾਰ ਕਰੇਗੀ। 
ਸੂਬਾ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ 4 ਅਪਰੈਲ ਨੂੰ ਸਵੇਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਕਬੀਰ ਪਾਰਕ ਵਿਚ ਇਕ ਜਨਤਕ ਰੈਲੀ ਕੀਤੀ ਜਾਵੇਗੀ, ਜਿਸ ਨੂੰ ਸੂਬਾ ਅਤੇ ਕੇਂਦਰੀ ਆਗੂਆਂ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਮੁਖਾਤਬ ਕਰਨਗੇ। ਕਾਨਫਰੰਸ ਵਿਚ ਰਾਜ ਭਰ ਵਿਚੋਂ 300 ਦੇ ਲੱਗਭੱਗ ਡੈਲੀਗੇਟ ਭਾਗ ਲੈਣਗੇ।
ਸੂਬਾ ਕੌਂਸਲ, ਜਿਸ ਦੀ ਮੀਟਿੰਗ ਦੀ ਪਰਧਾਨਗੀ ਸਰਵਸਾਥੀ ਗੁਲਜ਼ਾਰ ਸਿੰਘ ਗੁਰਦਾਸਪੁਰ, ਲਖਬੀਰ ਸਿੰਘ ਨਿਜ਼ਾਮਪੁਰਾ ਅਤੇ ਬੀਬੀ ਨਰਿੰਦਰਪਾਲ ਨੇ ਕੀਤੀ, ਨੇ ਭਖਦੇ ਮਸਲਿਆਂ 'ਤੇ ਕਈ ਮਤੇ ਪਾਸ ਕੀਤੇ। 
ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ਾਂ ਬਾਰੇ ਇਕ ਮਤੇ ਵਿਚ ਕਿਹਾ ਕਿ ਠੇਕਾ ਅਧਿਆਪਕ, ਆਂਗਣਵਾੜੀ ਅਤੇ ਦੂਜੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਹਨ, ਜਿਹਨਾਂ ਨਾਲ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵਾਅਦੇ ਕੀਤੇ ਸਨ, ਪਰ ਉਹਨਾਂ ਨੂੰ ਮੰਨਣ ਦੀ ਥਾਂ ਉਹਨਾਂ ਉੱਤੇ ਜਬਰ ਕੀਤਾ ਜਾਂਦਾ ਹੈ। ਲੁਧਿਆਣਾ ਵਿਚ ਅਤੇ ਹੋਰ ਥਾਵਾਂ ਦੇ ਪੁਰਅਮਨ ਰੋਸ ਵਖਾਵਿਆਂ ਉੱਤੇ ਵੀ ਦਮਨ ਕੀਤਾ ਗਿਆ। ਕਾਰਪੋਰੇਸ਼ਨ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਅਤੇ ਕਿ ਹੋਰ ਅਹਿੱਮ ਗੱਲਾਂ ਤੇ ਵੀ ਪਾਰਟੀ ਕਾਨਫਰੰਸ ਵਿੱਚ ਖੁਲ ਕੇ ਵਿਚਾਰ ਹੋਵੇਗੀ। ਇਹਨਾਂ ਵਿਚਾਰਾਂ ਦੀ ਰੌਸ਼ਨੀ ਵਿੱਚ ਪਾਰਟੀ ਦੀ ਸਿਆਸੀ ਲਾਈਨ ਵਿੱਚ ਕੁਝ ਹੋਰ ਸਖਤੀ ਆਉਣ ਦੀ ਵੀ ਸੰਭਾਵਨਾ ਹੈ। 

Thursday, February 22, 2018

ਚੋਣ ਕਮਿਸ਼ਨ ਦੇ ਅਧਿਕਾਰਾਂ ਵਿੱਚ ਵਾਧਾ ਹੋਵੇ--ਕਾਮਰੇਡ ਹਰਦੇਵ ਅਰਸ਼ੀ

ਕਮਿਊਨਿਸਟ ਉਮੀਦਵਾਰ ਵੋਟਰਾਂ ਦੀ ਅਮਾਨਤ ਵਿੱਚ ਖਿਆਨਤ ਨਹੀਂ ਕਰਦੇ 
ਲੁਧਿਆਣਾ: 21 ਫਰਵਰੀ 2018: (ਪਰਦੀਪ ਸ਼ਰਮਾ//ਪਰਮਿੰਦਰ ਕੌਰ//ਪੰਜਾਬ ਸਕਰੀਨ ਟੀਮ)::
ਜਦੋਂ ਸ਼ਰਾਬਾਂ-ਕਬਾਬਾਂ, ਧੰਨ ਦੌਲਤ ਅਤੇ ਗੁੰਡਾਗਰਦੀ ਦੇ ਜ਼ੋਰ ਨਾਲ ਚੋਣਾਂ ਜਿੱਤੀਆਂ ਜਾਂਦੀਆਂ ਹੋਣ ਤਾਂ ਉਦੋਂ ਲੋਕਤੰਤਰ ਖਤਰੇ ਵਿੱਚ ਹੁੰਦਾ ਹੈ। ਬਾਹੂਬਲੀ ਅਖਵਾਉਣ ਵਾਲੇ ਅਨਸਰ ਵੱਖ ਵੱਖ ਭੇਸ ਧਾਰ ਕੇ ਵੋਟਰਾਂ ਕੋਲੋਂ ਵੋਟਾਂ ਹਥਿਆ ਕੇ ਲੈ ਜਾਂਦੇ ਹਨ। ਅਜਿਹੀ ਨਾਜ਼ੁਕ ਹਾਲਤ ਦੇ ਬਾਵਜੂਦ ਕਮਿਊਨਿਸਟਾਂ ਵੱਲੋਂ ਚੋਣਾਂ ਲੜਣਾ ਹਨੇਰੀ ਸਾਹਮਣੇ ਚਿਰਾਗ ਜਗਾਉਣ ਵਾਲੀ ਗੱਲ ਹੈ। ਲੋਕ ਸ਼ਕਤੀ ਦੇ ਆਸਰੇ ਅਜਿਹੇ ਕਰਿਸ਼ਮੇ ਅਕਸਰ ਹੁੰਦੇ ਵੀ ਹਨ। ਜਦੋਂ ਲੋਕ ਕਿਸੇ ਨੂੰ ਆਪਣੇ ਮਨਾਂ ਵਿੱਚ ਵਸਾ ਕੇ ਲਾਮਬੰਦ ਹੋ ਜਾਂਦੇ ਹਨ ਤਾਂ ਉਦੋਂ ਅਜਿਹੇ ਲਾਲਚ ਅਤੇ ਦਾਬੇ ਬੁਰੀ ਤਰਾਂ ਨਾਕਾਮ ਹੋ ਜਾਇਆ ਕਰਦੇ ਹਨ। ਇਹ ਭਾਵਨਾ ਅੱਜ ਸੀਪੀਆਈ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ "ਪੰਜਾਬ ਸਕਰੀਨ" ਨਾਲ ਗੱਲਬਾਤ ਦੌਰਾਨ ਪਰ੍ਗਟ ਕੀਤੀ। ਕਾਮਰੇਡ ਅਰਸ਼ੀ ਲੁਧਿਆਣਾ ਦੇ ਵਾਰਡ ਨੰਬਰ ਵਿੱਚ ਸੀਪੀਆਈ ਉਮੀਦਵਾਰ ਕਾਮਰੇਡ ਰਣਧੀਰ ਸਿੰਘ ਧੀਰਾ ਦੀ ਚੋਣ ਮੁਹਿੰਮ ਨੂੰ ਹੋਰ ਭਖਾਉਣ ਲਿਆਏ ਹੋਏ ਸਨ। ਜ਼ਿਕਰਯੋਗ ਹੈ ਕਾਮਰੇਡ ਧੀਰਾ ਇਸ ਇਲਾਕੇ ਦੇ ਹਰਮਨ ਪਿਆਰੇ ਵਿਅਕਤੀ ਹਨ।
ਪੰਜਾਬ ਸਕਰੀਨ ਨਾਲ ਮੁਲਾਕਾਤ ਦੌਰਾਨ ਉਹਨਾਂ ਇਸ ਗੱਲ ਦਾ ਯਕੀਨ ਦੁਹਰਾਇਆ ਕਿ ਭਾਵੇਂ ਅੱਜ ਦੀ ਸਿਆਸਤ ਵਿੱਚ ਦਲਬਦਲੀ ਇੱਕ ਆਮ ਗੱਲ ਹੋ ਚੁੱਕੀ ਹੈ ਫਿਰ ਵੀ ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿ ਜਿੱਤਣ ਤੋਂ ਬਾਅਦ ਕਮਿਊਨਿਸਟ ਕਦੇ ਵੀ ਦਲਬਦਲੀ ਨਹੀਂ ਕਰਦਾ।  ਉਹਨਾਂ ਕਿਹਾ ਇਤਿਹਾਸ ਗਵਾਹ ਹੈ ਕਿ ਕਦੇ ਵੀ ਕਿਸੇ ਕਮਿਊਨਿਸਟ ਨੇ ਕਦੇ ਵੀ ਦਲਬਦਲੀ ਨਹੀਂ ਕੀਤੀ। ਅੱਜ ਦੀ ਸਿਆਸਤ ਦਾ ਅੰਗ ਬਣ ਚੁੱਕੇ ਭਰਿਸ਼ਟਾਚਾਰ ਦੇ ਬਾਵਜੂਦ ਕਿਸੇ ਵੀ ਕਮਿਊਨਿਸਟ ਵਜ਼ੀਰ, ਕਮਿਊਨਿਸਟ ਮੁੱਖ ਮੰਤਰੀ ਜਾਂ ਕਮਿਊਨਿਸਟ ਐਮਪੀ ਜਾਂ ਐਮ ਐਲ ਏ ਨੇ ਕੋਈ ਕੁਰੱਪਸ਼ਨ ਨਹੀਂ ਕੀਤੀ। ਅਜਿਹਾ ਕੋਈ ਮਾਮਲਾ ਇਤਿਹਾਸ ਵਿੱਚ ਹੈਂ ਮਿਲਦਾ। ਉਹਨਾਂ ਇਸ ਸਬੰਧ ਵਿੱਚ ਕੇਂਦਰ ਸਰਕਾਰ, ਪੱਛਮੀ ਬੰਗਾਲ, ਕੇਰਲ ਅਤੇ ਤਰਿਪੁਰਾ ਹਕੂਮਤਾਂ ਦੇ ਸ਼ਾਨਾਂਮੱਤੇ ਹਵਾਲੇ ਵੀ ਦਿੱਤੇ। ਲੁਧਿਆਣਾ ਦੀ ਨਗਰਨਿਗਮ ਚੋਣਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁਖਦ ਹੈਰਾਨੀ ਵਾਕਈ ਗੱਲ ਹੈ ਕਿ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਲੁਧਿਆਣਾ ਦਾ ਵਿਕਾਸ ਨਹੀਂ ਹੋਇਆ। ਅਜੇ ਵੀ ਇਥੋਂ ਦੀਆਂ ਸਮੱਸਿਆਵਾਂ ਬੇਹੱਦ ਗੰਭੀਰ ਹਨ। ਉਹਨਾਂ ਕਿਹਾ ਕਿ ਅਸਲ ਵਿੱਚ ਸਿਰਫ ਚੌਥਾ ਹਿੱਸਾ ਫ਼ੰਡ ਹੀ ਵਿਕਾਸ ਦੇ ਨਾਮ 'ਤੇ ਖਰਚ ਹੁੰਦੇ ਹਨ ਬਾਕੀ ਦਾ ਸਾਰਾ ਪੈਸੇ  ਕਮਿਸ਼ਨਾਂ ਅਤੇ ਭਰਿਸ਼ਟਾਚਾਰ ਦੀ ਭੇਟ ਚੜ ਜਾਂਦਾ ਹੈ। ਉਹਨਾਂ ਚਿਰਾਂ ਤੋਂ ਲਟਕ ਰਹੀ ਬੁੱਢੇ ਨਾਲੇ ਦੀ ਸਮੱਸਿਆ ਦਾ ਵੀ ਜ਼ਿਕਰ ਕੀਤਾ।  
ਉਹਨਾਂ ਅਪੀਲ ਕੀਤੀ ਕਿ ਲੋਕ ਸਿਆਸਤ ਅਤੇ ਧਾਰਮਿਕ ਜਕੜਣ ਤੋਂ ਮੁਕਤ ਹੋ ਕੇ ਸਿਰਫ ਉਹਨਾਂ ਉਮੀਦਵਾਰਾਂ ਨੂੰ ਵੋਟ ਪਾਉਣ ਜਿਹੜੇ ਸੱਚਮੁੱਚ ਵਿਕਾਸ ਕਰ ਸਕਣ। ਅਜਿਹੀ ਸਮਰਥਾ ਇਸ ਵੇਲੇ ਕੇਵਲ ਕਮਿਊਨਿਸਟ ਉਮੀਦਵਾਰਾਂ ਵਿੱਚ ਹੀ ਹੈ। ਉਹਨਾਂ ਇਸ ਗੱਲਦੀ ਗਾਰੰਟੀ ਦਿਤੀ ਕਿ ਕਮਿਊਨਿਸਟ ਉਮੀਦਵਾਰ ਵੋਟਰਾਂ ਦੀਆਂ ਆਸਾਂ ਉਮੀਦਾਂ 'ਤੇ ਖਰੇ ਉਤਰਨਗੇ ਅਤੇ ਉਹਨਾਂ ਦੀ ਅਮਾਨਤ ਵਿੱਚ ਖਿਆਨਤ ਕਦੇ ਵੀ ਨਹੀਂ ਕਰਨਗੇ। ਇਸਦੇ ਨਾਲ ਹੀ ਉਹਨਾਂ ਇੱਕ ਹੋਰ ਸੁਆਲ ਦਾ ਜੁਆਬ ਦੇਂਦਿਆਂ ਕਿਹਾ ਕਿ ਸੂਬਾਈ ਚੋਣ ਕਮਿਸ਼ਨ ਕੋਲ ਅਧਿਕਾਰ ਹੋਣੇ ਚਾਹੀਦੇ ਹਨ ਕਿ ਉਹ ਕੁਰੱਪਸ਼ਨ ਦਾ ਦੋਸ਼ੀ ਪਾਏ ਜਾਣ ਵਾਲੇ ਜਾਂ ਚੋਣਾਂ ਦੇ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਜਾਂ ਪਾਰਟੀ ਨੂੰ ਲੁੜੀਂਦੀ ਸਜ਼ਾ ਵੀ ਦੇ ਸਕਣ। 

Tuesday, June 20, 2017

ਕੰਨਿਆਕੁਮਾਰੀ ਤੋਂ ਹੁਸੈਨੀਵਾਲਾ ਤੱਕ ਲੌਂਗ ਮਾਰਚ ਦੀਆਂ ਤਿਆਰੀਆਂ ਜ਼ੋਰਾਂ 'ਤੇ

AISF ਅਤੇ AIYF ਵੱਲੋਂ ਪੰਜਾਬ ਵਿੱਚ ਵੀ ਸਰਗਰਮੀਆਂ ਤੇਜ਼ 
ਲੁਧਿਆਣਾ: 20 ਜੂਨ 2017ਜੂਨ :(ਪੰਜਾਬ ਸਕਰੀਨ ਬਿਊਰੋ):: More Pics on Facebook Please
ਜਦੋਂ ਦੇਸ਼ ਵਿੱਚ ਖਤਰਨਾਕ ਦੌਰ ਚੱਲ ਰਿਹਾ ਹੈ। ਦੇਸ਼ ਨੂੰ ਬਾਰ ਬਾਰ ਮੁਢਲੇ ਮਸਲਿਆਂ ਤੋਂ ਕਿਸੇ ਨ ਕਿਸੇ ਬਹਾਨੇ ਲਾਂਭੇ ਲਿਜਾਇਆ ਹੈਦੇਸ਼ ਵਿੱਚ ਬੁਲੰਦ ਹੋ ਰਹੀ ਹੈ ਸ਼ਹੀਦ-ਆਜ਼ਮ ਭਗਤ ਸਿੰਘ ਆਵਾਜ਼। ਲੋਕ ਮਸਲਿਆਂ ਦਾ ਹੱਲ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲੀ ਰੌਸ਼ਨੀ ਚੋਂ ਲੱਭਣ ਲਈ ਅੱਗੇ ਆਈਆਂ ਖੱਬੇ ਪੱਖੀ ਜੱਥੇਬੰਦੀਆਂ  ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ। ਇਹਨਾਂ ਸੰਗਠਨਾਂ ਦੀ ਸੂਬਾਈ ਕਾਡਰ ਦੀ ਇੱਕ ਭਰਵੀਂ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਜਿਸ ਕਈ ਮਹੱਤਵਪੂਰਨ ਮੁੱਦੇ ਉਠਾਏ ਗਏ। ਕਿਸੇ ਵੇਲੇ ਮਾਓ-ਜੇ-ਤੁੰਗ ਦੀ ਅਗਵਾਈ ਵਾਲੇ ਲੌਂਗ ਮਾਰਚ ਨੇ ਇਤਿਹਾਸ ਵਿੱਚ ਆਪਣੀ ਵੱਖਰੀ  ਹੁਣ  ਇੱਕ ਲੰਮੇ ਅਰਸੇ ਮਗਰੋਂ ਖੱਬੇਪੱਖੀ ਵਿਦਿਆਰਥੀ ਸ਼ਕਤੀ ਨੇ ਲੌਂਗ ਮਾਰਚ ਦਾ ਐਲਾਨ ਕੀਤਾ ਹੈ।  
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਰਲਡ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਅਤੇ ਕੇਰਲਾ ਦੇ ਰਹਿਣ ਵਾਲੇ ਵਿਨਾਓ ਵਿਸ਼ਮ ਨੇ  ਰੁਝਾਨ ਵੱਲ ਧਿਆਨ ਦੁਆਉਂਦਿਆਂ ਕਿਹਾ ਕਿ ਦੇਸ਼ ਨੂੰ ਧਰਮ ਤੇ ਜਾਤ ਦੇ ਆਧਾਰ ’ਤੇ ਵੰਡ ਕੇ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਭਟਕਾਉਣ ਵਾਲੇ ਰਾਜਨੀਤਿਕ ਆਗੂਆਂ ਤੋਂ ਸੁਚੇਤ ਰਹਿਣਾ ਸਮੇਂ ਦੀ ਲੋੜ ਬਣ ਗਈ ਹੈ। ਉਹਨਾਂ ਸਾਵਧਾਨ ਕੀਤਾ ਕਿ ਦੇਸ਼ ਵਿੱਚ ਕਈ ਅਜਿਹੀਆਂ ਕੱਟੜਪੰਥੀ ਤਾਕਤਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਜੋ ਇਤਿਹਾਸ ਨੂੰ ਤੋੜ-ਮਰੋੜ ਕੇ ਲੋਕਾਂ ਅੱਗੇ ਪੇਸ਼ ਕਰ ਰਹੀਆਂ ਹਨ। ਹੋਰ ਤਾਂ ਹੋਰ ਇਨ੍ਹਾਂ ਵੱਲੋਂ ਕੌਮੀ ਸ਼ਹੀਦਾਂ ਦੀ ਸੋਚ ਦਾ ਆਪਣੀ ਸੋਚ ਨਾਲ ਰਲੇਵਾਂ ਕਰਕੇ ਲੋਕਾਂ ਅੱਗੇ ਪਰੋਸਿਆ ਜਾ ਰਿਹਾ ਹੈ। ਸਮਾਜ ਵਿੱਚ ਅਨਪੜ੍ਹਤਾ ਤੇ ਬੇਰੁਜ਼ਗਾਰੀ ਆਦਿ ਕਈ ਮੁੱਦੇ ਜਿਉਂ ਦੇ ਤਿਉਂ ਖੜ੍ਹੇ ਹਨ ਪਰ ਅਫਸੋਸ ਕਿ ਰਾਜਨੀਤਿਕ ਆਗੂਆਂ ਵੱਲੋਂ ਦੇਸ਼ ਦੇ ਲੋਕਾਂ ਨੂੰ ਹੋਰ ਪਾਸੇ ਭਟਕਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਤ ਸਿੰਘ ਕਮਿਊਨਿਸਟ ਵਿਚਾਰਧਾਰਾ ਦੇ ਧਾਰਨੀ ਸਨ।  
ਉਹ ਵੀ ਬਰਾਬਰੀ ਦਾ ਸਮਾਜ ਸਿਰਜਣ ਵਿੱਚ ਵਿਸ਼ਵਾਸ ਰੱਖਦੇ ਸਨ। ਸ੍ਰੀ ਵਿਸ਼ਮ ਨੇ ਕਮਿਊਨਿਸਟ ਵਿਚਾਰਾਂ ਵਾਲੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਕੱਟੜਪੰਥੀ ਤਾਕਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਏਆਈਐਸਐਫ  ਦੇ ਕੌਮੀ ਪ੍ਰਧਾਨ ਆਫ਼ਤਾਬ ਆਲਮ ਖਾਨ ਨੇ ਕਿਹਾ ਕਿ ਚੀਨ ਜਿਹੇ ਦੇਸ਼ ਵਿੱਚ 95 ਫੀਸਦੀ ਲੋਕਾਂ ਕੋਲ ਰੁਜ਼ਗਾਰ ਹੈ ਪਰ ਭਾਰਤ ਵਿੱਚ ਬੇਰੁਜ਼ਗਾਰਾਂ ਦੀ ਲਾਈਨ ਦਿਨੋਂ ਦਿਨ ਲੰਬੀ ਹੋ ਰਹੀ ਹੈ। ਇਹ ਸਭ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਸਰਕਾਰੀ ਅਦਾਰਿਆਂ ਨੂੰ ਹੌਲੀ ਹੌਲੀ ਨਿੱਜੀ ਅਦਾਰਿਆਂ ਦੇ ਹੱਥ ਦਿੱਤਾ ਜਾ ਰਿਹਾ ਹੈ। ਰਾਖਵੇਂਕਰਨ ਦੇ ਨਾਂ ’ਤੇ ਦੋਵਾਂ ਧਿਰਾਂ ਨੂੰ ਇੱਕ-ਦੂਜੇ ਵਿਰੁੱਧ ਭੜਕਾ ਕੇ ਮਾੜੀ ਰਾਜਨੀਤੀ ਖੇਡੀ ਜਾ ਰਹੀ ਹੈ। ਛੱਤੀਸਗੜ੍ਹ ਵਿੱਚ ਅੱਜ ਵੀ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ ਲੋਕਾਂ ਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ’ਚ ਜਾਣ ਲਈ ਪੁਲੀਸ ਪਾਸੋਂ ਮਨਜ਼ੂਰੀ ਲੈਣੀ ਪੈਂਦਾ ਹੈ।
ਲੁਧਿਆਣਾ ਵਾਲੀ ਇਹ ਮੀਟਿੰਗ ਏ ਆਈ ਐਸ ਐਫ਼ ਦੇ ਸੂਬਾ ਪ੍ਰਧਾਨ ਚਰਨਜੀਤ ਛਾਂਗਾਗਾਏ ਅਤੇ ਏ ਆਈ ਵਾਈ ਐਫ਼ ਦੀ ਸੂਬਾ ਕੈਸ਼ੀਅਰ ਨਰਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਨੌਜੁਆਨਾਂ ਤੇ ਵਿਦਿਆਰਥੀਆਂ ਦੇ ਕੌਮੀ ਇੰਚਾਰਜ ਸਾਥੀ ਬਿਨੋਏ ਵਿਸ਼ਵਮ, ਕੌਮੀ ਪ੍ਰਧਾਨ ਐਸ ਐਫ਼ ਵਲੀ ਉੱਲਾ ਖਾਦਰੀ, ਤੇ ਵਾਈ ਐਫ਼ ਦੇ ਆਫ਼ਤਾਬ ਆਲਮ ਖਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨਾਲ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਤੇ ਸਰਵ ਭਾਰਤ ਨੌਜੁਆਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ ਵੀ ਹਾਜ਼ਰ ਸਨ।  More Pics on Facebook Please
ਕਾਡਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਿਨੋਏ ਵਿਸ਼ਵਮ ਨੇ ਕਿਹਾ ਕਿ ਕੰਨਿਆ ਕੁਮਾਰੀ ਤੋਂ ਹੁਸੈਨੀਵਾਲਾ ਤੱਕ ਕੀਤਾ ਜਾ ਰਿਹਾ ਦੇਸ਼ ਵਿਆਪੀ ਲੌਂਗ ਮਾਰਚ ਨੌਜੁਆਨਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਚੇਤਨਾ ਮੁਹਿੰਮ ਹੈ। 
ਉਨ੍ਹਾਂ ਇਹ ਦ੍ਰਿੜ੍ਹ ਨਿਸ਼ਚਾ ਦੁਹਰਾਉਂਦਿਆਂ ਕਿਹਾ ਕਿ ਬਨੇਗਾ 'ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਾਰੰਟੀ ਐਕਟ' ਦੇਸ਼ ਦੀ ਜੁਆਨੀ ਲਈ ਸੁਰੱਖਿਅਤ ਅਤੇ ਸੁਨਹਿਰੇ ਭਵਿੱਖ ਦੀ ਗਾਰੰਟੀ ਕਰੇਗਾ ਅਤੇ ਨਿਰਾਸ਼ਾ ਵਿੱਚ ਜਾ ਰਹੀ ਜੁਆਨੀ ਵਿੱਚ ਨਵੀਂ ਰੂਹ ਫੂਕੇਗਾ। ਇਸ ਮੀਟਿੰਗ ਨੂੰ ਅੱਗੇ ਸੰਬੋਧਨ ਕਰਦਿਆਂ ਸਾਥੀ ਵਲੀ ਉੱਲਾ ਕਾਦਰੀ ਅਤੇ ਆਫ਼ਤਾਬ ਆਲਮ ਨੇ ਕਿਹਾ ਕਿ ਬਨੇਗਾ ਐਕਟ ਹਰ ਇੱਕ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਹੈ, ਜਿਸ ਤਹਿਤ ਹਰ ਇੱਕ ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖ਼ਾਹ ਅਣ-ਸਿੱਖਿਅਤ 20,000, ਅਰਧ ਸਿੱਖਿਅਤ 25,000, ਸਿੱਖਿਅਤ 30,000 ਅਤੇ ਉਚ ਸਿੱਖਿਅਤ ਲਈ 35,000 ਰੁਪਏ ਦੀ ਗਾਰੰਟੀ ਕਰਦਾ ਹੈ। ਆਗੂ ਸਾਥੀਆਂ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਵਿਆਪੀ ਲੌਂਗ ਮਾਰਚ ਤੋਂ ਨੌਜੁਆਨਾਂ ਵਿੱਚ ਇਨਕਲਾਬੀ ਜੋਸ਼ ਭਰੇਗਾ ਅਤੇ ਹੋਰ ਕਿਸੇ ਵੀ ਮੁੱਦੇ ਤੋਂ ਪਹਿਲਾਂ ਰੁਜ਼ਗਾਰ ਦੀ ਗਾਰੰਟੀ ਲਈ ਇੱਕ ਝੰਡੇ ਥੱਲੇ ਇਕੱਠੇ ਕਰੇਗਾ। ਦੇਸ਼ ਦੀ ਸਰਕਾਰ ਵੱਲੋਂ ਜੁਆਨੀ ਨੂੰ ਅਲੱਗ-ਅਲੱਗ ਧਰਮਾਂ, ਫ਼ਿਰਕਿਆਂ 'ਚ ਵੰਡ ਕੇ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੰਤੂ ਬਨੇਗਾ ਦੀ ਪ੍ਰਾਪਤੀ ਦੀ ਮੁਹਿੰਮ ਸਭ ਲੋਕਾਂ ਨੂੰ ਇਕੱਠਾ ਕਰੇਗੀ ਅਤੇ ਇਸ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਤੇ ਨੌਜੁਆਨਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਸਾਥੀ ਹਰਦੇਵ ਅਰਸ਼ੀ ਨੇ ਕਿਹਾ ਕਿ ਨੌਜੁਆਨਾਂ ਅਤੇ ਵਿਦਿਆਰਥੀਆਂ ਦੇ ਦੇਸ਼ ਵਿਆਪੀ ਲੌਂਗ ਮਾਰਚ ਦਾ ਪੰਜਾਬ ਦੀ ਧਰਤੀ ਹੁਸੈਨੀਵਾਲਾ ਵਿਖੇ ਇਨਕਲਾਬੀ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਲਈ ਪੁਰਜ਼ੋਰ ਸਹਾਇਤਾ ਕੀਤੀ ਜਾਵੇਗੀ।  More Pics on Facebook Please
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਅਤੇ ਨੌਜੁਆਨਾਂ ਸਿਰ ਇਹ ਸਿਹਰਾ ਜਾਂਦਾ ਹੈ, ਜਿਨ੍ਹਾਂ ਨੇ ਬਨੇਗਾ ਨੂੰ ਪੰਜਾਬ ਦੀ ਧਰਤੀ ਤੋਂ ਸ਼ੁਰੂ ਕਰਦਿਆਂ ਇਸ ਨੂੰ ਦੇਸ਼ ਦੀ ਸਿਆਸਤ ਸਾਹਮਣੇ ਮੁੱਖ ਮੁੱਦਾ ਬਣਾਉਣ ਤੱਕ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਇਸ ਦੇਸ਼ ਦੇ ਰਾਜਾਂ ਨੂੰ ਕਵਰ ਕਰਨ ਵਾਲੇ ਮਾਰਚ ਦੇ ਸ਼ੁਰੂ ਹੁੰਦਿਆਂ ਹੀ ਪੰਜਾਬ ਵਿੱਚ ਵੱਡੀ ਗਿਣਤੀ 'ਚ ਹਰ ਜ਼ਿਲ੍ਹੇ 'ਚ ਲਾਮਬੰਦੀ ਕੀਤੀ ਜਾਵੇਗੀ।
ਇਸ ਸਮੇਂ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੂਬਾ ਸਕੱਤਰ ਏ ਆਈ ਐਸ ਐਫ਼ ਵਿੱਕੀ ਮਹੇਸ਼ਰੀ, ਏ ਆਈ ਵਾਈ ਐਫ਼ ਸੁਖਜਿੰਦਰ ਮਹੇਸ਼ਰੀ, ਕਰਮਵੀਰ ਕੌਰ ਬੱਧਨੀ, ਦਲਜੀਤ ਕੌਰ ਨੇਗੀ, ਜਸਪ੍ਰੀਤ ਕੌਰ ਬੱਧਨੀ, ਸੀਨੀਅਰ ਟਰੇਡ ਯੂਨੀਅਨ ਆਗੂ ਸਾਥੀ ਡੀ ਪੀ ਮੌੜ, ਸਾਥੀ ਚਰਨ ਸਰਾਭਾ, ਸਾਬਕਾ ਨੌਜੁਆਨ ਆਗੂ ਕੁਲਦੀਪ ਭੋਲਾ, ਸਾਥੀ ਕਸ਼ਮੀਰ ਸਿੰਘ, ਦੀਪਕ ਕੁਮਾਰ ਲੁਧਿਆਣਾ, ਸਤੀਸ਼ ਛੱਪੜੀਵਾਲਾ, ਹਰਭਜਨ ਛੱਪੜੀਵਾਲਾ, ਵਰਿੰਦਰ ਖੁਰਾਣਾ, ਸੁਖਵਿੰਦਰ ਮਲੋਟ, ਮੰਗਤ ਰਾਏ, ਗੁਰਮੁੱਖ, ਸੁਭਾਸ਼ ਕੈਰੇ, ਹਰਲਾਭ, ਸੁਰਜੀਤ ਮੇਘਾ, ਹਰਚਰਨ ਔਜਲਾ, ਵਿਸ਼ਾਲ ਵਲਟੋਆ ਆਦਿ ਨੇ ਸੰਬੋਧਨ ਕੀਤਾ। ਕੁਲ ਮਿਲਾ ਕੇ ਇਹ ਮੀਟਿੰਗ ਦੇਸ਼  ਦੀ ਨੌਜਵਾਨੀ ਨੂੰ ਅੱਜ ਦੇ ਉਹਨਾਂ ਸ਼ਾਤਰ ਅਨਸਰਾਂ  ਤੋਂ ਸੁਚੇਤ ਕਰਨ ਵਿੱਚ ਕਾਮਯਾਬ ਰਹੀ ਜਿਹੜੇ ਸ਼ਹੀਦ  ਵਿਚਾਰਧਾਰਾ ਨੂੰ ਹਾਈਜੈਕ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਹਨ। 

Thursday, June 01, 2017

CPI ਵੱਲੋਂ ਸਿਆਸੀ ਪਰਿਵਾਰਾਂ ਦੇ ਕਾਰੋਬਾਰਾਂ ਦਾ ਵੇਰਵਾ ਜਨਤਕ ਕਰਨ ਦੀ ਮੰਗ

ਨਵੰਬਰ ਵਿਚ ਕੀਤੀ ਜਾਵੇਗੀ ਸੂਬਾ ਪੱਧਰ ਦੀ ਵਿਸ਼ਾਲ ਰੈਲੀ
ਚੰਡੀਗੜ੍ਹ: 1 ਜੂਨ 2017: (ਪੰਜਾਬ ਸਕਰੀਨ ਬਿਊਰੋ):: 
ਲੋਕ ਹਿਤਾਂ ਦੀ ਰਾਖੀ ਲਈ ਆਵਾਜ਼ ਦੇ ਮਾਮਲੇ ਵਿੱਚ ਸੀ ਪੀ ਆਈ (ਭਾਰਤੀ ਕਮਿਊਨਿਸਟ ਪਾਰਟੀ) ਇੱਕ ਵਾਰ ਫੇਰ ਪੂਰੀ ਪਹਿਲਕਦਮੀ ਨਾਲ ਖੁੱਲ੍ਹ ਕੇ ਸਾਹਮਣੇ ਆਈ ਹੈ। ਸੀਪੀਆਈ ਨੇ ਜਿੱਥੇ ਰਾਣਾ ਗੁਰਜੀਤ ਸਿੰਘ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ ਉੱਥੇ ਸਿਆਸੀ ਪਰਿਵਾਰਾਂ ਦੇ ਕਾਰੋਬਾਰਾਂ ਦਾ ਵੇਰਵਾ ਵੀ ਜਨਤਾ ਦੇ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਲੁੱਕਵੇਂ ਸਿਆਸੀ ਗੱਠਜੋੜਾਂ ਦੇ ਦੌਰ ਵਿੱਚ ਸੀ ਪੀ ਆਈ ਦੀ ਇਹ ਪਹਿਲ ਜਿੱਥੇ ਆਮ ਲੋਕਾਂ ਵਿੱਚ ਉਮੀਦ ਦੀ ਇੱਕ ਨਵੀਂ ਕਿਰਨ ਬਣ ਕੇ ਉਭਰੀ ਹੈ ਉੱਥੇ ਕੇਡਰ ਵਿੱਚ ਵੀ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਲੈ ਕੇ ਆਈ ਹੈ।   
ਸੀ ਪੀ ਆਈ ਦੀ ਪੰਜਾਬ ਇਕਾਈ ਦੀ ਸੂਬਾ ਕਾਰਜਕਾਰਨੀ ਨੇ ਸਪਸ਼ਟ ਮੰਗ ਕੀਤੀ ਹੈ ਕਿ ਦਾਗੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਅਜਿਹਾ ਕਰਕੇ ਹੀ ਕੁਰੱਪਸ਼ਨ ਵਿਰੁੱਧ ਲੜਾਈ ਦੇ ਕੀਤੇ ਵਾਅਦੇ ਨੂੰ ਪੂਰਿਆ ਕੀਤਾ ਜਾ ਸਕੇਗਾ। ਦੂਜਾ ਅਦਾਲਤੀ ਪੜਤਾਲ ਨੂੰ ਆਜ਼ਾਦ ਅਤੇ ਨਿਆਂਪੂਰਨ ਬਣਾਇਆ ਜਾਵੇ, ਕਿਉਂਕਿ ਕੈਬਨਿਟ ਮੰਤਰੀ ਗਵਾਹਾਂ ਅਤੇ ਪੜਤਾਲ ਨੂੰ ਸੌਖਿਆਂ ਹੀ ਪ੍ਰਭਾਵਤ ਕਰ ਸਕਦਾ ਹੈ। ਅਜਿਹੀ ਹਾਲਤ ਵਿੱਚ ਨੈਤਿਕਤਾ ਤਾਂ ਉਂਜ ਹੀ ਮੰਗ ਕਰਦੀ ਹੈ ਕਿ ਮੰਤਰੀ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜਦੋਂ ਉਸ ਦੇ ਖਿਲਾਫ ਸੇਵਾ-ਮੁਕਤ ਜੱਜ ਦਾ ਪੜਤਾਲੀਆ ਕਮਿਸ਼ਨ ਬਣਾ ਦਿੱਤਾ ਗਿਆ ਹੈ। ਪਾਰਟੀ ਨੇ ਪੜਤਾਲ ਦੀਆਂ ਸ਼ਰਤਾਂ ਨੂੰ ਵੀ ਮੰਤਰੀ ਪ੍ਰਤੀ ਲਿਹਾਜੂ ਕਿਹਾ ਅਤੇ ਸਰਕਾਰ ਨੂੰ ਸਿੱਧਾ ਆਪਣੇ ਨਿਸ਼ਾਨੇ ਤੇ ਰੱਖਿਆ।
ਚੰਡੀਗੜ੍ਹ ਵਿੱਚ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਾਰਜਕਾਰਨੀ ਦੀ ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨੇ ਗੈਰ-ਕਾਨੂੰਨੀ ਰੇਤ ਕੱਢਣ ਅਤੇ ਵੇਚਣ ਨੂੰ ਸਖਤੀ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਸੀ, ਪਰ 19-20 ਮਈ ਨੂੰ ਰੇਤ ਖੱਡਾਂ ਦੀ ਨੀਲਾਮੀ ਹੋਈ, ਉਸ ਵਿਚ 89 ਵਿੱਚੋਂ 4 ਠੇਕੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਥਿਤ 'ਸਾਬਕਾ' ਰਸੋਈਏ ਅਤੇ ਮੁਲਾਜ਼ਮਾਂ ਨੂੰ ਦਿੱਤੇ ਗਏ ਹਨ। ਰਸੋਈਏ ਅੰਮਿਤ ਬਹਾਦਰ ਦੇ ਬੈਂਕ ਵਿਚ ਪਹਿਲੀ ਅਪਰੈਲ ਨੂੰ ਕੁਲ 4840 ਰੁਪਏ ਸਨ, ਪਰ ਉਸ ਨੂੰ 26 ਕਰੋੜ ਦੀ ਨੀਲਾਮੀ ਦਾ ਠੇਕਾ ਦਿੱਤਾ ਗਿਆ। ਬਹਾਨਾ ਘੜਿਆ ਗਿਆ ਹੈ ਕਿ ਉਹ ਹੁਣ ਮੰਤਰੀ ਦੇ ਮੁਲਾਜ਼ਮ ਨਹੀਂ ਹਨ। ਆਖਿਰ ਹੁਣ ਉਹ ਕਿਸ ਦੇ ਮੁਲਾਜ਼ਮ ਹਨ?  
ਸਾਥੀ ਅਰਸ਼ੀ ਨੇ ਕਿਹਾ ਕਿ ਮੰਤਰੀ ਜੀ ਨੂੰ ਉਂਜ ਵੀ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਬਿਜਲੀ ਮੰਤਰੀ ਹੁੰਦਾ ਹੋਇਆ ਸਰਕਾਰ ਨੂੰ ਆਪਣੇ ਕਾਰਖਾਨੇ ਵਿਚ ਪੈਦਾ ਕੀਤੀ ਬਿਜਲੀ ਵੇਚਦਾ ਹੈ। ਚੇਤੇ ਰਹੇ ਕਿ ਇਹ ਉਹੋ ਮੰਤਰੀ ਹੈ, ਜਿਸ ਨੇ ਗੱਡੀਆਂ ਤੋਂ ਲਾਲ ਬੱਤੀ ਹਟਾਉਣ ਦਾ ਵਿਰੋਧ ਕੀਤਾ ਸੀ। ਪਾਰਟੀ ਨੇ ਮੰਗ ਕੀਤੀ ਕਿ ਸਰਕਾਰ ਵਾਅਦੇ ਮੁਤਾਬਕ ਪੰਜਾਬ ਦੀ ਮਾਲੀ ਹਾਲਤ ਬਾਰੇ ਸਫੇਦ ਪੱਤਰ ਲਿਆਉਣ ਤੋਂ ਪਹਿਲਾਂ ਇਕ ਹੋਰ ਜ਼ਰੂਰੀ ਸਫੇਦ ਪੱਤਰ ਜਾਰੀ ਕਰਕੇ ਲੋਕਾਂ ਨੂੰ ਜਾਣਕਾਰੀ ਦੇਵੇ ਕਿ ਪੰਜਾਬ ਦੀ ਕਿਸ-ਕਿਸ ਸਿਆਸੀ ਸ਼ਖਸੀਅਤ ਅਤੇ ਸਿਆਸੀ ਪਰਵਾਰ ਦੇ ਕਿਹੜੇ-ਕਿਹੜੇ ਕਾਰੋਬਾਰ ਹਨ ਅਤੇ ਉਹਨਾਂ ਵਿਚ ਕਿੰਨਾ-ਕਿੰਨਾ ਪੈਸਾ ਉਸ ਪਰਵਾਰ ਨੇ ਲਾਇਆ ਹੋਇਆ ਹੈ, ਮਿਸਾਲ ਲਈ ਟਰਾਂਸਪੋਰਟ, ਸ਼ਰਾਬ ਦੇ ਠੇਕੇ, ਸ਼ਰਾਬ ਦੇ ਕਾਰਖਾਨੇ, ਰੇਤ ਖੱਡਾਂ, ਹੋਟਲ ਆਦਿ। ਮੀਟਿੰਗ ਨੇ ਦੇਸ਼ ਵਿਚ ਖਾਸ ਕਰਕੇ ਭਾਜਪਾ ਰਾਜ ਵਾਲੇ ਸੂਬਿਆਂ ਵਿਚ ਦਲਿਤ, ਘੱਟ-ਗਿਣਤੀਆਂ ਅਤੇ ਇਸਤਰੀਆਂ ਉਤੇ ਹੋ ਰਹੇ ਹਮਲਿਆਂ ਦੀ ਸਖਤ ਨਿਖੇਧੀ ਕੀਤੀ। ਇਹ ਹਮਲੇ ਸੰਘ-ਪਰਵਾਰ ਦੇ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਹਨ। ਅਸਲ ਵਿਚ ਮਨੂੰ ਸਮਰਿਤੀ ਲਾਗੂ ਕੀਤੀ ਜਾ ਰਹੀ ਹੈ। ਵਾਤਾਵਰਣ ਮੰਤਰਾਲੇ ਵੱਲੋਂ ਹੁਕਮ ਜਾਰੀ ਕਰਕੇ ਪਸ਼ੂ ਪਾਲਣ ਵਿਭਾਗ (ਜੋ ਰਾਜਾਂ ਕੋਲ ਹੈ) ਦੇ ਅਧਿਕਾਰ ਖੇਤਰ ਵਿਚਲੇ ਵਿਸ਼ੇ ਨੂੰ ਉਲੰਘ ਕੇ ਗਊਆਂ ਅਤੇ ਮੱਝਾਂ ਦੀਆਂ ਮੰਡੀਆਂ ਵਿਚ ਵਿਕਰੀ ਉਤੇ ਕਥਿਤ 'ਗੋ ਹੱਤਿਆ', 'ਮੱਝ ਹੱਤਿਆ' ਨੂੰ ਰੋਕਣ ਲਈ ਪਾਬੰਦੀ ਲਾ ਦਿੱਤੀ ਗਈ ਹੈ। ਮੁਲਕ ਨੂੰ ਇੰਜ ਹਿੰਦੂ ਰਾਸ਼ਟਰ ਬਣਾਉਣ ਵੱਲ ਵਧਿਆ ਜਾ ਰਿਹਾ ਹੈ ਅਤੇ ਲੋਕਾਂ ਦੀ ਖਾਣ-ਪੀਣ ਦੀ ਆਜ਼ਾਦੀ ਵੀ ਖੋਹੀ ਜਾ ਰਹੀ ਹੈ।
ਮੀਟਿੰਗ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਸੰਘ ਦੀਆਂ ਦੇਸ਼ ਦੇ ਧਰਮ-ਨਿਰਪੱਖ ਜਮਹੂਰੀ ਢਾਂਚੇ ਦਾ ਵਿਨਾਸ਼ ਕਰਨ ਦੀਆਂ ਚਾਲਾਂ ਦਾ ਸਮੁੱਚੀਆਂ ਧਰਮ-ਨਿਰਪਖ ਜਮਹੂਰੀ ਸ਼ਕਤੀਆਂ ਮਿਲ ਕੇ ਵਿਰੋਧ ਕਰਨ।
ਸੂਬਾ ਕਾਰਜਕਾਰਨੀ ਨੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕੀਤੀ ਕਿ ਚੋਣ ਮੁਹਿੰਮ ਦੌਰਾਨ ਚੋਣ ਮੈਨੀਫੈਸਟੋ ਵਿਚ ਅਤੇ ਫਿਰ ਸਰਕਾਰ ਬਣਨ ਮਗਰੋਂ ਕੀਤੇ ਐਲਾਨਾਂ ਵਿਚ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ, ਜਿਵੇਂ ਕਿਸਾਨਾਂ ਦੀ ਕਰਜ਼ ਮੁਆਫੀ ਤੋਂ ਭੱਜਿਆ ਜਾ ਰਿਹਾ ਹੈ ਜਿਸ ਵਿਚ ਕੇਵਲ 14 ਫੀਸਦੀ ਕਰਜ਼ ਹੀ ਕਵਰ ਹੁੰਦੇ ਹਨ, ਨਸ਼ਿਆਂ ਵਿਰੁੱਧ ਲੜਾਈ ਦੇ ਵੀ ਖਾਸ ਨਤੀਜੇ ਸਾਹਮਣੇ ਨਹੀਂ ਆਏ, ਸਗੋਂ ਉਹ ਹੁਣ ਕਾਂਗਰਸੀ ਬਣ ਰਹੇ ਹਨ, ਕੁਰੱਪਸ਼ਨ ਬੰਦ ਨਹੀਂ ਹੋਈ, ਉਸ ਵਿਚ ਤਾਂ ਕੈਬਨਿਟ ਮੰਤਰੀ ਵੀ ਸ਼ਾਮਲ ਹਨ, ਅਮਨ-ਕਾਨੂੰਨ ਦੀ ਸਥਿਤੀ ਹੋਰ ਵਿਗੜ ਗਈ ਹੈ, ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ। ਨੌਜਵਾਨਾਂ ਲਈ ਰੁਜ਼ਗਾਰ ਨਹੀਂ ਸਿਰਜਿਆ ਜਾ ਰਿਹਾ। ਲੋਕਾਂ ਨੂੰ ਝੂਠੀ ਆਸ ਜਿਹੀ ਲੱਗੀ ਜਾਪਦੀ ਹੈ ਕਿ ਜੂਨ ਵਿਚ ਆ ਰਹੇ ਬੱਜਟ ਵਿਚ ਸ਼ਾਇਦ ਕੁਝ ਕੀਤਾ ਜਾਵੇ। ਲੋਕਾਂ ਵਿਚ ਨਿਰਾਸ਼ਾ ਪੈਦਾ ਹੋ ਰਹੀ ਹੈ, ਉਹ ਸੰਘਰਸ਼ ਦੇ ਮੈਦਾਨ ਵਿਚ ਨਿੱਤਰ ਰਹੇ ਹਨ।
ਮੀਟਿੰਗ ਨੇ ਦੇਸ਼ ਵਿਚ ਵਧ ਰਹੇ ਫਾਸ਼ੀ ਰੁਝਾਨਾਂ ਵਿਰੁੱਧ, ਸੂਬੇ ਵਿਚ ਇਕਰਾਰ ਪੂਰੇ ਕਰਾਉਣ ਲਈ, ਵੱਖ-ਵੱਖ ਤਬਕਿਆਂ ਦੀਆਂ ਮੰਗਾਂ ਲਈ ਅੰਦੋਲਨ ਚਲਾਉਣ ਦਾ ਫੈਸਲਾ ਕੀਤਾ, ਜਿਸ ਲਈ ਪਹਿਲਾਂ ਜ਼ਿਲ੍ਹਾ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਫਿਰ ਨਵੰਬਰ ਵਿਚ ਇਕ ਸੂਬਾ ਵਿਸ਼ਾਲ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਦੀ ਤਿਆਰੀ ਲਈ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਸਮੇਤ ਪਾਰਟੀ ਦੀ ਕੌਮੀ ਲੀਡਰਸ਼ਿਪ ਪੰਜਾਬ ਦਾ ਦੌਰਾ ਕਰੇਗੀ। ਆਰੰਭ ਵਿਚ ਮੀਟਿੰਗ ਨੇ ਦੋ ਮਿੰਟ ਮੋਨ ਖੜੇ ਹੋ ਕੇ ਪਿਛਲੇ ਦਿਨਾਂ ਵਿਚ ਵਿੱਛੜੇ ਸਾਥੀਆਂ ਬੀਬੀ ਇਕਬਾਲ ਕੌਰ ਭਸੀਨ, ਕਾਮਰੇਡ ਰਾਜਿੰਦਰ ਸਿੰਘ ਪੰਜਗਰਾਈਆਂ, ਕਾਮਰੇਡ ਗੁਰਦਿਆਲ ਸਿੰਘ ਬਖਸ਼ੀਵਾਲਾ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਹੁਣ ਦੇਖਣਾ ਹੈ ਕਿ ਸੀਪੀਆਈ ਜਨਤਕ ਸੰਘਰਸ਼ਾਂ ਦੀ ਲਾਮਬੰਦੀ ਲਈ ਆਪਣੇ ਪਹਿਲਾਂ ਵਰਗੇ ਜੋਸ਼ੀਲੇ ਕੇਡਰ ਨੂੰ ਦੋਬਾਰਾ ਆਪਣੇ ਨਾਲ ਜੋੜਨ ਲਈ ਕਿ ਕਿ ਕਦਮ ਚੁੱਕਦੀ ਹੈ।