AISF ਅਤੇ AIYF ਵੱਲੋਂ ਪੰਜਾਬ ਵਿੱਚ ਵੀ ਸਰਗਰਮੀਆਂ ਤੇਜ਼
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਰਲਡ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਅਤੇ ਕੇਰਲਾ ਦੇ ਰਹਿਣ ਵਾਲੇ ਵਿਨਾਓ ਵਿਸ਼ਮ ਨੇ ਰੁਝਾਨ ਵੱਲ ਧਿਆਨ ਦੁਆਉਂਦਿਆਂ ਕਿਹਾ ਕਿ ਦੇਸ਼ ਨੂੰ ਧਰਮ ਤੇ ਜਾਤ ਦੇ ਆਧਾਰ ’ਤੇ ਵੰਡ ਕੇ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਭਟਕਾਉਣ ਵਾਲੇ ਰਾਜਨੀਤਿਕ ਆਗੂਆਂ ਤੋਂ ਸੁਚੇਤ ਰਹਿਣਾ ਸਮੇਂ ਦੀ ਲੋੜ ਬਣ ਗਈ ਹੈ। ਉਹਨਾਂ ਸਾਵਧਾਨ ਕੀਤਾ ਕਿ ਦੇਸ਼ ਵਿੱਚ ਕਈ ਅਜਿਹੀਆਂ ਕੱਟੜਪੰਥੀ ਤਾਕਤਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਜੋ ਇਤਿਹਾਸ ਨੂੰ ਤੋੜ-ਮਰੋੜ ਕੇ ਲੋਕਾਂ ਅੱਗੇ ਪੇਸ਼ ਕਰ ਰਹੀਆਂ ਹਨ। ਹੋਰ ਤਾਂ ਹੋਰ ਇਨ੍ਹਾਂ ਵੱਲੋਂ ਕੌਮੀ ਸ਼ਹੀਦਾਂ ਦੀ ਸੋਚ ਦਾ ਆਪਣੀ ਸੋਚ ਨਾਲ ਰਲੇਵਾਂ ਕਰਕੇ ਲੋਕਾਂ ਅੱਗੇ ਪਰੋਸਿਆ ਜਾ ਰਿਹਾ ਹੈ। ਸਮਾਜ ਵਿੱਚ ਅਨਪੜ੍ਹਤਾ ਤੇ ਬੇਰੁਜ਼ਗਾਰੀ ਆਦਿ ਕਈ ਮੁੱਦੇ ਜਿਉਂ ਦੇ ਤਿਉਂ ਖੜ੍ਹੇ ਹਨ ਪਰ ਅਫਸੋਸ ਕਿ ਰਾਜਨੀਤਿਕ ਆਗੂਆਂ ਵੱਲੋਂ ਦੇਸ਼ ਦੇ ਲੋਕਾਂ ਨੂੰ ਹੋਰ ਪਾਸੇ ਭਟਕਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਤ ਸਿੰਘ ਕਮਿਊਨਿਸਟ ਵਿਚਾਰਧਾਰਾ ਦੇ ਧਾਰਨੀ ਸਨ।
ਉਹ ਵੀ ਬਰਾਬਰੀ ਦਾ ਸਮਾਜ ਸਿਰਜਣ ਵਿੱਚ ਵਿਸ਼ਵਾਸ ਰੱਖਦੇ ਸਨ। ਸ੍ਰੀ ਵਿਸ਼ਮ ਨੇ ਕਮਿਊਨਿਸਟ ਵਿਚਾਰਾਂ ਵਾਲੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਕੱਟੜਪੰਥੀ ਤਾਕਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਏਆਈਐਸਐਫ ਦੇ ਕੌਮੀ ਪ੍ਰਧਾਨ ਆਫ਼ਤਾਬ ਆਲਮ ਖਾਨ ਨੇ ਕਿਹਾ ਕਿ ਚੀਨ ਜਿਹੇ ਦੇਸ਼ ਵਿੱਚ 95 ਫੀਸਦੀ ਲੋਕਾਂ ਕੋਲ ਰੁਜ਼ਗਾਰ ਹੈ ਪਰ ਭਾਰਤ ਵਿੱਚ ਬੇਰੁਜ਼ਗਾਰਾਂ ਦੀ ਲਾਈਨ ਦਿਨੋਂ ਦਿਨ ਲੰਬੀ ਹੋ ਰਹੀ ਹੈ। ਇਹ ਸਭ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਸਰਕਾਰੀ ਅਦਾਰਿਆਂ ਨੂੰ ਹੌਲੀ ਹੌਲੀ ਨਿੱਜੀ ਅਦਾਰਿਆਂ ਦੇ ਹੱਥ ਦਿੱਤਾ ਜਾ ਰਿਹਾ ਹੈ। ਰਾਖਵੇਂਕਰਨ ਦੇ ਨਾਂ ’ਤੇ ਦੋਵਾਂ ਧਿਰਾਂ ਨੂੰ ਇੱਕ-ਦੂਜੇ ਵਿਰੁੱਧ ਭੜਕਾ ਕੇ ਮਾੜੀ ਰਾਜਨੀਤੀ ਖੇਡੀ ਜਾ ਰਹੀ ਹੈ। ਛੱਤੀਸਗੜ੍ਹ ਵਿੱਚ ਅੱਜ ਵੀ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ ਲੋਕਾਂ ਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ’ਚ ਜਾਣ ਲਈ ਪੁਲੀਸ ਪਾਸੋਂ ਮਨਜ਼ੂਰੀ ਲੈਣੀ ਪੈਂਦਾ ਹੈ।
ਲੁਧਿਆਣਾ ਵਾਲੀ ਇਹ ਮੀਟਿੰਗ ਏ ਆਈ ਐਸ ਐਫ਼ ਦੇ ਸੂਬਾ ਪ੍ਰਧਾਨ ਚਰਨਜੀਤ ਛਾਂਗਾਗਾਏ ਅਤੇ ਏ ਆਈ ਵਾਈ ਐਫ਼ ਦੀ ਸੂਬਾ ਕੈਸ਼ੀਅਰ ਨਰਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਨੌਜੁਆਨਾਂ ਤੇ ਵਿਦਿਆਰਥੀਆਂ ਦੇ ਕੌਮੀ ਇੰਚਾਰਜ ਸਾਥੀ ਬਿਨੋਏ ਵਿਸ਼ਵਮ, ਕੌਮੀ ਪ੍ਰਧਾਨ ਐਸ ਐਫ਼ ਵਲੀ ਉੱਲਾ ਖਾਦਰੀ, ਤੇ ਵਾਈ ਐਫ਼ ਦੇ ਆਫ਼ਤਾਬ ਆਲਮ ਖਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨਾਲ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਤੇ ਸਰਵ ਭਾਰਤ ਨੌਜੁਆਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ ਵੀ ਹਾਜ਼ਰ ਸਨ। More Pics on Facebook Please
ਕਾਡਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਿਨੋਏ ਵਿਸ਼ਵਮ ਨੇ ਕਿਹਾ ਕਿ ਕੰਨਿਆ ਕੁਮਾਰੀ ਤੋਂ ਹੁਸੈਨੀਵਾਲਾ ਤੱਕ ਕੀਤਾ ਜਾ ਰਿਹਾ ਦੇਸ਼ ਵਿਆਪੀ ਲੌਂਗ ਮਾਰਚ ਨੌਜੁਆਨਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਚੇਤਨਾ ਮੁਹਿੰਮ ਹੈ।
ਉਨ੍ਹਾਂ ਇਹ ਦ੍ਰਿੜ੍ਹ ਨਿਸ਼ਚਾ ਦੁਹਰਾਉਂਦਿਆਂ ਕਿਹਾ ਕਿ ਬਨੇਗਾ 'ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਾਰੰਟੀ ਐਕਟ' ਦੇਸ਼ ਦੀ ਜੁਆਨੀ ਲਈ ਸੁਰੱਖਿਅਤ ਅਤੇ ਸੁਨਹਿਰੇ ਭਵਿੱਖ ਦੀ ਗਾਰੰਟੀ ਕਰੇਗਾ ਅਤੇ ਨਿਰਾਸ਼ਾ ਵਿੱਚ ਜਾ ਰਹੀ ਜੁਆਨੀ ਵਿੱਚ ਨਵੀਂ ਰੂਹ ਫੂਕੇਗਾ। ਇਸ ਮੀਟਿੰਗ ਨੂੰ ਅੱਗੇ ਸੰਬੋਧਨ ਕਰਦਿਆਂ ਸਾਥੀ ਵਲੀ ਉੱਲਾ ਕਾਦਰੀ ਅਤੇ ਆਫ਼ਤਾਬ ਆਲਮ ਨੇ ਕਿਹਾ ਕਿ ਬਨੇਗਾ ਐਕਟ ਹਰ ਇੱਕ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਹੈ, ਜਿਸ ਤਹਿਤ ਹਰ ਇੱਕ ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖ਼ਾਹ ਅਣ-ਸਿੱਖਿਅਤ 20,000, ਅਰਧ ਸਿੱਖਿਅਤ 25,000, ਸਿੱਖਿਅਤ 30,000 ਅਤੇ ਉਚ ਸਿੱਖਿਅਤ ਲਈ 35,000 ਰੁਪਏ ਦੀ ਗਾਰੰਟੀ ਕਰਦਾ ਹੈ। ਆਗੂ ਸਾਥੀਆਂ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਵਿਆਪੀ ਲੌਂਗ ਮਾਰਚ ਤੋਂ ਨੌਜੁਆਨਾਂ ਵਿੱਚ ਇਨਕਲਾਬੀ ਜੋਸ਼ ਭਰੇਗਾ ਅਤੇ ਹੋਰ ਕਿਸੇ ਵੀ ਮੁੱਦੇ ਤੋਂ ਪਹਿਲਾਂ ਰੁਜ਼ਗਾਰ ਦੀ ਗਾਰੰਟੀ ਲਈ ਇੱਕ ਝੰਡੇ ਥੱਲੇ ਇਕੱਠੇ ਕਰੇਗਾ। ਦੇਸ਼ ਦੀ ਸਰਕਾਰ ਵੱਲੋਂ ਜੁਆਨੀ ਨੂੰ ਅਲੱਗ-ਅਲੱਗ ਧਰਮਾਂ, ਫ਼ਿਰਕਿਆਂ 'ਚ ਵੰਡ ਕੇ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੰਤੂ ਬਨੇਗਾ ਦੀ ਪ੍ਰਾਪਤੀ ਦੀ ਮੁਹਿੰਮ ਸਭ ਲੋਕਾਂ ਨੂੰ ਇਕੱਠਾ ਕਰੇਗੀ ਅਤੇ ਇਸ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਤੇ ਨੌਜੁਆਨਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਸਾਥੀ ਹਰਦੇਵ ਅਰਸ਼ੀ ਨੇ ਕਿਹਾ ਕਿ ਨੌਜੁਆਨਾਂ ਅਤੇ ਵਿਦਿਆਰਥੀਆਂ ਦੇ ਦੇਸ਼ ਵਿਆਪੀ ਲੌਂਗ ਮਾਰਚ ਦਾ ਪੰਜਾਬ ਦੀ ਧਰਤੀ ਹੁਸੈਨੀਵਾਲਾ ਵਿਖੇ ਇਨਕਲਾਬੀ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਲਈ ਪੁਰਜ਼ੋਰ ਸਹਾਇਤਾ ਕੀਤੀ ਜਾਵੇਗੀ। More Pics on Facebook Please
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਅਤੇ ਨੌਜੁਆਨਾਂ ਸਿਰ ਇਹ ਸਿਹਰਾ ਜਾਂਦਾ ਹੈ, ਜਿਨ੍ਹਾਂ ਨੇ ਬਨੇਗਾ ਨੂੰ ਪੰਜਾਬ ਦੀ ਧਰਤੀ ਤੋਂ ਸ਼ੁਰੂ ਕਰਦਿਆਂ ਇਸ ਨੂੰ ਦੇਸ਼ ਦੀ ਸਿਆਸਤ ਸਾਹਮਣੇ ਮੁੱਖ ਮੁੱਦਾ ਬਣਾਉਣ ਤੱਕ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਇਸ ਦੇਸ਼ ਦੇ ਰਾਜਾਂ ਨੂੰ ਕਵਰ ਕਰਨ ਵਾਲੇ ਮਾਰਚ ਦੇ ਸ਼ੁਰੂ ਹੁੰਦਿਆਂ ਹੀ ਪੰਜਾਬ ਵਿੱਚ ਵੱਡੀ ਗਿਣਤੀ 'ਚ ਹਰ ਜ਼ਿਲ੍ਹੇ 'ਚ ਲਾਮਬੰਦੀ ਕੀਤੀ ਜਾਵੇਗੀ।
ਇਸ ਸਮੇਂ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੂਬਾ ਸਕੱਤਰ ਏ ਆਈ ਐਸ ਐਫ਼ ਵਿੱਕੀ ਮਹੇਸ਼ਰੀ, ਏ ਆਈ ਵਾਈ ਐਫ਼ ਸੁਖਜਿੰਦਰ ਮਹੇਸ਼ਰੀ, ਕਰਮਵੀਰ ਕੌਰ ਬੱਧਨੀ, ਦਲਜੀਤ ਕੌਰ ਨੇਗੀ, ਜਸਪ੍ਰੀਤ ਕੌਰ ਬੱਧਨੀ, ਸੀਨੀਅਰ ਟਰੇਡ ਯੂਨੀਅਨ ਆਗੂ ਸਾਥੀ ਡੀ ਪੀ ਮੌੜ, ਸਾਥੀ ਚਰਨ ਸਰਾਭਾ, ਸਾਬਕਾ ਨੌਜੁਆਨ ਆਗੂ ਕੁਲਦੀਪ ਭੋਲਾ, ਸਾਥੀ ਕਸ਼ਮੀਰ ਸਿੰਘ, ਦੀਪਕ ਕੁਮਾਰ ਲੁਧਿਆਣਾ, ਸਤੀਸ਼ ਛੱਪੜੀਵਾਲਾ, ਹਰਭਜਨ ਛੱਪੜੀਵਾਲਾ, ਵਰਿੰਦਰ ਖੁਰਾਣਾ, ਸੁਖਵਿੰਦਰ ਮਲੋਟ, ਮੰਗਤ ਰਾਏ, ਗੁਰਮੁੱਖ, ਸੁਭਾਸ਼ ਕੈਰੇ, ਹਰਲਾਭ, ਸੁਰਜੀਤ ਮੇਘਾ, ਹਰਚਰਨ ਔਜਲਾ, ਵਿਸ਼ਾਲ ਵਲਟੋਆ ਆਦਿ ਨੇ ਸੰਬੋਧਨ ਕੀਤਾ। ਕੁਲ ਮਿਲਾ ਕੇ ਇਹ ਮੀਟਿੰਗ ਦੇਸ਼ ਦੀ ਨੌਜਵਾਨੀ ਨੂੰ ਅੱਜ ਦੇ ਉਹਨਾਂ ਸ਼ਾਤਰ ਅਨਸਰਾਂ ਤੋਂ ਸੁਚੇਤ ਕਰਨ ਵਿੱਚ ਕਾਮਯਾਬ ਰਹੀ ਜਿਹੜੇ ਸ਼ਹੀਦ ਵਿਚਾਰਧਾਰਾ ਨੂੰ ਹਾਈਜੈਕ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਹਨ।
No comments:
Post a Comment