Thursday, September 05, 2024

ਬੁੱਢੇ ਦਰਿਆ ਦੇ ਚੱਕਰ ਵਿੱਚ ਵਿਧਾਨ ਸਭਾ ਤੋਂ ਥਾਣੇ ਤੱਕ ਦਾ ਸਫਰ

Thursday 5th September 2024 at 16:17

ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਿੱਢੇ ਸੰਘਰਸ਼ ਦਾ ਥਾਣੇ ਵਾਲਾ ਦਿਨ

ਇੰਜੀਨਅਰ ਜਸਕੀਰਤ ਸਿੰਘ ਦੀ ਕਲਮ ਤੋਂ ਚੰਡੀਗੜ੍ਹ ਵਿੱਚ ਤਿੰਨ ਸਤੰਬਰ ਵਾਲੇ ਦਿਨ ਦੀ ਹੱਡਬੀਤੀ


ਚੰਡੀਗੜ੍ਹ: 3 ਸਤੰਬਰ 2024: ਸੈਕਟਰ ਤਿੰਨ ਦਾ ਥਾਣਾ:

ਵਿਧਾਨ ਸਭਾ ਦਾ ਕੇਵਲ ਢਾਈ ਦਿਨ ਦਾ ਮਾਨਸੂਨ ਸੈਸ਼ਨ ਰੱਖਿਆ ਗਿਆ। ਪਹਿਲੇ ਹੀ ਦਿਨ ਵਿਧਾਨ ਸਭਾ ਵਿੱਚ ਬੁੱਢੇ ਦਰਿਆ ਦੀ ਗੱਲ ਉੱਠੀ। ਐਮਐਲਏ ਮਨਪ੍ਰੀਤ ਸਿੰਘ ਇਆਲੀ ਨੇ ਜ਼ੀਰੋ ਆਵਰ ਵਿੱਚ ਇਹ ਗੱਲ ਚੁੱਕੀ ਕਿ ਉਹਨਾਂ ਨੇ ਬੁੱਢੇ ਦਰਿਆ ਦੇ ਮਸਲੇ ਤੇ ਧਿਆਨ ਦਵਾਊ ਮਤਾ ਲਗਾਇਆ ਸੀ ਜਿਸ ਨੂੰ ਸਪੀਕਰ ਸਾਹਿਬ ਨੇ ਅਸਵੀਕਾਰ ਕਰ ਦਿੱਤਾ ਸੀ ਪਰ ਕਿਉਂਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਅਤੇ ਪੰਜਾਬ ਦੇ ਲੋਕ ਇਸ ਬਾਰੇ ਬਹੁਤ ਜਿਆਦਾ ਚਿੰਤਤ ਹਨ ਤਾਂ ਵਿਧਾਨ ਸਭਾ ਨੂੰ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ। 

ਸਪੀਕਰ ਸਾਹਿਬ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਹਾਲ ਦੀ ਘੜੀ ਇਸ ਵਿਸ਼ੇ ਬਾਰੇ ਬਣੀ ਖਾਸ ਕਮੇਟੀ ਵਿੱਚ ਹੀ ਇਸ ਦੀ ਚਰਚਾ ਕੀਤੀ ਜਾਵੇ। 

ਇਸ ਦੇ ਚਲਦਿਆਂ ਟੀਮ ਕਾਲੇ ਪਾਣੀ ਦਾ ਮੋਰਚਾ ਦੇ ਕਾਰਕੁਨ ਅਮਿਤੋਜ ਮਾਨ, ਜਸਕੀਰਤ ਸਿੰਘ, ਕੁਲਦੀਪ ਸਿੰਘ ਖਹਿਰਾ ਅਤੇ ਭੁਪਿੰਦਰ ਸਿੰਘ ਅਗਲੇ ਦਿਨ ਸਵੇਰੇ (3 ਤਰੀਕ ਨੂੰ) ਜਲਦੀ ਹੀ ਵਿਧਾਨ ਸਭਾ ਪਹੁੰਚ ਗਏ ਅਤੇ ਬਿਨਾ ਕਿਸੇ ਖਾਸ ਰੋਕ ਟੋਕ ਹੀ ਵਿਧਾਨ ਸਭਾ ਦੀ ਅੰਦਰ ਵਾਲੀ ਪਾਰਕਿੰਗ ਤੱਕ ਪਹੁੰਚ ਗਏ। 

ਲੱਖਾ ਸਿਧਾਣਾ ਸਾਢੇ ਨੌਂ ਵਜੇ ਪਹੁੰਚੇ ਅਤੇ ਉਦੋਂ ਤੱਕ ਸਿਕਿਉਰਿਟੀ ਕਾਫੀ ਕਰੜੀ ਹੋ ਚੁੱਕੀ ਸੀ ਅਤੇ ਉਹਨਾਂ ਨੂੰ ਬਾਹਰ ਵਾਲੀ ਪਾਰਕਿੰਗ ਤੋਂ ਅੱਗੇ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। 

ਕੁੱਝ ਦੇਰ ਬਾਅਦ ਲੱਖੇ ਦਾ ਫ਼ੋਨ ਆਇਆ ਕਿ ਉਹਨਾਂ ਨੂੰ ਤਾਂ ਅੰਦਰ ਭੇਜਣ ਦੀ ਬਜਾਏ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਜੋ ਉਸ ਨੂੰ ਚੰਡੀਗੜ੍ਹ ਦੇ ਸੈਕਟਰ ਤਿੰਨ ਵਿਖੇ ਥਾਣੇ ਵਿੱਚ ਲੈ ਗਈ ਅਤੇ ਨਜ਼ਰ ਬੰਦ ਕਰ ਦਿੱਤਾ। 

ਪਹੁੰਚੇ ਕਾਰਕੁਨਾਂ ਨੇ ਵਿਧਾਨ ਸਭਾ ਦੇ ਬਾਹਰ ਹੀ ਉੱਥੇ ਪਹੁੰਚੇ ਮੀਡੀਆ ਨਾਲ ਬੁੱਢੇ ਦਰਿਆ ਅਤੇ ਸਤਲੁਜ ਦੇ ਜ਼ਹਿਰੀਲੇ ਕਾਲੇ ਪਾਣੀ ਅਤੇ ਉਸ ਤੋਂ ਉਪਜੀ ਪੰਜਾਬ ਦੀ ਵੱਡੀ ਸਿਹਤ ਅਤੇ ਆਰਥਿਕ ਸਮੱਸਿਆ ਦੇ ਵਿਸ਼ੇ ਤੇ ਗੱਲਬਾਤ ਕੀਤੀ ਅਤੇ ਵਿਧਾਨ ਸਭਾ ਵਿੱਚ ਇਸ ਗੰਭੀਰ ਵਿਸ਼ੇ ਬਾਰੇ ਚਰਚਾ ਨਾ ਹੋਣ ਬਾਰੇ ਕੁਝ ਪੋਸਟਰ ਵਿਖਾ ਕੇ ਆਪਣਾ ਰੋਸ ਵੀ ਜ਼ਾਹਿਰ ਕੀਤਾ। 

ਇਹ ਸਭ ਤੋਂ ਬਾਅਦ ਅਸੀਂ ਸੈਕਟਰ ਤਿੰਨ ਦੇ ਥਾਣੇ ਵੱਲ ਨੂੰ ਰੁੱਖ ਕੀਤਾ ਤਾਂ ਕਿ ਲੱਖਾ ਸਿਧਾਣਾਂ ਨੂੰ ਪੁਲਿਸ ਕੋਲੋਂ ਛੁਡਵਾਇਆ ਜਾ ਸਕੇ। ਉੱਥੇ ਪਹੁੰਚ ਕੇ ਦੇਖਿਆ ਕਿ ਐਸ.ਐਚ.ਓ ਸਾਹਿਬ ਨਹੀਂ ਹਨ ਪਰ ਮੁਨਸ਼ੀ ਹਾਜ਼ਰ ਹੈ ਜਿਸ ਨਾਲ ਬੈਠ ਕੇ ਕਾਫੀ ਗੱਲਾਂ ਬਾਤਾਂ ਹੋਈਆਂ ਅਤੇ ਅਮਿਤੋਜ ਮਾਨ ਨੇ ਕਾਫੀ ਵਿਸਥਾਰ ਵਿੱਚ ਆਪਣੇ ਕਾਲੇ ਪਾਣੀ ਦੇ ਮਸਲੇ ਬਾਰੇ ਤੇ ਵਿਧਾਨ ਸਭਾ ਦੇ ਬਾਹਰ ਹੋਈਆਂ ਪ੍ਰੈਸ ਮਿਲਣੀਆਂ ਬਾਰੇ ਖੁੱਲ ਕੇ ਦੱਸਿਆ ਅਤੇ ਮੁਨਸ਼ੀ ਨੂੰ ਹੱਸ ਕੇ ਬੇਨਤੀ ਕੀਤੀ ਕਿ ਜਾਂ ਤਾਂ ਲੱਖਾਂ ਸਿਧਾਣਾਂ ਨੂੰ ਵੀ ਛੱਡ ਦਿਓ ਤੇ ਜਾਂ ਫਿਰ ਸਾਨੂੰ ਵੀ ਨਾਲ ਹੀ ਰੱਖ ਲਓ।  

ਉਹਨਾਂ ਨੇ ਸਾਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਅਤੇ ਕਿਹਾ ਕਿ ਤੁਸੀਂ ਕੁਝ ਦੇਰ ਇੰਤਜ਼ਾਰ ਕਰੋ। ਲੱਖਾ ਵੀ ਉਥੇ ਹੀ ਸੀ। ਫੇਰ ਸਾਨੂੰ ਇੱਕ ਪੁਲਿਸ ਕਰਮੀ ਮਿਲਣ ਆਏ ਅਤੇ ਡਾਇਰੀ ਵਿੱਚ ਸਾਰਿਆਂ ਦਾ ਨਾਮ ਲਿਖਣ ਲਈ ਕਿਹਾ ਜੋ ਕਿ ਅਸੀਂ ਲਿਖ ਦਿੱਤੇ। 

ਸਾਰਿਆਂ ਲਈ ਚਾਹ ਵੀ ਆ ਗਈ। ਜਦੋਂ ਇੱਕ ਘੰਟੇ ਤੋਂ ਵੱਧ ਇੰਤਜ਼ਾਰ ਤੋਂ ਬਾਅਦ ਵੀ ਕੋਈ ਅਗਲੀ ਖਬਰ ਨਾ ਆਈ ਤਾਂ ਅਸੀਂ ਫੇਰ ਇੱਕ ਵਾਰ ਮੁਨਸ਼ੀ ਨੂੰ ਮਿਲ ਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਾਲੇ ਉਪਰੋਂ ਕੋਈ ਇੰਸਟਰਕਸ਼ਨ ਨਹੀਂ ਆਈ ਪਰ ਜਲਦੀ ਹੀ ਉਹ ਪਤਾ ਕਰਕੇ ਦੱਸਣਗੇ। ਇਸ ਤੋਂ ਬਾਅਦ ਉਹ ਕਿਤੇ ਚਲੇ ਗਏ ਅਤੇ ਇਹ ਕਹਿ ਕੇ ਗਏ ਕਿ ਉਹ ਕੁਝ ਦੇਰ ਵਿੱਚ ਹੀ ਮੁੜ ਆਉਣਗੇ। ਸਾਨੂੰ ਸ਼ੱਕ ਜਿਹਾ ਹੋਇਆ ਕਿ ਸ਼ਾਇਦ ਸਾਨੂੰ ਵੀ ਡਿਟੇਨ ਕਰ ਲਿਆ ਗਿਆ ਹੈ ਜਿਸ ਤੇ ਅਸੀਂ ਉਥੇ ਤਾਇਨਾਤ ਪੁਲਿਸ ਕਰਮੀਆਂ ਨੂੰ ਪੁੱਛਿਆ ਕਿ ਕੀ ਅਸੀਂ ਬਾਹਰੋਂ ਕੁੱਝ ਖਾਣ ਪੀਣ ਨੂੰ ਲੈ ਆਈਏ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਨਹੀਂ ਜਾ ਸਕਦੇ ਕਿਸੇ ਤੋਂ ਮੰਗਵਾ ਸਕਦੇ ਹੋ। 

ਸ਼ੱਕ ਦੂਰ ਹੋ ਗਿਆ। ਅਸੀਂ ਅੰਦਰੋਂ ਇੱਕ ਫੋਟੋ ਖਿੱਚ ਕੇ ਮੀਡੀਆ ਨੂੰ ਭੇਜ ਦਿੱਤੀ ਅਤੇ ਦੱਸ ਦਿੱਤਾ ਕਿ ਸਾਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਜਿਸ ਕਰਕੇ ਕੁਝ ਮੀਡੀਆ ਵੀ ਬਾਹਰ ਆ ਗਿਆ ਪਰ ਉਹਨਾਂ ਨੂੰ ਅੰਦਰ ਸਾਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਨਾ ਹੀ ਉਸ ਵੇਲੇ ਸਾਨੂੰ ਬਾਹਰ ਜਾ ਕੇ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ। 

ਬਾਅਦ ਦੁਪਹਿਰ 2 ਵੱਜਣ ਤੇ ਸਾਰਿਆਂ ਨੂੰ ਕਾਫੀ ਭੁੱਖ ਲੱਗ ਚੁੱਕੀ ਸੀ ਤਾਂ ਅਮਿਤੋਜ ਮਾਨ ਨੇ ਆਪਣੇ ਇੱਕ ਮਿੱਤਰ ਨੂੰ ਫੋਨ ਕਰਕੇ ਹਾਲਾਤ ਬਾਰੇ ਦੱਸਿਆ ਤਾਂ ਉਹ ਖਾਣ ਪੀਣ ਦਾ ਕੁਝ ਸਮਾਨ ਲੈ ਕੇ ਪਹੁੰਚੇ। ਜਦੋਂ ਤਿੰਨ ਵਜੇ ਤੱਕ ਵੀ ਕੋਈ ਖੋਜ ਖਬਰ ਨਾਂ ਮਿਲੀ ਕਿ ਅੱਗੋਂ ਪੁਲਿਸ ਦਾ ਕੀ ਇਰਾਦਾ ਹੈ ਤਾਂ ਅਸੀਂ ਫੇਰ ਪੁੱਛਿਆ ਤੇ ਇਹੀ ਦੱਸਿਆ ਗਿਆ ਕਿ ਇੰਤਜ਼ਾਰ ਕਰੋ ਮੁਣਸ਼ੀ ਜੀ ਆਕੇ ਦੱਸਣਗੇ। 

ਮੈਂ ਚਾਰ ਵਜੇ ਫਿਰ ਮੁੰਨਸ਼ੀ ਦੇ ਦਫ਼ਤਰ ਜਾ ਝਾਤ ਮਾਰੀ ਤੇ ਕੁਰਸੀ ਤੇ ਬੈਠੇ ਬੁੱਢੇ ਦਰਿਆ ਦੇ ਚੱਕਰ ਵਿੱਚ ਵਿਧਾਨ ਸਭਾ ਤੋਂ ਥਾਣੇ ਤੱਕ ਦਾ ਸਫਰ ਜਾ ਕੇ ਪੁੱਛਿਆ ਕਿ ਅੱਗੋਂ ਉਹਨਾਂ ਦਾ ਹੁਣ ਕੀ ਇਰਾਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਹਾਲੇ ਤਾਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਅਤੇ ਸੈਸ਼ਨ ਤੋਂ ਬਾਅਦ ਹੀ ਛੱਡੇ ਜਾਣ ਦੀ ਉਮੀਦ ਹੈ। 

ਸ਼ਾਮ ਨੂੰ 5 ਵਜੇ ਦੇ ਕਰੀਬ ਐਸ.ਐਚ.ਓ ਨਰਿੰਦਰ ਪਟਿਆਲ ਥਾਣੇ ਆ ਗਏ ਮੈਂ ਉਹਨਾਂ ਨੂੰ ਮਿਲਣ ਚਲਾ ਗਿਆ ਅਤੇ ਬੇਨਤੀ ਕੀਤੀ ਕਿ ਦੱਸੋ ਭਾਈ ਸਾਰਾ ਦਿਨ ਹੋ ਗਿਆ ਸਾਨੂੰ ਇੱਥੇ ਬੈਠੇ ਹੁਣ ਸਾਡੇ ਲਈ ਕੀ ਹੁਕਮ ਹੈ ਤਾਂ ਉਹਨਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕੁਝ ਗੁੱਸੇ ਨਾਲ ਕਿਹਾ ਸਰਦਾਰ ਜੀ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ। 

ਮੈਂ ਦੱਸਿਆ ਕਿ ਅਸੀਂ ਤਾਂ ਸਵੇਰ ਦੇ ਇੱਥੇ ਕਮਰੇ ਵਿੱਚ ਬੈਠੇ ਹਾਂ ਅਤੇ ਸਾਨੂੰ ਤਾਂ ਬਾਹਰ ਆਪਣੇ ਮੋਬਾਈਲ ਦਾ ਚਾਰਜਰ ਤੱਕ ਕਾਰ ਵਿੱਚੋਂ ਚੁੱਕਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਝੂਠਾ ਇਲਜ਼ਾਮ ਲਗਾ ਰਹੇ ਹੋ ਇੱਥੇ ਕੈਮਰੇ ਲੱਗੇ ਹਨ, ਮੈਂ ਤਾਂ ਸਿਰਫ ਲੱਖੇ ਨੂੰ ਲੈ ਕੇ ਆਇਆ ਹਾਂ ਤੁਹਾਨੂੰ ਤੇ ਅਸੀਂ ਜਾਣਦੇ ਹੀ ਨਹੀਂ ਅਤੇ ਜੇ ਮੇਰੇ ਕਿਸੇ ਮੁਲਾਜ਼ਮ ਨੇ ਤੁਹਾਡੇ ਨਾਲ ਗਲਤ ਸਲੂਕ ਕੀਤਾ ਹੈ ਤਾਂ ਮੇਰਾ ਫੋਨ ਨੰਬਰ ਇੱਥੇ ਲਿਖਿਆ ਸੀ ਤੁਸੀਂ ਫੋਨ ਕਰ ਲੈਂਦੇ। 

ਇਹ ਸੁਣ ਕੇ ਮੈਨੂੰ ਵੀ ਬਹੁਤ ਹੈਰਾਨੀ ਹੋਈ ਕਿਉਂਕਿ ਸਾਰੇ ਦਿਨ ਤੋਂ ਇਹੀ ਵਤੀਰਾ ਚੱਲ ਰਿਹਾ ਸੀ ਕਿ ਤੁਸੀਂ ਬਸ ਕਮਰੇ ਦੇ ਅੰਦਰ ਹੀ ਬੈਠੋ ਅਤੇ ਬਾਹਰ ਨਹੀਂ ਜਾਣਾ। ਇਹ ਗੱਲ ਮੈਂ ਆਪਣੇ ਸਾਥੀਆਂ ਨੂੰ ਆ ਕੇ ਦੱਸੀ ਤਾਂ ਸਾਰੇ ਐਸ.ਐਚ.ਓ ਨੂੰ ਮਿਲਣ ਉਸ ਦੇ ਕਮਰੇ ਵਿੱਚ ਪਹੁੰਚੇ ਅਤੇ ਉਹਨਾਂ ਨੂੰ ਕਿਹਾ ਕਿ ਅਸੀਂ ਕੋਈ ਝੂਠ ਨਹੀਂ ਬੋਲ ਰਹੇ ਜੋ ਹੋਇਆ ਹੈ ਉਹੀ ਦੱਸ ਰਹੇ ਹਾਂ ਅਤੇ ਸਾਨੂੰ ਤਾਂ ਇਸ ਤੇ ਕੋਈ ਬਹੁਤਾ ਗਿਲਾ ਵੀ ਨਹੀਂ ਹੈ ਅਸੀਂ ਤਾਂ ਸਿਰਫ ਇਹ ਪੁੱਛ ਰਹੇ ਹਾਂ ਕਿ ਹੁਣ ਅੱਗੋਂ ਸਾਡੇ ਲਈ ਕੀ ਹੁਕਮ ਹੈ ਤਾਂ ਕਿ ਗੱਲ ਕਲੀਅਰ ਹੋ ਜਾਵੇ। 

ਇਸ ਤੇ ਐਸਐਚਓ ਬਹੁਤ ਗੁੱਸੇ ਵਿੱਚ ਆ ਗਏ ਅਤੇ ਉਹਨਾਂ ਨੇ ਸਾਨੂੰ ਕਿਹਾ ਕਿ ਉਹ ਸਿਰਫ ਲੱਖੇ ਨੂੰ ਲੈ ਕੇ ਆਏ ਸਨ ਤੇ ਉਹਨੂੰ ਭਾਵੇਂ ਉਹ ਅਰੈਸਟ ਕਰਨ ਜਾਂ ਹੋਰ ਜੋ ਮਰਜ਼ੀ। ਉਹਨਾਂ ਇਹ ਵੀ ਕਿਹਾ ਕਿ ਬਾਕੀ ਸਾਰਿਆਂ ਨੂੰ ਅੰਦਰ ਬਿਠਾ ਕੇ ਮੇਰੇ ਸਟਾਫ ਨੇ ਗਲਤੀ ਕੀਤੀ ਹੈ ਅਤੇ ਤੁਸੀਂ ਝੂਠਾ ਇਲਜ਼ਾਮ ਲਗਾ ਰਹੇ ਹੋ ਅਤੇ ਹੁਣ ਸਾਰੇ ਤੁਸੀਂ ਮੇਰੇ ਦਫਤਰ ਅਤੇ ਥਾਣੇ ਚੋਂ ਨਿਕਲ ਜਾਓ। 

ਮਾਹੌਲ ਬਿਨਾਂ ਵਜਾ ਗਰਮ ਹੁੰਦਾ ਵੇਖ ਅਮਿਤੋਜ ਮਾਨ ਨੇ ਐਸ ਐਚ ਓ ਨੂੰ ਕਿਹਾ ਕਿ ਅਸੀਂ ਤਾਂ ਤੁਹਾਡੇ ਨਾਲ ਕੋਈ ਗੁੱਸਾ ਗਿਲਾ ਵੀ ਨਹੀਂ ਕੀਤਾ ਅਤੇ ਅਸੀਂ ਆਪਣੇ ਸਾਥੀ ਲੱਖੇ ਨੂੰ ਵੀ ਨਾਲ ਹੀ ਲੈ ਕੇ ਜਾਣਾ ਹੈ ਪਰ ਉਹਨਾਂ ਨੇ ਇੱਕ ਨਾ ਸੁਣੀ ਅਤੇ ਮੁਲਾਜ਼ਮ ਬੁਲਾ ਕੇ ਸਾਨੂੰ ਬਾਹਰ ਕੱਢਣ ਲਈ ਕਹਿ ਦਿੱਤਾ। 

ਸਾਨੂੰ ਸਮਝ ਆ ਗਈ ਕਿ ਇਹਨਾਂ ਨੂੰ ਉਪਰੋਂ ਕੋਈ ਇਸ਼ਾਰਾ ਹੋਇਆ ਹੈ ਤਾਹੀਂ ਇਹ ਹੁਣ ਮਸਲਾ ਵੱਡਾ ਹੁੰਦਾ ਵੇਖ ਬਲਾਂ ਆਪਣੇ ਗਲੋਂ ਲਾਹ ਰਹੇ ਹਨ। ਬਾਹਰ ਆ ਕੇ ਅਸੀਂ ਉਦੋਂ ਤੱਕ ਉਥੇ ਪਹੁੰਚ ਚੁੱਕੇ ਮੀਡੀਆ ਕਰਮੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਹਾਲੇ ਪੰਜ ਕੁ ਮਿੰਟ ਹੀ ਹੋਏ ਸਨ ਕਿ ਪਿੱਛੇ ਰੌਲਾ ਪੈ ਗਿਆ ਤੇ ਅਚਾਨਕ ਕੋਈ ਕੈਦੀ ਹਿਰਾਸਤ ਵਿੱਚੋ ਭੱਜ ਕੇ ਥਾਣੇ ਦੀ ਕੰਧ ਟੱਪ ਕੇ ਬਾਹਰ ਚਲਾ ਗਿਆ ਜਿਸ ਦੇ ਮਗਰ ਚਾਰ ਪੰਜ ਪੁਲਿਸ ਕਰਮੀ ਭੱਜੇ ਅਤੇ ਇੱਕ ਮਿੰਟ ਵਿੱਚ ਹੀ ਬਾਹਰ ਜਾ ਕੇ ਉਹਨੂੰ ਘੇਰ ਲਿਆ। ਇਹ ਸਾਰਾ ਵਾਕਿਆ ਮੀਡੀਆ ਕਰਮੀਆਂ ਦੇ ਕੈਮਰਿਆਂ ਵਿੱਚ ਬਾਕਾਇਦਾ ਕੈਦ ਹੋ ਗਿਆ। 

ਪੰਜ ਕੁ ਮਿੰਟ ਬਾਅਦ ਲੱਖਾ ਸਿਧਾਣਾ ਨੂੰ ਵੀ ਛੱਡ ਦਿੱਤਾ ਗਿਆ ਅਤੇ ਉਹ ਵੀ ਬਾਹਰ ਆ ਗਏ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਅੱਧਾ ਕੁ ਘੰਟਾ ਗੱਲਾਂ ਬਾਤਾਂ ਚੱਲੀਆਂ ਅਤੇ ਉਸ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਵਿੱਚ ਬਹਿ ਕੇ ਚੱਲਣ ਹੀ ਲੱਗੇ ਸਾਂ ਤਾਂ ਐਸਐਚਓ ਸਾਹਿਬ ਵੀ ਬਾਹਰ ਆਏ ਅਤੇ ਉਹਨਾਂ ਨੇ ਲੱਖੇ ਨੂੰ ਕਿਹਾ ਕਿ ਮੇਰੇ ਥਾਣੇ ਤੋਂ ਦੂਰ ਜਾ ਕੇ ਮੀਡੀਆ ਨਾਲ ਗੱਲਬਾਤ ਕਰੋ ਅਤੇ ਇੰਨਾ ਕਹਿ ਕੇ ਉਹ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਚਲੇ ਗਏ। ਅਸੀਂ ਵੀ ਆਪਣੇ ਘਰੋਂ ਘਰੀਂ ਚਾਲੇ ਪਾ ਦਿੱਤੇ।

ਜਸਕੀਰਤ ਸਿੰਘ//91+98157 81629//05/09/2024

No comments: