Tuesday, September 03, 2024

ਬੁੱਢੇ ਦਰਿਆ ਦੀ ਸਵੱਛਤਾ ਲਈ ਸਰਗਰਮ ਟੀਮ ਨੂੰ ਰੱਖਿਆ ਕਈ ਘੰਟੇ ਹਿਰਾਸਤ ਵਿੱਚ

ਮੋਰਚੇ ਦੀ ਟੀਮ ਨੂੰ ਹਿਰਾਸਤ ਵਿੱਚ ਰੱਖਿਆ ਚੰਡੀਗੜ੍ਹ ਸੈਕਟਰ 3 ਦੇ ਥਾਣੇ ਵਿੱਚ 

ਚੰਡੀਗੜ੍ਹ ਦੇ ਸੈਕਟਰ ਤਿੰਨ ਦੇ ਥਾਣੇ ਵਿੱਚ ਰੱਖਿਆ ਗਿਆ  ਕਲਾ ਪਾਣੀ ਮੋਰਚਾ ਦੀ ਟੀਮ ਨੂੰ 
ਲੁਧਿਆਣਾ: 3 ਸਤੰਬਰ 2024: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::

ਗੱਲ ਸ਼ਾਇਦ 2014 ਦੇ ਉਹਨਾਂ ਦਿਨਾਂ ਦੀ ਹੈ, ਜਦੋਂ ਆਮ ਆਦਮੀ ਪਾਰਟੀ ਦੀ ਹਵਾ ਪੰਜਾਬ ਵਿੱਚ ਵੀ ਜ਼ੋਰ ਫੜਨ ਲੱਗ ਪਈ ਸੀ। ਨਵੰਬਰ-84 ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਆਪਣੀ ਚੰਗੀ ਸਾਖ ਬਣਾ ਚੁੱਕੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਐਲਾਨੇ ਜਾ ਚੁੱਕੇ ਸਨ। ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਸਫਲ ਰਹਿੰਦੀ ਤਾਂ ਲੋਕਾਂ ਵੱਲੋਂ ਉਹਨਾਂ ਨੂੰ ਮੁੱਖ ਮੰਤਰੀ ਵੱਜੋਂ ਵੀ ਕਿਆਸਿਆ ਜਾ ਰਿਹਾ ਸੀ। 

ਉਹਨਾਂ ਦਿਨਾਂ ਵਿੱਚ ਹੀ ਸਰਦਾਰ ਫੂਲਕਾ ਦੀ ਇੱਕ ਖਾਸ ਪ੍ਰੈੱਸ ਕਾਨਫਰੰਸ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਕੋਠੀ ਦੇ ਨੇੜੇ ਪੈਂਦੇ ਸੀਬੀਆ ਹਸਪਤਾਲ ਵਿੱਚ ਰੱਖੀ ਗਈ ਸੀ। ਇਸ ਪ੍ਰੈਸ ਕਾਨਫਰੰਸ ਵਿੱਚ ਸਰਦਾਰ ਫੂਲਕਾ ਨੇ ਬੜੇ ਹੀ ਵਿਸ਼ੇਸ਼ ਅਤੇ ਜ਼ੋਰਦਾਰ  ਢੰਗ ਨਾਲ ਬੁੱਢੇ ਦਰਿਆ ਦੀ ਮੁਕੰਮਲ ਸਫਾਈ ਦਾ ਮਾਮਲਾ ਉਠਾਇਆ ਅਤੇ ਸਪਸ਼ਟ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖਤਮ ਕੀਤਾ ਜਾਏਗਾ। ਉਹਨਾਂ ਐਲਾਨ ਵੀ ਕੀਤਾ ਕਿ ਅਸੀਂ ਬੁੱਢੇ ਦਰਿਆ ਦਾ ਉਹੀ ਪੁਰਾਤਨ ਸਰੂਪ ਬਹਾਲ ਕਰਾਂਗੇ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਹੁੰਦਾ ਸੀ। ਇਸ ਦਰਿਆ ਵਿਚ ਜਲਦੀ ਹੀ ਫਿਰ ਬੱਚੇ ਨਹਾਇਆ ਕਰਨਗੇ। ਇਸਦੀ ਪੁਰਾਣੀ ਸ਼ਾਨੋਸ਼ੌਕਤ ਫਿਰ ਬਹਾਲ ਹੋਏਗੀ। 

ਉੰਝ ਪ੍ਰਸਿੱਧ ਲੇਖਿਕਾ ਡਾ. ਗੁਰਚਰਨ ਕੌਰ ਕੋਚਰ ਨੇ ਵੀ ਮੀਡੀਆ ਨੂੰ ਕਈ ਸਾਲ ਪਹਿਲਾਂ ਦੱਸਿਆ ਸੀ ਕਿ ਨਿੱਕੇ ਹੁੰਦਿਆਂ ਅਸੀਂ ਭੈਣਾਂ  ਭਰਾਵਾਂ ਨੇ ਇਸ ਇਸ ਬੁੱਢੇ ਦਰਿਆ ਵਿੱਚ ਹੀ ਤੈਰਨਾ ਸਿੱਖਿਆ ਸੀ। ਉਹਨਾਂ ਇਸ ਦਰਿਆ ਦਾ ਸਾਫ ਸਵੱਛ ਪਾਣੀ ਖੁਦ ਦੇਖਿਆ ਹੋਇਆ ਹੈ। ਕਈਆਂ ਨੇ ਤਾਂ ਇਹ ਪਾਣੀ ਪੀਤਾ ਵੀ ਹੋਇਆ ਹੈ। 

ਖੈਰ ਗੱਲ ਚੱਲਦੀ ਸੀ ਸੀਬੀਆ ਹਸਪਤਾਲ ਵਿੱਚ ਹੋਈ ਫੂਲਕਾ ਸਾਹਿਬ ਵਾਲੀ ਪ੍ਰੈਸ ਕਾਨਫਰੰਸ ਦੀ। ਇਸ ਪ੍ਰੈਸ ਕਾਨਫਰੰਸ ਦੌਰਾਨ ਹੀ ਕਿਸੇ ਪੱਤਰਕਾਰ ਨੇ ਆਪਣੇ ਕਿਸੇ ਸੁਆਲ ਦੇ ਨਾਲ ਆਖ ਦਿੱਤਾ ਕਿ ਬੁੱਢਾ ਨਾਲਾ ਕਦੋਂ ਤੀਕ ਸਾਫ ਹੋ ਸਕੇਗਾ? ਫੂਲਕਾ ਸਾਹਿਬ ਨੇ ਉਸ ਪੱਤਰਕਾਰ ਨੂੰ ਸਖਤੀ ਨਾਲ ਟੋਕਿਆ ਅਤੇ ਕਿਹਾ ਕਿ ਆਪਣਾ ਸੁਆਲ ਠੀਕ ਕਰੋ। ਇਹ ਬੁੱਢਾ ਨਾਲਾ ਨਹੀਂ ਬਲਕਿ ਬੁੱਢਾ ਦਰਿਆ ਹੈ। ਇਸ ਨੂੰ ਨਾਲਾ ਆਖ ਕੇ ਇਸਦਾ ਅਪਮਾਨ ਨਾ ਕਰੋ। ਇਸਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। 

ਕੁਝ ਅਰਸੇ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣ ਗਈ ਅਤੇ ਬਹੁਤ ਸਾਰਾ ਸਮਾਂ ਵੀ ਲੰਘ ਗਿਆ। ਉਂਝ ਉਪਰਾਲਿਆਂ ਦੇ ਨਾਂਅ ਹੇਠ ਪਹਿਲੀਆਂ ਸਰਕਾਰਾਂ ਵੀ ਕਾਫੀ ਕੁਝ ਕਰਦੀਆਂ ਰਹੀਆਂ ਸਨ ਪਾਰ ਬੁੱਢੇ ਦਰਿਆ ਦਾ ਸੰਵਰਿਆ ਕੁਝ ਵੀ ਨਹੀਂ ਸੀ। ਇਹ ਆਏ ਦਿਨ ਪ੍ਰਦੂਸ਼ਿਤ ਹੁੰਦਾ ਚਲਾ ਗਿਆ। ਇਸ ਪਾਣੀ ਨੂੰ ਕਾਲਾ ਕਰਨ ਦਾ ਗੁਨਾਹਗਾਰ ਕੌਣ ਹੈ। ਇਸ ਗੁਨਾਹਗਾਰ ਵੱਲ ਕਾਨੂੰਨ ਦੀ ਅੱਖ ਕਿਓਂ ਨਹੀਂ ਜਾਂਦੀ?

ਬੁੱਢੇ ਦਰਿਆ ਨੂੰ ਸਾਫ ਸਵੱਛ ਕਰਨ ਲਈ ਪੰਜਾਬ ਦੀ ਸਰਕਾਰ ਨੇ ਕਈ ਉਪਰਾਲੇ ਵੀ ਕੀਤੇ। ਕਾਲੀ ਬੇਈਂ ਨੂੰ ਸਾਫ ਕਰਨ ਲਈ ਪ੍ਰਸਿੱਧੀ ਖੱਟਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਾਮ ਵੀ ਇਸ ਪਵਿੱਤਰ ਮਿਸ਼ਨ ਲਈ ਜੁੜਿਆ। ਜੁੜਿਆ। ਉਹੀ ਸੰਤ ਸੀਚੇਵਾਲ ਜਿਹੜੇ ਹੁਣ ਰਾਜਸਭਾ ਦੇ ਮੈਂਬਰ ਵੀ ਹਨ। ਉਹਨਾਂ ਕੋਲ ਸੰਕਲਪ ਵੀ ਹੈ ਅਤੇ ਇੱਕ ਐਮ ਪੀ ਦੀਆਂ ਤਾਕਤਾਂ ਵਾਲੀ ਸਮਰਥਾ ਵੀ। 

ਸ੍ਰੀ ਭੈਣੀ ਸਾਹਿਬ ਵਾਲੇ ਨਾਮਧਾਰੀ ਮੁਖੀ ਠਾਕੁਰ ਉਦੈ ਸਿੰਘ ਵੀ ਆਪਣੀ ਸੰਗਤ ਸਮੇਤ ਇਸ ਬੁੱਢੇ ਦਰਿਆ ਦੇ ਕਿਨਾਰਿਆਂ ਤੇ ਆ ਕੇ ਹਾਜ਼ਰ ਵੀ ਹੁੰਦੇ ਰਹੇ। ਇਲਾਹੀ ਕੀਰਤਨ ਵਾਲੇ ਦੀਵਾਨ ਵੀ ਲੱਗਦੇ ਰਹੇ। ਸ਼ਬਦ ਕੀਰਤਨ ਵੀ ਹੁੰਦਾ ਰਿਹਾ ਅਤੇ ਗੀਤ ਸੰਗੀਤ ਨਾਲ ਵੀ ਚੰਗਾ ਰੰਗ ਬੱਝਦਾ ਰਿਹਾ। ਫਿਜ਼ਾ ਵਿੱਚ ਘੁਲੀਆਂ ਗੁਰਬਾਣੀ ਸੰਗੀਤ ਅਤੇ ਰਾਗਾਂ ਵਾਲੀਆਂ ਉਹਨਾਂ ਧੁਨਾਂ ਦੀਆਂ ਅਵਾਜ਼ਾਂ  ਨਾਲ ਉਮੀਦਾਂ ਵੀ ਬਹੁਤ ਬੱਝੀਆਂ ਸਨ। ਪਰ ਹਕੀਕਤਾਂ ਉਮੀਦਾਂ ਤੇ ਕਦੇ ਪੂਰੀਆਂ ਨਾ ਉਤਰੀਆਂ। 

ਫਿਰ ਸ਼ੁਰੂ ਹੋਇਆ ਕਾਲੇ ਪਾਣੀ ਦੇ ਖਿਲਾਫ ਇੱਕ ਅਜਿਹਾ ਮੋਰਚਾ ਜਿਹੜਾ ਹਰ ਕਦਮ ਤੇ ਹਰ ਨਵੇਂ ਹੀਲੇ ਨਾਲ ਜ਼ੋਰਦਾਰ ਹੁੰਦਾ ਚਲਾ ਗਿਆ। ਕਾਲੇ ਪਾਣੀ ਦੇ ਖਿਲਾਫ ਲੱਗੇ ਇਸ ਮੋਰਚੇ ਨੇ ਜਦੋਂ ਲੋਕ ਲਹਿਰ ਦਾ ਰੂਪ ਧਾਰ ਲਿਆ ਤਾਂ ਮੋਰਚੇ ਦੇ ਆਗੂ ਚੰਡੀਗੜ੍ਹ ਪੁੱਜੇ ਤਾਂਕਿ ਜਮਹੂਰੀ ਕਦਰਾਂ ਕੀਮਤਾਂ ਦੀ ਕਦਰ ਕਰਦਿਆਂ ਇਸ ਮੁਦੇ ਨੂੰ ਪੰਜਾਬ ਵਿਧਾਨ ਸਭ ਵਿਚ ਉਠਾਇਆ ਜਾਏ।  ਇਸ ਮਕਸਦ ਲਈ ਅਮਿਤੋਜ ਮਾਨ,ਜਸਕੀਰਤ ਸਿੰਘ, ਲੱਖਾ ਸਿਧਾਣਾ, ਕੁਲਦੀਪ ਸਿੰਘ ਖਹਿਰਾ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ ਹੁਰਾਂ ਦੀ ਸਾਂਝੀ ਟੀਮ ਇਸ ਵਫਦ ਦੀ ਅਗਵਾਈ ਕਰ ਰਹੀ ਸੀ। ਜਦੋਂ ਇਹ ਟੀਮ ਚੰਡੀਗੜ੍ਹ ਪਹੁੰਚੀ ਤਾਂ ਇਸ ਟੀਮ ਦੇ ਸਾਰੇ ਮੈਂਬਰਾਂ ਨੂੰ ਸੈਕਟਰ 3 ਦੇ ਥਾਣੇ ਵਿੱਚ ਨਜ਼ਰਬੰਦ ਕੀਤਾ ਗਿਆ.  ਕਸੂਰ ਇਹ ਕੱਢਿਆ ਗਿਆ ਉਹ ਬੁੱਢੇ ਦਰਿਆ (ਬੁੱਢੇ ਨਾਲੇ) ਦੇ ਮੁੱਦੇ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਠਾਉਣ ਲਈ ਚੰਡੀਗੜ੍ਹ ਕਿਓਂ ਆ ਸਨ? ਜਮਹੂਰੀਅਤ ਦਾ ਜਲੂਸ ਕੱਢਣ ਵਰਗੀ ਹਰਕਤ ਸੀ ਇਹਨਾਂ ਨੂੰ ਠਾਣੇ ਵਿਚ ਨਜ਼ਰਬੰਦ ਕਰਨਾ। ਆਖਿਰ ਥੋਹੜੀ ਦੇਰ ਬਾਅਦ ਵਿਧਾਨਸਭਾ ਦਾ ਇਹ ਸੰਖੇਪ ਜਿਹਾ ਸੈਸ਼ਨ ਸ਼ਾਮ ਨੂੰ ਖਤਮ ਵੀ ਹੋ ਗਿਆ। 

ਕਾਲੇ ਪਾਣੀ ਦੇ ਮੋਰਚੇ ਵੱਜੋਂ ਪ੍ਰਸਿੱਧ ਹੋਏ ਇਸ ਅੰਦੋਲਨ ਦੇ ਆਗੂ ਅਮਿਤੋਜ ਮਾਨ ,ਜਸਕੀਰਤ ਸਿੰਘ, ਲੱਖਾ ਸਿਧਾਣਾ ਕੁਲਦੀਪ ਸਿੰਘ ਖਹਿਰਾ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ ਨੂੰ ਅੱਜ ਸਵੇਰੇ ਹੀ ਚੰਡੀਗੜ੍ਹ ਸੈਕਟਰ 3 ਦੇ ਥਾਣੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ, ਕਿਉਂਕਿ ਅਸੀਂ ਬੁੱਢੇ ਦਰਿਆ (ਬੁੱਢੇ ਨਾਲ਼ੇ) ਦੇ ਮੁੱਦੇ ਨੂੰ ਸੈਸ਼ਨ ਦੌਰਾਨ ਉਠਾਉਣ ਲਈ ਚੰਡੀਗੜ੍ਹ ਆਏ ਸੀ। ਇਸ ਦੀ ਜਾਣਕਾਰੀ ਉਹਨਾਂ ਆਪਣੇ ਸੈਲ ਰਾਹੀਂ ਕਿਸੇ ਤਰ੍ਹਾਂ 12 ਕੁ ਵਜੇ ਤੱਕ ਮੀਡੀਆ ਤੱਕ ਵੀ ਪਹੁੰਚਾਈ। 

ਉਮੀਦ ਸੀ ਜਲਦੀ ਹੀ ਇਹਨਾਂ ਦੇ ਇਸ ਵਫਦ ਨੂੰ ਵਿਧਾਨ ਸਭਾ ਵਿੱਚ ਲਿਜਾ ਕੇ ਮੁਖ ਮੰਤਰੀ ਨਾਲ ਵੀ ਮਿਲਾ ਦਿੱਤਾ ਜਾਏਗਾ। ਆਖਿਰਕਾਰ ਇਹ ਸਾਰੇ ਮੋਹਤਬਰ ਵਿਅਕਤੀ ਸਨ ਅਤੇ ਬੁੱਢੇ ਦਰਿਆ ਦੀ ਪਹਿਲਾਂ ਵਾਲੀ ਪਾਕੀਜ਼ਗੀ ਨੂੰ ਬਹਾਲ ਕਰਨ ਲਈ ਤੁਰੇ ਹੋਏ ਹਨ। ਇਹਨਾਂ ਦਾ ਅੰਦੋਲਨ ਬੜੇ ਹੀ ਸ਼ਾਂਤਮਈ ਢੰਗ ਨਾਲ ਚਲਦਾ ਆ ਰਿਹਾ ਹੈ। ਸ਼ਾਂਤਮਈ ਢੰਗ ਨਾਲ ਹੀ ਆਮ ਲੋਕਾਂ ਦੇ ਦਿਲਾਂ ਤੱਕ ਵੀ ਪਹੁੰਚ ਰਹੇ ਹਨ। ਇਹਨਾਂ ਨੂੰ ਹਿਰਾਸਤ ਵਿਚ ਲੈਣਾ ਸੱਚਮੁੱਚ ਚਿੰਤਾਜਨਕ ਹੀ ਸੀ। ਚੰਗਾ ਹੁੰਦਾ ਜੇਕਰ ਇਸ ਟੀਮ ਦੇ ਸਾਹਮਣੇ ਹੀ ਅੱਜ ਵਿਧਾਨਸਭਾ ਵਿਧਾਨ ਸਭਾ ਵਿੱਚ ਕੋਈ ਅਹਿਮ ਐਲਾਨ ਕਰ ਦਿੱਤਾ ਜਾਂਦਾ! ਪਾਰ ਅਫਸੋਸ ਅਜਿਹਾ ਨਹੀਂ ਹੋ ਸਕਿਆ।  

ਆਖਿਰਕਾਰ ਸ਼ਾਮੀ ਸਾਢੇ ਚਾਰ ਵਜੇ ਤੋਂ ਬਾਅਦ ਫਿਰ ਸੁਨੇਹਾ ਮਿਲਿਆ ਕਿ ਇਹ ਟੀਮ ਅਜੇ ਵੀ ਚੰਡੀਗੜ੍ਹ ਸੈਕਟਰ 3 ਥਾਣੇ ਵਿਚ ਪੁਲਿਸ ਹਿਰਾਸਤ ਵਿੱਚ ਹੀ ਹੈ। ਪੁਲਿਸ ਦੇ ਕਹਿਣ ਮੁਤਾਬਿਕ ਟੀਮ ਮੈਂਬਰਾਂ ਨੂੰ ਅੱਜ ਦੇ ਵਿਧਾਨ ਸਭਾ ਸੈਸ਼ਨ ਦੇ ਖ਼ਤਮ ਹੋਣ ਤੇ ਬਾਅਦ ਛੱਡ ਦਿੱਤਾ ਜਾਵੇਗਾ। 

ਉਸ ਤੋਂ ਬਾਅਦ ਇਸ ਟੀਮ ਨੇ ਮੀਡਿਆ ਨਾਲ ਇੱਥੇ ਹੀ ਗੱਲ ਬਾਤ ਕਰਨੀ ਸੀ। ਮੀਡੀਆ ਨਾਲ ਇਹ ਗੱਲਬਾਤ ਹੋ ਸਕੀ ਕਿ ਨਹੀਂ ਇਸਦਾ ਤੁਰੰਤ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸਾਫ ਜ਼ਾਹਿਰ ਸੀ ਕਿ ਸਰਕਾਰ ਨਹੀਂ ਚਾਹੁੰਦੀ ਕਿ ਇਹ ਮੁੱਦਾ ਵਿਧਾਨ ਸਭਾ  ਵਿੱਚ ਵੀ ਜ਼ੋਰ ਫੜੇ। 

ਪੌਣੇ ਸੱਤ ਵਜੇ ਤੋਂ ਬਾਅਦ ਹੀ ਇਹ ਖਬਰ ਮਿਲੀ ਇਸ ਟੀਮ ਨੂੰ ਰਿਹਾ ਕਰ ਦਿੱਤਾ ਗਿਆ ਹੈ। ਆਖਿਰ ਕਸੂਰ ਕਿ ਸੀ ਇਸ ਟੀਮ ਦਾ? ਕੀ ਇਹੀ ਕਿ ਕਿ ਇਹ ਟੀਮ ਸਾਹਿਬ ਸ੍ਰੀ ਗੁਰੂ ਨਾਨਕ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਬੁੱਢੇ ਦਰਿਆ ਦੀ ਪਵਿੱਤਰਤਾ ਨੂੰ ਬਹਾਲ ਕਰਨਾ ਚਾਹੁੰਦੀ ਹੈ? ਇਸ ਟੀਮ ਨੇ ਹੁਣ ਤੱਕ ਇਹੀ ਕਿਹਾ ਹੈ ਕਿ ਇਸ ਪਾਣੀਂ ਨੂੰ ਪ੍ਰਦੂਸ਼ਿਤ ਕਰ ਕੇ ਕਲਾ ਕਰਨ ਵਾਲੇ ਗੁਨਾਹਗਾਰ ਕੌਣ ਹਨ? ਸਰਕਾਰ ਉਹਨਾਂ ਗੁਨਾਹਗਾਰਾਂ ਨੂੰ ਕਟਹਿਰੇ ਵਿਚ ਲਿਆਉਣ ਦੀ ਬਜਾਏ ਸਵੱਛਤਾ ਦੀ ਮੰਗ ਕਰਨ ਵਾਲੀ ਟੀਮ ਨੂੰ ਈ ਹਿਰਾਸਤ ਵਿਚ ਲੈਣ ਲੱਗ ਪਏ ਹਨ। ਕੀ ਬਣੇਗਾ ਸਾਡੇ ਇਸ ਸਿਸਟਮ ਦਾ?  

No comments: