Wednesday, February 21, 2024

ਨੌਜਵਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਨਾਲ ਹੋਰ ਤਿੱਖਾ ਹੋਵੇਗਾ ਕਿਸਾਨ ਅੰਦੋਲਨ

 Wednesday 21st February 2023 at 21:50

22 ਫ਼ਰਵਰੀ ਦੀ ਚੰਡੀਗੜ੍ਹ ਮੀਟਿੰਗ ਵਿੱਚ ਅਹਿਮ ਫੈਸਲਿਆਂ ਦੀ ਸੰਭਾਵਨਾ 

*ਖਨੌਰੀ ਵਿਖੇ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ

*ਸੰਯੁਕਤ ਕਿਸਾਨ ਮੋਰਚਾ ਵਲੋਂ ਤਿੱਖੇ ਸੁਰ ਦਾ ਵੀ ਇਸ਼ਾਰਾ 

*ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਾ ਉੱਪਰ ਧਰਨੇ ਜਾਰੀ ਰਹੇ 

*ਨੌਜਵਾਨ ਸ਼ਹੀਦ ਕਿਸਾਨ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ ਭੇਟ ਕੀਤੀ ਗਈ

*ਭਾਜਪਾ ਦੇ 20 ਆਗੂਆਂ ਦੇ ਘਰਾਂ ਸਾਹਮਣੇ ਧਰਨੇ ਜਾਰੀ ਰਹੇ 

*37 ਟੋਲ ਪਲਾਜ਼ਾ ਵੀ ਟੋਲ ਫ੍ਰੀ ਰੱਖੇ ਗਏ 

*ਦੋ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਵੀ ਰੋਸ ਧਰਨੇ ਦਿੱਤੇ ਗਏ 

*ਅਗਲੇ ਸੰਘਰਸ਼ ਦੀ ਰੂਪ ਰੇਖਾ ਲਈ 22 ਫਰਵਰੀ ਨੂੰ ਦੇਸ਼ ਪੱਧਰੀ ਮੀਟਿੰਗ  ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 


ਚੰਡੀਗੜ੍ਹ//ਜਲੰਧਰ:20 ਫਰਵਰੀ 2024: (ਐਮ ਐਸ ਭਾਟੀਆ//ਪੰਜਾਬ ਸਕਰੀਨ ਡੈਸਕ)::

ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਮਗਰੋਂ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਰੋਸ ਅਤੇ ਗਮ ਦੀ ਲਹਿਰ ਤਿੱਖੀ ਹੋ ਗਈਹੈ। ਪਰਿਵਾਰ ਅਤੇ ਦੇਸ਼ ਲਈ ਬਹੁਤ ਸਾਰੇ ਸੁਪਨੇ ਸੰਜੋ ਕੇ ਬੈਠਾ ਸ਼ੁਭਕਰਨ ਸਿੰਘ ਉਸ ਹਮਲਾਵਰ  ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਿਹੜਾ ਜੀਣ ਦੀ ਪੈਂਟ ਪਾ ਕੇ ਵਰਦੀਧਾਰੀ ਫੋਰਸਾਂ ਦੇ ਨਾਲ ਹੀ ਖੜਾ ਸੀ। ਇਸ ਨੇ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਐਨ ਪਿਛਲੇ ਪਾਸਿਓਂ ਗੋਲੀ ਮਾਰੀ। ਆਖਿਰ ਇਹ ਕਾਤਲ ਹਮਲਾਵਰ ਕੌਣ ਸੀ? ਇਸ ਸੁਆਲ ਨੂੰ ਲੈ ਕੇ ਵਿਵਾਦ ਵੀ ਉੱਠ ਖੜਾ ਹੋਇਆ ਹੈ।  ਅਜਿਹੇ ਹਮਲਾਵਰ ਹੋਰ ਕਿੰਨੇ ਕੁ ਹਨ ਅਤੇ ਇਹ ਕਿਸ ਹੁਕਮ ਨਾਲ ਇਥੇ ਪੁੱਜੇ ਅਜਿਹੇ ਕਿ ਸੁਆਲ ਅਜੇ ਹੋਰ ਗਰਮ ਹੋਣੇ ਹਨ। 

ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਨੇ ਪੰਜਾਬ ਦੀਆਂ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ ਕਿਸਾਨਾਂ ਤੇ ਢਾਹੇ ਜਾ ਰਹੇ ਜਬਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ 23 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਭਾਜਪਾ ਸਰਕਾਰ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ। ਕੌਣ ਜ਼ਿੰਮੇਵਾਰ 23 ਸਾਲ ਦੀ ਉਮਰ ਦੇ ਸ਼ੁਭਕਰਨ ਸਿੰਘ ਦੀ ਮੌਤ ਲਈ?

 ਕਿਸਾਨ ਜਥੇਬੰਦੀਆਂ ਨੇ ਅੱਜ ਭਾਜਪਾ ਆਗੂਆਂ ਅਤੇ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਸੁਆਲ ਅੱਜ ਵੱਖ ਵੱਖ ਇਕੱਠਾਂ ਵਿੱਚ ਬੇਹੱਦ ਰੋਸ ਅਤੇ ਰੋਹ ਨਾਲ ਪੁਛੇ ਜਾਂਦੇ ਰਹੇ ਕਿ ਕਿਸ ਨੇ ਚਲਾਈ ਸ਼ੁਭਕਰਨ ਸਿੰਘ ਦੇ ਸਿਰ 'ਤੇ ਗੋਲੀ? ਵਰਦੀਧਾਰੀਆਂ ਵਿੱਚ ਇਹ ਬਿਨਾ ਵਰਦੀ ਵਾਲਾ ਕੌਣ ਸੀ? ਅੱਜ ਇਹ ਦੋਸ਼ ਵੀ ਲੱਗਦੇ ਰਹੇ ਕਿ ਤੀਰ ਗੈਸ ਦੇ ਨਾਮ ਹੇਠ ਪਤਾ ਨਹੀਂ ਕਿਹੜੇ ਕੀੜੇ ਕੈਮੀਕਲ ਅਤੇ ਜ਼ਹਿਰੀਲੇ ਪਦਾਰਥ ਇਸ ਧੂੰਏ ਵਿਚ ਘੋਲੇ ਜਾ ਰਹੇ ਹਨ। ਇਹਨਾਂ ਵਿਵਾਦਬਨ ਨਾਲ ਸਬੰਧਤ ਸੁਆਲ ਵੀ ਅਜੇ ਕਿਸਾਨੀ ਮੰਗਾਂ ਦੀ ਲਿਸਟ ਵਿਚ ਸ਼ਾਮਲ ਹੋਣੇ ਹਨ। 

ਕਿਸਾਨੀ ਮੰਗਾਂ ਸੰਬੰਧੀ ਇਥੇ ਵਰਨਣਯੋਗ ਹੈ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਅਤੇ ਕਿਸਾਨਾਂ ਤੇ ਜਬਰ ਕਰਨ ਵਿਰੁੱਧ  ਸੂਬੇ ਭਰ ਵਿੱਚ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਤਿੰਨ ਦਿਨਾਂ ਲਈ ਦਿਨ ਰਾਤ ਦੇ ਧਰਨੇ  ਦੂਜੇ ਦਿਨ ਵੀ ਜਾਰੀ ਰਹੇ। ਇਹਨਾਂ ਧਰਨਿਆਂ ਨੇ ਕਿਸਾਨੀ ਮੰਗਾਂ ਤੋਂ ਅਜੇ ਤੱਕ ਨਾਵਾਕਫ਼ਾਂ ਵਾਂਗ ਚੱਲ ਰਹੇ ਲੋਕਾਂ ਨੂੰ ਵੀ ਇਸ ਅੰਦੋਲਨ ਨਾਲ ਜੋੜਿਆ। 

ਇਸੇ ਦੌਰਾਨ ਨੌਜਵਾਨ ਸ਼ੁਭਕਰਨ ਸਿੰਘ ਦਾ ਮ੍ਰਿਤਕ ਸਰੀਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੱਖਿਆ ਗਿਆ ਹੈ ਜਿੱਥੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਰਾਮਿੰਦਰ ਸਿੰਘ ਪਟਿਆਲਾ, ਦਲਜੀਤ ਸਿੰਘ ਚੱਕ, ਗੁਰਮੀਤ ਸਿੰਘ ਦਿੱਤੂਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਗੁਰਵਿੰਦਰ ਸਿੰਘ ਬੱਲੋ, ਚਰਨਜੀਤ ਸਿੰਘ ਝੁੰਗੀਆ, ਦਵਿੰਦਰ ਸਿੰਘ ਪੂਨੀਆ, ਹਰਭਜਨ ਸਿੰਘ ਬੁੱਟਰ ਸਮੇਤ ਕਿਸਾਨਾਂ ਦੇ ਇੱਕ ਵੱਡੇ ਜਥੇ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਿੰਡ ਵਾਸੀਆਂ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਸੂਬਾ ਪੱਧਰ ਤੇ ਪੁੱਜੀਆਂ ਰਿਪੋਰਟਾਂ ਮੁਤਾਬਕ ਸੂਬੇ ਭਰ ਵਿੱਚ 20 ਭਾਜਪਾ ਆਗੂਆਂ ਦੇ ਘਰਾਂ ਸਾਹਮਣੇ, 37 ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਅਤੇ ਦੋ ਜ਼ਿਲਿਆਂ ਹੁਸ਼ਿਆਰਪੁਰ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਕੁੱਲ ਮਿਲਾ ਕੇ 59 ਸਥਾਨਾਂ ਤੇ ਕਿਸਾਨ ਜੱਥੇਬੰਦੀਆਂ ਨੇ ਧਰਨੇ ਜਾਰੀ ਹਨ। 

ਭਾਜਪਾ ਆਗੂਆਂ ਜਿਨ੍ਹਾਂ ਦੇ ਘਰਾਂ ਸਾਹਮਣੇ ਧਰਨੇ ਜਾਰੀ ਹਨ ਉਨ੍ਹਾਂ ਵਿੱਚ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਇਕਬਾਲ ਸਿੰਘ ਲਾਲਪੁਰਾ, ਸੁਰਜੀਤ ਕੁਮਾਰ ਜਿਆਣੀ, ਰਾਣਾ ਗੁਰਮੀਤ ਸੋਢੀ, ਮੰਤਰੀ ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਹਰਜੀਤ ਸਿੰਘ, ਅਰਵਿੰਦ ਖੰਨਾ,ਕਾਕਾ ਸਿੰਘ ਕੰਬੋਜ, ਦੀਦਾਰ ਸਿੰਘ ਭੱਟੀ, ਕੇਵਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਕਾਕਾ, ਰਜਿੰਦਰ ਮੋਹਨ ਸਿੰਘ ਛੀਨਾ, ਅਮਰਪਾਲ ਸਿੰਘ ਬੋਨੀ, ਫਤਿਹਜੰਗ ਸਿੰਘ ਬਾਜਵਾ, ਰਾਕੇਸ਼ ਕੁਮਾਰ ਜੈਨ, ਭੁਪੇਸ਼ ਅਗਰਵਾਲ, ਰਾਜੇਸ਼ ਪੇਠਲੀ ਅਤੇ ਡਾ ਸੀਮਾਂਤ ਗਰਗ ਆਦਿ ਸ਼ਾਮਲ ਹਨ। ਕਿਸਾਨ ਜਥੇਬੰਦੀਆਂ ਨੇ ਸੂਬੇ ਦੀਆਂ ਪ੍ਰਮੁੱਖ ਜਰਨੈਲੀ ਸੜਕਾਂ ਉੱਤੇ 37 ਟੋਲ ਪਲਾਜ਼ਿਆ ਨੂੰ ਟੋਲ ਫ੍ਰੀ ਕੀਤਾ ਹੋਇਆ ਹੈ।

 ਅੱਜ ਦੇ ਧਰਨਿਆਂ ਵਿੱਚ ਬੁਲਾਰਿਆਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਤੇ ਢਾਹੇ ਜਾ ਜਬਰ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਦੇ ਜਬਰ ਦੇ ਬਾਵਜੂਦ ਕਿਸਾਨ ਲਹਿਰ ਨੂੰ ਦਬਾਇਆ ਨਹੀ ਜਾ ਸਕੇਗਾ ਉਲਟਾ ਕਿਸਾਨਾਂ ਦਾ ਡੁੱਲਿਆ ਖੂਨ ਇਸ ਨੂੰ ਹੋਰ ਪ੍ਰਚੰਡ ਕਰੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਸੱਤਾ ਦੇ ਹੰਕਾਰ ਵਿੱਚ  ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਕੇ ਦੱਸ ਦਿੱਤਾ ਹੈ ਕਿ ਉਹ ਕਾਰਪੋਰੇਟ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਐਮ ਐਸ ਪੀ ਦੇ ਮਾਮਲੇ ਵਿਚ ਵੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਅਤੇ ਕਿਸਾਨਾਂ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

 ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਇਹ ਧਰਨੇ 22 ਫਰਵਰੀ ਸ਼ਾਮ ਪੰਜ ਵਜੇ ਤੱਕ ਜਾਰੀ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਨੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਦੇਸ਼ ਪੱਧਰ ਦੀ ਮੀਟਿੰਗ ਭਲਕੇ 22 ਫਰਵਰੀ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ।

 ਅੱਜ ਦੇ ਧਰਨਿਆਂ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀਕੇ , ਡਾ. ਦਰਸ਼ਨਪਾਲ, ਹਰਮੀਤ ਸਿੰਘ ਕਾਦੀਆਂ, ਬਲਦੇਵ ਸਿੰਘ ਨਿਹਾਲਗ੍ਹੜ, ਬੂਟਾ ਸਿੰਘ ਬੁਰਜਗਿੱਲ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀਨੰਗਲ, ਸਤਨਾਮ ਸਿੰਘ ਅਜਨਾਲਾ, ਮਨਜੀਤ ਸਿੰਘ ਧਨੇਰ, ਬਿੰਦਰ ਸਿੰਘ ਗੋਲੇਵਾਲਾ, ਸੁੱਖਗਿੱਲ ਮੋਗਾ, ਰੁਲਦੂ ਸਿੰਘ ਮਾਨਸਾ, ਵੀਰ ਸਿੰਘ ਬੜਵਾ,ਬਲਜੀਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਟਾਂਡਾ,ਮਲੂਕ ਸਿੰਘ ਹੀਰਕੇ, ਬਲਵਿੰਦਰ ਸਿੰਘ ਰਾਜੂਔਲਖ, ਹਰਜੀਤ ਸਿੰਘ ਰਵੀ, ਨਿਰਵੈਰ ਸਿੰਘ ਡਾਲੇਕੇ, ਹਰਬੰਸ ਸਿੰਘ ਸੰਘਾ, ਪ੍ਰੇਮ ਸਿੰਘ ਭੰਗੂ, ਕੁਲਦੀਪ ਸਿੰਘ ਵਜੀਦਪੁਰ, ਹਰਦੇਵ ਸਿੰਘ ਸੰਧੂ, ਕੰਵਲਪ੍ਰੀਤ ਸਿੰਘ ਪੰਨੂ, ਕਿਰਨਜੀਤ ਸੇਖੋਂ ਅਤੇ ਬੋਘ ਸਿੰਘ ਮਾਨਸਾ ਆਦਿ ਨੇ ਕੀਤੀ।

ਕਿਸਾਨ ਅੰਦੋਲਨ ਨਾਲ ਸਬੰਧਤ ਮੀਡੀਆ ਸੈਲ ਵੀ ਇਸ ਦਿਸ਼ਾ ਵਿਚ ਸਰਗਰਮ ਹੈ। ਕਿਸਾਨ ਆਗੂ ਇਕ ਇਕ ਥਾਂ ਅਤੇ ਇੱਕ ਇੱਕ ਘਟਨਾ ਦੀ ਪੂਰੀ ਖਬਰ ਤੋਂ ਜਾਣੂ ਰਹਿੰਦੇ ਹਨ। ਲੰਗਰ ਦੀਆਂ ਟਰਾਲੀਆਂ ਰੋਕੇ ਜਾਣ ਦੇ ਐਕਸ਼ਨ ਦੀ ਵੀ ਤਿੱਖੀ ਨਿਖੇਧੀ ਕੀਤੀ ਗਈ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: