Tuesday, February 13, 2024

ਦਿੱਲੀ ਹੱਕ ਮੰਗਣ ਜਾ ਰਹੇ ਕਿਸਾਨਾਂ ਤੇ ਸਰਕਾਰ ਤਸ਼ੱਦਦ ਬੰਦ ਕਰੇ

Tuesday 13th  February 2024 at 17:30

ਕੁੱਲ ਹਿੰਦ ਕਿਸਾਨ ਸਭਾ 1936 ਨੇ ਲਿਆ ਸਰਕਾਰ ਦੇ ਜਬਰ ਦਾ ਗੰਭੀਰ ਨੋਟਿਸ 

16 ਨੂੰ ਭਾਰਤ ਬੰਦ ਕਰਕੇ ਦਿਆਂਗੇ ਜਵਾਬ-ਚਮਕੌਰ ਸਿੰਘ ਅਤੇ ਜਸਵੀਰ ਝੱਜ 


ਲੁਧਿਆਣਾ
: 13 ਫਰਵਰੀ 2024: (ਐਮ ਐਸ ਭਾਟੀਆ//ਇਨਪੁਟ-ਪੰਜਾਬ ਸਕਰੀਨ ਡੈਸਕ)::

ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਸਮੇਤ ਹੋਰਨਾਂ ਮੰਗਾਂ ਅਤੇ ਆਪਣੇ ਹੱਕਾਂ ਦੀ ਮੰਗ ਕਿਸਾਨਾਂ ਨੇ ਪਹਿਲਾਂ ਵੀ ਅੰਦੋਲਨ ਕਰਕੇ ਮਨਵਾਈ ਸੀ। ਦਿੱਲੀ ਦੀਆਂ ਬਰੂਹਾਂ 'ਤੇ ਲੱਗੇ ਇਸ ਇਤਿਹਾਸਿਕ ਅੰਦੋਲਨ ਨੇ ਦੁਨੀਆ ਭਰ ਵਿੱਚ ਇੱਕ ਵਾਰ ਫੇਰ ਕਿਸਾਨੀਂ ਅੰਦੋਲਨ ਦਾ ਲੋਹਾ ਮਨਵਾਇਆ ਸੀ। ਇਹ ਅੰਦੋਲਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ ਦੇ ਹੁੰਗਾਰੇ ਵਿੱਚ ਵਾਪਿਸ ਲੈ ਲਿਆ ਗਿਆ ਸੀ। ਇਸ ਅੰਦੋਲਨ ਦੌਰਾਨ ਵੀ ਕਿਸਾਨਾਂ ਨੇ ਆਪਣੇ ਜੋਸ਼ ਅਤੇ ਜਲਵੇ ਦਾ  ਲੋਹਾ ਮਨਵਾਇਆ ਸੀ। ਵਾਅਦੇ ਪੂਰੇ ਨਾ ਹੋਣ ਤੇ ਇੱਕ ਵਾਰ ਫੇਰ ਕਿਸਾਨੀਂ ਅੰਦੋਲਨ ਪਹਿਲਾਂ ਨਾਲੋਂ ਵਧੇਰੇ ਜੋਸ਼ ਨਾਲ ਸ਼ੁਰੂ ਹੈ। ਇੱਕ ਵਾਰ ਫੇਰ ਪਹਿਲੇ ਕਿਸਾਨ ਅੰਦੋਲਨ ਵਾਲੇ ਭਿਆਨਕ ਦਰਸਿਹ ਸਾਹਮਣੇ ਆ ਰਹੇ ਹਨ। 

ਕਿਸੇ  ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਕਿਸਾਨਾਂ ਦੀਆਂ ਇਹ ਬਹੁ ਚਰਚਿਤ ਮੰਗਾਂ ਏਨੀ ਜ਼ਿੰਮੇਵਾਰੀ ਨਾਲ ਦਿੱਤੇ ਬਿਆਨ ਦੇ ਬਾਵਜੂਦ ਵੀ  ਲਟਕਦੀਆਂ ਰਹਿ  ਜਾਣਗੀਆਂ ਅਤੇ ਕਿਸਾਨਾਂ ਨੂੰ ਇੱਕ ਵਾਰ ਫੇਰ ਕੁਰਬਾਨੀਆਂ ਭਰੇ ਰਸਤਿਆਂ ਤੇ ਤੁਰਨਾ ਪਵੇਗਾ ਅਤੇ ਬਿਖੜੇ ਪੈਂਡੇ ਵਾਲੇ ਅੰਦੋਲਨ ਦਾ ਹੀ ਰਾਹ ਅਪਣਾਉਣਾ ਪਵੇਗਾ।  

ਅਫਸੋਸ ਕਿ ਅਜੇ ਤੀਕ ਉਹ ਮੰਗਾਂ ਅੱਧ ਵਿਚਾਲੇ ਲਟਕ ਰਹੀਆਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਜਦੋਂ ਕਿਸਾਨ ਬੜੇ ਹੀ ਸ਼ਾਂਤਮਈ ਢੰਗ ਨਾਲ ਤੁਰੇ ਤਾਂ ਮਕਸਦ ਸੀ ਦੇਸ਼ ਦੀ ਰਾਜਧਾਨੀ ਪਹੁੰਚ ਕੇ ਸਰਕਾਰ ਨੂੰ ਜਗਾਉਣਾ। ਇਹਨਾਂ ਕਿਸਾਨਾਂ ਵਿੱਚ ਇਸ ਵਾਰ ਵੀ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗ ਕਿਸਾਨ ਵੀ ਵੱਧ ਚੜ੍ਹ ਕੇ ਸ਼ਾਮਲ ਹੋਏ। ਸਰਕਾਰ ਨੇ ਇਹਨਾਂ ਨੂੰ ਗੱਲਬਾਤ ਦੀ ਮੇਜ਼ ਤੇ ਸੱਦਣ ਦੀ ਥਾਂ ਰਸਤਿਆਂ ਵਿਚ ਡੂੰਘੀਆਂ ਖੱਡਾਂ ਪੁੱਟ ਦਿੱਤੀਆਂ, ਕਿੱਲਾਂ ਦੇ ਜਾਲ ਵਿਛਾ ਦਿੱਤੇ ਅਤੇ ਕੰਕਰੀਟ ਦੀਆਂ ਕੰਧਾਂ ਦੇ ਨਾਲ ਨਾਲ ਵੱਡੇ ਵੱਡੇ ਕੰਟੈਨਰਾਂ ਨਾਲ ਵੀ ਰਸਤਾ ਰੋਕ ਲਿਆ। ਵੱਡੀ ਗਿਣਤੀ ਵਿੱਚ ਵੱਖ ਵੱਖ ਫੋਰਸਾਂ ਸੱਦ ਕੇ ਕਿਸਾਨਾਂ ਦਾ ਸਵਾਗਤ ਪਾਣੀ ਦੀਆਂ ਬੌਛਾਰਾਂ, ਹੰਝੂ ਗੈਸ ਦੇ ਗੋਲਿਆਂ, ਲਾਠੀਆਂ ਅਤੇ ਗੋਲੀਆਂ ਨਾਲ ਕੀਤਾ। 

ਇਸ ਹਮਲਾਵਰ ਢੰਗ ਤਰੀਕੇ ਨੂੰ ਜ਼ਿਆਦਾ ਅਸਰਦਾਇਕ ਬਣਾਉਣ ਲਈ ਡਰੋਨ  ਵਾਲੀ ਤਕਨੀਕ ਦੀ ਵਰਤੋਂ ਵੀ ਵੱਡੇ ਪੱਧਰ ਤੇ ਕੀਤੀ ਗਈ। ਆਪਣੇ ਹੀ ਦੇਸ਼ ਦੀ ਆਪਣੀ ਹੀ ਜਨਤਾ ਨਾਲ ਦੁਸ਼ਮਣ ਦੇਸ਼ ਦੇ ਹਮਲਾਵਰਾਂ ਵਰਗੇ ਇਸ ਸਲੂਕ ਨੇ ਸਰਕਾਰ ਦੀਆਂ ਨੀਅਤਾਂ ਸਾਰੀ ਦੁਨੀਆ ਦੇ ਸਾਹਮਣੇ ਬਾਹਰ ਲੈ ਆਂਦੀਆਂ ਹਨ। ਕਿਸਾਨਾਂ ਨਾਲ ਇਸ ਬੇਰਹਿਮੀ ਭਰੇ ਸਲੂਕ ਨੇ ਛੇਤੀ ਹੀ ਹੋਣ ਜਾ ਰਹੀਆਂ ਚੋਣਾਂ ਦੇ ਨਤੀਜੇ ਵੀ ਸਮਸ਼ਟ ਕਰ ਦਿੱਤੇ ਹਨ ਕਿ ਅਜਿਹੀ ਸਰਜਰ ਦਾ ਕੀ ਹਸ਼ਰ ਹੋਣ ਵਾਲਾ ਹੈ। ਕਿਸਾਨੀ ਨਾਲ ਮੱਥਾ ਲਾ ਕੇ ਕਿਸੇ ਨੇ ਅੱਜ ਤੱਕ ਕੁਝ ਨਹੀਂ ਖੱਟਿਆ। 

ਇਸ ਜਬਰ ਵਾਲੇ ਸਲੂਕ ਨੂੰ ਦੇਖ ਕੇ ਹੀ ਕੁੱਲ ਹਿੰਦ ਕਿਸਾਨ ਸਭਾ-(1936) ਜ਼ਿਲ੍ਹਾ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਅਹਿਮ ਮੀਟਿੰਗ ਵਿਚ ਪ੍ਰਧਾਨ ਜਸਵੀਰ ਝੱਜ ਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ, ਤਕਨੀਕੀ ਸਲਾਹਕਾਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਸਰਕਾਰ ਦੇ ਕੀਤੇ ਵਾਅਦੇ ਪੂਰੇ ਨਾ ਕਰਨ ‘ਤੇ ਕੁੱਝ ਕਿਸਾਨ ਜੱਥੇਬੰਦੀਆਂ ਦੇ ਹਜ਼ਾਰਾਂ ਕਿਸਾਨਾਂ ਦੇ ਕਾਫਲੇ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਆਪਣੀ ਆਵਾਜ਼ ਕੇਂਦਰ ਦੀ ਇਸ ਬੋਲੀ ਸਰਕਾਰ ਨੂੰ ਸੁਣਾਉਣ ਲਈ ਦਿੱਲੀ ਜਾ ਰਹੇ ਹਨ। ਕੇਂਦਰ ਸਰਕਾਰ ਦੀ ਸਹਿ 'ਤੇ ਹੀ ਹਰਿਆਣਾ ਸਰਕਾਰ ਲਗਾਤਾਰ ਵੱਧਚੜ੍ਹ ਕੇ ਜ਼ੁਲਮ ਕਰ ਰਹੀ ਹੈ। 

ਨੈਸ਼ਨਲ ਹਾਈ ਵੇ ਤਾਰਾਂ, ਕਿੱਲਾਂ ਆਦਿ ਨਾਲ ਬੰਦ ਕਰਕੇ ਹੈ ਵੇ ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੋਕ ਪ੍ਰੇਸ਼ਾਨ ਹੋ ਰਹੇ ਹਨ। ਦੇਸ਼ ਦੇ ਅੰਦਰ ਪਾਕਿ-ਭਾਰਤ ਵਰਗੇ ਬਾਰਡਰ ਵਾਂਗ ਹੱਦ ਖੜ੍ਹੀ ਕਰ ਦਿੱਤੀ ਗਈ ਹੈ। ਜਦੋਂ ਦੁਨੀਆ ਭਰ ਵਿਹਚ ਸਰਹੱਦੀ ਦੀਵਾਰਾਂ ਮੀਤਾ ਕੇ ਪ੍ਰੇਮ ਪਿਆਰ ਵਾਲਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਜੋਰਾਂ 'ਤੇ ਹਨ ਉਦੋਂ ਸਾਡੀ ਕੇਂਦਰ ਸਰਕਾਰ ਅਤੇ ਗੁਆਂਢੀ ਹਰਿਆਣਾ ਦੀ ਸਰਕਾਰ ਆਪਣੇ ਹੀ ਦੇਸ਼ ਦੇ ਪਰਿਵਾਰ ਵਿਚ ਦੀਵਾਰਾਂ ਖੜੀਆਂ ਕਰ ਰਹੀ ਹੈ। ਗੋਲੀਆਂ ਅਤੇ ਲਾਥਾਈਂ ਨਾਲ ਕਿਸਾਨਾਂ ਦਾ ਸਵਾਗਤ ਕਰ ਰਹੀ ਹੈ। 

ਦੇਸ਼ ਦੇ ਕਿਸਾਨਾਂ ਨੂੰ ਦੁਸ਼ਮਣ ਵਜੋਂ ਦੇਖਿਆ ਜਾ ਰਿਹਾ ਹੈ। ਜਿੰਨਾ ਧੰਨ ਦੁਰ ਵਰਤੋਂ ਕਰਕੇ ਬਾਰਡਰ ਬੰਦ ਕਰਨ ਤੇ ਖਰਚ ਕੀਤਾ ਜਾ ਰਿਹਾ ਹੈ। ਏਨਾ ਧੰਨ ਦੇਸ਼ ਦੇ ਵਿਕਾਸ ਲਈ ਕਿਓ ਨਹੀਂ ਲਾਇਆ ਜਾ ਰਿਹਾ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਪਰ ਸਰਕਾਰ ਜਬਰ ਜ਼ੁਲਮ ਵਾਲੇ ਰਾਹਾਂ 'ਤੇ ਤੁਰ ਪਈ ਹੈ ਜਿਸਦੇ ਨਤੀਜੇ ਚੰਗੇ ਤਾਂ ਕਦੇ ਨਹੀਂ ਨਿਕਲਣਗੇ। 

ਸਰਕਾਰ ਦੀ ਇਸ ਕਿਸਾਨ ਵਿਰੋਧੀ ਸੋਚ ਅਤੇ ਐਕਸ਼ਨ ਦੀ ਨਿਖੇਧੀ ਕਰਦੇ ਹੋਏ ਉੱਕਤ ਆਗੂਆਂ ਦੇ ਨਾਲ ਨਾਲ ਜੰਗ ਸਿੰਘ ਸਿਰਥਲਾ, ਕੁਲਦੀਪ ਸਿੰਘ ਸਾਹਾਬਾਣਾ, ਕੇਵਲ ਸਿੰਘ ਮੰਜਾਲੀਆਂ, ਪਰਮਜੀਤ ਸਿੰਘ ਦੱਗਰੀ, ਨਛੱਤਰ ਸਿੰਘ ਪੰਧੇਰਖੇੜੀ, ਮਨਜੀਤ ਸਿੰਘ ਮੰਸੂਰਾ, ਮਨਜੋਤ ਸਿੰਘ ਖੈਰ੍ਹਾ, ਦਲਜੀਤ ਸਿੰਘ ਸੀਹਾਂਦੌਦ, ਗੁਰਮੇਲ ਸਿੰਘ ਮੇਲੀ ਸਿਆੜ, ਕੇਵਲ ਸਿੰਘ ਬਨਵੈਤ, ਜਸਮੇਲ ਸਿੰਘ ਜੱਸਾ, ਮੋਹਣ ਸਿੰਘ ਕਠਾਲਾ, ਖੁਸ਼ਪ੍ਰੀਤ ਸਿੰਘ ਸਿਓੜਾ, ਸੁਖਦੇਵ ਸਿੰਘ ਲੱਲਤੋਂ, ਸਰਪੰਚ ਚੰਨਣ ਸਿੰਘ ਖੈਰ੍ਹਾ, ਮਲਕੀਤ ਸਿੰਘ ਮਾਲ੍ਹੜਾ, ਸਤਨਾਮ ਸਿੰਘ, ਨਰਿੰਦਰ ਸਿੰਘ ਮਾਨ ਆਦਿ ਨੇ ਕਿਹਾ ਕਿ ਅਸੀਂ ਸਭ ਕੁਝ ਗੰਭੀਰਤਾ ਨਾਲ ਦੇਖ ਰਹੇ ਹਾਂ। 

ਇਹਨਾਂ ਆਗੂਆਂ ਨੇ ਚੇਤਾਵਨੀ ਭਰੇ ਸੁਰ ਵਿੱਚ ਕਿਹਾ ਕਿ ਸਰਕਾਰ ਆਪਣਾ ਪੜ੍ਹਿਆ ਵਿਚਾਰ ਲਵੇ। ਇਸ ਹੋ ਰਹੇ ਮਨੁੱਖਤਾ ਦੇ ਘਾਣ ਦਾ ਜਵਾਬ 16 ਫਰਵਰੀ ਨੂੰ ਭਾਰਤ ਬੰਦ ਕਰਕੇ ਦਿੱਤਾ ਜਾਵੇਗਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: