Monday, April 24, 2023

ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਹੁਰਾਂ ਨੂੰ ਯਾਦ ਕਰਦਿਆਂ

ਸਿਲਵੀ ਪਾਰਕ ਦੇ ਬਹਾਨੇ ਹੋਇਆ ਲੋਕ ਨਾਇਕ ਲੇਖਕ ਦਾ ਸਨਮਾਨ


ਸਿਲਵੀ ਪਾਰਕ ਵਿੱਚ ਹੀ ਧੀਰ ਲਾਇਬ੍ਰੇਰੀ ਤੇ ਗੈਲਰੀ ਦਾ ਵੀ ਹੋਇਆ ਉਦਘਾਟਨ

ਮੋਹਾਲੀ: 23 ਅਪ੍ਰੈਲ 2023: (ਪੰਜਾਬ ਸਕਰੀਨ ਟੀਮ):: 

ਪੰਜਾਬ ਦਾ ਮਾਹੌਲ ਇੱਕ ਵਾਰ ਫੇਰ ਨਾਜ਼ੁਕ ਜਿਹਾ ਬਣਦਾ ਨਜ਼ਰ ਆ ਰਿਹਾ ਹੈ। ਪੁਲਿਸ ਦੇ ਨਾਕੇ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦੀ ਭਾਵਨਾ ਉਹਨਾਂ ਵੇਲਿਆਂ ਦਾ ਚੇਤਾ ਕਰਾਉਂਦੇ ਹਨ ਜਦੋਂ ਸਾਹਾਂ ਤੇ ਵੀ ਬੰਦੂਕ ਦਾ ਪਹਿਰਾ ਲੱਗ ਗਿਆ ਸੀ ਅਤੇ ਸੋਚਾਂ 'ਤੇ ਵੀ। ਉਹਨਾਂ ਵੇਲਿਆਂ ਵਿੱਚ ਲੋਕਾਂ ਨਾਲ ਖੜੋਣ ਵਾਲੇ ਲੋਕਾਂ ਦੇ ਨਾਇਕ ਸਰਦਾਰ ਸੰਤੋਖ ਸਿੰਘ ਧੀਰ ਨੇ ਇੱਕ ਕਹਾਣੀ ਲਿਖੀ ਸੀ "ਪੱਖੀ"। 

ਉਸ ਕਹਾਣੀ ਤੇ ਬਣਾਈ ਗਈ ਟੈਲੀਫਿਲਮ ਦੂਰਦਰਸ਼ਨ ਨੇ ਉਚੇਚ ਨਾਲ ਟੈਲੀਕਾਸਟ ਕੀਤੀ ਸੀ। ਜਦੋਂ ਇਸ ਫਿਲਮ ਨੂੰ ਮੋਹਾਲੀ ਦੇ ਦਸ ਫੇਸ ਵਾਲੇ ਸਿਲਵੀ ਪਾਰਕ ਦੇ ਸਮਾਗਮ ਵਿਚ ਵੱਡੀ ਸਕਰੀਨ 'ਤੇ ਦਿਖਾਇਆ ਗਿਆ ਤਾਂ ਲੋਕਾਂ ਨੇ ਇੱਕ ਸਾਹ ਹੋ ਕੇ ਇਹ ਫਿਲਮ ਦੇਖੀ। ਬੰਦੂਕਾਂ ਦੀ ਦਹਿਸ਼ਤ ਨਾਲ ਲੋਕਾਂ ਨੂੰ ਡਰਾਉਣ ਵਾਲਿਆਂ ਦੇ ਖਿਲਾਫ ਬੋਲਣ ਦੀ ਹਿੰਮਤ ਉਦੋਂ ਕੋਈ ਨਹੀਂ ਸੀ ਕਰਦਾ। ਜਿਹਨਾਂ ਕੁਝ ਕੁ ਖਾਸ ਲੋਕਾਂ ਨੇ ਇਹ ਹਿੰਮਤ ਕੀਤੀ ਉਹਨਾਂ ਵਿਹੁੱਚ ਸਰਦਾਰ ਸੰਤੋਖ ਸਿੰਘ ਧੀਰ।  

ਉਸ ਵੇਲੇ ਦੌਰਾਨ ਵੀ ਕਲਮ ਦੀ ਕਿਰਤ ਨੂੰ ਸਮਾਜ ਵਿਚ ਪ੍ਰਵਾਨ ਕਰਾਉਣ ਵਾਲੇ ਅਗਾਂਹਵਧੂ ਲੇਖਕ ਸੰਤੋਖ ਸਿੰਘ ਧੀਰ ਨੇ ਲਗਾਤਾਰ ਕਈ ਲਿਖਤਾਂ ਲਿਖੀਆਂ। ਕਹਾਣੀ "ਪੱਖੀ" ਵੀ ਉਹਨਾਂ ਵਿੱਚੋਂ ਇੱਕ ਸੀ। ਤਿੰਨ ਦਹਾਕਿਆਂ ਤੋਂ ਵੀ ਵਧੇਰੇ ਸਮਾਂ ਲੰਘ ਜਾਣ ਮਗਰੋਂ ਜਦੋਂ ਸਿਲਵੀ ਪਾਰਕ ਵਿੱਚ ਇਹ ਫਿਲਮ ਦਿਖਾਈ ਗਈ ਤਾਂ ਇੰਝ ਲੱਗਦਾ ਸੀ ਜਿਵੇਂ ਧੀਰ ਸਾਹਿਬ ਸਾਡੇ ਦਰਮਿਆਨ ਹੀ ਹੋਣ। ਸਾਡੇ ਨੇੜੇ ਤੇੜੇ। ਸਾਡੇ ਕੋਲ ਕੋਲ। 

ਸਿਲਵੀ ਪਾਰਕ ਦਾ ਨਾਮ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਹੁਰਾਂ ਦੇ ਨਾਮ 'ਤੇ ਰੱਖਿਆ ਜਾਣਾ ਉਹਨਾਂ ਸਾਰਿਆਂ ਦਾ ਸਨਮਾਨ ਹੈ ਜਿਹਨਾਂ ਨੂੰ ਅੱਜ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਕਲਾ ਸਿਰਫ ਕਲਾ ਲਈ ਨਹੀਂ ਬਲਕਿ ਲੋਕਾਂ ਲਈ ਹੁੰਦੀ ਹੈ। 

ਸਾਡੇ ਹਰਮਨ ਪਿਆਰੇ ਲੇਖਕ ਸੰਤੋਖ ਸਿੰਘ ਧੀਰ ਦੁਨੀਆ ਦੇ  ਉਹਨਾਂ ਲੇਖਕਾਂ ਦੀ ਮੂਹਰਲੀ ਕਤਾਰ ਵਿੱਚੋਂ ਸਨ ਜਿਹਨਾਂ ਨੇ ਕਲਮ ਦੀ ਕਿਰਤ ਨੂੰ ਸਨਮਾਨ ਦਵਾਉਣ ਲਈ ਸੰਘਰਸ਼ ਕੀਤਾ। ਉਹ ਕੁਲਵਕਤੀ ਲੇਖਕ ਸਨ ਪਰ ਆਪਣੇ ਸਿਧਾਂਤਾਂ ਨੂੰ ਨਹੀਂ ਸਨ ਭੁੱਲਦੇ। ਆਰਥਿਕ ਪੱਖੋਂ ਕਮਜ਼ੋਰ ਵੇਲਿਆਂ ਦੌਰਾਨ ਵੀ ਉਹਨਾਂ ਨੂੰ ਪੈਸੇ ਦੀ ਝਲਕ ਦਿਖਾ ਕੇ ਕੋਈ ਵੀ ਪ੍ਰਕਾਸ਼ਕ ਆਪਣੀ ਮਨਮਰਜ਼ੀ ਦੀ ਕੋਈ ਅਜਿਹੀ ਲਿਖਤ ਨਹੀਂ ਸੀ ਲਿਖਵਾ ਸਕਦਾ ਜਿਹੜੀ ਲੋਕ ਹਿਤਾਂ ਦੇ ਉਲਟ ਜਾਂਦੀ ਹੋਵੇ। ਜੇ ਕਦੇ ਅਜਿਹੇ ਮਾਮਲੇ ਵਰਗੇ ਮੌਕੇ ਕਿਸੇ ਵੀ ਪੇਸ਼ਕਸ਼ ਨੂੰ ਸਾਫ ਸਾਫ ਰੱਦ ਕਰਨਾ ਪੈਂਦਾ ਤਾਂ ਉਹ ਆਪਣੀ ਉਂਗਲੀ ਖੜੀ ਕਰਕੇ ਬੜੀ ਹੀ ਦ੍ਰਿੜਤਾ ਨਾਲ ਕੋਰੀ ਨਾਂਹ ਕਰ ਦੇਂਦੇ ਸਨ। ਉਹਨਾਂ ਦੀ ਖੜੀ ਉਂਗਲੀ ਵਾਲੀ ਉਹ ਸ਼ਖ਼ਸੀਅਤ ਅੱਜ ਵੀ ਦ੍ਰਿੜਤਾ ਅਤੇ ਪ੍ਰੇਰਨਾ ਦੇਂਦੀ ਹੈ। ਉਹਨਾਂ ਕਦੇ ਵੀ ਵਿਚਾਰਾਂ ਜਾਂ ਵਿਚਾਰਧਾਰਾ ਦੇ ਮਾਮਲੇ 'ਤੇ ਸਮਝੌਤਾ ਨਹੀਂ ਸੀ ਕੀਤਾ। ਸਮਾਗਮ ਮੌਕੇ ਸਿਲਵੀ ਪਾਰਕ ਦੇ ਹਰ ਕੋਨੇ ਵਿਚ ਮੌਜੂਦ ਲੇਖਕਾਂ ਦੇ ਟੋਲੇ ਅੱਜ ਉਹਨਾਂ ਵੇਲਿਆਂ ਦੀ ਚਰਚਾ ਕਰਦੇ  ਨਜ਼ਰ ਆਏ।  

ਸਰਦਾਰ ਧੀਰ ਨੇ ਵੱਡੀ ਗਿਣਤੀ ਵਿਚ ਰਚੇ ਸਾਹਿਤ ਨਾਲ ਸਾਡੇ ਸਾਹਿਤਕ ਜਗਤ ਨੂੰ ਅਮੀਰ ਕੀਤਾ। ਪੰਜਾਬੀ ਸਾਹਿਤ ਦੀ ਝੋਲੀ ਵੱਖ-ਵੱਖ ਵਿਧਾਵਾਂ ਵਿਚ ਛੇ ਦਰਜਨ ਦੇ ਕਰੀਬ ਪਾਉਂਣ ਵਾਲੇ ਬਹੁ-ਵਿਧਾਵੀ ਕੁੱਲਵਕਤੀ ਲੇਖਕ ਸ੍ਰੀ ਸੰਤੋਖ ਸਿੰਘ ਧੀਰ ਨੂੰ ਸਿਲਵੀ ਪਾਰਕ ਫੇਜ਼-10 ਦਾ ਸਮਰਪਨ ਸਮਾਗਮ ਅਤੇ ਧੀਰ ਲਾਈਬ੍ਰੇਰੀ ਤੇ ਗੈਲਰੀ ਦਾ ਉਦਘਾਟਨ ਨਗਰ ਨਿਗਮ ਸਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੱਲੋਂ ਲੇਖਕਾਂ, ਰੰਗਕਰਮੀਆਂ, ਬੁੱਧੀਜੀਵੀਆਂ, ਵਿਦਵਾਨਾਂ ਅਤੇ ਸਥਾਨਕ ਵਸਨੀਕਾਂ ਦੀ ਸ਼ਮੂਲੀਅਤ ਵਾਲੇ ਪ੍ਰਭਾਵਸ਼ਾਲੀ ਸਾਮਗਮ ਵਿਚ ਹੋਇਆ। 

ਕਲਮ ਵਾਲੇ ਉਸ ਮਹਾਨ ਕਾਮਰੇਡ  ਧੀਰ ਨੂੰ ਸਿਲਵੀ ਪਾਰਕ ਸਮਰਪਨ ਕਰਨ ਦੀ ਰਸਮ ਨਗਰ ਨਿਗਮ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੀਨੀਅਰ ਡਿਪਟੀ ਮੇਅਰ ਸ੍ਰੀ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ, ਸ੍ਰੀ ਸੁਖਜੀਤ ਅਤੇ ਸ੍ਰੀ ਧੀਰ ਦੇ ਛੋਟੇ ਸ੍ਰੀ ਰਿਪੁਦਮਨ ਸਿੰਘ ਰੂਪ, ਦਵਿੰਦਰ ਦਮਨ, ਸੁਰਜੀਤ ਬੈਂਸ, ਹਰਜੀਤ ਕੈਂਥ, ਸੰਜੀਵਨ ਸਿੰਘ ਅਤੇ ਧੀਆਂ ਨਵਰੂਪ, ਨਵਜੋਤ, ਨਵਜੀਤ, ਨਵਤੇਜ, ਪੁੱਤਰ ਨਵਰੀਤ ਅਤੇ ਦਮਾਦ ਦਵਿੰਦਰਜੀਤ ਦਰਸ਼ੀ ਅਤੇ ਪੰਤਵੰਤਿਆਂ ਦੀ ਹਾਜ਼ਰੀ ਵਿਚ ਕੀਤੀ।ਇਸ ਤੋਂ ਬਾਅਦ ਸਭ ਨੇ ਬਾਅਦ ਧੀਰ ਲਾਈਬ੍ਰੇਰੀ ਤੇ ਗੈਲਰੀ ਦਾ ਮੁਆਇਨਾ ਵੀ ਕੀਤਾ।

ਸਾਹਿਤ ਅਤੇ ਸੰਗੀਤ ਨਾਲ ਸਜੇ ਇਸ ਪ੍ਰੋਗਰਾਮ ਨੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਉਹਨਾਂ ਵੇਲਿਆਂ ਦਾ ਅਹਿਸਾਸ ਕਰਾਇਆ ਜਿਹੜਾ ਬਹੁਤ ਪਹਿਲਾਂ ਲੰਘ ਚੁੱਕਿਆ ਹੈ। ਤਕਰੀਬਨ ਦੋ ਘੰਟੇ ਚੱਲੇ ਸਾਹਿਤਕ ਸਮਾਗਮ ਦੌਰਾਨ ਆਪਣੇ ਸਵਾਗਤੀ ਸ਼ਬਦਾਂ ਸ੍ਰੀ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ 2 ਦਸੰਬਰ 1920 ਨੂੰ ਆਪਣੇ ਨਾਨਕੇ ਘਰ ਬੱਸੀ ਪਠਾਣਾ (ਫਤਿਹਗੜ੍ਹ ਸਾਹਿਬ) ਵਿਖੇ ਦੱਬੇ-ਕੁਚਲੇ ਅਤੇ ਕਿਰਤੀ ਵਰਗ ਦੀ ਬਾਤ ਪਾਉਂਣ ਵਾਲੇ ਲੇਖਕ ਸ੍ਰੀ ਸੰਤੋਖ ਸਿੰਘ ਧੀਰ ਦਾ ਜੱਦੀ ਪਿੰਡ ਡਡਹੇੜੀ (ਫਤਿਹਗੜ੍ਹ ਸਾਹਿਬ) ਵਿਖੇ ਆਪਣਾ ਸਾਹਿਤਕ ਸਫ਼ਰ ਆਰੰਭ ਕੀਤਾ ਹੈ।

ਸ੍ਰੀ ਧੀਰ ਦੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਆਪਣੇ ਸਮਿਆਂ ਦੇ ਪ੍ਰਸਿੱਧ ਲੋਕ-ਕਵੀ ਸਨ।ਚਿੰਤਕ ਅਤੇ ਅਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ 1944 ਵਿਚ ਆਪਣੇ ਪਲੇਠੇ ਕਾਵਿ-ਸੰਗ੍ਰਿਹ ਗੁੱਡੀਆਂ ਪਟੋਲੇ  ਰਾਹੀਂ ਪੰਜਾਬੀ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ। ਉਨਾਂ ਦੀਆਂ ਸ਼ਾਹਕਾਰ ਕਹਾਣੀਆਂ ਕੋਈ ਇਕ ਸਵਾਰ, ਪੱਖੀ, ਮੰਗੋ ਅਤੇ ਇਕ ਸਧਾਰਣ ਆਦਮੀ  ਉਪਰ ਦੂਰਦਰਸ਼ਨ ਜਲੰਧਰ ਵੱਲੋਂ ਟੈਲੀ ਫਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। 

ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਸ੍ਰੀ ਧੀਰ ਦੀਆਂ ਪ੍ਰਸਿੱਧ ਕਹਾਣੀਆਂ ਡੈਣ, ਮੇਰਾ ਉਜੱੜਿਆ ਗੁਆਂਢੀ ਅਤੇ ਪੰਜ ਕਹਾਣੀਆਂ ਸਾਂਝੀ ਕੰਧ, ਸਵੇਰ ਹੋਣ ਤੱਕ, ਭੇਤ ਵਾਲੀ ਗੱਲ, ਕੋਈ ਇਕ ਸਵਾਰ, ਗੱਲਾਂ ਲਈ ਗੱਲਾਂ ਉਪਰ ਅਧਾਰਿਤ ਨਾਟਕ ਕਹਾਣੀ ਇਕ ਪਿੰਡ ਦੀ ਦੇ ਮੰਚਣ ਵੀ ਕੀਤੇ ਗਏ।ਸੀਨੀਅਰ ਡਿਪਟੀ ਮੇਅਰ ਸ੍ਰੀ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਇਹ ਨਗਰ ਨਿਗਮ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਸਭ ਨੂੰ ਸੰਤੋਖ ਸਿੰਘ ਧੀਰ ਵਰਗੇ ਮਹਾਨ ਸਾਹਿਤਕਾਰ ਦੇ ਸਿਲਵੀ ਪਾਰਕ ਸਮਰਪਿਤ ਕਰਨ ਦਾ ਇਤਹਾਸਕ ਫੈਸਲਾ ਲੈਣ ਦਾ ਅਵਸਰ ਪ੍ਰਾਪਤ ਹੋਇਆ।

ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਉਚੇਚ ਨਾਲ ਪੁੱਜਣ ਵਾਲਿਆਂ ਵਿੱਚ ਸੁਖਜੀਤ ਵੀ ਸਨ। ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕਹਾਣੀਕਾਰ ਸ੍ਰੀ ਸੁਖਜੀਤ ਨੇ ਕਿਹਾ ਕਿ ਆਪਣੀ ਹਰ ਸਾਹਿਤਕ ਕਿਰਤ ਵਿਚ ਸਮਾਜਿਕ ਸਰੋਕਾਰਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਮਸਲੇ ਛੋਹਣ ਵਾਲੇ ਸ੍ਰੀ ਸੰਤੋਖ ਸਿੰਘ ਧੀਰ ਦੇ ਕਹਾਣੀ ਸੰਗ੍ਰਿਹ ਪੱਖੀ ਲਈ 1996 ਵਿੱਚ ਭਾਰਤੀ ਸਾਹਿਤ ਅਕਾਦਮੀ, ਦਿੱਲੀ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੇ ਤੌਰ ’ਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਆ ਗਿਆ। ਸ੍ਰੀ ਧੀਰ ਪੰਜਾਬੀ ਯੂਨੀਵਿਰਸਟੀ, ਪਟਿਆਲਾ ਦੇ ਤਾ-ਉਮਰ ਫੈਲੋ ਵੀ ਰਹੇ।ਸ੍ਰੀ ਧੀਰ ਸੰਸਾਰ ਭਰ ਦੇ ਪੰਜਾਬੀ ਸਾਹਿਤਕਾਰਾਂ ਦੀ ਪ੍ਰਤੀਨਿੱਧ ਜੱਥੇਬੰਦੀ –ਕੇਂਦਰੀ ਪੰਜਾਬੀ ਲੇਖਕ ਸਭਾ ਦੇ ਚਾਰ ਵਰ੍ਹੇ (1995-1998) ਪ੍ਰਧਾਨ ਰਹੇ। ਸ੍ਰੀ ਧੀਰ ਦੇ ਛੋਟੇ ਭਰਾ ਪੰਜਾਬੀ ਲੇਖਕ ਸ੍ਰੀ ਰਿਪੁਦਮਨ ਸਿੰਘ ਰੂਪ ਨੇ ਕਿਹਾ ਕਿ ਮੇਰੇ ਉਪਰ ਆਪਣੇ ਵੱਡੇ ਭਰਾ ਸੰਤੋਖ ਸਿੰਘ ਦੀ ਸਖਸ਼ੀਅਤ ਦਾ ਬਹੁਤ ਪ੍ਰਭਾਵ ਹੈ।ਸਾਹਿਤ ਲਿਖਣ ਲਈ ਵੀ ਮੈਨੂੰ ਮੇਰੇ ਭਰਾ ਨੇ ਹੀ ਉਤਸ਼ਾਹਿਤ ਕੀਤਾ।

ਇਸ ਯਾਦਗਾਰੀ ਸਮਾਗਮ ਮੌਕੇ ਨਗਰ ਨਿਗਮ, ਮੁਹਾਲੀ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਸਿੱਧੂ ਮੁੱਖ ਮਹਿਮਾਨ ਨੇ ਕਿਹਾ ਕਿ ਸ੍ਰੀ ਸੰਤੋਖ ਸਿੰਘ ਧੀਰ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਤਿੰਨ ਦਹਾਕੇ ਕੋਠੀ ਨੰ. 689, ਫੇਜ਼-10, ਮੁਹਾਲੀ ਵਿਖੇ ਰਹਿ ਕੇ ਅੰਤਿਮ ਸਮੇਂ ਤੱਕ ਆਪਣਾ ਸਾਹਿਤਕ ਸਫ਼ਰ ਜਾਰੀ ਰੱਖਿਆ। ਧੀਰ ਸਾਹਿਬ ਦੇ 8 ਫਰਵਰੀ 2010 ਨੂੰ ਦੇਹਾਂਤ ਮਗਰੋਂ ਉਨਾਂ ਦੀ ਦੇਹ ਮੈਡੀਕਲ ਖੋਜ ਹਿੱਤ ਪੀ.ਜੀ.ਆਈ. ਚੰਡੀਗੜ੍ਹ ਨੂੰ ਸੌਂਪੀ ਗਈ।

 ਇਸ ਦੌਰਾਨ ਗਾਇਕ ਜਸਵਿੰਦਰ ਸਿੰਘ ਜੱਸੀ ਅਤੇ ਹਰਇੰਦਰ ਹਰ ਨੇ ਸ੍ਰੀ ਧੀਰ ਦੇ ਗੀਤਾਂ  ‘ਸੁਣ ਮੇਰੇ ਪਿੰਡ ਦਿਆ ਛੈਲ ਹਾਣੀਆਂ’ ‘ਬੂਹੇ ਅਲਖ਼ ਜਗਾਈ ਹਇੂ ਹੈ, ਧੂੜ ਤੇਰੀ ਗਲੀ ਵਾਲੀ, ਅਸੀ ਮੱਥੇ ਉਤੇ ਲਾਈ ਹੋਈ ਹੈ’ ‘ਦੇਸ਼ ਮੇਰੇ ਦੀ ਧੂੜ ਗੁਲਾਬੀ…, ਫਿਰ ਗੀਤ ਛੋਹ ਲਿਆ ਮੈਂ… ਅਤੇ ਭੁਪਿੰਦਰ ਮਟੌਰੀਆਂ ਨੇ ਧੀਰ ਹੋਰਾਂ ਬਾਰੇ ਲਿਖੇ ਗੀਤ ‘ਆਓ ਯਾਦਾਂ ਸਾਂਝੀਆਂ ਕਰਨੀਆਂ ਲੋਕ ਲਿਖਾਰੀ ਧੀਰ ਦੀਆਂ’ ਦਾ ਗਾਇਨ ਵੀ ਕੀਤਾ।

ਸਮਾਗਮ ਦਾ ਅੰਤਲਾ ਅਤੇ ਦਿਲਕਸ਼ ਪਹਿਲੂ ਧੀਰ ਹੋਰਾਂ ਦੀ ਚਰਚਿੱਤ ਕਹਾਣੀ ‘ਪੱਖੀ’ ’ਤੇ ਅਧਾਰਿਤ ਮਰਹੂਮ ਨਾਟਕਰਮੀ ਸ੍ਰੀ ਚਰਨਜੀਤ ਚੰਨੀ ਦੁਆਰਾ ਨਿਰਦੇਸ਼ਿਤ ਟੈਲੀ-ਫਿਲਮ ‘ਪੱਖੀ’ ਦੀ ਸਕਰੀਨਿੰਗ ਸੀ।

ਇਸ ਮੌਕੇ ਹੋਰਾਂ ਤੋਂ ਇਲਾਵਾ ਪੰਜਾਬੀ ਮਨਜੀਤ ਇੰਦਰਾ, ਸੁਰਿੰਦਰ ਗਿੱਲ, ਮਹਿੰਦਰ ਕੁਮਾਰ, ਸਾਬਕਾ ਮੁੱਖੀ ਇੰਡੀਅਨ ਥੀਏਟਰ, ਦੇਸ ਸੇਵਕ ਦੇ ਸੰਪਾਦਕ ਰਿਪੁਦਮਨ ਰਿਪੀ, ਸ਼ਿਵਨਾਥ, ਭੁਪਿੰਦਰ ਮਲਿਕ, ਗੁਰਨਾਮ ਕੰਵਰ, ਪ੍ਰੋਫੈਸਰ ਦਿਲਬਾਗ, ਡਾ. ਸ਼ਿੰਦਰਪਾਲ, ਗੁਰਦੀਪ ਭੁੱਲਰ ਕੈਨੇਡਾ, ਅਮਜੀਤ ਕੌਰ, ਪਰਮਿੰਦਰ ਗਿੱਲ,ਪਵਿੱਤਰ ਸਿੰਘ ਵਿਰਦੀ, ਸਤਵੀਰ ਸਿੰਘ ਧਨੋਆ, ਪੰਮੀ ਸਿੱਧੂ, ਅਮਰੀਕ ਤੇਜਾ, ਪ੍ਰੋਫੈਸਰ ਅੰਗਰੇਜ਼ ਸਿੰਘ, ਗੁਰਇੰਦਰ ਜੀਤ ਸਿੰਘ ਸਰਘੀ ਪ੍ਰੀਵਾਰ ਦੇ ਰੰਗਕਰਮੀ ਰਮਨ ਢਿਲੋਂ, ਰੰਜੀਵਨ, ਨਰਿੰਦਰ ਪਾਲ ਨੀਨਾ, ਸੰਜੀਵ ਦੀਵਾਨ ਕੁੱਕੂ, ਜਸਬੀਰ, ਰਿੱਤੂਰਾਗ, ਪ੍ਰਿਯਰਾਗ, ਰਿਸ਼ਮਰਾਗ, ਊਦੈਰਾਗ ਆਦਿ ਨੇ ਵੀ ਸ਼ਮੂਲੀਅਤ ਕੀਤੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: