Monday, January 30, 2023

ਗਾਂਧੀ ਜੀ ਨੂੰ ਯਾਦ ਕਰਦਿਆਂ ਸੀਪੀਆਈ ਵੱਲੋਂ ਗੋਡਸੇ ਪ੍ਰਸੰਸਕਾਂ ਦੀ ਆਲੋਚਨਾ

30th January  2023 at 10:45 PM

 ਮੋਦੀ ਸਰਕਾਰ ਦੇ ਫਿਰਕੂ ਮਨਸੂਬੇ ਹਰ ਹੀਲੇ ਨਾਕਾਮ ਕਰਾਂਗੇ-CPI 


ਲੁਧਿਆਣਾ: 30 ਜਨਵਰੀ 2023: (ਪੰਜਾਬ ਸਕਰੀਨ ਬਿਊਰੋ)::
ਦੇਸ਼ ਦੀ ਜਨਤਾ ਦੇ ਧਰੁਵੀਕਰਨ ਦੀਆਂ ਸਾਜ਼ਿਸ਼ਾਂ ਸਫਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਲੋਕ ਸਿਰਫ ਮ\ਮਜ਼ਹਬੀ ਜਾਂ ਜਾਤਪਾਤ ਦੇ ਤੋਤਿਆਂ ਵਿੱਚ ਹੀ ਨਹੀਂ ਬਲਿਕ ਨਾਥੂ ਰਾਮ ਗੋਡਸੇ ਅਤੇ ਮਹਾਤਮਾ ਗਾਂਧੀ ਦੇ ਹਮਾਇਤੀਆਂ ਵੱਜੋਂ ਵੀ ਵੱਖਰੀ ਪਛਾਣ ਬਣਾ ਕੇ ਉਭਰ ਰਹੇ ਹਨ। ਸੀਪੀਆਈ ਨੇ ਇਸਦਾ ਗੰਭੀਰ ਨੋਟਿਸ ਲੈਂਦਿਆਂ ਇੱਕ ਵਾਰ ਫੇਰ ਸਪਸ਼ਟ ਸਟੈਂਡ ਲਿਆ ਹੈ ਅਤੇ ਮਹਾਤਮਾ ਗਾਂਧੀ ਵਾਲੀ ਵਿਚਾਰਧਾਰਾ ਦੀ ਡਟਵੀਂ ਹਮਾਇਤ ਕੀਤੀ ਹੈ। ਇਸਦੇ ਨਾਲ ਹੀ ਸੀਪੀਆਈ ਨੇ ਇੱਕ ਵਾਰ ਫੇਰ ਗੋਡਸੇ ਦਾ ਵੀ ਵਿਰੋਧ ਕੀਤਾ ਹੈ ਅਤੇ ਗੋਡਸੇ ਦੀ ਪ੍ਰਸ਼ੰਸਾ ਕਰਨ ਵਾਲਿਆਂ ਦਾ ਵੀ। 

ਦੇਸ਼ ਭਰ ਵਿੱਚ ਮਹਾਤਮਾ ਗਾਂਧੀ  ਦੀ ਸ਼ਹਾਦਤ ਨੂੰ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਉਣ ਲਈ ਦਿੱਤੇ ਗਏ ਸੱਦੇ ਦੇ ਤਹਿਤ  ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੀ ਲੁਧਿਆਣਾ ਸ਼ਹਿਰੀ ਇਕਾਈ ਦੀ ਜਨਰਲ ਬਾਡੀ ਦੀ ਇੱਕ ਵਿਸ਼ੇਸ਼ ਮੀਟਿੰਗ ਇਸ ਮਕਸਦ ਲਈ ਕੀਤੀ ਗਈ। ਇਸ ਮੀਟਿੰਗ  ਵਿੱਚ ਦੇਸ਼ ਅਤੇ ਦੇਸ਼ ਦੀ ਜਨਤਾ ਦੇ ਨਾਲ ਨਾਲ ਧਰਮ ਨਿਰਪੱਖਤਾ ਦੀ ਰਾਖੀ ਦਾ ਸੰਕਲਪ ਵੀ  ਲਿਆ ਗਿਆ ਕਿਓਕੀ ਇਸ ਵੇਲੇ ਵੱਡੇ ਖਤਰਿਆਂ ਵਿੱਚੋਂ ਫਿਰਕਾਪ੍ਰਸਤੀ ਦਾ ਖਤਰਾ ਵੀ ਬੇਹੱਦ ਖਤਰਨਾਕ ਸਟੇਜ ਤੱਕ ਪਹੁੰਚ ਚੁੱਕਿਆ ਹੈ। ਇਸ ਮੌਕੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਮਹਾਤਮਾ ਗਾਂਧੀ ਦੇ ਵੇਲਿਆਂ ਨੂੰ ਵੀ ਯਾਦ ਕੀਤਾ ਗਿਆ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ ਅਤੇ ਆਜ਼ਾਦ ਭਾਰਤ ਵਿੱਚ ਧਰਮ ਨਿਰਪੱਖਤਾ ਅਤੇ ਆਪਸੀ ਭਾਈਚਾਰਕ ਸਾਂਝ ਦੇ ਬਚਾਅ ਲਈ ਆਪਣੀ ਜਾਨ ਕੁਰਬਾਨ ਕੀਤੀ। ਇਸ ਮੀਟਿੰਗ ਵਿੱਚ ਮਹਾਤਮਾ ਗਾਂਧੀਦੀਆਂ ਭਾਵਨਾਵਾਂ ਅਤੇ ਪਹੁੰਚ ਨੂੰ ਵਡੇ ਹੀ ਸਭਿਅਕ ਸਲੀਕੇ ਨਾਲ ਉਭਾਰਿਆ ਗਿਆ। 

ਇਸ ਮੀਟਿੰਗ ਵਿਚ ਬੁਲਾਰਿਆਂ ਨੇ ਯਾਦ ਕਰਾਇਆ ਕਿ ਮਹਾਤਮਾ ਗਾਂਧੀ ਦੇਸ਼ ਨੂੰ ਬਸਤੀਵਾਦੀ ਜੂਲੇ ਤੋਂ ਮੁਕਤ ਕਰਵਾਉਣ ਦੇ ਨਾਲ-ਨਾਲ ਜਾਤਪਾਤ ਵਾਲੇ ਵਿਤਕਰੇ, ਧਰਮ ਦੇ ਆਧਾਰ 'ਤੇ ਵਿਸ਼ੇਸ਼ ਤੌਰ 'ਤੇ ਘੱਟ ਗਿਣਤੀਆਂ ਨਾਲ ਵਿਤਕਰੇ  ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਦਬਾਉਣ ਜਿਹੀਆਂ ਸਮਾਜਿਕ ਬੁਰਾਈਆਂ ਦੇ ਵਿਰੁੱਧ ਖੁਲ੍ਹ ਕੇ ਬੇਬਾਕੀ ਨਾਲ ਉਠ੍ਥ ਖੜੋਤੇ ਸਨ। ਉਹਨਾਂ ਵੇਲਿਆਂ ਵਿੱਚ ਇਹ ਸਾਹ ਅਸਾਂ ਨਹੀਂ ਸੀ ਪਰ ਮਹਾਤਮਾ ਗਾਂਧੀਨੇ ਮੁਸ਼ਕਲਾਂ ਭਰੀਆਂ ਰਾਹਾਂ ਨੂੰ ਚੁਣਿਆ।  ਆਪਣੇ ਪੂਰੇ ਜੀਵਨ ਦੌਰਾਨ ਉਹਨਾਂ ਨੇ ਨਾ ਸਿਰਫ ਅਹਿੰਸਾ ਦਾ ਪ੍ਰਚਾਰ ਕੀਤਾ ਬਲਕਿ ਜ਼ਮੀਨੀ ਪੱਧਰ 'ਤੇ ਇਸ ਨੂੰ ਲਾਗੂ ਕਰਨ ਵਾਲੇ ਪਾਸੇ ਵੀ ਪੁਰਜ਼ੋਰ ਤਜਰਬੇ ਕੀਤੇ। 

30 ਜਨਵਰੀ ਸੰਨ 48 ਸੰਧਿਆ ਦਾ ਸੀ ਵੇਲਾ 
ਡੁੱਬਾ ਸੂਰਜ ਭਾਰਤ ਮਾਂ ਦਾ ਹੋਣਾ ਨਹੀਂ ਸਵੇਲਾ 
ਇਹ ਫੋਟੋ ਧੰਨਵਾਦ ਸਹਿਤ ਛਾਪੀ ਜਾ ਰਹੀ ਹੈ 
ਉਹ ਲੱਖਾਂ ਲੋਕਾਂ ਨੂੰ ਅੰਗਰੇਜ਼ ਸਾਮਰਾਜੀ ਸ਼ਕਤੀ ਵਿਰੁੱਧ ਅਹਿੰਸਕ ਤਰੀਕਿਆਂ ਨਾਲ ਲੜਨ ਲਈ ਜਥੇਬੰਦ ਕਰਨ ਦੇ ਯੋਗ ਵੀ ਸਾਬਤ ਹੋਏ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਇਸ ਨਾਲ ਮਹਾਤਮਾ ਗਾਂਧੀ ਵਿਸ਼ਵ ਭਰ ਵਿੱਚ ਇੱਕ ਮਹਾਨ ਹਸਤੀ ਬਣ ਕੇ ਉਭਰੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਮਹਾਤਮਾ ਗਾਂਧੀ ਨੂੰ ਜਾਣਬੁੱਝ ਕੇ ਭੁਲਾਇਆ ਜਾ ਰਿਹਾ ਹੈ ਅਤੇ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਹੋਏ ਅਤਿਵਾਦੀ ਕਤਲ ਕਾਂਡ ਲਈ ਉਨ੍ਹਾਂ ਦੇ ਕਾਤਲ ਨੱਥੂਰਾਮ ਗੋਡਸੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। 

ਆਰ ਐਸ ਐਸ ਅਤੇ ਇਸ ਦੀ ਭਾਜਪਾ ਸਰਕਾਰ ਫਿਰਕੂ ਜ਼ਹਿਰ ਅਤੇ ਨਫ਼ਰਤ ਫੈਲਾ ਕੇ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਘੱਟ ਗਿਣਤੀਆਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਕਿਉਂਕਿ ਅਜੋਕੀ ਪੀੜ੍ਹੀ ਝੂਠੇ ਲਾਰਿਆਂ ਦਾ ਸ਼ਿਕਾਰ ਹੋਵੇਗੀ। ਇਸ ਬਾਰੇ ਸੀਪੀਆਈ ਦੀ ਮੀਟਿੰਗ ਵਿੱਚ ਬੋਨੇ ਬੁਲਾਰਿਆਂ ਨੇ ਸੰਖੇਪ ਪਰ ਸਿੱਧੇ ਸਪਸ਼ਟ ਸ਼ਬਦਾਂ ਵਿੱਚ ਆਮ ਜਨਤਾ ਨੂੰ ਸਾਵਧਾਨ ਕੀਤਾ। 

ਇਸ ਮੌਕੇ ਬੀ.ਬੀ.ਸੀ. ਵਾਲੀ ਫਿਲਮ ਦੀ ਵੀ ਚਰਚਾ ਹੋਈ। ਬੀ ਬੀ ਸੀ ਦੀ ਇੱਕ ਡਾਕੂਮੈਂਟਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਵਿੱਚ ਕਤਲੇਆਮ ਵਿੱਚ ਸਿੱਧੇ ਤੌਰ 'ਤੇ ਸ਼ਮੂਲੀਅਤ ਦਰਸਾਉਣ ਵਾਲਾ ਦੋਸ਼ ਸਥਿਤੀ ਦੀ ਗੰਭੀਰਤਾ ਦੀ ਗਵਾਹੀ ਭਰਦਾ ਹੈ। ਡਾ: ਮਿੱਤਰਾ ਨੇ ਕਿਹਾ ਕਿ  ਸਮਾਂ ਆ ਗਿਆ ਹੈ ਕਿ ਸਾਨੂੰ ਇਸ ਅਤਿ ਦਮਨਕਾਰੀ ਫਾਸ਼ੀਵਾਦੀ ਸ਼ਾਸਨ ਦੇ ਖਿਲਾਫ਼ ਬਿਨਾਂ ਕਿਸੇ ਡਰ ਦੇ ਇੱਕਜੁੱਟ ਹੋ ਕੇ ਲੜਨਾ ਪਵੇਗਾ। 

ਕਾਮਰੇਡ ਡੀ.ਪੀ. ਮੌੜ ਜ਼ਿਲ੍ਹਾ ਸਕੱਤਰ ਨੇ ਮਜ਼ਦੂਰਾਂ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਜੋ ਕਿ ਕਾਰਪੋਰੇਟ ਦੇ ਹਿੱਤਾਂ ਦੀ ਪੂਰਤੀ ਕਰ ਰਹੀ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਆਰਥਿਕ ਧੋਖਾਧੜੀ ਦਾ ਬਚਾਅ  ਕਰਨ ਲਈ ਵੀ, ਜਿਵੇਂ ਕਿ ਗੌਤਮ ਅਡਾਨੀ ਵਿਰੁੱਧ ਹਿੰਡਨਬਰਗ ਰਿਪੋਰਟ ਤੋਂ ਸਪੱਸ਼ਟ ਹੋ ਗਿਆ ਹੈ। 

ਸੀਪੀਆਈ ਲੁਧਿਆਣਾ ਦੇ ਸ਼ਹਿਰੀ ਸਕੱਤਰ ਐਮ.ਐਸ. ਭਾਟੀਆ ਨੇ ਕਿਹਾ ਕਿ ਸਾਡੀ ਪਾਰਟੀ ਦੀ ਹਰ ਇਕਾਈ ਵਿਚ ਸੰਦੇਸ਼ ਫੈਲਾਇਆ ਜਾਵੇਗਾ ਅਤੇ ਲੋਕਾਂ ਨੂੰ ਧਰਮ ਨਿਰਪੱਖਤਾ ਦੇ ਮੁੱਦੇ 'ਤੇ ਜਥੇਬੰਦ ਕੀਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪਾਰਟੀ ਆਗੂ ਕਾਮਰੇਡ ਗੁਰਨਾਮ ਸਿੱਧੂ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਰਮੇਸ਼ ਰਤਨ, ਵਿਜੇ ਕੁਮਾਰ, ਵਿਨੋਦ ਕੁਮਾਰ, ਕੁਲਵੰਤ ਕੌਰ, ਮੁਹੰਮਦ ਰਫੀਕ, ਰਣਧੀਰ ਸਿੰਘ ਧੀਰਾ, ਸ਼ਫੀਕ ਮੁਹੰਮਦ ਆਦਿ ਹਾਜ਼ਰ ਸਨ।

ਇਹ ਲਿਖਤ ਵੀ ਜ਼ਰੁਰ ਪੜ੍ਹੋ ਕਾਮਰੇਡ ਸਕਰੀਨ ਵਿੱਚ  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 


No comments: