13th December 2022 at 2:05 PM
ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਲੁਧਿਆਣਾ ਵਿੱਚ ਵਿਸ਼ੇਸ਼ ਆਯੋਜਨ
10 ਦਸੰਬਰ ਨੂੰ ਕੌਮਾਂਤਰੀ ਪੱਧਰ 'ਤੇ ਮਨੁੱਖੀ ਅਧਿਕਾਰ ਦਿਵਸ ਲੰਘ ਕੇ ਹਟਿਆ ਹੈ। ਇਸ ਨੂੰ ਦੁਨੀਆਂ ਭਰ ਵਿੱਚ ਵੱਡੇ ਪੱਧਰ 'ਤੇ ਮਨਾਇਆ ਗਿਆ। ਮਨੁੱਖੀ ਅਧਿਕਾਰਾਂ ਦੇ ਇਸ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਲੁਧਿਆਣਾ ਵਿੱਚ ਜਮਹੂਰੀ ਅਧਿਕਾਰ ਸਭਾ ਵੱਲੋਂ 18 ਦਸੰਬਰ ਨੂੰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਇਸ ਸੈਮੀਨਾਰ ਵਿੱਚ ਜਮਹੂਰੀ ਅਧਿਕਾਰਾਂ ਸੰਬੰਧੀ ਦੇਸ਼ ਅਤੇ ਸੂਬੇ ਦੇ ਮੌਜੂਦਾ ਹਾਲਾਤ ਦੀ ਚਰਚਾ ਵੀ ਹੋਵੇਗੀ ਅਤੇ ਅਗਲੀ ਰਣ ਨੀਤੀ ਬਾਰੇ ਵੀ ਵਿਚਾਰਾਂ ਹੋਣਗੀਆਂ। ਅਘੈ ਬੁਲਾਰੇ ਇਸ ਵਿਚ ਸ਼ਾਮਲ ਹੋਣਗੇ।
ਅੰਤਰਰਾਸ਼ਟਰੀ ਮਨੁੱਖੀ ਹੱਕ ਦਿਵਸ ਨੂੰ ਸਮਰਪਿਤ ਸੈਮੀਨਾਰ 18 ਦਸੰਬਰ (ਐਤਵਾਰ) ਸਵੇਰੇ 10.30 ਵਜੇ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਹੋਵੇਗਾ। ਜਮਹੂਰੀ ਅਧਿਕਾਰ ਸਭਾ ਪੰਜਾਬ ( ਜਿਲ੍ਹਾ ਲੁਧਿਆਣਾ ) ਵੱਲੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਦਾ ਵਿਸ਼ਾ “ਜਮਹੂਰੀ ਹੱਕ ਬਨਾਮ ਦੇਸ਼ ਦੇ ਮੌਜੂਦਾ ਹਾਲਾਤ” ਹੋਵੇਗਾ, ਜਿਸ ਦੇ ਮੁੱਖ ਬੁਲਾਰੇ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਹੋਣਗੇ।
ਇਸ ਬਾਰੇ ਜਾਰੀ ਪ੍ਰੈਸ ਬਿਆਨ ਰਾਹੀ ਸਭਾ ਦੀ ਜਿਲ੍ਹਾ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਜੀਰਖ ਅਤੇ ਸਕੱਤਰ ਮਨਜੀਤ ਸਿੰਘ ਬੁਢੇਲ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨਾਂ ਵੱਲੋਂ ਆਮ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਜਿਹੜੇ ਗ਼ੈਰ ਜਮਹੂਰੀ ਢੰਗਾਂ ਨਾਲ ਕੁਚਲਿਆ ਜਾ ਰਿਹਾ ਹੈ, ਉਹ ਬੇਹੱਦ ਚਿੰਤਾਜਨਕ ਵਰਤਾਰਾ ਹੈ। ਬੇਇਨਸਾਫ਼ੀ ਵਾਲਾ ਰੁਝਾਨ ਦਿਨੋ ਦਿਨ ਜ਼ੋਰ ਫੜਦਾ ਜਾ ਰਿਹਾ ਹੈ।
ਧਰਮ ਦੇ ਨਾਂ ਹੇਠ ਫਿਰਕੂ ਨਫ਼ਰਤ ਪੈਦਾ ਕਰਨ ਵਾਲੀਆਂ ਤਾਕਤਾਂ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਸਮਾਜ ਨੂੰ ਮੱਧਯੁੱਗੀ ਜਗੀਰੂ ਸਮੇਂ ਦੇ ਹਾਲਾਤਾਂ ਵੱਲ ਮੋੜਨ ਦੇ ਸਿਰਤੋੜ ਯਤਨ ਕਰਕੇ ਲੋਕਾਂ ਨੂੰ ਆਪਣੇ ਅਸਲ ਮੁੱਦਿਆਂ ਗਰੀਬੀ, ਬੇਰੋਜਗਾਰੀ, ਮਹਿੰਗਾਈ , ਸਿਹਤ, ਸਿੱਖਿਆ ਆਦਿ ਤੋਂ ਭਟਕਾਉਣਾ ਚਾਹੁੰਦੀਆਂ ਹਨ। ਸਭਾ ਸਮਝਦੀ ਹੈ ਕਿ ਅਜਿਹੇ ਵਰਤਾਰਿਆਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਜੱਥੇਬੰਦਕ ਅਤੇ ਵਿਅਕਤੀਗਤ ਇਨਸਾਫ਼ ਪਸੰਦ ਨਾਗਰਿਕਾਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਜਮਹੂਰੀ ਅਧਿਕਾਰ ਸਭਾ ਕੋਲ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਨਾਲ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਬਹੁਤ ਸਾਰੇ ਮਾਮਲੇ ਅਤੇ ਕਿੱਸੇ ਠੋਸ ਸਬੂਤਾਂ ਸਮੇਤ ਮੌਜੂਦ ਹਨ।ਬਹੁਤ ਸਾਰੇ ਮਾਮਲਿਆਂ ਵਿੱਚ ਸਰਕਾਰਾਂ ਅਜਿਹੇ ਮਾਮਲਿਆਂ 'ਤੇ ਖਾਮੋਸ਼ੀ ਧਾਰ ਕੇ ਚੁੱਪ ਕਰ ਜਾਂਦੀਆਂ ਹਨ ਪਰ ਜਮਹੂਰੀ ਅਧਿਕ ਸਭਾ ਦੇ ਯੂਨਿਟ ਅਤੇ ਅਹੁਦੇਦਾਰ ਲਗਾਤਾਰ ਆਵਾਜ਼ ਉਠਾਉਂਦੇ ਰਹਿੰਦੇ ਹਨ। ਹੁਣ ਸਭਾ ਵੱਲੋਂ ਲੁਧਿਆਣਾ ਵਿੱਚ 18 ਦਸੰਬਰ ਨੂੰ ਕੀਤੇ ਜਾ ਰਹੇ ਸੈਮੀਨਾਰ ਵਿੱਚ ਵੀ ਅਜਿਹਾ ਬਹੁਤ ਕੁਝ ਜਨਤਾ ਦੇ ਸਾਹਮਣੇ ਲਿਆਂਦਾ ਜਾਵੇਗਾ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment