Saturday, December 17, 2022

ਪੰਜਾਬ:ਬੱਸਾਂ ਦੀ ਅੱਧੀ ਹੜਤਾਲ ਜਾਰੀ--ਅੱਧੀ ਵਿੱਚ ਸੋਮਵਾਰ ਤੱਕ ਛੂਟ

ਸੋਮਵਾਰ ਵੀ ਮਸਲਾ ਹੱਲ ਨਾ ਹੋਇਆ ਤਾਂ ਫਿਰ ਤੋਂ ਮੁਕੰਮਲ ਹੜਤਾਲ 

*ਵਿਭਾਗ ਦਾ ਅੜੀਅਲ ਵਤੀਰੇ ਕਾਰਨ ਪਨਬੱਸ ਦੀ ਹੜਤਾਲ ਜਾਰੀ-ਰੇਸ਼ਮ ਸਿੰਘ ਗਿੱਲ

*ਚੀਫ਼ ਸੈਕਟਰੀ ਪੰਜਾਬ ਨਾਲ ਮੀਟਿੰਗ ਤੱਕ PRTC ਦੀ ਸਰਵਿਸ ਜਾਰੀ ਰਹੇਗੀ-ਸ਼ਮਸੇਰ ਸਿੰਘ


ਚੰਡੀਗੜ੍ਹ: 17 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਅੱਧੀ ਕੁ ਹੜਤਾਲ ਵਿੱਚ ਸੋਮਵਾਰ ਤੱਕ ਦੀ ਛੂਤ ਦੇ ਦਿਤੀ ਹੈ ਅਤੇ ਬਾਕੀ ਦੀ ਅੱਧੀ ਹੜਤਾਲ ਲਗਾਤਾਰ ਜਾਰੀ ਹੈ। ਇਹ ਐਲਾਨ ਸ਼ੁੱਕਰਵਾਰ 16 ਦਸੰਬਰ ਨੂੰ ਦੇਰ ਸ਼ਾਮ ਵੇਲੇ ਉਦੋਂ ਕੀਤਾ ਗਿਆ ਜਦੋਂ ਸਰਕਾਰ ਨਾਲ 16 ਦਸੰਬਰ ਵਾਲੀ ਮੀਟਿੰਗ ਦੀ ਵਾਰਤਾ ਵੀ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹ ਸਕੀ। ਜ਼ਿਕਰਯੋਗ ਹੈ ਕਿ ਇਹ ਮੀਟਿੰਗ ਦੇਰ ਸ਼ਾਮ ਤੱਕ ਜਾਰੀ ਰਹੀ ਅਤੇ ਹੋਈ ਵੀ ਬੜੇ ਚੰਗੇ ਮਾਹੌਲ ਵਿੱਚ ਪਰ ਅਫਸਰਸ਼ਾਹੀ ਦਾ ਅੜੀਅਲ ਰਵਈਏ ਵਾਲਾ ਕੁਝ ਹਿੱਸਾ ਇਸ ਸਾਰੇ ਮਾਮਲੇ ਵਿੱਚ ਬਾਰ ਬਾਰ ਰੁਕਾਵਟਾਂ ਡਾਹ ਦੇਂਦਾ ਹੈ। ਇਸ ਤਰ੍ਹਾਂ ਹਰ ਵਾਰ ਮਾਮਲਾ ਕਿਸੇ ਨ ਕਿਸੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਅਧਵਾਟੇ ਹੀ ਰਹਿ ਜਾਂਦਾ ਹੈ। 

ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ  ਸੈਕਟਰੀ ਸ਼ਮਸ਼ੇਰ ਸਿੰਘ,ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜਗਤਾਰ ਸਿੰਘ ਬਲਜੀਤ ਸਿੰਘ, ਜਲੋਰ ਸਿੰਘ, ਦਲਜੀਤ ਸਿੰਘ, ਪ੍ਰਦੀਪ ਕੁਮਾਰ, ਕੈਸ਼ੀਅਰ ਬਲਜਿੰਦਰ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ ਨੇ ਦੱਸਿਆ ਕਿ ਅੱਜ ਸਾਡੀ ਮੀਟਿੰਗ ਮੋਹਾਲੀ 65 ਸੈਕਟਰ  ਪੰਜਾਬ ਮੰਡੀ ਬੋਰਡ ਦੇ ਸਕੱਤਰ ਮੁੱਖ ਮੰਤਰੀ ਰਵੀ ਭਗਤ ਆਈ ਏ ਐਸ ਨਾਲ ਹੋਈ ਜਿਸ ਵਿੱਚ ਜੱਥੇਬੰਦੀ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਗਈ।  ਮੁੱਖ ਮੁੱਦਾ ਆਊਟ ਸੋਰਸ ਰਾਹੀਂ ਪੰਨ ਬੱਸ ਵਿੱਚ ਅਣ ਸਿੱਖਿਅਤ 28  ਡਰਾਈਵਰ ਦੀ ਭਰਤੀ ਵਾਲਾ ਰਿਹਾ। ਇਸ ਸੰਬੰਧੀ ਮੁੱਖ ਮੰਤਰੀ ਦੇ ਸਕੱਤਰ ਸਾਹਿਬ ਨੂੰ ਦੱਸਿਆ ਗਿਆ ਕਿ ਇਹਨਾਂ ਅਣਸਿਖਿਅਤ ਡਰਾਈਵਰਾਂ ਨੂੰ ਘੱਟ ਤਨਖਾਹ 'ਤੇ ਰੱਖ ਲਿਆ ਗਿਆ ਹੈ ਅਤੇ ਇਹ ਭਰਤੀ ਨਿਯਮਾਂ ਨੂੰ ਛਿੱਕੇ ਤੰਗ ਕੇ ਕੀਤੀ ਜਾ ਰਹੀ ਹੈ। 

ਇਸ ਮੀਟਿੰਗ ਵਿੱਚ ਹੀ ਹੋਰ ਮੰਗਾਂ ਬਾਰੇ ਵੀ ਗੱਲਬਾਤ ਹੋਈ। ਘੱਟ ਤਨਖਾਹ ਸਬੰਧੀ ਵੀ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ। ਖਾਸ ਗੱਲ ਇਹ ਰਹੀ ਕਿ ਸਕੱਤਰ ਸਾਹਿਬ ਨੇ ਸਾਰੀ ਗੱਲਬਾਤ ਸੁਚੱਜੇ ਢੰਗ ਨਾਲ ਸੁਣੀ ਅਤੇ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਮੁੱਖ ਚੀਫ ਸੈਕਟਰੀ ਪੰਜਾਬ ਨਾਲ਼ ਸੋਮਵਾਰ ਦੀ ਪੈਨਿਲ ਮੀਟਿੰਗ ਵੀ ਤਹਿ ਕਰਵਾਈ ਤੇ ਭਰਤੀ ਬਾਰੇ ਵਿਭਾਗ ਦੇ ਅਧਿਕਾਰੀਆ ਨੂੰ ਸੋਮਵਾਰ ਮੀਟਿੰਗ ਤੱਕ ਰੋਕਣ ਲਈ ਵੀ ਕਿਹਾ ਪਰ ਵਿਭਾਗ ਦੇ ਅਧਿਕਾਰੀਆਂ ਦਾ ਅੜੀਅਲ ਰਵਈਆ ਹੋਣ ਕਰਕੇ ਇਸ ਸਬੰਧੀ ਕੋਈ ਵੀ ਹੁਕਮ ਜਾਰੀ ਨਹੀ ਕੀਤੇ ਗਏ। ਇਸ ਅੜੀਅਲ ਰਵਈਏ ਨੂੰ ਦੇਖਦਿਆਂ ਜਥੇਬੰਦੀ ਨੇ ਫੈਸਲਾ ਲਿਆ ਹੈ ਕਿ ਸੋਮਵਾਰ ਦੀ ਮੀਟਿੰਗ ਤੱਕ ਪਨਬੱਸ ਦੀ ਹੜਤਾਲ ਜਾਰੀ ਰਹੇਗੀ ਤੇ ਲੋਕਾਂ ਦੀ ਖੱਜਲ ਖੁਆਰੀ ਨੂੰ ਦੇਖਦਿਆਂ ਸੋਮਵਾਰ ਤੱਕ PRTC ਨੂੰ ਚਲਦਾ ਰੱਖਿਆ  ਜਾਵੇਗਾ। 


ਜੇਕਰ ਸੋਮਵਾਰ ਦੀ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਅਗਲੇ ਹੀ ਦਿਨ ਤੁਰੰਤ PRTC ਦੇ ਸਾਰੇ ਦੇ ਸਾਰੇ 9 ਡੀਪੂ ਬੰਦ ਕੀਤੇ ਜਾਣਗੇ ਤੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਕੋਈ ਰੋਡ ਬਲਾਕ ਜਾਂ ਮੁੱਖ ਮੰਤਰੀ ਦੀ ਰਿਹਾਇਸ਼ ਦਾ  ਧਰਨਾ ਵਰਗੇ ਤਿੱਖੇ ਐਕਸ਼ਨ ਤੁਰੰਤ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਹੜਤਾਲ 'ਤੇ ਹਨ। ਇਹ ਹੜਤਾਲ 15 ਦਸੰਬਰ ਦੀ ਦੁਪਹਿਰ ਨੂੰ ਹੀ ਸ਼ੁਰੂ ਹੋ ਗਈ ਸੀ। ਇਸ ਹੜਤਾਲ ਦੇ ਸਿੱਟੇ ਵੱਜੋਂ 16 ਦਸੰਬਰ ਨੂੰ ਵੀ ਪੰਜਾਬ ਦੇ 18 ਡੀਪੂਆਂ ਦੀਆਂ 1900 ਬਸਾਂ ਸੜਕਾਂ 'ਤੇ ਨਹੀਂ ਉਤਰੀਆਂ।  ਬੱਸ ਅੱਡੇ ਸੁੰਨਸਾਨ ਰਹੇ ਅਤੇ ਸਵਾਰੀਆਂ ਨੂੰਵੀ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋਈ। 

ਹੜਤਾਲ ਤੇ ਗਏ ਕਚੇ ਪਨਬਸ ਮੁਲਾਜਮ, ਮੰਗਾਂ ਨਾ ਮੰਨਣ ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਵੀ ਸਪਸ਼ਟ ਤੌਰ 'ਤੇ ਕਰ ਚੁੱਕੇ ਹਨ। ਇਹ ਹੜਤਾਲ 15 ਦਸੰਬਰ ਨੂੰ ਹੀ ਬਾਅਦ ਦੁਪਹਿਰ ਵੇਲੇ ਸ਼ੁਰੂ ਹ ਗਈ ਸੀ ਜਿਹੜੀ ਅੱਜ ਸਵੇਰ ਹੋਣ ਤੀਕ ਪੂਰੀ ਤਰ੍ਹਾਂ ਫੈਲ ਗਈ। ਪੰਜਾਬ ਦੇ ਕੱਚੇ ਬੱਸ ਕਾਮੇ ਮੈਨੇਜਮੈਂਟ ਵੱਲੋਂ ਡਰਾਈਵਰਾਂ ਦੀ ਭਰਤੀ ਵਿੱਚ ਸਹੀ ਪ੍ਰਕਿਰਿਆ ਨਾ ਅਪਣਾਉਣ ਦਾ ਦੋਸ਼ ਲਾਉਂਦਿਆਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। 

ਹੜਤਾਲ ਕਾਰਨ ਸੂਬੇ ਦੇ 18 ਬੱਸ ਡਿਪੂਆਂ ਦੀਆਂ 1900 ਦੇ ਕਰੀਬ ਬੱਸਾਂ ਸੜਕ ’ਤੇ ਨਹੀਂ ਉਤਰੀਆਂ। ਬਟਾਲਾ ਵਾਲੇ ਕੰਡਕਟਰ ਦੇ ਖਿਲਾਫ ਸਰਕਾਰੀ ਕਾਰਵਾਈ ਨਾਲ ਭੜਕਿਆ ਹੋਈ ਅੰਦੋਲਨ ਹੂ ਹੋਰਨਾਂ ਮੰਗਾਂ ਨੂੰ ਲੈ ਕੇ ਇੱਕ ਵਾਰ ਫੇਰ ਗਰਮਾਇਆ ਹੋਇਆ ਹੈ। ਇਸ ਵਾਰ ਇਸ ਅੰਦੋਲਨ ਵਿੱਚ ਬਹੁਤ ਸਾਰੀਆਂ ਹੋਰ ਮੰਗਾਂ ਵੀ ਸ਼ਾਮਲ ਹਨ। ਕਾਮਿਆਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਨਾਲ ਮੀਟਿੰਗਾਂ ਵਿੱਚ ਜੋ ਵਾਅਦੇ ਕਰਦੀ ਹੈ ਅਤੇ ਜੋ ਜੋ ਕੁਝ ਵਿਧਾਨ ਸਭਾ ਵਿੱਚ ਕਾਹਦੀ ਹੈ ਉਸ ਤੇ ਕਦੇ ਪੂਰੀ ਨਹੀਂ ਉਤਰਦੀ। ਸਰਕਾਰ ਦੀ ਕਹਿਣੀ ਅਤੇ ਕਰਨੀ ਵਿਛਕ ਜ਼ਮੀਨ ਅਸਮਾਨ ਦਾ ਫਰਕ ਹੈ। ਸਰਕਾਰ ਕਹਿੰਦੀ ਕੁਝ ਹੋਰ ਹੈ ਅਤੇ ਕਰਦੀ ਕੁਝ ਹੋਰ ਹੈ। 

ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਲੁਧਿਆਣਾ ਡਿੱਪੂ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ। ਪ੍ਰਬੰਧਕਾਂ ਵੱਲੋਂ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਪਿਛਲੇ ਦਰਵਾਜ਼ੇ ਰਾਹੀਂ ਨਵੇਂ ਡਰਾਈਵਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਇਹ ਹੜਤਾਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਸੀ ਪਰ ਸਰਕਾਰ ਵੱਲੋਂ ਅੱਜ ਸ਼ਾਮ ਮੀਟਿੰਗ ਸੱਦਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪਰ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 

ਸ਼੍ਰੀ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਅਫਸਰਸ਼ਾਹੀ ਧੱਕੇ ਨਾਲ ਬਿਨਾਂ ਕਿਸੇ ਟਰਾਈ ਅਤੇ ਟ੍ਰੇਨਿੰਗ ਦੇ ਆਮ ਲੋਕਾਂ ਦੀ ਜਾਨ ਖਤਰੇ ਵਿਚ ਪਾ ਕੇ ਆਊਟਸੋਰਸ ਡਰਾਈਵਰਾਂ ਨੂੰ ਜੁਆਇੰਨ ਕਰਕੇ ਜੱਥੇਬੰਦੀ ਨੂੰ ਸੰਘਰਸ਼ ਲਈ ਕਰ ਰਹੀ ਮਜਬੂਰ ਕਰ ਰਹੀ ਹੈ। ਮੁਲਾਜ਼ਮ ਆਗੂ ਸਤਨਾਮ ਸਿੰਘ ਨੇ ਵੀ ਸਰਕਾਰ ਦੀਆਂ ਇਹਨਾਂ ਨੀਤੀਆਂ ਬਾਰੇ ਖੁੱਲ੍ਹ ਕੇ ਦੱਸਿਆ ਅਤੇ ਇਹਨਾਂ ਦਾ ਸਖਤ ਵਿਰੋਧ ਕੀਤਾ। 

ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮਿਤੀ 15 ਦਸੰਬਰ 2022 ਨੂੰ ਜਿੱਥੇ ਮੌਜੂਦਾ ਸਰਕਾਰ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਮੁੱਕਰਦੇ ਹੋਏ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਭੱਜ ਰਹੀ ਹੈ, ਉੱਥੇ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਵਿਚ ਆਊਟਸੋਰਸ ਖਤਮ ਕਰਨ ਵਾਲੇ ਦਾਅਵਿਆਂ ਦੇ ਉਲਟ ਕਦਮ ਚੁੱਕ ਰਹੀ ਹੈ। ਮੌਜੂਦਾ ਟਰਾਂਸਪੋਰਟ ਮੰਤਰੀ ਤੇ ਟਰਾਂਸਪੋਰਟ ਵਿਭਾਗ ਦੀ ਮੈਨੇਜਮੈਂਟ ਵਲੋਂ ਬਿਨਾਂ ਕਿਸੇ ਪ੍ਰਕਿਰਿਆ ਦੇ ਡਰਾਈਵਰ ਨਿਗੂਣੀਆਂ ਤਨਖਾਹਾਂ ਤੇ ਆਊਟਸੋਰਸ ਰਾਂਹੀ ਭਰਤੀ ਕਰਕੇ ਡਿਪੂਆਂ ਵਿਚ ਧੱਕੇ ਨਾਲ ਜੁਆਇੰਨ ਕਰਵਾਏ ਜਾ ਰਹੇ ਹਨ। ਇਸ ਨਾਲ ਜਿੱਥੇ ਪੰਜਾਬ ਰੋਡਵੇਜ਼ / ਪਨਬਸ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ, ਉਥੇ ਹੀ ਆਮ ਲੋਕ ਜੋ ਰੋਜ਼ਾਨਾ ਪੰਜਾਬ ਰੋਡਵੇਜ਼ /ਪਨਬਸ ਦੀਆਂ ਬੱਸਾਂ ਵਿਚ ਸਫਰ ਕਰਦੇ ਹਨ, ਦੀਆਂ ਕੀਮਤੀ ਜਾਨਾਂ ਵੀ ਖਤਰੇ ਵਿਚ ਪਾਈਆਂ ਜਾ ਰਹੀਆਂ ਹਨ। 

ਸਰਕਾਰ ਦੀਆਂ ਨੀਅਤਾਂ ਅਤੇ ਨੀਤੀਆਂ ਦਾ ਤਿੱਖਾ ਵਿਰੋਧ ਕਰਦਿਆਂ ਪਨਬਸ /ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪੰਜਾਬ ਦੇ 18 ਡਿਪੂ ਤੁਰੰਤ ਪ੍ਰਭਾਵ ਤੋਂ ਬੰਦ ਕਰਕੇ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ। ਇਸ ਐਕਸ਼ਨ ਦੇ ਨਾਲ ਹੀ ਕੱਲ ਸਵੇਰੇ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਮੋਕੇ ਡਿਪੂ ਜਨਰਲ ਸਕੱਤਰ ਗੁਰਪ੍ਰੀਤ ਬੜੈਚ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਧੱਕੇ ਦੇ ਵਿਰੋਧ ਵਿੱਚ ਪੰਜਾਬ ਰੋਡਵੇਜ਼ ਦੇ ਡਿੱਪੂ ਕੋਈ ਠੋਸ ਫੈਸਲਾ ਹੋਣ ਤੱਕ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਸਰਕਾਰ ਪਿਛਲੇ ਦਿਨਾਂ  ਦੌਰਾਨ ਕਈ ਵਾਰ ਮੀਟਿੰਗਾਂ ਦਾ ਸੱਦਾ ਦੇ ਕੇ ਖੁਦ ਹੀ ਪਿਛੇ ਹਟ ਚੁੱਕੀ ਹੈ। ਨਿਜੀਕਰਨ ਅਤੇ ਆਊਟ ਸੋਰਸਿੰਗ ਵੱਲ ਵੱਧ ਰਹੀ ਸਰਕਾਰ ਦੇ ਨਾਲ ਇਹਨਾਂ ਮੁਲਾਜ਼ਮਾਂ ਦਾ ਟਕਰਾਓ ਨੇੜ ਭਵਿੱਖ ਵਿੱਚ ਹੋਰ ਤਿੱਖਾ ਹੂਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਨਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਸਰਕਾਰੀ ਟਰਾਂਸਪੋਰਟ ਨੂੰ ਮੁਨਾਫ਼ੇ ਵੱਲ ਲਿਜਾਣ ਲਈ ਕੋਈ ਕਸਰ ਨਹੀਂ ਛੱਡਦੇ ਪਰ ਸਰਕਾਰ ਦੀਆਂ ਨੀਤੀਆਂ ਹੀ ਕਰੋੜਾਂ ਰੁਪੋਏ ਦੇ ਘਾਟੇ ਪਾ ਕੇ ਮਹਿਕਮਾ ਬੰਦ ਕਰਨ ਵਾਲੇ ਪਾਸੇ ਵੱਧ ਰਹੀਆਂ ਹਨ। 

ਹੁਣ ਦੇਖਣਾ ਹੈ ਕਿ ਹੜਤਾਲ ਸੋਮਵਾਰ ਦੀ ਸ਼ਾਮ ਨੂੰ ਕੀ ਰੁੱਖ ਲੈਂਦੀ ਹੈ? ਜਾਂ ਤਾਂ ਸੋਮਵਾਰ ਸ਼ਾਮ ਨੂੰ ਹੜਤਾਲ ਮੁੱਕ ਜਾਵੇਗੀ ਜਾਂ ਫਿਰ ਅਣਮਿੱਥੇ ਸਮਾਣੇ ਲਈ ਪੂਰੇ ਪੰਜਾਬ ਵਿਚ ਤੁਰੰਤ ਫੈਲ ਜਾਵੇਗੀ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: