Tuesday, December 13, 2022

ਭਾਰਤ ਜਨ ਗਿਆਨ ਵਿਗਿਆਨ ਜੱਥਾ ਨੇ ਨਵੇਂ ਜੋਸ਼ ਨਾਲ ਬਣਾਈ ਨਵੀਂ ਟੀਮ

Tuesday 13th December 2022 at 01:40 PM 

ਲੋਕਾਂ ਵਿੱਚ ਵਿਗਿਆਨ ਸੋਚ ਦਾ ਪਰਚਮ ਲੈ ਕੇ ਜੱਥਾ ਫਿਰ ਸਰਗਰਮ 


ਲੁਧਿਆਣਾ: 13 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜਦੋਂ ਲੋਕ ਅੰਨ੍ਹੇ ਵਾਹ ਜਾਦੂ ਟੂਣਿਆਂ ਦੇ ਹਨੇਰਿਆਂ ਵਿੱਚ ਗੁਆਚੇ ਹੋਏ ਧੱਕੇ ਖਾ ਰਹੇ ਸਨ। ਆਧੁਨਿਕ ਯੁਗ ਦੇ ਬਾਵਜੂਦ ਅਣ ਦਿੱਸਦੀਆਂ ਗੈਬੀ ਸ਼ਕਤੀਆਂ ਕੋਲੋਂ ਡਰਦੇ ਫਿਰਦੇ ਸਨ। ਅਚਾਨਕ ਨਿੱਛਾਂ ਆਉਣ 'ਤੇ ਇਲਾਜ ਕਰਨ ਦੀ ਬਜਾਏ ਸਫਰ 'ਤੇ ਨਿਕਲਣ ਦਾ ਇਰਾਦਾ ਹੀ ਤਿਆਗ ਦੇਂਦੇ ਸਨ। ਅਚਾਨਕ ਬਿੱਲੀ ਰਸਤਾ ਕੱਟ ਜਾਵੇ ਤਾਂ ਸਫ਼ਰ ਸ਼ੁਰੂ ਕਰਦਿਆਂ ਹੀ ਘਰ ਪਾਰ੍ਟ ਆਉਂਦੇ ਸਨ। ਅਜਿਹੀਆਂ ਬਹੁਤ ਸਾਰੀਆਂ ਹਾਸੋਹੀਣੀਆਂ ਗੱਲਾਂ ਸਨ ਜਿਹਨਾਂ ਤੋਂ ਪੜ੍ਹੇ ਲਿਖੇ ਲੋਕ ਵੀ ਪ੍ਰਭਾਵਿਤ ਸਨ। ਇਹਨਾਂ ਪੜ੍ਹੀਆਂ ਲਿਖਿਆਂ ਕੋਲ ਵੀ ਵਿਗਿਆਨਕ ਸੋਚ ਦੀ ਘਾਟ ਸੀ। ਭਾਰਤ ਜਨ ਵਿਗਿਆਨ ਜੱਥਾ ਨੇ ਸਭ ਤੋਂ ਪਹਿਲਾਂ ਇਹਨਾਂ ਵਿਚਾਰਿਆਂ ਦੇ ਅਗਿਆਨ ਨੂੰ ਦੂਰ ਕਰਨ ਦੇ ਹੀਲੇ ਵਸੀਲੇ ਕੀਤੇ। ਇਸ ਮਕਸਦ ਲਈ ਨੁੱਕੜ ਨਾਟਕਾਂ ਦਾ ਸਹਾਰਾ ਵੀ ਲਿਆ ਗਿਆ ਅਤੇ ਛੋਟੀਆਂ ਫ਼ਿਲਮਾਂ ਦਾ ਵੀ। ਸੈਮੀਨਾਰ ਵੀ ਕਰਾਏ ਗਏ ਅਤੇ ਮਾਰਚ ਵੀ ਕੱਢੇ ਗਏ। ਹੁਣ ਤਾਂ ਖੀਰ ਕਿ ਹੋਰ ਸੰਗਠਨ ਵੀ ਇਸ ਪਾਸੇ ਤੁਰ ਪਏ ਹਨ ਪਰ ਉਸ ਵੇਲੇ ਇਸ ਮਿਸ਼ਨ 'ਤੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਇਕੱਲਾ ਹੀ ਲੋਕਾਂ ਵਿਚ ਸੀ। ਪੰਜਾਬ ਦੇ ਮਾੜੇ ਦਿਨਾਂ ਵਿੱਚ ਵੀ ਇਹ ਜੱਥਾ ਸਰਗਰਮ ਰਿਹਾ। ਹੁਣ ਜੱਥਾ ਫਿਰ ਮੈਦਾਨ ਵਿੱਚ ਹੈ। ਇੱਕ ਵਾਰ ਫੇਰ ਭਾਰਤ  ਜਨ ਵਿਗਿਆਨ ਜੱਥਾ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਕਰੇਗਾ ਆਪਣੇ ਨਿਵੇਕਲੇ ਅੰਦਾਜ਼ ਵਿੱਚ। ਇਸ ਮਕਸਦ ਲਈ ਨਵੀਂ ਟੀਮ ਵੀ ਬਣਾਈ ਗਈ ਹੈ। 

ਭਾਰਤ ਜਨ ਵਿਗਿਆਨ ਜੱਥਾ ਦੀ ਮੀਟਿੰਗ  ਸ: ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਆਉਣ ਵਾਲੇ ਸਮੇਂ ਵਿਚ ਜਥੇ ਵੱਲੋਂ ਕੀਤੇ ਜਾਣ ਵਾਲੇ ਪ੍ਰੋਗਰਾਮ ਉਲੀਕੇ ਗਏ। ਇਹ ਵੀ ਫੈਸਲਾ ਕੀਤਾ ਗਿਆ ਕਿ ਵੱਧ ਤੋਂ ਵੱਧ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਕੀਤਾ ਜਾਵੇਗਾ ਤਾਂ ਕਿ ਉਹ ਸਮਾਜ ਵਿੱਚ ਫੈਲਾਏ ਜਾ ਰਹੇ ਵਹਿਮਾਂ-ਭਰਮਾਂ ਤੋਂ ਸੁਚੇਤ ਰਹਿਣ। ਵਾਤਾਵਰਨ ਦੀ ਸੰਭਾਲ ਲਈ ਜਥੇ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਹੋਰ ਵੱਡੇ ਪੱਧਰ ਤੇ ਕੀਤੇ ਜਾਣਗੇ। ਸਕੂਲਾਂ ਅਤੇ ਕਾਲਜਾਂ ਵਿੱਚ ਈਕੋ ਕਲੱਬਾਂ ਨੂੰ ਸਰਗਰਮ ਕਰ ਕੇ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਮੀਟਿੰਗ ਵਿੱਚ ਡਾਕਟਰ ਅਰੁਣ ਮਿੱਤਰਾ, ਮਨਿੰਦਰ ਸਿੰਘ ਭਾਟੀਆ, ਰਣਜੀਤ ਸਿੰਘ ,ਇੰਦਰਜੀਤ ਸਿੰਘ ਸੋਢੀ, ਕੁਸੁਮ ਲਤਾ  ਰਜਿੰਦਰ ਪਾਲ ਸਿੰਘ ਔਲਖ, ਡਾਕਟਰ ਗੁਰਚਰਨ ਕੌਰ ਕੋਚਰ, ਅਵਤਾਰ ਛਿਬੜ, ਸੁਸ਼ਮਾ ਓਬਰਾਏ,ਹਰਮਿੰਦਰ ਪਾਲ ਸਿੰਘ,  ਮਨਦੀਪ ਕੌਰ,  ਰਪਵਿੰਦਰ ਕੌਰ ਅਤੇ ਰੁਮਾਨੀ ਨੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਦੇ ਅੰਤ ਵਿੱਚ ਆਉਣ ਵਾਲੇ ਸਮੇਂ ਲਈ ਅਹੁਦੇਦਾਰ ਨਾਮਜ਼ਦ ਕੀਤੇ ਗਏ ਜਿਨ੍ਹਾਂ ਵਿਚ ਪ੍ਰਧਾਨ ਸ: ਰਣਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾਕਟਰ ਅਰੁਣ ਮਿੱਤਰਾ,  ਮੀਤ ਪ੍ਰਧਾਨ ਡਾ: ਗੁਰਚਰਨ ਕੌਰ ਕੋਚਰ, ਇੰਦਰਜੀਤ ਸਿੰਘ ਸੋਢੀ ਅਤੇ ਡੀ.ਪੀ. ਮੌੜ, ਜਨਰਲ ਸਕੱਤਰ ਕੁਸੁਮ ਲਤਾ, ਜਥੇਬੰਦਕ ਸਕੱਤਰ ਡਾ ਰਜਿੰਦਰਪਾਲ ਸਿੰਘ ਔਲਖ, ਸਕੱਤਰ ਮਨਿੰਦਰ ਸਿੰਘ ਭਾਟੀਆ, ਡਾ ਗੁਰਪ੍ਰੀਤ ਰਤਨ,ਇੰਜੀ. ਐਸ ਪੀ ਸਿੰਘ, ਪ੍ਰਿੰਸੀਪਲ ਹਰਮਿੰਦਰ ਪਾਲ ਸਿੰਘ, ਪ੍ਰਿੰਸੀਪਲ ਮਨਦੀਪ ਕੌਰ, ਪ੍ਰਿੰਸੀਪਲ ਕਰਮਜੀਤ ਕੌਰ, ਪ੍ਰਿੰਸੀਪਲ ਬਲਵਿੰਦਰ ਕੌਰ, ਵਿਤ ਸਕੱਤਰ ਅਵਤਾਰ  ਛਿਬੜ ਅਤੇ 15 ਕਾਰਜਕਾਰਨੀ ਮੈਂਬਰ ਚੁਣੇ ਗਏ।

ਇਹ ਜੱਥਾ ਹੁਣ ਆਪਣੇ ਨਵੇਂ ਨਿਵੇਕਲੇ ਅੰਦਾਜ਼ ਲੈ ਕੇ ਵਹਿਮਾਂ ਭਰਮਾਂ ਦੀ ਧੁੰਦ ਨੂੰ ਚੀਰਦਿਆਂ ਲੋਕਾਂ ਵਿਚ ਵਿਗਿਆਨਕ ਸੋਚ ਲਈ ਸਰਗਰਮੀ ਨਾਲ ਕੰਮ ਕਰੇਗਾ। ਇਹ ਨਵੇਂ ਅੰਦਾਜ਼ ਅਤੇ ਨਵੀਆਂ ਯੋਜਨਾਵਾਂ ਕੀ ਹੋਣਗੀਆਂ ਇਹਨਾਂ ਦੀ ਜਾਣਕਾਰੀ ਜਲਦੀ ਹੀ ਕਿਸੇ ਵੱਖਰੀ ਪੋਸਟ ਵਿੱਚ ਦਿੱਤੀ ਜਾਵੇਗੀ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: