Friday, June 10, 2022

ਹਰ ਰੋਜ਼ ਹਿੰਮਤ ਅਤੇ ਉਤਸ਼ਾਹ ਦੀ ਅਲਖ ਜਗਾਉਂਦਾ ਹੈ FM Gold

10th June 2022 at 3:44 PM

 ਐਫ ਐਮ ਗੋਲਡ ਲੁਧਿਆਣਾ ਨੇ ਕਰਾਇਆ ਜੀਸੀਜੀ ਵਿਚ ਟੈਲੈਂਟ ਹੰਟ 

ਲੁਧਿਆਣਾ:10 ਜੂਨ 2022: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਪ੍ਰੋਗਰਾਮ ਪੇਸ਼ ਕਰਦਿਆਂ ਅਨਾਊਂਸਰ ਰਿਨੀ ਸ਼ਰਮਾ-ਫਾਈਲ ਫੋਟੋ

ਐਫ ਐਮ ਗੋਲਡ ਦੀ ਸਥਾਪਨਾ ਮੈਨੂੰ ਅੱਜ ਵੀ ਯਾਦ ਹੈ। ਐਮ ਪੀ ਮੁਨੀਸ਼ ਤਿਵਾੜੀ ਦੇ ਜਤਨਾਂ ਨਾਲ ਲੁਧਿਆਣਾ ਦਾ ਇਹ ਪਹਿਲਾ ਰੇਡੀਓ ਸਟੇਸ਼ਨ ਟਰਾਂਸਪੋਰਟ ਨਗਰ ਦੀ ਟੈਲੀਫੋਨ ਵਾਲੀ ਐਕਸਚੇਂਜ ਦੀ ਬਿਲਡਿੰਗ ਵਿਚ ਸ਼ੁਰੂ ਹੋ ਗਿਆ ਸੀ। ਇਹ ਗੋਲਡ ਐਫ ਐਮ ਦਾ ਪੰਜਵਾਂ ਰੇਡੀਓ ਸਟੇਸ਼ਨ ਸੀ ਜਿਸਦੀ ਫ਼੍ਰੀਕੁਇੰਸੀ of 100.1 MHz ਸੀ। 

ਭਾਵੇਂ ਇਹ ਲਾਂਚਿੰਗ ਕਾਹਲੀ ਵਾਲੇ ਮਾਹੌਲ ਨਾਲ ਹੋਈ ਸੀ ਪਰ ਜੇ ਕਰ ਉਦੋਂ ਰੁਕ ਜਾਂਦੀ ਤਾਂ ਸ਼ਾਇਦ ਹੁਣ ਤੱਕ ਵੀ ਰੁਕੀ ਹੀ ਰਹਿੰਦੀ। ਜਦੇ ਜਾਂ ਕਦੇ ਵਾਲਾ ਹਿਸਾਬ ਹੋ ਜਾਣਾ ਸੀ। ਇਸ ਲਈ ਇਸ ਲਾਂਚਿੰਗ ਦਾ ਸਿਹਰਾ ਮਨੀਸ਼ ਤਿਵਾੜੀ ਹੁਰਾਂ ਨੂੰ ਜਾਂਦਾ ਹੀ ਹੈ। 

ਉਸ ਵੇਲ ਮੁਢਲੇ ਸਟਾਫ ਵਿਚ ਗੁਰਮੁਖ ਜਿਹੇ ਸੱਜਣ ਸੁਖਦੇਵ ਸਿੰਘ ਹੋਇਆ ਕਰਦੇ ਸਨ ਜਿਹੜੇ ਦਾੜ੍ਹੀ ਖੋਹਲ ਕੇ ਰੱਖਦੇ ਸਨ। ਜਲਦੀ ਹੀ ਜਦੋਂ ਮੁਢਲੇ ਸਟਾਫ ਵਿਚ ਹੋਰ ਵਾਧਾ ਹੋਇਆ ਤਾਂ ਜਲੰਧਰ ਤੋਂ ਨਵਦੀਪ ਸਿੰਘ ਹੁਰਾਂ ਨੇ ਚਾਰਜ ਸੰਭਾਲਿਆ। ਉਹਨਾਂ ਨਾਲ ਆਕਾਸ਼ਵਾਣੀ ਜਲੰਧਰ ਦਾ ਅਨਮੋਲ ਤਜਰਬਾ ਵੀ ਸੀ।

 

ਮੇਰਾ ਮਨ ਉਦੋਂ ਬੇਹੱਦ ਉਦਾਸ ਸੀ ਕਿਓਂਕਿ ਮੇਰੀ ਮਮਾ ਦਾ ਦੇਹਾਂਤ ਇੱਕ ਮਹੀਨਾ ਪਹਿਲਾ 10 ਜੁਲਾਈ ਨੂੰ ਹੋ ਕੇ ਹਟਿਆ ਸੀ। ਹਾਲਾਂਕਿ ਮੈਨੂੰ ਅੱਜ ਵੀ ਲੱਗਦਾ ਹੈ ਕਿ ਮੇਰੀ ਮਾਂ ਅੱਜ ਵੀ ਮੇਰੇ ਨਾਲ ਹੈ। ਉਹ ਸਿਰਫ ਜਿਸਮਾਨੀ ਤੌਰ ਤੇ ਹੀ ਦੂਰ ਚਲੀ ਗਈ। ਫਿਰ ਵੀ ਉਸ ਵਿਛੋੜੇ ਕਾਰਨ ਕੁਝ ਵੀ ਚੰਗਾ ਨਹੀਂ ਸੀ ਲੱਗਦਾ। ਮਨ ਹਰ ਪਾਸਿਓਂ ਉਚਾਟ ਜਿਹਾ ਸੀ ਪਰ ਇਸ ਰੇਡੀਓ ਸਟੇਸ਼ਨ ਦੀ ਸਥਾਪਨਾ ਵਾਲੀ ਖਬਰ ਨੇ ਮੈਨੂੰ ਉਤਸ਼ਾਹ ਦਿੱਤਾ। ਇੱਕ ਨਵੀਂ ਹਿੰਮਤ ਆਈ। ਮੈਂ ਗਮ ਵਾਲਾ ਮਾਹੌਲ ਛੱਡ ਕੇ ਬਾਹਰ ਦੀ ਦੁਨੀਆ ਵਿਚ ਕਦਮ ਰੱਖਿਆ। ਇਸ ਰੇਡੀਓ ਨੇ ਪਤਾ ਨਹੀਂ ਉਦੋਂ ਕਿੰਨਿਆਂ ਹੋਰਾਂ ਨੂੰ ਵੀ ਨਵੀਂ ਹਿੰਮਤ ਦਿੱਤੀ ਹੋਵੇਗੀ। 


ਉਦੋਂ ਤੋਂ ਲੈ ਕੇ ਹੁਣ ਤੱਕ ਐਫ ਐਮ ਗੋਲਡ ਨੇ ਆਪਣੀ ਆਵਾਜ਼ ਦੀ ਦੁਨੀਆ ਰਾਹੀਂ ਲੁਧਿਆਣਾ ਦੇ ਉਹ ਨੈਣ ਨਕਸ਼ ਦਿਖਾਏ ਜਿਹੜੇ ਬਹੁਤਿਆਂ ਲਈ ਪਹਿਲਾਂ ਨਾ ਦੇਖੇ ਵਰਗੇ ਹੀ ਸਨ। ਇਸ ਐਫ ਐਮ ਗੋਲਡ ਨੇ ਲੁਧਿਆਣਾ ਦੀਆਂ ਉਹਨਾਂ ਸ਼ਖਸੀਅਤਾਂ ਨਾਲ ਮਿਲਵਾਇਆ ਜਿਹਨਾਂ ਨੂੰ ਮਿਲ ਕੇ ਲੱਗਿਆ ਕਿ ਅੱਜ ਪਹਿਲੀ ਵਾਰ ਇਹਨਾਂ ਨਾਲ ਜਾਣ ਪਛਾਣ ਹੋਈ ਹੈ। ਪ੍ਰਸਿੱਧ ਪੱਤਰਕਾਰ ਰੀਤੂ ਕਲਸੀ ਅਤੇ ਨਵਰਾਹੀ ਨੇ ਇਸ ਦੇ ਪ੍ਰੋਗਰਾਮਾਂ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿਚ ਆਪਣਾ ਯੋਗਦਾਨ ਦਿੱਤਾ। 

ਲੁਧਿਆਣਾ ਦੇ ਭਾਰਤ ਨਗਰ ਚੌਂਕ ਨੇੜੇ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਅੱਜ ਦਾ ਦਿਨ ਯਾਦਗਾਰੀ ਰਿਹਾ। ਅੱਜ ਇਸ ਕਾਲਜ ਵਿੱਚ ਐਫ ਐਮ ਗੋਲਡ ਰੇਡੀਓ ਦੀ ਟੀਮ ਬਾਕਾਇਦਾ ਟੈਲੈਂਟ ਹੰਟ ਲਈ ਆਈ ਹੋਈ ਸੀ। ਪ੍ਰਸਾਰ ਭਾਰਤੀ ਆਲ ਇੰਡੀਆ ਰੇਡੀਓ ਦੇ ਐਫ ਐਮ ਗੋਲਡ ਦੀ ਟੀਮ ਵੱਲੋਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਇੱਕ ਨਵੇਂ ਰੇਡੀਓ ਪ੍ਰੋਗਰਾਮ "ਆਜ਼ਾਦੀ ਕਾ ਮਹੋਤਸਵ" ਤਹਿਤ ਇੱਕ ਟੈਲੈਂਟ ਹੰਟ ਕਰਵਾਇਆ ਗਿਆ।


ਇਸ ਪ੍ਰੋਗਰਾਮ ਦਾ ਸੰਚਾਲਨ ਅਤੇ ਜੱਜਮੈਂਟ ਆਲ ਇੰਡੀਆ ਰੇਡੀਓ ਐਫ ਐਮ ਲੁਧਿਆਣਾ ਦੇ ਪ੍ਰੋਗਰਾਮ ਹੈਡ ਸ਼੍ਰੀ ਨਵਦੀਪ ਸਿੰਘ ਨੇ ਕੀਤੀ। ਐਫ ਐਮ ਰੇਡੀਓ ਦੀ ਟੀਮ ਵਿਚ ਸ਼੍ਰੀ ਨਵਦੀਪ ਦੇ ਨਾਲ ਸ਼੍ਰੀ ਮਹਿੰਦਰ ਮੋਹਨ ਸ਼ਰਮਾ ਅਤੇ ਆਰ ਜੇ ਪ੍ਰੀਤਿ ਸ਼ਰਮਾ ਸ਼ਾਮਿਲ ਸਨ। ਇਸ üਪ੍ਰੋਗਰਾਮ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਦਾ ਵੱਖ ਵੱਖ ਵਿਸ਼ਿਆਂ ਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਭਾਸ਼ਣ ਮੁਕਾਬਲੇ ਵਿਚ 29 ਵਿਦਿਆਰਥਣਾਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿਚ ਮਨਵੀਰ ਕੌਰ ਬੀ ਏ ਭਾਗ ਦੂਜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਜੇਤੂ ਵਿਦਿਆਰਥਣ ਨੂੰ ਐਫ ਐਮ ਰੇਡੀਓ ਤੋਂ ਐਂਕਰ ਵੱਜੋਂ ਇੱਕ ਸਪੈਸ਼ਲ ਪ੍ਰੋਗਰਾਮ ਰਿਕਾਰਡ ਕਰ ਦਾ ਮੌਕਾ ਦਿੱਤਾ ਜਾਵੇਗਾ।


ਇਸ ਮੌਕੇ ਸ਼੍ਰੀ ਨਵਦੀਪ ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਵਾਲਿਆਂ ਕੁਝ ਹੋਰ ਵਿਦਿਆਰਥਣਾਂ ਨੂੰ ਵੀ ਸਮੇਂ ਸਮੇਂ 'ਤੇ ਰਿਕਾਰਡਿੰਗ ਦਾ ਮੌਕਾ ਦਿੱਤਾ ਜਾਵੇਗਾ। ਸਰਦਾਰ ਬਲਦੇਵ ਸਿੰਘ ਵਾਈਸ ਪ੍ਰਿੰਸੀਪਲ, ਡਾਕਟਰ ਮਾਧਵੀ ਵਸ਼ਿਸ਼ਠ, ਯੂਥ ਕੋਆਰਡੀਨੇਟਰ ਵੀ ਇਸ ਮੌਕੇ ਹਾਜ਼ਰ ਰਹੇ। ਸਰਦਾਰ ਬਲਦੇਵ ਸਿੰਘ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲਿਆਂ ਵਿਦਿਆਰਥਣਾਂ ਦਾ ਹੌਂਸਲਾ ਵੀ ਵਧਾਇਆ। ਅੰਤ ਵਿਚ ਸ਼੍ਰੀਮਤੀ ਇੰਦਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। 

No comments: