9th June 2022 at 3:23 PM
ਸੂਬਾ ਅਮਰੀਕ ਸਿੰਘ ਨੇ ਜੱਥੇਦਾਰ ਜੀ ਕੋਲੋਂ ਪੁੱਛੇ ਕਈ ਤਿੱਖੇ ਸੁਆਲ
![]() |
No Conversion ਦੇ ਨਾਮ ਹੇਠ ID ਚਲਾਉਂਦੇ ਵਿਅਕਤੀ ਨੇ 26 ਸਤੰਬਰ 2017 ਨੂੰ ਪੋਸਟ ਕੀਤੀ ਸੀ |
ਜਥੇਦਾਰ ਜੀ ਦੱਸਣ ਕਿ ਈਸਾਈਅਤ ਦਾ ਪ੍ਰਚਾਰ ਕੌਣ ਕਰਵਾ ਰਿਹਾ ਹੈ?
ਲੋੜ ਪੈਣ ਤੇ ਸਿੰਘਾਂ ਦੀਆਂ ਕੁਰਬਾਨੀਆਂ ਵਿਚ ਨਾਮਧਾਰੀਆਂ ਦੀਆਂ ਕੁਰਬਾਨੀਆਂ ਗਿਣ ਲੈਣਾ, ਲੋੜ ਪੈਣ ਤੇ ਇਹਨਾਂ ਦੀਆਂ ਵੋਟਾਂ ਵੀ ਆਪਣੀਆਂ ਸਮਝ ਲੈਣੀਆਂ, ਲੋੜ ਪੈਣ ਤੇ ਐਸ ਜੀ ਪੀ ਸੀ ਦੀਆਂ ਮੈਂਬਰੀਆਂ ਨਾਲ ਵੀ ਨਿਵਾਜਣਾ ਅਤੇ ਲੋੜ ਪੈਣ ਤੇ ਨਾਮਧਾਰੀ ਇਬਾਦਤ ਕੇਂਦਰਾਂ ਵਿਚ ਸਜਦਾ ਕਰਨ ਵੀ ਜਾ ਪਹੁੰਚਣਾ ਇਹ ਸਭ ਸਿਆਸਤ ਵਿਚ ਆਮ ਹੁੰਦਾ ਰਿਹਾ ਹੈ।
ਜਦੋਂ ਲੋੜ ਨਹੀਂ ਹੁੰਦੀ ਉਦੋਂ ਨਾਮਧਾਰੀਆਂ ਨੂੰ ਸਿੱਖ ਮੰਨਣ ਤੋਂ ਵੀ ਇਨਕਾਰੀ ਹੋ ਜਾਣਾ ਇਹ ਵੀ ਆਮ ਹੁੰਦਾ ਰਿਹਾ ਹੈ। ਸਿਆਸਤ ਵਿਚ ਇਹ ਸਭ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਹੁਣ ਟਾਕਰਾ ਉਸ ਅਸਥਾਨ ਦੇ ਜੱਥੇਦਾਰ ਨਾਲ ਹੈ ਜਿਹੜਾ ਮੀਰੀਪੀਰੀ ਵਾਲੀ ਥਾਂ ਤੇ ਸਿੰਘ ਸਾਹਿਬ ਵੱਜੋਂ ਬਿਰਾਜਮਾਨ ਹੈ। ਉਹ ਮਹਾਨ ਥਾਂ ਜਿਥੇ ਧਰਮ ਅਤੇ ਸਿਆਸਤ ਇੱਕ ਹੋ ਜਾਂਦੇ ਹਨ, ਜਿੱਥੇ ਪਹੁੰਚ ਕੇ ਸਿਆਸਤ ਪੂਰੀ ਤਰ੍ਹਾਂ ਧਰਮ ਦੇ ਅਧੀਨ ਹੋ ਜਾਂਦੀ ਹੈ।
ਇਸ ਵਾਰ ਹਥਿਆਰਾਂ ਦੀ ਟਰੇਨਿੰਗ ਤੋਂ ਲੈ ਕੇ ਧਰਮ ਪਰਿਵਰਤਨ ਤੱਕ ਦੇ ਮਾਮਲੇ ਉੱਠ ਖੜੋਏ ਹਨ। ਧਾਰਮਿਕ ਸੋਚ ਦੀ ਉੱਚਤਾ ਵਾਲੇ ਕੁਝ ਆਗੂ ਦੱਸਿਆ ਕਰਦੇ ਸਨ ਕਿ ਜੇ ਸ੍ਰੀ ਹਰਿਮੰਦਿਰ ਸਾਹਿਬ ਅੰਦਰ ਬੈਠੀਏ ਤਾਂ ਉਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਨਜ਼ਰ ਨਹੀਂ ਆਉਂਦਾ। ਪਰ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੈਠੀਏ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਹੀ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਅੰਦਰ ਬੈਠ ਕੇ ਧਰਮ ਵਾਲਾ ਪਾਸ ਯਾਦ ਆਉਂਦਾ ਰਹੇ ਇਸਦਾ ਪ੍ਰਬੰਧ ਬੜੀ ਉਚੇਚ ਨਾਲ ਕੀਤਾ ਗਿਆ ਸੀ। ਉਸ ਵੇਲੇ ਦੇ ਅਤੇ ਇੰਜੀਨੀਅਰਾਂ ਨੇ ਬਹੁਤ ਦਿਮਾਗ ਲਗਾਇਆ ਹੋਣਾ ਹੈ ਇਸ ਸਿਧਾਂਤ ਦੀ ਪਾਲਣਾ ਲਈ। ਇਸਦੇ ਬਾਵਜੂਦ ਸਿਆਸਤ ਵਾਲਿਆਂ ਨੇ ਆਪੋ ਆਪਣੀ ਸਿਆਸਤ ਦੇ ਫਾਇਦੇ ਲਈ ਨਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਣ ਤੋਂ ਗੁਰੇਜ਼ ਕੀਤਾ ਅਤੇ ਨਾ ਹੀ ਕਦੇ ਸ੍ਰੀ ਹਰਿਮੰਦਰ ਸਾਹਿਬ ਦੀ ਵਰਤੋਂ ਤੋਂ। ਕਿਸ ਨੂੰ ਸਿਰੋਪਾ ਦੇਣਾ ਹੈ, ਕਿਸ ਨੂੰ ਪ੍ਰਸਾਰਣ ਦੇ ਹੱਕ ਦੇਣੇ ਹਨ, ਕਿਸ ਨੂੰ ਸਨਮਾਨਿਤ ਕਰਨਾ ਹੈ--ਇਹ ਸਭ ਕੁਝ ਚਲਦਾ ਹੀ ਆ ਰਿਹਾ ਹੈ। ਕੌਣ ਰੋਕੇ? ਕੌਣ ਕਰੇ ਇਤਰਾਜ਼? ਸੁਣੇਗਾ ਵੀ ਕੌਣ?
ਹੁਣ ਨਾਮਧਾਰੀ ਮੈਦਾਨ ਵਿਚ ਆਏ ਹਨ ਜਿਹਨਾਂ ਨੂੰ ਪੰਥ ਵਾਲੇ ਸਮੂਹ ਸੰਗਠਨ ਅਤੇ ਬਹੁਤ ਸਾਰੇ ਵਿਅਕਤੀ ਅਤੇੱਗੂ ਵੀ ਸਿੰਘ ਤਾਂ ਦੂਰ ਸਿੱਖ ਵੀ ਨਹੀਂ ਮੰਨਦੇ। ਨਾਮਧਾਰੀਆਂ ਨੇ ਕੁਝ ਨੁਕਤਿਆਂ ਨੂੰ ਲੈ ਕੇ ਇਤਰਾਜ਼ ਕੀਤੇ ਹਨ। ਕੁਝ ਸੁਆਲ ਵੀ ਪੁਛੇ ਹਨ। ਘੱਲੂਘਾਰਾ ਦਿਵਸ (6 ਜੂਨ) ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਬਾਰੇ ਗੱਲ ਕਰਦਿਆਂ ਕਰਦਿਆਂ ਨਾਮਧਾਰੀ ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਸ਼ੁਕਰ ਹੈ ਜਥੇਦਾਰ ਜੀ ਨੂੰ ਅੱਜ ਯਾਦ ਤਾਂ ਆਇਆ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ ਵਿੱਚ ਈਸਾਈਅਤ ਫੈਲਾਈ ਜਾ ਰਹੀ ਹੈ ਅਤੇ ਪਿੰਡ-ਪਿੰਡ ਚਰਚਾਂ ਬਣ ਰਹੀਆਂ ਹਨl ਜ਼ਿਕਰਯੋਗ ਹੈ ਕਿ ਛੇ ਜੂਨ ਨੂੰ ਜੱਥੇਦਾਰ ਸਾਹਿਬ ਨੇ ਇਹਨਾਂ ਗੱਲਾਂ ਦਾ ਉਚੇਚ ਨਾਲ ਜ਼ਿਕਰ ਕੀਤਾ ਸੀ।
ਇਸ ਸਬੰਧੀ ਸੂਬਾ ਜੀ ਨੇ ਮਾਣਯੋਗ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਨਿਮਰਤਾ ਸਹਿਤ ਸਵਾਲ ਕਰਦਿਆਂ ਕਿਹਾ ਹੈ ਕਿ ਜਥੇਦਾਰ ਜੀ ਸਿੱਖ ਸੰਗਤਾਂ ਨੂੰ ਇਹ ਵੀ ਦੱਸਣ ਕਿ ਪੰਜਾਬ ਵਿਚ ਈਸਾਈਅਤ ਦਾ ਪ੍ਰਚਾਰ ਕੌਣ ਕਰਵਾ ਰਿਹਾ ਹੈ? ਸਿੱਖਾਂ ਨੂੰ ਕਮਜ਼ੋਰ ਕੌਣ ਕਰ ਰਿਹਾ ਹੈ? ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੇ ਈਸਾਈਅਤ ਨੂੰ ਰੋਕਣ ਲਈ ਹੁਣ ਤੱਕ ਕੀ ਕੀਤਾ ਹੈ? ਅਤੇ, ਅੱਗੋਂ ਕੀ ਕਰ ਰਹੇ ਹਨ? ਕਿ ਜਾਂ, ਸਿਰਫ ਘੱਲੂਘਾਰਾ ਦਿਵਸ ਮੌਕੇ ਸਿੱਖਾਂ ਨੂੰ ਭੜਕਾਉਣ ਵਾਸਤੇ, ਉਹਨਾਂ ਨੇ ਇਹ ਬਿਆਨ ਦੇ ਦਿੱਤਾ ਹੈ?
ਸੂਬਾ ਅਮਰੀਕ ਸਿੰਘ ਹੁਰਾਂ ਨੇ ਜੱਥੇਦਾਰ ਜੀ ਦੇ ਭਾਸ਼ਣ ਦਾ ਜ਼ਿਕਰ ਕਰਦਿਆਂ ਜਥੇਦਾਰ ਜੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ “ਹੁਣ ਏ.ਸੀ. ਕਮਰਿਆਂ ਵਿੱਚੋਂ ਬਾਹਰ ਨਿਕਲਣ ਦਾ ਸਮਾਂ ਆ ਗਿਆ ਹੈ। ਘਰੋਂ ਨਿਕਲੋ ਅਤੇ ਸਰਹੱਦੀ ਪਿੰਡਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ।” ਜਿਸਦਾ ਉੱਤਰ ਦਿੰਦਿਆਂ ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਜਿੰਨਾਂ ਨਾਮਧਾਰੀਆਂ ਨੂੰ ਤੁਸੀਂ “ਸਿੱਖ” ਹੀ? ਨਹੀਂ ਮੰਨਦੇ, ਉਹ ਨਾਮਧਾਰੀ ਤਾਂ ਠਾਕੁਰ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਪਿਛਲੇ ਕਈ ਸਾਲਾਂ ਤੋਂ, ਆਪਣੇ ਏ.ਸੀ. ਵਾਲੇ ਕਮਰਿਆਂ ਨੂੰ ਛੱਡ ਘਰੋਂ ਬਾਹਰ ਨਿਕਲ ਕੇ, ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ, ਈਸਾਈਆਂ ਨਾਲ ਸਿੱਧੀ ਟੱਕਰ ਲੈ ਕੇ, ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਅਤੇ, ਧਰਮ ਪਰਿਵਰਤਨ ਕਰ ਚੁੱਕੇ ਪਰਿਵਾਰਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨੀ ਜੋੜ ਕੇ, ਸਿੱਖੀ ਵਿੱਚ ਵਾਪਿਸ ਲਿਆਉਣ ਦਾ ਆਪਣਾ ਫਰਜ਼, ਪਹਿਲਾਂ ਹੀ ਨਿਭਾ ਰਹੇ ਹਨ; ਤੁਸੀਂ ਆਪਣੇ ਏ.ਸੀ. ਵਾਲੇ ਕਮਰਿਆਂ ਵਿੱਚੋਂ ਕਦੋਂ ਬਾਹਰ ਆਉਣਾ ਹੈ? ਕਦੋਂ ਧਾਰਮਿਕ, ਸਮਾਜਿਕ ਅਤੇ ਆਰਥਿਕ ਤੌਰ ਉੱਤੇ ਕਮਜੋਰ ਹੋ ਚੁੱਕੇ ਆਪਣੇ ਸਿੱਖ ਪਰਿਵਾਰਾਂ ਨੂੰ ਸਾਂਭਣਾ ਸ਼ੁਰੂ ਕਰਨਾ ਹੈ? ਇਸ ਸਬੰਧੀ ਵੱਖਰੀਆਂ ਲਿਖਤਾਂ ਵਿਚ ਵੀ ਵੇਰਵਾ ਦਰਜ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਅਜੇ ਵੀ ਸਮਾਂ ਹੈ। ਆਪਾਂ ਸਾਰੇ ਆਪਣੇ ਨਿੱਜੀ ਭੇਦ-ਭਾਵ ਭੁਲਾ ਕੇ ਈਸਾਈਆਂ ਦੇ ਖਿਲਾਫ ਇਕ-ਜੁੱਟ ਹੋਈਏ। ਅਤੇ, ਈਸਾਈ ਬਣ ਚੁੱਕੇ ਆਪਣੇ ਸਿੱਖ ਭੈਣ-ਭਰਾਵਾਂ ਦੀ, ਸਿੱਖ ਪੰਥ ਵਿੱਚ ਵਾਪਸੀ ਕਰਵਾਈਏ ਤਾਂਕਿ ਪੰਜਾਬ ਵਿੱਚ ਧੜੱਲੇ ਨਾਲ ਹੋ ਰਿਹਾ ਧਰਮ ਪਰਿਵਰਤਨ ਰੋਕਿਆ ਜਾ ਸਕੇ ਅਤੇ ਸਾਰੇ ਸੰਸਾਰ ਉੱਤੇ “ਸਤਿਗੁਰੂ ਨਾਨਕ ਰਾਜ” ਦਾ ਮੁੱਢ ਬੰਨਿਆ ਜਾ ਸਕੇ।
No comments:
Post a Comment