Wednesday, March 02, 2022

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਨਵਾਂ ਚੈਪਟਰ ਸ਼ੁਰੂ

2nd March 2022 at 6:34 PM Via WhatsApp  

ਨਵੀਂ ਟੀਮ ਨੇ ਪਲੇਠੀ ਮੀਟਿੰਗ ਵਿੱਚ ਦਿਖਾਈ ਆਪਣੇ ਬਲਿਊ ਪ੍ਰਿੰਟ ਦੀ ਝਲਕ 


ਲੁਧਿਆਣਾ
: 2 ਮਾਰਚ 2022: (ਪੰਜਾਬ ਸਕਰੀਨ ਡੈਸਕ)::

ਨਵੀਂ ਚੋਣ ਅਤੇ ਅਹੁਦਿਆਂ ਦੀਆਂ ਨਿਯੁਕਤੀਆਂ ਮਗਰੋਂ ਉਡੀਕ ਸੀ ਕਿ ਹੁਣ ਪੰਜਾਬੀ ਸਾਹਿਤ ਅਕਾਦਮੀ ਦੀ ਨਵੀਂ ਟੀਮ ਕੀ ਕੀ ਕਰੇਗੀ? ਕਿਹੜੇ ਕਿਹੜੇ ਕਦਮ ਚੁੱਕੇਗੀ? ਪੰਜਾਬੀ ਭਵਨ ਅਤੇ ਪੰਜਾਬੀ ਸਾਹਿਤ ਅਕਾਦਮੀ ਸੰਬੰਧੀ ਹੁੰਦੀਆਂ ਚਿਰਾਂ ਤੋਂ ਹੁੰਦੀਆਂ ਆ ਰਹੀਆਂ ਸਰਗੋਸ਼ੀਆਂ ਵੱਲ ਕੰਨ ਧਰੀਏ ਤਾਂ ਅਜਿਹਾ ਕਾਫੀ ਕੁਝ ਸੀ ਜਿਸ ਬਾਰੇ ਲੁੜੀਂਦੇ ਕਦਮ ਚੁੱਕੇ ਜਾਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਕੁਝ ਕਦਮ ਚੁੱਕੇ ਵੀ ਗਏ ਹਨ ਅਤੇ ਕੁਝ ਅਜੇ ਬਾਕੀ ਵੀ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਇਹ ਬੇਹੱਦ ਮਹੱਤਵਪੂਰਨ ਅਤੇ ਪਲੇਠੀ ਇਕੱਤ੍ਰਤਾ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਕਾਡਮੀ ਦੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਆਪੋ ਆਪਣੇ ਧੜਿਆਂ ਦੀ ਨੁਮਾਂਇੰਦਗੀ ਦਾ ਅਹਿਸਾਸ ਕਰਾਉਂਦੇ ਹੋਏ ਸ਼ਾਮਲ ਹੋਏ। ਇਸ ਪਲੇਠੀ ਇਕੱਤ੍ਰਤਾ ਵਿਚ ਪਿਛਲੇ ਸਮੇਂ ਦੌਰਾਨ ਵਿਛੜ ਚੁੱਕੇ ਲੇਖਕ ਮੈਂਬਰਾਂ ਅਤੇ ਉਨ੍ਹਾਂ ਦੇ ਸਕੇ ਸੰਬੰਧੀਆਂ ਬਾਰੇ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੀਟਿੰਗ ਦੌਰਾਨ 2021 ਵਿਚ ਭਾਰਤੀ ਸਾਹਿਤ ਅਕਾਡਮੀ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਜਨਾਬ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਸੂਲਾਂ ਦਾ ਸਾਲਣ’’’ਤੇ ਪੁਰਸਕਾਰ ਦੇਣ ਤੇ ਅਕਾਡਮੀ ਵੱਲੋਂ ਵਧਾਈ ਦਿੱਤੀ ਗਈ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਹਿਤਕਾਰਾਂ, ਕਲਾ ਪ੍ਰੇਮੀਆਂ ਨੂੰ ਗੌਰਵ ਪੰਜਾਬ ਦਾ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਗਈ।  ਹੁਣ ਸਾਲ 2022-2024 ਦੋ ਸਾਲਾਂ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਗਤੀ ਵਿਧੀਆਂ, ਸਰਗਰਮੀਆਂ, ਸੈਮੀਨਾਰ, ਕਾਨਫ਼ੰਰਸ, ਸਾਹਿਤ ਉਤਸਵ, ਰੂ-ਬ-ਰੂ ਸਮਾਗਮਾਂ ਲਈ ਸਰਬਸੰਮਤੀ ਨਾਲ ਕਮੇਟੀਆਂ ਦਾ ਗਠਿਨ ਕੀਤਾ ਗਿਆ ਤੇ ਕਮੇਟੀਆਂ ਦੇ ਕਨਵੀਨਰ ਥਾਪ ਕੇ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਅਕਾਡਮੀ ਦੇ ਪ੍ਰੋਗਰਾਮ ਕਰਨ ਲਈ ਬੇਨਤੀ ਕੀਤੀ ਗਈ।

ਇਸ ਮੌਕੇ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰਬੰਧਕੀ ਬੋਰਡ ਲਈ ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਤਿੰਨ ਸ਼ਖ਼ਸੀਅਤਾਂ ਡਾ. ਸ. ਪ. ਸਿੰਘ ਜੀ ਸਾਬਕਾ ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਸਤਨਾਮ ਮਾਣਕ ਤੇ, ਨਾਮਵਰ ਕਹਾਣੀ ਲੇਖਕ ਸ੍ਰੀ ਸੁਖਜੀਤ ਮਾਛੀਵਾੜਾ ਨੂੰ ਦੋ ਸਾਲ ਲਈ ਕਾਰਜਕਾਰਨੀ ਦਾ ਮੈਂਬਰ ਨਾਮਜ਼ਦ ਕੀਤਾ। ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਦੀ ਸਿਫ਼ਾਰਸ਼ ’ਤੇ ਪ੍ਰਬੰਧਕੀ ਬੋਰਡ ਨੇ ਸਰਬਸੰਮਤੀ ਨਾਲ ਤਿੰਨ ਸਕੱਤਰ ਡਾ. ਗੁਰਚਰਨ ਕੌਰ ਕੋਚਰ, ਸ. ਬਲਦੇਵ ਸਿੰਘ ਝੱਜ ਸਕੱਤਰ, ਸ੍ਰੀ ਕੇ. ਸਾਧੂ ਸਿੰਘ ਨਾਮਜ਼ਦ ਕੀਤਾ ਗਿਆ।

ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਇਹ ਐਲਾਨ ਕੀਤਾ ਕਿ ਸਾਲ 2022 ਨੂੰ ਕਿੱਸਾ ਕਵਿਤਾ ਦੇ ਸਿਰਮੌਰ ਹਸਤਾਖ਼ਰ ਸੱਯਦ ਵਾਰਿਸ ਸ਼ਾਹ  ਦੀ 300 ਵੀਂ ਵਰੇਗੰਢ ਨੂੰ ਸਮਰਪਿਤ ਕੀਤਾ ਜਾਵੇਗਾ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਕੰਮਕਾਜ ਅਤੇ ਗਤੀ ਵਿਧੀਆਂ ਨੂੰ ਉਸਾਰੂ ਰੂਪ ਨਾਲ ਚਲਾਉਣ ਲਈ ਪ੍ਰਬੰਧਕੀ ਬੋਰਡ ਵੱਲੋਂ ਨਿੱਗਰ ਸੁਝਾਅ ਦਿੱਤੇ ਗਏ ਅਤੇ ਅਕਾਡਮੀ ਦੇ ਖੁੱਲ੍ਹੇ ਰੰਗਮੰਚ ’ਚ ਹਰ ਮਹੀਨੇ ਇਕ ਪੰਜਾਬੀ ਨਾਟਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਅਕਾਡਮੀ ਨੂੰ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਾਲ ਜੋੜਨਾ ਚਾਹੀਦਾ ਹੈ। ਇਸ ਲਈ ਠੋਸ ਪ੍ਰੋਗਰਾਮ ਉਲੀਕੇ ਗਏ। ਇਸ ਸੰਬੰਧ ਵਿਚ 19 ਮਾਰਚ 2022, ਦਿਨ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ‘ਪੰਜਾਬੀ ਮਾਤ ਭਾਸ਼ਾ ਮੇਲੇ’ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ  ਸਾਹਿਤਕ ਮੁਕਾਬਲੇ ਕਰਵਾਏ ਜਾਣਗੇ। 

ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਸਾਹਿਤ ਅਕਾਡਮੀ ਦੇ ਮੈਂਬਰਾ ਤੋਂ ਨਿਰੰਤਰਤਾ ਫੀਸ ਨਾ ਲੈਣ ਤੇ ਪੈਣ ਵਾਲਾ ਘਾਟਾ ਪੂਰਨ ਲਈ ਇਕ ਲੱਖ ਅਤੇ ਅਕਾਡਮੀ ਵਿੱਚ ਕੈਮਰੇ ਲਗਾਉਣ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਨੇੜ ਭਵਿੱਖ ਵਿੱਚ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ। 

ਇਸ ਇਕੱਤਰਤਾ ਵਿੱਚ ਅਕਾਡਮੀ ਦੀਆਂ ਪ੍ਰਕਾਸ਼ਨਾਵਾਂ ਨੂੰ ਨਵੇਂ ਸਿਰੇ ਤੋਂ ਵਿਉਂਤਣ ਲਈ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਦੀ ਚੇਅਰਮੈਨ ਸ਼ਿਪ ਹੇਠ ਕਮੇਟੀ ਦਾ ਗਠਨ ਕੀਤਾ ਗਿਆ। ਬਦ਼ੁਰਗ ਲਿਖਾਰੀ ਸਃ ਰਘਬੀਰ ਸਿੰਘ ਭਰਤ ਮਾਛੀਵਾੜਾ ਵੱਲੋਂ ਪੋਠੋਹਾਰੀ ਲੋਕ ਗੀਤਾਂ ਦੇ ਸੰਗ੍ਰਹਿ ਅਤੇ ਜਾਃ ਗੁਰਦੇਵ ਸਿੰਘ ਸਿੱਧੂ ਵੱਲੋਂ ਪੰਜਾਬੀ ਕਿੱਸਾ ਕਾਵਿ ਸੂਚੀ ਦੇ ਪ੍ਰਕਾਸ਼ਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ। 

ਪਿਛਲੀ ਟੀਮ ਵਿੱਚ ਸ਼ਾਮਿਲ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਤੇ ਜਨਰਲ ਸਕੱਤਰ ਡਾਃ ਸੁਰਜੀਤ ਵੱਲੋਂ ਕੀਤੇ ਪ੍ਰਕਾਸ਼ਨ ਕਾਰਜਾਂ, ਆਲੋਚਨਾ ਮੈਗਜ਼ੀਨ ਦੀ ਪ੍ਰਕਾਸ਼ਨਾ, ਸਰਗਰਮੀਆਂ ਲਈ ਕਰੋਨਾ ਸੰਕਟ ਦੇ ਬਾਵਜੂਦ ਕਾਰਜ ਕਰਨ ਦੀ ਸ਼ਲਾਘਾ ਕੀਤੀ ਗਈ। 

ਪੰਜਾਬੀ ਸਾਹਿਤ ਅਕਾਦਮੀ ਦੀਆਂ ਇਹਨਾਂ ਚੋਣਾਂ ਦੌਰਾਨ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਵੀ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜੀ ਸੀ। ਵੋਟ ਪਰਚੀਆਂ ਦੌਰਾਨ  ਡਾ. ਗੁਲਜ਼ਾਰ ਪੰਧੇਰ ਦੇ ਨਾਮ ਨਾਲੋਂ ਪੰਧੇਰ ਸ਼ਬਦ ਹੀ ਕੱਟ ਦਿੱਤਾ ਗਿਆ। ਉਹਨਾਂ ਦੇ ਸਮਰਥਕਾਂ ਨੇ ਇਸ ਸੰਬੰਧੀ ਇਤਰਾਜ਼ ਵੀ ਕੀਤਾ ਸੀ।  ਬੋਰਡ ਦੇ ਮੈਂਬਰਾਂ ਦੀ ਪਲੇਠੀ ਮੀਟਿੰਗ ਵਿਚ ਇਸ ਬਾਰੇ ਕੀ ਹੋਇਆ ਇਸ ਬਾਰੇ ਅਜੇ ਪ੍ਰਗਟ ਤੌਰ ਤੇ ਕੁਝ ਨਹੀਂ ਦੱਸਿਆ ਗਿਆ।  

ਮਿੱਤਰ ਸੈਨ ਮੀਤ ਹੁਰੀਂ ਸਾਹਿਤਕ ਸਦਾਚਾਰ ਅਤੇ ਨੇਮਾਂ ਬਾਰੇ ਕਾਫੀ ਸਮੇਂ ਤੋਂ ਕਈ ਨੁਕਤੇ ਉਠਾਉਂਦੇ ਆ ਰਹੇ ਹਨ। ਉਹਨਾਂ ਨੇ ਪੰਜਾਬੀ ਭਵਨ ਅਤੇ ਪੰਜਾਬੀ ਸਾਹਿਤ ਅਕਾਦਮੀ ਸੰਬੰਧੀ ਵੀ ਕਾਫੀ ਕੁਝ ਆਪਣੀ ਵੈਬਸਾਈਟ 'ਤੇ ਦਰਜ ਕੀਤਾ ਹੋਇਆ ਹੈ। ਸ਼੍ਰੋਮਣੀ ਇਨਾਮਾਂ ਸ਼ਨਾਮਾਂ ਦਾ ਮਾਮਲਾ ਤਾਂ ਅਦਾਲਤ ਵਿੱਚ ਵੀ ਗਿਆ ਹੋਇਆ ਹੈ। ਪੰਜਾਬੀ ਸਾਹਿਤ ਅਕਾਦਮੀ ਮੀਤ ਹੁਰਾਂ ਦੇ ਨਾਲ ਹੈ ਜਾਂ ਵਿਰੋਧ ਵਿੱਚ ਇਸ ਬਾਰੇ ਵੀ ਪਲੇਠੀ ਮੀਟਿੰਗ ਮਗਰੋਂ ਪ੍ਰਗਟ ਤੌਰ ਤੇ ਕੁਝ ਨਹੀਂ ਦੱਸਿਆ ਗਿਆ। ਕਨਸੋਅ ਸੀ ਕਿ ਚੋਣ ਅਧਿਕਾਰੀ ਦਾ ਰਸਮੀ ਧੰਨਵਾਦ ਵੀ ਨਹੀਂ ਕੀਤਾ ਗਿਆ ਜਿਹੜਾ ਕਿ ਅਕਸਰ  ਹਰ ਵਾਰ ਹੋਇਆ ਕਰਦਾ ਹੈ। 

ਹੁਣ ਦੇਖਣਾ ਹੈ ਕਿ ਅੰਦਰਲੀਆਂ ਧੜੇਬੰਦੀਆਂ ਨੂੰ ਸਮਾਪਤ ਕਰ ਕੇ ਏਕਤਾ ਵਾਲਾ ਮਾਹੌਲ ਕਿੰਨੀ ਜਲਦੀ ਸਿਰਜਿਆ ਜਾਂਦਾ ਹੈ। ਮੈਂਬਰਸ਼ਿਪ ਦੇ ਨਿਯਮਾਂ ਬਾਰੇ ਕੋਈ ਛੋਟਾ ਦਿੱਤੀ ਜਾਂਦੀ ਹੈ ਜਾਂ ਨਹੀਂ? ਜਿਹਨਾਂ ਲੇਖਕਾਂ ਕੋਲ ਕਿਤਾਬਾਂ ਛਪਵਾਉਣ ਲਈ ਕੋਈ ਜਮਾਂ ਪੂੰਜੀ ਨਹੀਂ ਉਹਨਾਂ ਦੀਆ ਕਿਤਾਬਾਂ ਛਾਪਣ ਬਾਰੇ ਪੰਜਾਬੀ ਸਾਹਿਤ ਅਕਾਦਮੀ ਕੋਈ ਪ੍ਰਕਾਸ਼ਨ ਅਦਾਰੇ ਸਰਗਰਮੀ ਨਾਲ ਚਲਾਉਣ ਦਾ ਮਨ ਬਣਾਉਂਦੀ ਹੈ ਜਾਂ ਨਹੀਂ?

ਪੰਜਾਬੀ ਭਵਨ ਵਿਚਲੀ ਮਾਰਕੀਟ ਸਿਰਫ ਉਹਨਾਂ ਲਈ ਰਾਖਵੀਂ ਵਰਗੀ ਹੈ ਜਿਹੜੇ ਪੁਸਤਕਾਂ ਛਾਪਣ/ਵੇਚਣ ਦਾ ਵਪਾਰ ਕਰਦੇ ਹਨ ਪਰ ਸਾਹਿਤਕ ਪੱਤਰਕਾਰੀ ਕਰਨ ਵਾਲਿਆਂ ਜਾਂ ਸਾਹਿਤਿਕ ਐਡੀਸ਼ਨ ਕੱਢਣ ਵਾਲਿਆਂ ਅਖਬਾਰਾਂ ਰਸਾਲਿਆਂ ਲਈ ਅਜਿਹਾ ਕੁਝ ਵੀ ਸ਼ਾਇਦ ਰਾਖਵਾਂ ਨਹੀਂ ਹੈਂ। ਸਤਨਾਮ ਮਾਣਕ ਹੁਰਾਂ ਨੂੰ ਨਾਮਜ਼ਦ ਕੀਤੇ ਜਾਣ ਮਗਰੋਂ ਸ਼ਾਇਦ ਇਸ ਪਾਸੇ ਵੀ ਕੋਈ ਰਸਤਾ ਨਿਕਲੇ। ਇਥੇ ਹੁੰਦੇ ਸਾਹਿਤਿਕ ਸਮਾਗਮਾਂ ਦੀ ਕਵਰੇਜ ਰਿਪੋਰਟਿੰਗ ਲਈ ਵੀ ਸਾਹਿਤਿਕ ਬੀਟ ਵਾਲੇ ਪੱਤਰਕਾਰਾਂ ਲਈ ਕੋਈ ਨਿਊਜ਼ ਰੂਮ ਵਰਗੀ ਸਹੂਲਤ ਨਹੀਂ ਦਿੱਤੀ ਜਾਂਦੀ ਜਿਥੇ ਇੰਟਰਨੈਟ ਅਤੇ ਚਾਹ ਕੋਫੀ ਵਰਗੀਆਂ ਸਹੂਲਤਾਂ ਮੁਹਈਆ ਕੀਤੀਆਂ ਜਾਣ। ਜਿਹੜੇ ਪ੍ਰੈਸ ਨੋਟ ਮੀਡੀਆ ਨੂੰ  ਭੇਜੇ ਜਾਂਦੇ ਹਨ ਉਹ ਵੀ ਅਕਸਰ ਮੋਬਾਈਲ ਫੋਨਾਂ ਤੇ ਹੀ ਟਾਈਪ ਕੀਤੇ ਜਾਂਦੇ ਹਨ ਨਾ ਕਿ ਕੰਪਿਊਟਰ 'ਤੇ। ਮੋਬਾਈਲ ਤੇ ਟਾਈਪਿੰਗ ਕਰਨ ਵੇਲੇ ਅਕਸਰ ਇਹਨਾਂ ਪ੍ਰੈਸ ਨੋਟਾਂ ਦਾ ਆਕਾਰ ਅਤੇ ਮੁਹਾਂਦਰਾ ਵਿਗੜਿਆ ਹੁੰਦਾ ਹੈ। ਸਾਹਿਤਕ ਕਵਰੇਜ ਨੂੰ ਉਤਸ਼ਾਹਿਤ ਕਰਨ ਲਈ ਸਾਹਿਤਿਕ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਤੇ ਅਧਾਰਿਤ ਮੀਡੀਆ ਕਮੇਟੀ ਦੀ ਵੀ ਸਖਤ ਲੋੜ ਹੈ। 

ਆਉਣ ਵਾਲੇ ਸਮੇਂ ਵਿਚ ਕੁਝ ਹੋਰ ਚੁਣੌਤੀਆਂ ਵੀ ਹਨ ਜਿਹੜੀਆਂ ਸਾਹਮਣੇ ਆਉਣੀਆਂ ਅਜੇ ਬਾਕੀ ਹਨ। 

No comments: