Thursday, March 03, 2022

IDPD ਵੱਲੋਂ ਰੂਸ, ਅਮਰੀਕਾ,ਨਾਟੋ ਅਤੇ ਜੰਗ ਦੇ ਖਿਲਾਫ ਮੁਜ਼ਾਹਰਾ

ਯੁੱਧ ਫ਼ੌਰਨ ਬੰਦ ਕਰਕੇ ਸ਼ਾਂਤੀ ਵਾਰਤਾ ਮੁੜ ਸ਼ੁਰੂ ਕੀਤੀ ਜਾਏ 

ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਤੇਜ਼ੀ ਲਿਆਵੇ-ਆਈ ਡੀ ਪੀ ਡੀ 


ਲੁਧਿਆਣਾ
: 3 ਮਾਰਚ 2022: (ਪੰਜਾਬ ਸਕਰੀਨ ਡੈਸਕ)::

IDPD ਵੱਲੋਂ ਰੂਸ, ਅਮਰੀਕਾ, ਨਾਟੋ ਅਤੇ ਯੂਕਰੇਨ 'ਚ ਲੱਗੀ ਜੰਗ ਦੇ ਖਿਲਾਫ ਲੁਧਿਆਣਾ ਵਿੱਚ ਰੋਸ ਮਾਰਚ ਅਤੇ ਇਹ ਮਾਰਚ ਪੰਜਾਬੀ ਭਵਨ ਵਾਲੀ ਸੜਕ ਤੋਂ ਸ਼ੁਰੂ ਹੋ ਕੇ ਡੀਸੀ ਦਫਤਰ ਤੱਕ ਗਿਆ। ਮੁਜ਼ਾਹਰਾ ਵੀ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਜਿੱਥੇ ਇਸ ਜੰਗ ਦਾ ਵਿਰੋਧ ਕੀਤਾ ਉੱਥੇ ਇਸ ਜੰਗ ਨੂੰ ਉਕਸਾਉਣ ਵਾਲਿਆਂ ਦੇ ਨਾਮ ਵੀ ਬੇਨਕਾਬ ਕੀਤੇ। ਆਮ ਲੋਕਾਂ ਨੂੰ ਵੇਰਵੇ ਨਾਲ ਨਾਟੋ ਬਾਰੇ ਵੀ ਦੱਸਿਆ ਗਿਆ ਅਤੇ ਯੂਕਰੇਨ ਦੇ ਉਤਪਾਦਨਾਂ ਤੇ ਕਬਜ਼ਾ ਕਰਨ ਦੀ ਨੀਅਤ ਵੀ ਬੇਨਕਾਬ ਕੀਤੀ ਗਈ। ਅਸਲ ਵਿੱਚ ਇਹ ਮੁਜ਼ਾਹਰਾ ਅਤੇ ਮਾਰਚ ਕੌਮਾਂਤਰੀ ਸਾਜ਼ਿਸ਼ੀ ਸਿਆਸਤ ਦੇ ਖਿਲਾਫ ਸੀ। ਸਾਜ਼ਿਸ਼ ਰਚਣ ਵਾਲਿਆਂ ਨੂੰ ਵੀ ਰੂਸ ਦੇ ਯੁੱਧ ਵਾਲੇ ਪ੍ਰਤਿਕਰਮ ਦੀ ਕੋਈ ਉਮੀਦ ਨਹੀਂ ਸੀ। 

ਇਥੇ ਚੇਤੇ ਕਰਨਾ ਜ਼ਰੂਰੀ ਜਾਪਦਾ ਹੈ ਕਿ ਸ਼ਾਇਦ ਇਹ ਜਾਂ ਇਸ ਕਿਸਮ ਦਾ ਯੁੱਧ 1991 ਵੇਲੇ ਹੀ ਹੋ ਗਿਆ ਹੁੰਦਾ ਜੇਕਰ ਸੋਵੀਅਤ ਸੰਘ ਦੇ ਉਸ ਵੇਲੇ ਦੇ ਮੁਖੀ ਅਤੇ ਸੋਵੀਅਤ ਕਮਿਊਨਿਸਟ ਪਾਰਟੀ ਦੇ ਉਸ ਸਮੇਂ ਦੇ ਜਨਰਲ ਸਕੱਤਰ ਮਿਖਾਇਲ ਗੋਰਬਾਚੋਵ ਨੇ ਸੋਵੀਅਤ ਸਿੰਘ ਦੇ ਟੋਟੇ  ਹੋ ਜਾਣ ਦਾ ਭਾਣਾ ਬੜੀ ਹੀ ਸਹਿਜਤਾ ਨਾਲ ਸਵੀਕਾਰ ਨਾ ਕਰ ਲਿਆ ਹੁੰਦਾ। ਉਸ ਵੇਲੇ ਸ਼ਾਇਦ ਰੂਸ ਦਾ ਨਿਸ਼ਾਨਾ ਸਿਧ ਅਮਰੀਕਾ ਹੀ ਹੁੰਦਾ। 

ਉਦੋਂ 1991 ਦੀਆਂ ਖੁਲ੍ਹੀਆਂ ਹਵਾਵਾਂ ਵਾਲੀਆਂ ਸਾਜ਼ਿਸ਼ਾਂ ਵੇਲੇ ਸ਼ਾਇਦ ਸਿੱਧਾ ਹਮਲਾ ਅਮਰੀਕਾ ਤੇ ਹੀ ਹੋਇਆ ਹੁੰਦਾ ਪਰ ਵਪਾਰਕ ਬੁੱਧੀ  ਵਾਲੇ ਸਾਮਰਾਜੀ ਮੂੰਹੋਂ ਤਾਂ ਸ਼ਾਂਤੀ ਸ਼ਾਂਤੀ ਕੂਕਦੇ ਰਹੇ ਅਤੇ ਅੰਦਰਖਾਤੇ ਸਮਾਜਵਾਦੀ ਸੋਚ ਵਾਲੇ ਲੋਕਾਂ ਦੀਆਂ ਆਰਥਿਕ ਸ਼ਾਹਰਾਹਾਂ ਤੇ ਆਪਣੀਆਂ ਛੁਰੀਆਂ ਚਲਾਉਂਦੇ ਰਹੇ। ਹੁਣ ਵੀ ਸੋਵੀਅਤ ਸੰਘ ਉੱਤੇ ਨਾਟੋ ਦੇ ਜ਼ਰੀਏ ਨਵਾਂ ਹਮਲਾ ਕੀਤਾ ਜਾ ਰਿਹਾ ਸੀ ਜਿਸ ਨਾਲ ਸੋਵੀਅਤ ਸੰਘ ਨੇ ਪੂਰੀ ਤਰ੍ਹਾਂ ਖਤਮ ਹੋ ਜਾਣਾ ਸੀ। ਭੰਬਲਭੂਸੇ ਵਿੱਚ ਪਿਆ ਯੂਕਰੇਨ ਜਾਣੇ ਅਣਜਾਣੇ ਸਾਮਰਾਜੀਆਂ ਦਾ ਹੱਥਠੋਕਾ ਬਣ ਚੁੱਕਿਆ ਸੀ। ਉਸਨੂੰ ਯਕੀਨ ਸੀ ਕਿ ਸ਼ਾਂਤਮਈ ਰੂਸੀ ਸਰਕਾਰ ਨੇ ਉਸਦਾ ਕੀ ਵਿਗਾੜ ਲੈਣਾ ਹੈ। ਉਸਦੇ ਆਕਾ ਅੱਜਕਲ੍ਹ ਸਾਮਰਾਜੀ ਹੀ ਬਣੇ ਹੋਏ ਸਨ। ਇਸ ਵਾਰ ਜ਼ੁਕਰੇਂ ਇਹ ਗੱਲ ਭੁੱਲ ਗਿਆ ਕਿ ਹੁਣ ਰੂਸ ਸਮਾਜਵਾਦੀ ਨਹੀਂ ਰਿਹਾ। ਹੁਣ ਉਹ ਵੀ ਵੱਡਾ ਵਪਾਰੀ ਹੈ। ਸੰਸਾਰ ਮੰਡੀ ਉਸਨੂੰ ਵੀ ਦਿੱਸਦੀ ਹੈ। ਹੁਣ ਦੀਆਂ ਸਥਿਤੀਆਂ ਪ੍ਰਸਥਿਤੀਆਂ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ।  ਇਸਦਾ ਵਿਰੋਧ ਵੀ ਵੱਡੀ ਪੱਧਰ ਤੇ ਹੋ ਰਿਹਾ ਹੈ। 

ਮੌਜੂਦਾ ਦੌਰ ਵਿੱਚ ਸੋਵੀਅਤ ਸੰਘ ਲਈ ਯੁੱਧ ਇੱਕ ਅਟੱਲ ਹੋਣੀ ਬਣ ਕੇ ਸਾਹਮਣੇ ਆਇਆ ਹੈ। ਹੁਣ ਸ਼ਾਇਦ ਇਸਨੂੰ ਹੋਰ ਨਹੀਂ ਸੀ ਟਾਲਿਆ ਜਾ ਸਕਦਾ। ਮਹਾਂਭਾਰਤ ਦੇ ਯੁੱਧ ਵਾਂਗ ਵਾਂਗ ਇਹ ਯੁੱਧ ਵੀ ਸ਼ਾਇਦ ਪੂਰੀ ਤਰ੍ਹਾਂ ਜ਼ਰੂਰੀ ਹੋ ਗਿਆ ਸੀ। ਉਸ ਵੇਲੇ ਦੀ ਕੌਰਵ ਸੱਤਾ ਨੇ ਪਾਂਡਵਾਂ ਨੂੰ ਪੰਜ ਪਿੰਡ ਦੇਣੇ ਵੀ ਸਵੀਕਾਰ ਨਹੀਂ ਸਨ ਕੀਤੇ ਪਰ ਹੁਣ ਵਾਲੇ ਕੌਰਵ ਦੇਸ਼ ਰੂਸ ਦੀ ਲਾਈਫ ਲਾਈਨ ਕੱਟਣ ਤੱਕ ਉਤਾਰੂ ਹੋ ਚੁੱਕੇ ਸਨ। ਨਾਟੋ ਨੂੰ ਹਥਿਆਰ ਬਣਾ ਕੇ ਯੂਕਰੇਨ ਦੇ ਰਾਹੀਂ ਨਿਸ਼ਾਨਾ ਤਾਂ ਰੂਸ ਹੀ ਸੀ।   ਅੱਕੇ ਹੋਏ ਰੂਸੀ ਪ੍ਰਧਾਨ ਵਲਾਦੀਮੀਰ ਪੁਤਿਨ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਬਚਿਆ। ਯੂਕਰੇਨ ਨੇ ਜਿਹਨਾਂ ਲੋਕਾਂ ਨੂੰ ਆਪਣੇ ਆਕਾ ਮੰਨ ਲਿਆ ਹੋਇਆ ਸੀ ਉਹਨਾਂ ਨੇ ਉਸਨੂੰ ਬਲਦੀ ਦੇ ਮੂੰਹ ਧੱਕ ਦਿੱਤਾ। ਇਸ ਯੁੱਧ ਵਿਛਕਾਂ ਅਖੰਡ ਸੋਵੀਅਤ ਯੂਨੀਅਨ ਵੀ ਨਿਕਲ ਸਕਦਾ ਹੈ ਅਤੇ ਬਹੁਤ ਕੁਝ ਹੋਰ ਸੰਭਾਵਨਾਵਾਂ ਵੀ ਹਨ। ਇਹਨਾਂ ਬਾਰੇ ਕਾਫੀ ਚਰਚਾ ਹੋਈ ਅੱਜ ਦੇ ਇਸ ਮੁਜ਼ਾਹਰੇ ਮੌਕੇ। 

ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ·ਡੀ·ਪੀ·ਡੀ·) ਨੇ ਅੱਜ ਲੁਧਿਆਣਾ ਵਿਖੇ ਕੀਤੇ ਗਏ ਇਸ ਰੋਸ ਮੁਜ਼ਾਹਰੇ ਵਿੱਚ ਮੁੜ ਦੁਹਰਾਇਆ ਕਿ ਜੰਗ ਤੁਰੰਤ ਖਤਮ ਹੋਣੀ ਚਾਹੀਦੀ ਹੈ, ਰੂਸੀਆਂ ਦੁਆਰਾ ਫੌਜੀ ਕਾਰਵਾਈ ਬੰਦ ਹੋਣੀ ਚਾਹੀਦੀ ਹੈ ਅਤੇ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਮੁੜ ਸ਼ੁਰੂ ਹੋਣੀ ਚਾਹੀਦੀ ਹੈ। ਕੋਈ ਵੀ ਵਾਧਾ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਕਾਰਨ ਬਣ ਸਕਦਾ ਹੈ, ਜੋ ਕਿ ਵਿਨਾਸ਼ਕਾਰੀ ਹੋਵੇਗਾ। ਇਸ ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਸਥਾਈ ਸ਼ਾਂਤੀ ਲਈ ਅਮਰੀਕਾ ਅਤੇ ਨਾਟੋ ਨੂੰ ਦੂਜਿਆਂ ਦੇ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰਨਾ ਚਾਹੀਦਾ ਹੈ ਤੇ ਨਾਟੋ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਐਸੇ  ਹਾਲਾਤਾਂ ਵਿਚ ਅੱਤ ਦੀ ਤਬਾਹੀ ਕਰਨ ਵਾਲੇ ਪਰਮਾਣੂ ਹਥਿਆਰਾਂ ਨੂੰ ਦੁਨੀਆ ਤੋਂ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਪ੍ਰਮਾਣੂ ਹਥਿਆਰ ਸੰਪਨ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਦੀ ਪਰਮਾਣੂ ਹਥਿਆਰਾਂਾ ਤੇ ਪਾਬੰਦੀ ਲਉਂਦੀ ਸੰਧੀ ਟ੍ਰੀਟੀ ਪ੍ਰੋਹਿਬਿਟਿੰਗ ਨਿਊਕਲੀਅਰ ਵੈਪਨਜ਼ () ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਨੂੰ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ।   

ਇਸ ਮੁਜ਼ਾਹਰੇ ਵਿਚ ਮੌਜੂਦ ਲੋਕਾਂ ਨੇ ਰੂਸੀ ਫੌਜ ਵੱਲੋਂ ਕੀਤੀ ਗੋਲੀਬਾਰੀ ਵਿੱਚ ਯੂਕਰੇਨ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਅਜੇ ਵੀ ਹਜ਼ਾਰਾਂ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢਣ ਦੀ ਲੋੜ ਹੈ। ਭਾਰਤ ਨਗਰ ਚੌਕ ਨੇੜੇ ਤੋਂ ਮਿੰਨੀ ਸਕੱਤਰੇਤ ਤੱਕ ਕੀਤੇ ਗਏ ਪ੍ਰਦਰਸ਼ਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਇਸ ਗੱਲ 'ਤੇ ਨਰਾਜ਼ਗੀ ਜ਼ਾਹਰ ਕੀਤੀ ਕਿ ਭਾਰਤ ਸਰਕਾਰ ਨੇ ਨਿਕਾਸੀ ਪ੍ਰਕਿਰਿਆ ਵਿੱਚ ਦੇਰੀ ਕੀਤੀ ਹੈ ਜਿਸ ਕਾਰਨ ਇਹ ਸਥਿਤੀ ਪੈਦਾ ਹੋ ਗਈ ਹੈ। ਭਾਰਤ ਨੂੰ ਖਾੜੀ ਜੰਗ ਦੌਰਾਨ ਖਾੜੀ ਤੋਂ ੧·੭ ਲੱਖ ਭਾਰਤੀਆਂ ਨੂੰ ਕੱਢਣ ਦਾ ਤਜਰਬਾ ਹੈ। ਪਰ ਇਸ ਅਭਿਆਸ ਲਈ ਗੰਭੀਰਤਾ ਅਤੇ ਦਿ੍ਰੜਤਾ ਦੀ ਲੋੜ ਹੈ। ਇਹ ਬਦਕਿਸਮਤੀ ਦੀ ਗੱਲ ਹੈ ਕਿ ਸਾਡੇ ਮੰਤਰੀ ਨਿਕਾਸੀ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਮੀਡੀਆ ਰਾਹੀਂ ਲੋਕ ਸੰਪਰਕ ਅਭਿਆਸਾਂ ਵਿੱਚ ਰੁੱਝੇ ਹੋਏ ਹਨ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਇੱਕ ਐਸੇ ਅਭਿਆਸ ਲਈ ਆਪਣੀ ਪਿੱਠ ਥਪਥਪਾਉਂਦੇ ਹਨ ਜੋ ਅੱਧਾ ਵੀ ਸਹੀ ਢੰਗ ਨਾਲ ਨਹੀਂ ਕੀਤਾ ਗਿਆ। ਸਾਡੇ ਵਿਦੇਸ਼ ਮੰਤਰੀ ਨੂੰ ਗੁੱਟ ਨਿਰਲੇਪ ਅੰਦੋਲਨ ਦੀ ਭਾਵਨਾ ਨਾਲ ਰੂਸ ਜਾਣਾ ਚਾਹੀਦਾ ਹੈ ਅਤੇ ਰੂਸੀ ਸਰਕਾਰ ਨੂੰ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਿੱਚ ਮਦਦ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ।   

ਬੁਲਾਰਿਆਂ ਨੇ ਅੱਗੇ ਕਿਹਾ ਕਿ ਇਹਨਾਂ ਘਟਨਾਵਾਂ ਦੇ ਨਾਲ ਸਰਕਾਰ ਦੀ ਡਾਕਟਰੀ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਦਾ ਵੀ ਪਰਦਾਫਾਸ਼ ਹੋਇਆ ਹੈ ਜੋ ਭਾਰਤ ਵਿੱਚ ਬਹੁਤ ਜਿਆਦਾ ਮਹਿੰਗੀ ਹੈ। ਇਸ ਲਈ ਬਹੁਤ ਸਾਰੇ ਵਿਦਿਆਰਥੀ ਮੁਕਾਬਲਤਨ ਘੱਟ ਲਾਗਤ ਵਾਲੀ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ ਜਾਣ ਲਈ ਮਜ਼ਬੂਰ ਹਨ। ਇਸ ਲਈ ਜ਼ਰੂਰੀ ਹੈ ਕਿ ਮੈਡੀਕਲ ਸਿੱਖਿਆ ਸਰਕਾਰੀ ਖੇਤਰ ਵਿੱਚ ਹੋਵੇ। ਇਸ ਸਬੰਧੀ ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਨਿੱਜੀ ਖੇਤਰ ਨੂੰ ਹੋਰ ਮੈਡੀਕਲ ਕਾਲਜ ਖੋਲ੍ਹਣੇ ਚਾਹੀਦੇ ਹਨ, ਵਿਦਿਆਰਥੀਆਂ ਦੇ ਹਿੱਤਾਂ ਦੇ ਵਿਰੁੱਧ ਹੈ।   

ਇਸ ਮੌਕੇ ਡਾ: ਅਰੁਣ ਮਿੱਤਰਾ, ਡਾ: ਗਗਨਦੀਪ ਸਿੰਘ, ਡਾ ਸ਼ਕਤੀ ਪ੍ਰਭਾਕਰ, ਡਾ: ਪਰਮ ਸੈਣੀ, ਡਾ: ਮੋਨਿਕਾ ਧਵਨ, ਐਮਐਸ ਭਾਟੀਆ, ਪ੍ਰੋ: ਜਗਮੋਹਨ ਸਿੰਘ, ਨਵਲ ਛਿੱਬੜ ਐਡਵੋਕੇਟ ਆਦਿ ਹਾਜ਼ਰ ਸਨ.    

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਸੁਰਿੰਦਰ ਕੈਲੇ ਪ੍ਰਧਾਨ , ਡਾ. ਗੁਲਜ਼ਾਰ ਪੰਧੇਰ ਜਨਰਲ ਸਕੱਤਰ , ਕਰਨਲ ਭੁਪਿੰਦਰ ਸਿੰਘ, ਸਰਬਜੀਤ ਵਿਰਦੀ, ਅਮਰਜੀਤ ਸ਼ੇਰਪੁਰੀ, ਮਾਸਟਰ ਹਰੀਸ਼ ਪੱਖੋਵਾਲ ਅਤੇ ਮਾਸਟਰ ਭਜਨ ਸਿੰਘ ਸ਼ਾਮਲ ਹੋਏ। ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਪ੍ਰਧਾਨ ਰਣਜੀਤ ਸਿੰਘ , ਉੱਪ ਪ੍ਰਧਾਨ ਇੰਦਰਜੀਤ ਸਿੰਘ ਸੋਢੀ ਅਤੇ ਅਵਤਾਰ ਛਿੱਬੜ ਸ਼ਾਮਲ ਹੋਏ। ਹੌਜਰੀ ਵਰਕਰ ਯੂਨੀਅਨ ਵੱਲੋਂ ਵਿਨੋਦ ਕੁਮਾਰ  ਅਤੇ ਸੰਜੇ ਕੁਮਾਰ ਸ਼ਾਮਲ ਹੋਏ। ਕੁੱਲ ਹਿੰਦ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਗੋਰੀਆ ਅਤੇ ਏਟਕ ਲੁਧਿਆਣਾ ਦੇ ਪ੍ਰਧਾਨ ਰਮੇਸ਼ ਰਤਨ ਨੇ ਵੀ ਹਿੱਸਾ ਲਿਆ। ਸਰੋਜ ਕੁਮਾਰ , ਅਨੋਦ ਕੁਮਾਰ , ਰਾਮੂ, ਸੰਜੀਤ ਰਾਮ, ਮੋਮੇ ਅਤੇ ਕਰਮਾਲ ਸਿੰਘ  ਸ਼ਾਮਿਲ ਸਨ। 

No comments: