Monday, January 24, 2022

25 ਪਿੰਡਾਂ ਵਿੱਚ ਧਰਮ ਪਰਿਵਰਤਨ ਵਿਰੁੱਧ ਨਾਮਧਾਰੀਆਂ ਦੀ ਸਫਲ ਮੁਹਿੰਮ

24th January 2022 at 9:36 AM

ਹਜ਼ਾਰਾਂ ਨੂੰ ਸਿੱਖੀ ਵਿੱਚ ਵਾਪਿਸ ਲਿਆਂਦਾ ਇਸ ਮੁਹਿੰਮ ਨੇ 

ਹਿੰਦੀ ਵਿਚ ਦੋ ਕੁ ਲਾਈਨਾਂ ਦੀ ਕਵਿਤਾ ਵਰਗੀ ਇੱਕ ਪੋਸਟ ਬਹੁਤ ਪ੍ਰਸਿੱਧ ਹੋਈ ਸੀ। ਇਸਦਾ ਅਨੁਵਾਦ ਹੈ-ਭੁੱਖ ਤੋਂ ਵੱਡਾ ਮਜ਼ਹਬ ਅਤੇ ਰੋਟੀ ਤੋਂ ਵੱਡਾ ਰੱਬ ਹੋਵੇ ਤਾਂ ਦੱਸਣਾ-ਮੈਂ ਵੀ ਆਪਣਾ ਧਰਮ ਬਦਲਣਾ ਹੈ। ਕਬੀਰ ਜੀ ਦੀ ਬਾਣੀ ਦੀਆਂ ਮੁਢਲੀਆਂ ਤੁਕਾਂ ਹਨ-ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥ ਇਸਦੇ ਅਰਥ ਵਿਦਵਾਨਾਂ ਵੱਲੋਂ ਵੱਖ ਵੱਖ ਕੀਤੇ ਜਾ ਸਕਦੇ ਹਨ ਪਰ ਇਸ ਦੀ ਜ਼ਮੀਨੀ ਹਕੀਕਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਗੱਲਾਂ ਆਮ ਤੌਰ ਤੇ ਸਾਹਿਤ ਅਤੇ ਚਰਚਾ ਵਿਚ ਹੀ ਰਹਿ ਜਾਂਦੀਆਂ ਹਨ ਇਹਨਾਂ ਦੇ ਮਰਮ ਨੂੰ ਸਮਝਿਆ ਹੈ ਨਾਮਧਾਰੀਆਂ ਨੇ। ਇਸ ਭੇਦ ਨੂੰ ਸਮਝ ਕੇ ਹੀ ਨਾਮਧਾਰੀਆਂ ਨੇ ਘਟੋਘਟ 25 ਪਿੰਡਾਂ ਵਿੱਚ ਧਰਮ ਪਰਿਵਰਤਨ ਕਰ ਕੇ ਗਏ ਲੋਕਾਂਨ ਵਾਪਿਸ ਆਪਣੇ ਧਰਮ ਵਿਚ ਲਿਆਂਦਾ ਹੈ। ਕੌਮੀ ਪੱਧਰ ਤੇ ਧਰਮ ਪਰਿਵਰਤਨ ਰੋਕਣ ਲਈ ਵੀ ਠਾਕੁਰ ਦਲੀਪ ਸਿੰਘ ਜੀ ਦਾ ਸੁਨੇਹਾ ਹੈ-ਲੋਕਾਂ ਦੇ ਦੁੱਖ ਸਮਝੋ ਅਤੇ ਉਹਨਾਂ ਦੇ ਨਾਲ ਨੇੜਤਾ ਵਧਾਓ। --ਸੰਪਾਦਕ 


ਧਰਮਾਂਤਰਣ ਕਾਨੂੰਨ ਨਾਲ ਨਹੀਂ, ਆਪਣੀ ਸ਼ਕਤੀ ਨਾਲ ਰੁਕੇਗਾ

ਠਾਕੁਰ ਦਲੀਪ ਸਿੰਘ ਵੱਲੋਂ ਕਾਨੂੰਨ ਬਣਾਉਣ ਦੇ ਸਮਰਥਕਾਂ ਨੂੰ ਤਿੱਖੇ ਸੁਆਲ  

ਲੁਧਿਆਣਾ: 24 ਜਨਵਰੀ 2022: (ਪੰਜਾਬ ਸਕਰੀਨ ਬਿਊਰੋ):: 

ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਭਾਰਤ ਵਿੱਚ ਧੜਰਲੇ ਨਾਲ ਚੱਲ ਰਹੇ ਧਰਮ-ਪਰਿਵਰਤਨ ਨੂੰ ਰੋਕਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਭਾਰਤ ਦੀਆਂ ਕੁਝ ਸੰਸਥਾਵਾਂ ਕਾਨੂੰਨ ਦੀ ਸਹਾਇਤਾ ਨਾਲ ਧਰਮ-ਪਰਿਵਰਤਨ ਰੋਕਣ ਦੀ ਗੱਲ ਕਰਦੀਆਂ ਹਨ ਅਤੇ ਧਰਮ-ਪਰਿਵਰਤਨ ਰੋਕਣ ਲਈ ਨਵੇਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਸੀਂ "ਨਾਮਧਾਰੀ ਸਿੱਖ" ਉਹਨਾਂ ਸਾਰੀਆਂ ਸੰਸਥਾਵਾਂ ਨੂੰ ਨਿਮਰਤਾ ਸਹਿਤ ਪੁੱਛਦੇ ਹਾਂ ਕਿ ਜਿੰਨਾਂ ਲੋਕਾਂ ਨੇ ਅੱਜ ਤੱਕ ਧਰਮ ਪਰਿਵਰਤਨ ਕੀਤਾ ਹੈ, ਉਨ੍ਹਾਂ ਨੇ ਕਿਸ ਭਾਰਤੀ ਕਾਨੂੰਨ ਦੀ ਮਦਦ ਨਾਲ ਧਰਮ ਪਰਿਵਰਤਨ ਕੀਤਾ ਹੈ? ਜੇਕਰ ਵਿਦੇਸ਼ੀ ਧਰਮਾਂ ਦੇ ਲੋਕ, ਬਿਨਾਂ ਕਿਸੇ ਕਾਨੂੰਨੀ ਸਹਾਇਤਾ ਦੇ, ਸਾਡੇ ਦੇਸ਼ ਵਿੱਚ ਆ ਕੇ ਧਰਮ-ਪਰਿਵਰਤਨ ਕਰ ਸਕਦੇ ਹਨ; ਤਾਂ ਅਸੀਂ ਉਨ੍ਹਾਂ ਨੂੰ ਬਿਨਾਂ ਕਿਸੇ ਕਾਨੂੰਨੀ ਸਹਾਇਤਾ ਦੇ, ਆਪਣੇ ਹੀ ਦੇਸ਼ ਵਿੱਚ ਧਰਮ-ਪਰਿਵਰਤਨ ਕਰਨ ਤੋਂ ਕਿਉਂ ਨਹੀਂ ਰੋਕ ਸਕਦੇ? ਸਵਾਲ ਇਹ ਪੈਦਾ ਹੁੰਦਾ ਹੈ : ਕੀ ਅਸੀਂ ਸੱਚਮੁੱਚ ਧਰਮ-ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ ਜਾਂ ਅਸੀਂ ਸਿਰਫ ਗੱਲਾਂ ਹੀ ਕਰਨੀਆਂ ਹਨ?

ਅਸੀਂ "ਨਾਮਧਾਰੀ ਸਿੱਖਾਂ" ਨੇ, ਕਿਸੇ ਕਾਨੂੰਨ ਅਤੇ ਕਿਸੇ ਵੱਡੀ ਸੰਸਥਾ ਦੀ ਸਹਾਇਤਾ ਤੋਂ ਬਿਨਾਂ, ਇੱਕ ਸਾਲ ਦੇ ਅੰਦਰ-ਅੰਦਰ ਧਰਮ ਪਰਿਵਰਤਨ ਕੀਤੇ ਹੋਏ 25 ਪਿੰਡਾਂ ਵਿੱਚੋਂ, ਧਰਮ ਪਰਿਵਰਤਨ ਕਰਨ ਵਾਲਿਆਂ ਦਾ ਮੁਕੰਮਲ ਖਾਤਮਾ ਕੀਤਾ ਹੈ ਅਤੇ ਉਥੋਂ ਦੇ ਲੋਕਾਂ ਨੂੰ ਆਪਣੇ ਸਿੱਖੀ (ਭਾਰਤੀ ਧਰਮਾਂ) ਵਿੱਚ ਵਾਪਿਸ ਲਿਆਂਦਾ ਹੈ। ਉਹਨਾਂ ਦਾ ਆਪਣੇ ਸਿੱਖੀ (ਭਾਰਤੀ ਧਰਮਾਂ) ਵਿਚ ਵਿਸ਼ਵਾਸ ਦ੍ਰਿੜ ਕਰਾਇਆ ਹੈ। ਅਤੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਗੱਲ ਦਾ ਅਸੀਂ ਮੀਡੀਆ ਵਿੱਚ ਵੀ ਕੋਈ ਪ੍ਰਚਾਰ ਨਹੀਂ ਕੀਤਾ।

ਜੇਕਰ ਅਸੀਂ "ਨਾਮਧਾਰੀ ਸੰਪਰਦਾ" ਦੇ ਸਿੱਖ: ਬਿਨਾਂ ਕਿਸੇ ਕਾਨੂੰਨੀ ਸਹਾਇਤਾ ਅਤੇ ਕਿਸੇ ਵੱਡੀ ਸੰਸਥਾ ਦੀ ਸਹਾਇਤਾ ਤੋਂ ਬਿਨਾਂ; ਜ਼ਮੀਨੀ ਪੱਧਰ ਉੱਤੇ ਕੰਮ ਕਰਦੇ ਹੋਏ, 25 ਪਿੰਡਾਂ ਵਿੱਚ ਧਰਮ-ਪਰਿਵਰਤਨ ਕੀਤੇ ਲੋਕਾਂ ਨੂੰ ਵਾਪਿਸ ਲਿਆ ਸਕਦੇ ਹਾਂ ਅਤੇ ਧਰਮ ਪਰਿਵਰਤਨ ਰੋਕ ਸਕਦੇ ਹਾਂ; ਤਾਂ ਫਿਰ ਵੱਡੀਆਂ ਸੰਸਥਾਵਾਂ ਇਹ ਕੰਮ ਕਿਉਂ ਨਹੀਂ ਕਰ ਸਕਦੀਆਂ?

ਫੋਟੋ ਸਿੱਖ ਨੈਟ ਤੋਂ ਧੰਨਵਾਦ ਸਹਿਤ 
ਸੱਚਾਈ ਤਾਂ ਇਹ ਹੈ ਕਿ ਕਿਸੇ ਵੀ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਧਰਮ-ਪਰਿਵਰਤਨ ਕਰਨਾ ਬਹੁਤ ਜ਼ਰੂਰੀ ਹੈ। ਸਾਰੇ ਧਰਮਾਂ ਦਾ ਵਿਕਾਸ ਧਰਮ-ਪਰਿਵਰਤਨ ਨਾਲ ਹੀ ਹੋਇਆ ਹੈ। ਕਿਉਂਕਿ, ਹਰੇਕ ਧਰਮ ਦੇ ਵਿਕਾਸ ਦਾ ਇੱਕ ਹੀ ਉਪਾਅ ਹੈ ਅਤੇ ਉਹ ਹੈ – ਧਰਮ-ਪਰਿਵਰਤਨ (ਦੂਸਰਿਆਂ ਨੂੰ ਆਪਣੇ ਧਰਮ ਵਿੱਚ ਸ਼ਾਮਿਲ ਕਰਨਾ)।ਇਸ ਲਈ ਧਰਮ-ਪਰਿਵਰਤਨ ਜਰੂਰ ਹੋਣਾ ਚਾਹੀਦਾ ਹੈ; ਪਰੰਤੂ, ਸਾਡੇ ਦੇਸ਼ ਵਿੱਚ ਉਹ ਧਰਮ ਪਰਿਵਰਤਨ, ਭਾਰਤੀ ਧਰਮਾਂ ਦੁਆਰਾ ਹੋਣਾ ਚਾਹੀਦਾ ਹੈ ਨਾ ਕਿ ਵਿਦੇਸ਼ੀ ਧਰਮਾਂ ਦੁਆਰਾ। ਜੇਕਰ ਅਸੀਂ ਵਿਦੇਸ਼ੀ ਧਰਮਾਂ ਨਾਲ ਹੋਣ ਵਾਲੇ ਧਰਮ ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣਾ ਜ਼ਿਆਦਾਤਰ ਸਮਾਂ ਲੋਕਾਂ ਵਿੱਚ ਜਾ ਕੇ ਬਿਤਾਉਣਾ ਚਾਹੀਦਾ ਹੈ। ਮੰਦਰਾਂ, ਗੁਰਦੁਆਰਿਆਂ, ਆਸ਼ਰਮਾਂ ਅਤੇ ਡੇਰਿਆਂ ਆਦਿ ਸਾਰੇ ਧਰਮ ਅਸਥਾਨਾਂ ਵਿੱਚ ਬੈਠੇ ਹੋਏ ਸੰਤ-ਮਹਾਤਮਾ ਜੀ; ਆਪ ਲੋਕਾਂ ਵਿੱਚ ਜਾਕੇ ਉਹਨਾਂ ਨੂੰ ਮਿਲਣਾ ਸ਼ੁਰੂ ਕਰਨ ਅਤੇ ਆਪਣੇ ਸੇਵਕਾਂ ਨੂੰ ਵੀ ਪ੍ਰੇਰਣਾ ਦੇਣ ਕਿ ਲੋਕਾਂ ਨਾਲ ਪ੍ਰੇਮ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਨਾ ਸ਼ੁਰੂ ਕਰਨ। ਲੋਕਾਂ ਨਾਲ ਪਿਆਰ ਕਰਨ ਅਤੇ ਉਹਨਾਂ ਦੀ ਸੇਵਾ ਕਰਨ ਨਾਲ ਆਪਣੇ ਧਰਮ ਦਾ ਪ੍ਰਚਾਰ ਹੋਵੇਗਾ ਅਤੇ ਧਰਮ-ਪਰਿਵਰਤਨ ਆਪਣੇ ਆਪ ਬੰਦ ਹੋ ਜਾਵੇਗਾ।

ਹਰ ਧਾਰਮਿਕ ਅਸਥਾਨ, ਮੰਦਰ, ਗੁਰਦੁਆਰੇ ਆਦਿ ਵਿੱਚ ਚੰਗੇ ਸਕੂਲ (ਵਿਦਿਆਲਾ), ਡਿਸਪੈਂਸਰੀ , ਹਸਪਤਾਲ ਆਦਿ ਹੋਣੇ ਚਾਹੀਦੇ ਹਨ ਜੋ ਗਰੀਬਾਂ ਲਈ ਮੁਫਤ ਹੋਣ ਜਾਂ ਘੱਟ ਪੈਸੇ ਲੈਂਦੇ ਹੋਣ; ਇਸ ਦੇ ਨਾਲ ਵੀ ਲੋਕ ਧਰਮ ਪਰਿਵਰਤਨ ਕਰਨ ਤੋਂ ਰੁਕ ਜਾਣਗੇ। ਕਿਉਂਕਿ ਵਿਦੇਸ਼ੀਆਂ ਨੇ ਸਕੂਲ ਅਤੇ ਹਸਪਤਾਲ ਬਣਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਭਾਵ: ਵਿਦੇਸ਼ੀਆਂ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ, ਜੋ ਸਾਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਸਨ; ਪਰ ਅਸੀਂ ਪੂਰੀਆਂ ਨਹੀਂ ਕੀਤੀਆਂ। ਕਿਸੇ ਸਮੇਂ ਸਾਡੇ ਦੇਸ਼ ਵਿੱਚ ਵੀ ਹਰ ਧਾਰਮਿਕ ਸਥਾਨ ਦੇ ਨਾਲ ਵਿਦਿਆਲਾ (ਸਕੂਲ), ਔਸ਼ਧਾਲਯ  (ਹਸਪਤਾਲ) ਆਦਿ ਹੁੰਦੇ ਸਨ, ਪਰ ਅੱਜ ਉਹ ਨਹੀਂ ਹੋ ਰਹੇ ਅਤੇ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ।

ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਜੋ ਵੀ ਕੀਮਤੀ ਪੱਥਰ, ਕੀਮਤੀ ਚੰਦੋਏ, ਸੋਨਾ, ਚਾਂਦੀ ਆਦਿ ਚੜਾਏ ਜਾਂਦੇ  ਹਨ, ਉਹ ਸਾਰੀ ਮਾਇਆ; ਆਪਣੇ ਧਰਮ ਦੇ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੀ ਉੱਨਤੀ ਲਈ ਵਰਤੀ ਜਾਣੀ ਚਾਹੀਦੀ ਹੈ। ਕਿਉਂਕਿ, ਧਰਮ ਦਾ ਅਰਥ ‘ਪਿਆਰ, ਸੇਵਾ ਅਤੇ ਗਰੀਬਾਂ ਦੀ ਭਲਾਈ’ ਹੈ। ਜੇਕਰ ਮੰਦਰਾਂ-ਗੁਰਦੁਆਰਿਆਂ ਦਾ ਪੈਸਾ ਸਹੀ ਤਰੀਕੇ ਨਾਲ ਗ਼ਰੀਬਾਂ ਨੂੰ ਦਿੱਤਾ ਜਾਵੇ ਅਤੇ ਗਰੀਬਾਂ ਨਾਲ ਪਿਆਰ ਕੀਤਾ ਜਾਵੇ; ਤਾਂ ਧਰਮ-ਪਰਿਵਰਤਨ ਹੋ ਹੀ ਨਹੀਂ ਸਕਦਾ।

ਫੋਟੋ ਏਸ਼ੀਆ ਸਮਾਚਾਰ ਤੋਂ ਧੰਨਵਾਦ ਸਹਿਤ 
ਜਿੰਨਾ ਚਿਰ ਭਾਰਤ ਦੇ ਲੋਕ: ਆਕ੍ਰਾਮਕ ਸੋਚ, ਆਕ੍ਰਾਮਕ ਰਵੱਈਆ ਨਹੀਂ ਅਪਣਾਉਣਗੇ, ਆਕ੍ਰਮਕ ਹੋ ਕੇ ਕੰਮ ਨਹੀਂ ਕਰਨਗੇ; ਉਦੋਂ ਤੱਕ ਭਾਰਤ ਦੇਸ਼, ਭਾਰਤੀ ਸੱਭਿਅਤਾ ਅਤੇ ਭਾਰਤ ਦੇ ਧਰਮਾਂ ਦੀ ਰੱਖਿਆ ਕਰਨਾ ਅਸੰਭਵ ਹੈ। ਸਿਰਫ਼ ਆਕ੍ਰਮਣ ਕਰਨ ਵਾਲਾ ਹੀ ਸੁਰੱਖਿਅਤ ਰਹਿੰਦਾ ਹੈ। ਇਸ ਲਈ ਸਾਡੇ ਭਾਰਤੀਆਂ ਨੂੰ ਸੁਰੱਖਿਅਤ ਰਹਿਣ ਵਾਸਤੇ ਆਕ੍ਰਮਕ ਸੋਚ, ਰਵੱਈਆ ਅਤੇ ਕਾਰਜਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਤੋਂ ਬਿਨਾਂ ਸਾਨੂੰ ਸੁਰੱਖਿਆ ਨਹੀਂ ਮਿਲ ਸਕਦੀ। ਅਸੀਂ ਗੁਲਾਮ ਤਾਂ ਹੀ ਬਣੇ, ਕਿਉਂਕਿ ਅਸੀਂ ਕਿਸੇ ਨੂੰ ਗੁਲਾਮ ਨਹੀਂ ਬਣਾਇਆ। ਜੇ ਅਸੀਂ ਇੰਗਲੈਂਡ ਨੂੰ ਗੁਲਾਮ ਬਣਾਇਆ ਹੁੰਦਾ, ਤਾਂ ਉਹ ਸਾਨੂੰ ਗੁਲਾਮ ਨਾ ਬਣਾ ਸਕਦੇ।

ਜੇਕਰ ਅਸੀਂ ਭਾਰਤੀ, ਸੱਚੇ ਦਿਲੋਂ ਧਰਮ-ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਜੋ ਲੋਕ: ਸਾਡਾ ਧਰਮ ਪਰਿਵਰਤਨ ਕਰ ਰਹੇ ਹਨ; ਉਹਨਾਂ ਲੋਕਾਂ ਦਾ ਹੀ ਧਰਮ ਪਰਿਵਰਤਨ ਕਰਕੇ, ਉਨ੍ਹਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰ ਲਿਆ ਜਾਵੇ। ਜਦੋਂ ਧਰਮ ਪਰਿਵਰਤਨ ਕਰਨ ਵਾਲੇ ਲੋਕ ਹੀ ਸਾਡੇ ਧਰਮ ਵਿੱਚ ਸ਼ਾਮਲ ਹੋ ਜਾਣਗੇ, ਫਿਰ ਧਰਮ ਪਰਿਵਰਤਨ ਕਿਵੇਂ ਹੋਵੇਗਾ? ਪਰੰਤੂ, ਸਾਡੀ ਸੋਚ ਇੰਨੀ ਸੰਕੀਰਣ ਹੈ ਕਿ ਉਹ ਲੋਕ ਚਾਹੇ ਸਾਡੇ ਧਰਮ ਵਿਚ ਸ਼ਾਮਲ ਹੋਣਾ ਵੀ ਚਾਹੁਣ; ਅਸੀਂ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਨਹੀਂ ਕਰਦੇ। ਅਸੀਂ ਉਹਨਾਂ ਨੂੰ ਨਫ਼ਰਤ ਕਰਦੇ ਹਾਂ ਅਤੇ ਕਹਿੰਦੇ ਹਾਂ, "ਉਹ ਮਾੜੇ ਹਨ। ਉਹ ਸਾਡੇ ਧਰਮ ਵਿੱਚ ਸ਼ਾਮਲ ਨਹੀਂ ਹੋ ਸਕਦੇ।” 'ਮਾੜਾ' ਕਹਿਣ ਨਾਲ ਕਿਸੇ ਦਾ ਕੁਝ ਨਹੀਂ ਵਿਗੜਦਾ। ਪਰ, ਸਾਡੇ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਜਰੂਰ ਘੱਟ ਜਾਂਦੀ ਹੈ, ਵਧਦੀ ਨਹੀਂ। ਸਾਨੂੰ ਉਨ੍ਹਾਂ ਲੋਕਾਂ ਨਾਲ ਪਿਆਰ ਕਰਕੇ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਕੇ, ਉਨ੍ਹਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਕੇ ਅਤੇ ਉਹਨਾਂ ਨੂੰ ਸਮਾਨ ਦਰਜਾ ਦੇ ਕੇ, ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਸਾਡੇ ਭਾਰਤੀ ਧਰਮਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਕੇਵਲ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਲੀ ਸੋਚ ਦੀ ਕਮੀ ਹੈ। ਆਪਣੀ ਸੋਚ ਨੂੰ ਵਿਸ਼ਾਲ ਅਤੇ ਅਗਾਂਹਵਧੂ ਬਣਾ ਕੇ ਉਸ ਕਮੀ ਨੂੰ ਪੂਰਨ ਕਰੀਏ; ਬਿਨਾਂ ਕਿਸੇ ਕਾਨੂੰਨੀ ਮਦਦ ਦੇ, ਧਰਮ-ਪਰਿਵਰਤਨ ਆਪਣੇ ਆਪ ਬੰਦ ਹੋ ਜਾਵੇਗਾ।

ਪਿਆਰੇ ਸੱਜਣੋ! ਤੁਸੀਂ ਸਾਡੇ "ਨਾਮਧਾਰੀਆਂ" ਨਾਲੋਂ ਵੱਧ ਸ਼ਕਤੀਸ਼ਾਲੀ ਹੋ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹੋ, ਧਰਮ-ਪਰਿਵਰਤਨ ਰੋਕ ਸਕਦੇ ਹੋ ਅਤੇ ਪਰਿਵਰਤਿਤ ਹੋਏ  ਲੋਕਾਂ ਨੂੰ ਵਾਪਸ ਲਿਆ ਸਕਦੇ ਹੋ।

ਜੇਕਰ ਅਸੀਂ ਸੱਚਮੁੱਚ ਧਰਮ ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ; ਇਸ ਦੇ ਲਈ ਸਾਨੂੰ ਕਾਨੂੰਨੀ ਸਹਾਰੇ ਦੀ ਬਜਾਇ ਲੋਕਾਂ ਨਾਲ ਮੇਲਜੋਲ ਬਣਾਉਣਾ ਚਾਹੀਦਾ ਹੈ, ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਕਾਨੂੰਨ ਤਾਂ ਕਮਜ਼ੋਰਾਂ ਦੀ ਭਾਸ਼ਾ ਹੈ। ਸਾਨੂੰ ਕਾਨੂੰਨੀ ਸਹਾਇਤਾ ਦੀ ਬਜਾਇ ਆਪਣੀ ਤਾਕਤ ਅਤੇ ਬੁੱਧੀ ਨਾਲ ਕੰਮ ਕਰਨਾ ਚਾਹੀਦਾ ਹੈ। ਜੇਕਰ ਅਸੀਂ ਲੋਕਾਂ ਨਾਲ ਮੇਲਜੋਲ ਵਧਾਉਂਦੇ ਹਾਂ ਅਤੇ ਉਹਨਾਂ ਨਾਲ ਪਿਆਰ ਕਰਦੇ ਹਾਂ, ਤਾਂ ਮਾਨਵੀ-ਸ਼ਕਤੀ ਜੁੜਨ ਕਰਕੇ ਅਸੀਂ ਇੰਨੇ ਸ਼ਕਤੀਸ਼ਾਲੀ ਹੋ ਜਾਵਾਂਗੇ ਕਿ ਕਾਨੂੰਨ ਸਾਡੀ ਸਹਾਇਤਾ ਲਵੇਗਾ; ਸਾਨੂੰ ਕਾਨੂੰਨ ਦਾ ਸਹਾਰਾ ਲੈਣ ਦੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਧਰਮ-ਪਰਿਵਰਤਨ ਵੀ ਆਪਣੇ ਆਪ ਹੀ ਰੁਕ ਜਾਵੇਗਾ ਅਤੇ ਸਾਡੇ ਭਾਰਤੀ ਧਰਮ ਵਧਣ ਲੱਗ ਜਾਣਗੇ। ਆਓ ਆਪਾਂ ਸਾਰੇ ਮਿਲ ਕੇ ਆਪਣੇ ਭਾਰਤੀ ਧਰਮਾਂ ਨੂੰ ਵਧਾਈਏ! ਜਦੋਂ ਅਸੀਂ ਵੱਧਣਾ ਸ਼ੁਰੂ ਕਰ ਦਿਆਂਗੇ, ਤਾਂ ਘਟਣੋ ਆਪੇ ਰੁਕ ਜਾਵਾਂਗੇ ਅਤੇ ਦੂਸਰੇ ਧਰਮ ਵਧਣੋ ਰੁਕ ਜਾਣਗੇ। 


No comments: