Showing posts with label Convertion. Show all posts
Showing posts with label Convertion. Show all posts

Thursday, June 09, 2022

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਖਿਲਾਫ ਵਿਰੋਧ ਹੋਇਆ ਹੋਰ ਤਿੱਖਾ

 9th June 2022 at 3:23 PM

 ਸੂਬਾ ਅਮਰੀਕ ਸਿੰਘ ਨੇ ਜੱਥੇਦਾਰ ਜੀ ਕੋਲੋਂ ਪੁੱਛੇ ਕਈ ਤਿੱਖੇ ਸੁਆਲ 

No Conversion ਦੇ ਨਾਮ ਹੇਠ ID ਚਲਾਉਂਦੇ  ਵਿਅਕਤੀ ਨੇ 26 ਸਤੰਬਰ 2017 ਨੂੰ ਪੋਸਟ ਕੀਤੀ ਸੀ 

ਜਥੇਦਾਰ ਜੀ ਦੱਸਣ ਕਿ ਈਸਾਈਅਤ ਦਾ ਪ੍ਰਚਾਰ ਕੌਣ ਕਰਵਾ ਰਿਹਾ ਹੈ? 

ਲੁਧਿਆਣਾ
: 9 ਜੂਨ 2022:(ਅਰਵਿੰਦਰ ਸਿੰਘ ਲਾਡੀ//ਪੰਜਾਬ ਸਕਰੀਨ ਡੈਸਕ)::
ਲੋੜ ਪੈਣ ਤੇ ਸਿੰਘਾਂ ਦੀਆਂ ਕੁਰਬਾਨੀਆਂ ਵਿਚ ਨਾਮਧਾਰੀਆਂ ਦੀਆਂ ਕੁਰਬਾਨੀਆਂ ਗਿਣ ਲੈਣਾ, ਲੋੜ ਪੈਣ ਤੇ ਇਹਨਾਂ ਦੀਆਂ ਵੋਟਾਂ ਵੀ ਆਪਣੀਆਂ ਸਮਝ ਲੈਣੀਆਂ, ਲੋੜ ਪੈਣ ਤੇ ਐਸ ਜੀ ਪੀ ਸੀ ਦੀਆਂ ਮੈਂਬਰੀਆਂ ਨਾਲ ਵੀ ਨਿਵਾਜਣਾ ਅਤੇ ਲੋੜ ਪੈਣ ਤੇ ਨਾਮਧਾਰੀ ਇਬਾਦਤ ਕੇਂਦਰਾਂ ਵਿਚ ਸਜਦਾ ਕਰਨ ਵੀ ਜਾ ਪਹੁੰਚਣਾ ਇਹ ਸਭ ਸਿਆਸਤ ਵਿਚ ਆਮ ਹੁੰਦਾ ਰਿਹਾ ਹੈ। 
ਜਦੋਂ ਲੋੜ ਨਹੀਂ ਹੁੰਦੀ ਉਦੋਂ ਨਾਮਧਾਰੀਆਂ ਨੂੰ ਸਿੱਖ ਮੰਨਣ ਤੋਂ ਵੀ ਇਨਕਾਰੀ ਹੋ ਜਾਣਾ ਇਹ ਵੀ ਆਮ ਹੁੰਦਾ ਰਿਹਾ ਹੈ। ਸਿਆਸਤ ਵਿਚ ਇਹ ਸਭ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਹੁਣ ਟਾਕਰਾ ਉਸ ਅਸਥਾਨ ਦੇ ਜੱਥੇਦਾਰ ਨਾਲ ਹੈ ਜਿਹੜਾ ਮੀਰੀਪੀਰੀ ਵਾਲੀ ਥਾਂ ਤੇ ਸਿੰਘ ਸਾਹਿਬ ਵੱਜੋਂ ਬਿਰਾਜਮਾਨ ਹੈ। ਉਹ ਮਹਾਨ ਥਾਂ ਜਿਥੇ ਧਰਮ ਅਤੇ ਸਿਆਸਤ ਇੱਕ ਹੋ ਜਾਂਦੇ ਹਨ, ਜਿੱਥੇ ਪਹੁੰਚ ਕੇ  ਸਿਆਸਤ ਪੂਰੀ ਤਰ੍ਹਾਂ ਧਰਮ ਦੇ ਅਧੀਨ ਹੋ ਜਾਂਦੀ ਹੈ। 

ਇਸ ਵਾਰ ਹਥਿਆਰਾਂ ਦੀ ਟਰੇਨਿੰਗ ਤੋਂ ਲੈ ਕੇ ਧਰਮ ਪਰਿਵਰਤਨ ਤੱਕ ਦੇ ਮਾਮਲੇ ਉੱਠ ਖੜੋਏ ਹਨ। ਧਾਰਮਿਕ ਸੋਚ ਦੀ ਉੱਚਤਾ ਵਾਲੇ ਕੁਝ ਆਗੂ ਦੱਸਿਆ ਕਰਦੇ ਸਨ ਕਿ ਜੇ ਸ੍ਰੀ ਹਰਿਮੰਦਿਰ ਸਾਹਿਬ ਅੰਦਰ ਬੈਠੀਏ ਤਾਂ  ਉਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਨਜ਼ਰ ਨਹੀਂ ਆਉਂਦਾ। ਪਰ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੈਠੀਏ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਹੀ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਅੰਦਰ ਬੈਠ ਕੇ ਧਰਮ ਵਾਲਾ ਪਾਸ ਯਾਦ ਆਉਂਦਾ ਰਹੇ ਇਸਦਾ ਪ੍ਰਬੰਧ ਬੜੀ ਉਚੇਚ ਨਾਲ ਕੀਤਾ ਗਿਆ ਸੀ। ਉਸ ਵੇਲੇ ਦੇ  ਅਤੇ ਇੰਜੀਨੀਅਰਾਂ ਨੇ ਬਹੁਤ ਦਿਮਾਗ ਲਗਾਇਆ ਹੋਣਾ ਹੈ ਇਸ ਸਿਧਾਂਤ ਦੀ ਪਾਲਣਾ ਲਈ। ਇਸਦੇ ਬਾਵਜੂਦ ਸਿਆਸਤ ਵਾਲਿਆਂ ਨੇ ਆਪੋ ਆਪਣੀ ਸਿਆਸਤ ਦੇ ਫਾਇਦੇ ਲਈ ਨਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਣ ਤੋਂ ਗੁਰੇਜ਼ ਕੀਤਾ ਅਤੇ ਨਾ ਹੀ ਕਦੇ ਸ੍ਰੀ ਹਰਿਮੰਦਰ ਸਾਹਿਬ ਦੀ ਵਰਤੋਂ ਤੋਂ। ਕਿਸ ਨੂੰ ਸਿਰੋਪਾ ਦੇਣਾ ਹੈ, ਕਿਸ ਨੂੰ ਪ੍ਰਸਾਰਣ ਦੇ ਹੱਕ ਦੇਣੇ ਹਨ, ਕਿਸ ਨੂੰ ਸਨਮਾਨਿਤ ਕਰਨਾ ਹੈ--ਇਹ ਸਭ ਕੁਝ ਚਲਦਾ ਹੀ ਆ ਰਿਹਾ ਹੈ। ਕੌਣ ਰੋਕੇ? ਕੌਣ ਕਰੇ ਇਤਰਾਜ਼? ਸੁਣੇਗਾ ਵੀ ਕੌਣ?

ਹੁਣ ਨਾਮਧਾਰੀ ਮੈਦਾਨ ਵਿਚ ਆਏ ਹਨ ਜਿਹਨਾਂ ਨੂੰ ਪੰਥ ਵਾਲੇ ਸਮੂਹ ਸੰਗਠਨ ਅਤੇ ਬਹੁਤ ਸਾਰੇ ਵਿਅਕਤੀ ਅਤੇੱਗੂ ਵੀ ਸਿੰਘ ਤਾਂ ਦੂਰ ਸਿੱਖ ਵੀ ਨਹੀਂ ਮੰਨਦੇ। ਨਾਮਧਾਰੀਆਂ ਨੇ ਕੁਝ ਨੁਕਤਿਆਂ ਨੂੰ ਲੈ ਕੇ ਇਤਰਾਜ਼ ਕੀਤੇ ਹਨ। ਕੁਝ ਸੁਆਲ ਵੀ ਪੁਛੇ ਹਨ। ਘੱਲੂਘਾਰਾ ਦਿਵਸ (6 ਜੂਨ) ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਬਾਰੇ ਗੱਲ ਕਰਦਿਆਂ ਕਰਦਿਆਂ ਨਾਮਧਾਰੀ ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਸ਼ੁਕਰ ਹੈ ਜਥੇਦਾਰ ਜੀ ਨੂੰ ਅੱਜ ਯਾਦ ਤਾਂ ਆਇਆ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ ਵਿੱਚ ਈਸਾਈਅਤ ਫੈਲਾਈ ਜਾ ਰਹੀ ਹੈ ਅਤੇ ਪਿੰਡ-ਪਿੰਡ ਚਰਚਾਂ ਬਣ ਰਹੀਆਂ ਹਨl ਜ਼ਿਕਰਯੋਗ ਹੈ ਕਿ ਛੇ ਜੂਨ ਨੂੰ ਜੱਥੇਦਾਰ ਸਾਹਿਬ ਨੇ ਇਹਨਾਂ ਗੱਲਾਂ ਦਾ ਉਚੇਚ ਨਾਲ ਜ਼ਿਕਰ ਕੀਤਾ ਸੀ।

ਇਸ ਸਬੰਧੀ ਸੂਬਾ ਜੀ ਨੇ ਮਾਣਯੋਗ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਨਿਮਰਤਾ ਸਹਿਤ ਸਵਾਲ ਕਰਦਿਆਂ ਕਿਹਾ ਹੈ ਕਿ ਜਥੇਦਾਰ ਜੀ ਸਿੱਖ ਸੰਗਤਾਂ ਨੂੰ ਇਹ ਵੀ ਦੱਸਣ ਕਿ ਪੰਜਾਬ ਵਿਚ ਈਸਾਈਅਤ ਦਾ ਪ੍ਰਚਾਰ ਕੌਣ ਕਰਵਾ ਰਿਹਾ ਹੈ? ਸਿੱਖਾਂ ਨੂੰ ਕਮਜ਼ੋਰ ਕੌਣ ਕਰ ਰਿਹਾ ਹੈ? ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੇ ਈਸਾਈਅਤ ਨੂੰ ਰੋਕਣ ਲਈ ਹੁਣ ਤੱਕ ਕੀ ਕੀਤਾ ਹੈ? ਅਤੇ, ਅੱਗੋਂ ਕੀ ਕਰ ਰਹੇ ਹਨ? ਕਿ ਜਾਂ, ਸਿਰਫ ਘੱਲੂਘਾਰਾ ਦਿਵਸ ਮੌਕੇ ਸਿੱਖਾਂ ਨੂੰ ਭੜਕਾਉਣ ਵਾਸਤੇ, ਉਹਨਾਂ ਨੇ ਇਹ ਬਿਆਨ ਦੇ ਦਿੱਤਾ ਹੈ? 

ਸੂਬਾ ਅਮਰੀਕ ਸਿੰਘ ਹੁਰਾਂ ਨੇ ਜੱਥੇਦਾਰ ਜੀ ਦੇ ਭਾਸ਼ਣ ਦਾ ਜ਼ਿਕਰ ਕਰਦਿਆਂ ਜਥੇਦਾਰ ਜੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ “ਹੁਣ ਏ.ਸੀ. ਕਮਰਿਆਂ ਵਿੱਚੋਂ ਬਾਹਰ ਨਿਕਲਣ ਦਾ ਸਮਾਂ ਆ ਗਿਆ ਹੈ। ਘਰੋਂ ਨਿਕਲੋ ਅਤੇ ਸਰਹੱਦੀ ਪਿੰਡਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ।” ਜਿਸਦਾ ਉੱਤਰ ਦਿੰਦਿਆਂ ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਜਿੰਨਾਂ ਨਾਮਧਾਰੀਆਂ ਨੂੰ ਤੁਸੀਂ “ਸਿੱਖ” ਹੀ? ਨਹੀਂ ਮੰਨਦੇ, ਉਹ ਨਾਮਧਾਰੀ ਤਾਂ ਠਾਕੁਰ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਪਿਛਲੇ ਕਈ ਸਾਲਾਂ ਤੋਂ, ਆਪਣੇ ਏ.ਸੀ. ਵਾਲੇ ਕਮਰਿਆਂ ਨੂੰ ਛੱਡ ਘਰੋਂ ਬਾਹਰ ਨਿਕਲ ਕੇ, ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ, ਈਸਾਈਆਂ ਨਾਲ ਸਿੱਧੀ ਟੱਕਰ ਲੈ ਕੇ, ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਅਤੇ, ਧਰਮ ਪਰਿਵਰਤਨ ਕਰ ਚੁੱਕੇ ਪਰਿਵਾਰਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨੀ ਜੋੜ ਕੇ, ਸਿੱਖੀ ਵਿੱਚ ਵਾਪਿਸ ਲਿਆਉਣ ਦਾ ਆਪਣਾ ਫਰਜ਼, ਪਹਿਲਾਂ ਹੀ ਨਿਭਾ ਰਹੇ ਹਨ; ਤੁਸੀਂ ਆਪਣੇ ਏ.ਸੀ. ਵਾਲੇ ਕਮਰਿਆਂ ਵਿੱਚੋਂ ਕਦੋਂ ਬਾਹਰ ਆਉਣਾ ਹੈ? ਕਦੋਂ ਧਾਰਮਿਕ, ਸਮਾਜਿਕ ਅਤੇ ਆਰਥਿਕ ਤੌਰ ਉੱਤੇ ਕਮਜੋਰ ਹੋ ਚੁੱਕੇ ਆਪਣੇ ਸਿੱਖ ਪਰਿਵਾਰਾਂ ਨੂੰ ਸਾਂਭਣਾ ਸ਼ੁਰੂ ਕਰਨਾ ਹੈ? ਇਸ ਸਬੰਧੀ ਵੱਖਰੀਆਂ ਲਿਖਤਾਂ ਵਿਚ ਵੀ ਵੇਰਵਾ ਦਰਜ ਹੈ। 

ਉਹਨਾਂ ਨੇ ਅੱਗੇ ਕਿਹਾ ਕਿ ਅਜੇ ਵੀ ਸਮਾਂ ਹੈ। ਆਪਾਂ ਸਾਰੇ ਆਪਣੇ ਨਿੱਜੀ ਭੇਦ-ਭਾਵ ਭੁਲਾ ਕੇ ਈਸਾਈਆਂ ਦੇ ਖਿਲਾਫ ਇਕ-ਜੁੱਟ ਹੋਈਏ। ਅਤੇ, ਈਸਾਈ ਬਣ ਚੁੱਕੇ ਆਪਣੇ ਸਿੱਖ ਭੈਣ-ਭਰਾਵਾਂ ਦੀ, ਸਿੱਖ ਪੰਥ ਵਿੱਚ ਵਾਪਸੀ ਕਰਵਾਈਏ ਤਾਂਕਿ ਪੰਜਾਬ ਵਿੱਚ ਧੜੱਲੇ ਨਾਲ ਹੋ ਰਿਹਾ ਧਰਮ ਪਰਿਵਰਤਨ ਰੋਕਿਆ ਜਾ ਸਕੇ ਅਤੇ ਸਾਰੇ ਸੰਸਾਰ ਉੱਤੇ “ਸਤਿਗੁਰੂ ਨਾਨਕ ਰਾਜ” ਦਾ ਮੁੱਢ ਬੰਨਿਆ ਜਾ ਸਕੇ।

Monday, January 24, 2022

25 ਪਿੰਡਾਂ ਵਿੱਚ ਧਰਮ ਪਰਿਵਰਤਨ ਵਿਰੁੱਧ ਨਾਮਧਾਰੀਆਂ ਦੀ ਸਫਲ ਮੁਹਿੰਮ

24th January 2022 at 9:36 AM

ਹਜ਼ਾਰਾਂ ਨੂੰ ਸਿੱਖੀ ਵਿੱਚ ਵਾਪਿਸ ਲਿਆਂਦਾ ਇਸ ਮੁਹਿੰਮ ਨੇ 

ਹਿੰਦੀ ਵਿਚ ਦੋ ਕੁ ਲਾਈਨਾਂ ਦੀ ਕਵਿਤਾ ਵਰਗੀ ਇੱਕ ਪੋਸਟ ਬਹੁਤ ਪ੍ਰਸਿੱਧ ਹੋਈ ਸੀ। ਇਸਦਾ ਅਨੁਵਾਦ ਹੈ-ਭੁੱਖ ਤੋਂ ਵੱਡਾ ਮਜ਼ਹਬ ਅਤੇ ਰੋਟੀ ਤੋਂ ਵੱਡਾ ਰੱਬ ਹੋਵੇ ਤਾਂ ਦੱਸਣਾ-ਮੈਂ ਵੀ ਆਪਣਾ ਧਰਮ ਬਦਲਣਾ ਹੈ। ਕਬੀਰ ਜੀ ਦੀ ਬਾਣੀ ਦੀਆਂ ਮੁਢਲੀਆਂ ਤੁਕਾਂ ਹਨ-ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥ ਇਸਦੇ ਅਰਥ ਵਿਦਵਾਨਾਂ ਵੱਲੋਂ ਵੱਖ ਵੱਖ ਕੀਤੇ ਜਾ ਸਕਦੇ ਹਨ ਪਰ ਇਸ ਦੀ ਜ਼ਮੀਨੀ ਹਕੀਕਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਗੱਲਾਂ ਆਮ ਤੌਰ ਤੇ ਸਾਹਿਤ ਅਤੇ ਚਰਚਾ ਵਿਚ ਹੀ ਰਹਿ ਜਾਂਦੀਆਂ ਹਨ ਇਹਨਾਂ ਦੇ ਮਰਮ ਨੂੰ ਸਮਝਿਆ ਹੈ ਨਾਮਧਾਰੀਆਂ ਨੇ। ਇਸ ਭੇਦ ਨੂੰ ਸਮਝ ਕੇ ਹੀ ਨਾਮਧਾਰੀਆਂ ਨੇ ਘਟੋਘਟ 25 ਪਿੰਡਾਂ ਵਿੱਚ ਧਰਮ ਪਰਿਵਰਤਨ ਕਰ ਕੇ ਗਏ ਲੋਕਾਂਨ ਵਾਪਿਸ ਆਪਣੇ ਧਰਮ ਵਿਚ ਲਿਆਂਦਾ ਹੈ। ਕੌਮੀ ਪੱਧਰ ਤੇ ਧਰਮ ਪਰਿਵਰਤਨ ਰੋਕਣ ਲਈ ਵੀ ਠਾਕੁਰ ਦਲੀਪ ਸਿੰਘ ਜੀ ਦਾ ਸੁਨੇਹਾ ਹੈ-ਲੋਕਾਂ ਦੇ ਦੁੱਖ ਸਮਝੋ ਅਤੇ ਉਹਨਾਂ ਦੇ ਨਾਲ ਨੇੜਤਾ ਵਧਾਓ। --ਸੰਪਾਦਕ 


ਧਰਮਾਂਤਰਣ ਕਾਨੂੰਨ ਨਾਲ ਨਹੀਂ, ਆਪਣੀ ਸ਼ਕਤੀ ਨਾਲ ਰੁਕੇਗਾ

ਠਾਕੁਰ ਦਲੀਪ ਸਿੰਘ ਵੱਲੋਂ ਕਾਨੂੰਨ ਬਣਾਉਣ ਦੇ ਸਮਰਥਕਾਂ ਨੂੰ ਤਿੱਖੇ ਸੁਆਲ  

ਲੁਧਿਆਣਾ: 24 ਜਨਵਰੀ 2022: (ਪੰਜਾਬ ਸਕਰੀਨ ਬਿਊਰੋ):: 

ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਭਾਰਤ ਵਿੱਚ ਧੜਰਲੇ ਨਾਲ ਚੱਲ ਰਹੇ ਧਰਮ-ਪਰਿਵਰਤਨ ਨੂੰ ਰੋਕਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਭਾਰਤ ਦੀਆਂ ਕੁਝ ਸੰਸਥਾਵਾਂ ਕਾਨੂੰਨ ਦੀ ਸਹਾਇਤਾ ਨਾਲ ਧਰਮ-ਪਰਿਵਰਤਨ ਰੋਕਣ ਦੀ ਗੱਲ ਕਰਦੀਆਂ ਹਨ ਅਤੇ ਧਰਮ-ਪਰਿਵਰਤਨ ਰੋਕਣ ਲਈ ਨਵੇਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਸੀਂ "ਨਾਮਧਾਰੀ ਸਿੱਖ" ਉਹਨਾਂ ਸਾਰੀਆਂ ਸੰਸਥਾਵਾਂ ਨੂੰ ਨਿਮਰਤਾ ਸਹਿਤ ਪੁੱਛਦੇ ਹਾਂ ਕਿ ਜਿੰਨਾਂ ਲੋਕਾਂ ਨੇ ਅੱਜ ਤੱਕ ਧਰਮ ਪਰਿਵਰਤਨ ਕੀਤਾ ਹੈ, ਉਨ੍ਹਾਂ ਨੇ ਕਿਸ ਭਾਰਤੀ ਕਾਨੂੰਨ ਦੀ ਮਦਦ ਨਾਲ ਧਰਮ ਪਰਿਵਰਤਨ ਕੀਤਾ ਹੈ? ਜੇਕਰ ਵਿਦੇਸ਼ੀ ਧਰਮਾਂ ਦੇ ਲੋਕ, ਬਿਨਾਂ ਕਿਸੇ ਕਾਨੂੰਨੀ ਸਹਾਇਤਾ ਦੇ, ਸਾਡੇ ਦੇਸ਼ ਵਿੱਚ ਆ ਕੇ ਧਰਮ-ਪਰਿਵਰਤਨ ਕਰ ਸਕਦੇ ਹਨ; ਤਾਂ ਅਸੀਂ ਉਨ੍ਹਾਂ ਨੂੰ ਬਿਨਾਂ ਕਿਸੇ ਕਾਨੂੰਨੀ ਸਹਾਇਤਾ ਦੇ, ਆਪਣੇ ਹੀ ਦੇਸ਼ ਵਿੱਚ ਧਰਮ-ਪਰਿਵਰਤਨ ਕਰਨ ਤੋਂ ਕਿਉਂ ਨਹੀਂ ਰੋਕ ਸਕਦੇ? ਸਵਾਲ ਇਹ ਪੈਦਾ ਹੁੰਦਾ ਹੈ : ਕੀ ਅਸੀਂ ਸੱਚਮੁੱਚ ਧਰਮ-ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ ਜਾਂ ਅਸੀਂ ਸਿਰਫ ਗੱਲਾਂ ਹੀ ਕਰਨੀਆਂ ਹਨ?

ਅਸੀਂ "ਨਾਮਧਾਰੀ ਸਿੱਖਾਂ" ਨੇ, ਕਿਸੇ ਕਾਨੂੰਨ ਅਤੇ ਕਿਸੇ ਵੱਡੀ ਸੰਸਥਾ ਦੀ ਸਹਾਇਤਾ ਤੋਂ ਬਿਨਾਂ, ਇੱਕ ਸਾਲ ਦੇ ਅੰਦਰ-ਅੰਦਰ ਧਰਮ ਪਰਿਵਰਤਨ ਕੀਤੇ ਹੋਏ 25 ਪਿੰਡਾਂ ਵਿੱਚੋਂ, ਧਰਮ ਪਰਿਵਰਤਨ ਕਰਨ ਵਾਲਿਆਂ ਦਾ ਮੁਕੰਮਲ ਖਾਤਮਾ ਕੀਤਾ ਹੈ ਅਤੇ ਉਥੋਂ ਦੇ ਲੋਕਾਂ ਨੂੰ ਆਪਣੇ ਸਿੱਖੀ (ਭਾਰਤੀ ਧਰਮਾਂ) ਵਿੱਚ ਵਾਪਿਸ ਲਿਆਂਦਾ ਹੈ। ਉਹਨਾਂ ਦਾ ਆਪਣੇ ਸਿੱਖੀ (ਭਾਰਤੀ ਧਰਮਾਂ) ਵਿਚ ਵਿਸ਼ਵਾਸ ਦ੍ਰਿੜ ਕਰਾਇਆ ਹੈ। ਅਤੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਗੱਲ ਦਾ ਅਸੀਂ ਮੀਡੀਆ ਵਿੱਚ ਵੀ ਕੋਈ ਪ੍ਰਚਾਰ ਨਹੀਂ ਕੀਤਾ।

ਜੇਕਰ ਅਸੀਂ "ਨਾਮਧਾਰੀ ਸੰਪਰਦਾ" ਦੇ ਸਿੱਖ: ਬਿਨਾਂ ਕਿਸੇ ਕਾਨੂੰਨੀ ਸਹਾਇਤਾ ਅਤੇ ਕਿਸੇ ਵੱਡੀ ਸੰਸਥਾ ਦੀ ਸਹਾਇਤਾ ਤੋਂ ਬਿਨਾਂ; ਜ਼ਮੀਨੀ ਪੱਧਰ ਉੱਤੇ ਕੰਮ ਕਰਦੇ ਹੋਏ, 25 ਪਿੰਡਾਂ ਵਿੱਚ ਧਰਮ-ਪਰਿਵਰਤਨ ਕੀਤੇ ਲੋਕਾਂ ਨੂੰ ਵਾਪਿਸ ਲਿਆ ਸਕਦੇ ਹਾਂ ਅਤੇ ਧਰਮ ਪਰਿਵਰਤਨ ਰੋਕ ਸਕਦੇ ਹਾਂ; ਤਾਂ ਫਿਰ ਵੱਡੀਆਂ ਸੰਸਥਾਵਾਂ ਇਹ ਕੰਮ ਕਿਉਂ ਨਹੀਂ ਕਰ ਸਕਦੀਆਂ?

ਫੋਟੋ ਸਿੱਖ ਨੈਟ ਤੋਂ ਧੰਨਵਾਦ ਸਹਿਤ 
ਸੱਚਾਈ ਤਾਂ ਇਹ ਹੈ ਕਿ ਕਿਸੇ ਵੀ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਧਰਮ-ਪਰਿਵਰਤਨ ਕਰਨਾ ਬਹੁਤ ਜ਼ਰੂਰੀ ਹੈ। ਸਾਰੇ ਧਰਮਾਂ ਦਾ ਵਿਕਾਸ ਧਰਮ-ਪਰਿਵਰਤਨ ਨਾਲ ਹੀ ਹੋਇਆ ਹੈ। ਕਿਉਂਕਿ, ਹਰੇਕ ਧਰਮ ਦੇ ਵਿਕਾਸ ਦਾ ਇੱਕ ਹੀ ਉਪਾਅ ਹੈ ਅਤੇ ਉਹ ਹੈ – ਧਰਮ-ਪਰਿਵਰਤਨ (ਦੂਸਰਿਆਂ ਨੂੰ ਆਪਣੇ ਧਰਮ ਵਿੱਚ ਸ਼ਾਮਿਲ ਕਰਨਾ)।ਇਸ ਲਈ ਧਰਮ-ਪਰਿਵਰਤਨ ਜਰੂਰ ਹੋਣਾ ਚਾਹੀਦਾ ਹੈ; ਪਰੰਤੂ, ਸਾਡੇ ਦੇਸ਼ ਵਿੱਚ ਉਹ ਧਰਮ ਪਰਿਵਰਤਨ, ਭਾਰਤੀ ਧਰਮਾਂ ਦੁਆਰਾ ਹੋਣਾ ਚਾਹੀਦਾ ਹੈ ਨਾ ਕਿ ਵਿਦੇਸ਼ੀ ਧਰਮਾਂ ਦੁਆਰਾ। ਜੇਕਰ ਅਸੀਂ ਵਿਦੇਸ਼ੀ ਧਰਮਾਂ ਨਾਲ ਹੋਣ ਵਾਲੇ ਧਰਮ ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣਾ ਜ਼ਿਆਦਾਤਰ ਸਮਾਂ ਲੋਕਾਂ ਵਿੱਚ ਜਾ ਕੇ ਬਿਤਾਉਣਾ ਚਾਹੀਦਾ ਹੈ। ਮੰਦਰਾਂ, ਗੁਰਦੁਆਰਿਆਂ, ਆਸ਼ਰਮਾਂ ਅਤੇ ਡੇਰਿਆਂ ਆਦਿ ਸਾਰੇ ਧਰਮ ਅਸਥਾਨਾਂ ਵਿੱਚ ਬੈਠੇ ਹੋਏ ਸੰਤ-ਮਹਾਤਮਾ ਜੀ; ਆਪ ਲੋਕਾਂ ਵਿੱਚ ਜਾਕੇ ਉਹਨਾਂ ਨੂੰ ਮਿਲਣਾ ਸ਼ੁਰੂ ਕਰਨ ਅਤੇ ਆਪਣੇ ਸੇਵਕਾਂ ਨੂੰ ਵੀ ਪ੍ਰੇਰਣਾ ਦੇਣ ਕਿ ਲੋਕਾਂ ਨਾਲ ਪ੍ਰੇਮ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਨਾ ਸ਼ੁਰੂ ਕਰਨ। ਲੋਕਾਂ ਨਾਲ ਪਿਆਰ ਕਰਨ ਅਤੇ ਉਹਨਾਂ ਦੀ ਸੇਵਾ ਕਰਨ ਨਾਲ ਆਪਣੇ ਧਰਮ ਦਾ ਪ੍ਰਚਾਰ ਹੋਵੇਗਾ ਅਤੇ ਧਰਮ-ਪਰਿਵਰਤਨ ਆਪਣੇ ਆਪ ਬੰਦ ਹੋ ਜਾਵੇਗਾ।

ਹਰ ਧਾਰਮਿਕ ਅਸਥਾਨ, ਮੰਦਰ, ਗੁਰਦੁਆਰੇ ਆਦਿ ਵਿੱਚ ਚੰਗੇ ਸਕੂਲ (ਵਿਦਿਆਲਾ), ਡਿਸਪੈਂਸਰੀ , ਹਸਪਤਾਲ ਆਦਿ ਹੋਣੇ ਚਾਹੀਦੇ ਹਨ ਜੋ ਗਰੀਬਾਂ ਲਈ ਮੁਫਤ ਹੋਣ ਜਾਂ ਘੱਟ ਪੈਸੇ ਲੈਂਦੇ ਹੋਣ; ਇਸ ਦੇ ਨਾਲ ਵੀ ਲੋਕ ਧਰਮ ਪਰਿਵਰਤਨ ਕਰਨ ਤੋਂ ਰੁਕ ਜਾਣਗੇ। ਕਿਉਂਕਿ ਵਿਦੇਸ਼ੀਆਂ ਨੇ ਸਕੂਲ ਅਤੇ ਹਸਪਤਾਲ ਬਣਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਭਾਵ: ਵਿਦੇਸ਼ੀਆਂ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ, ਜੋ ਸਾਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਸਨ; ਪਰ ਅਸੀਂ ਪੂਰੀਆਂ ਨਹੀਂ ਕੀਤੀਆਂ। ਕਿਸੇ ਸਮੇਂ ਸਾਡੇ ਦੇਸ਼ ਵਿੱਚ ਵੀ ਹਰ ਧਾਰਮਿਕ ਸਥਾਨ ਦੇ ਨਾਲ ਵਿਦਿਆਲਾ (ਸਕੂਲ), ਔਸ਼ਧਾਲਯ  (ਹਸਪਤਾਲ) ਆਦਿ ਹੁੰਦੇ ਸਨ, ਪਰ ਅੱਜ ਉਹ ਨਹੀਂ ਹੋ ਰਹੇ ਅਤੇ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ।

ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਜੋ ਵੀ ਕੀਮਤੀ ਪੱਥਰ, ਕੀਮਤੀ ਚੰਦੋਏ, ਸੋਨਾ, ਚਾਂਦੀ ਆਦਿ ਚੜਾਏ ਜਾਂਦੇ  ਹਨ, ਉਹ ਸਾਰੀ ਮਾਇਆ; ਆਪਣੇ ਧਰਮ ਦੇ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੀ ਉੱਨਤੀ ਲਈ ਵਰਤੀ ਜਾਣੀ ਚਾਹੀਦੀ ਹੈ। ਕਿਉਂਕਿ, ਧਰਮ ਦਾ ਅਰਥ ‘ਪਿਆਰ, ਸੇਵਾ ਅਤੇ ਗਰੀਬਾਂ ਦੀ ਭਲਾਈ’ ਹੈ। ਜੇਕਰ ਮੰਦਰਾਂ-ਗੁਰਦੁਆਰਿਆਂ ਦਾ ਪੈਸਾ ਸਹੀ ਤਰੀਕੇ ਨਾਲ ਗ਼ਰੀਬਾਂ ਨੂੰ ਦਿੱਤਾ ਜਾਵੇ ਅਤੇ ਗਰੀਬਾਂ ਨਾਲ ਪਿਆਰ ਕੀਤਾ ਜਾਵੇ; ਤਾਂ ਧਰਮ-ਪਰਿਵਰਤਨ ਹੋ ਹੀ ਨਹੀਂ ਸਕਦਾ।

ਫੋਟੋ ਏਸ਼ੀਆ ਸਮਾਚਾਰ ਤੋਂ ਧੰਨਵਾਦ ਸਹਿਤ 
ਜਿੰਨਾ ਚਿਰ ਭਾਰਤ ਦੇ ਲੋਕ: ਆਕ੍ਰਾਮਕ ਸੋਚ, ਆਕ੍ਰਾਮਕ ਰਵੱਈਆ ਨਹੀਂ ਅਪਣਾਉਣਗੇ, ਆਕ੍ਰਮਕ ਹੋ ਕੇ ਕੰਮ ਨਹੀਂ ਕਰਨਗੇ; ਉਦੋਂ ਤੱਕ ਭਾਰਤ ਦੇਸ਼, ਭਾਰਤੀ ਸੱਭਿਅਤਾ ਅਤੇ ਭਾਰਤ ਦੇ ਧਰਮਾਂ ਦੀ ਰੱਖਿਆ ਕਰਨਾ ਅਸੰਭਵ ਹੈ। ਸਿਰਫ਼ ਆਕ੍ਰਮਣ ਕਰਨ ਵਾਲਾ ਹੀ ਸੁਰੱਖਿਅਤ ਰਹਿੰਦਾ ਹੈ। ਇਸ ਲਈ ਸਾਡੇ ਭਾਰਤੀਆਂ ਨੂੰ ਸੁਰੱਖਿਅਤ ਰਹਿਣ ਵਾਸਤੇ ਆਕ੍ਰਮਕ ਸੋਚ, ਰਵੱਈਆ ਅਤੇ ਕਾਰਜਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਤੋਂ ਬਿਨਾਂ ਸਾਨੂੰ ਸੁਰੱਖਿਆ ਨਹੀਂ ਮਿਲ ਸਕਦੀ। ਅਸੀਂ ਗੁਲਾਮ ਤਾਂ ਹੀ ਬਣੇ, ਕਿਉਂਕਿ ਅਸੀਂ ਕਿਸੇ ਨੂੰ ਗੁਲਾਮ ਨਹੀਂ ਬਣਾਇਆ। ਜੇ ਅਸੀਂ ਇੰਗਲੈਂਡ ਨੂੰ ਗੁਲਾਮ ਬਣਾਇਆ ਹੁੰਦਾ, ਤਾਂ ਉਹ ਸਾਨੂੰ ਗੁਲਾਮ ਨਾ ਬਣਾ ਸਕਦੇ।

ਜੇਕਰ ਅਸੀਂ ਭਾਰਤੀ, ਸੱਚੇ ਦਿਲੋਂ ਧਰਮ-ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਜੋ ਲੋਕ: ਸਾਡਾ ਧਰਮ ਪਰਿਵਰਤਨ ਕਰ ਰਹੇ ਹਨ; ਉਹਨਾਂ ਲੋਕਾਂ ਦਾ ਹੀ ਧਰਮ ਪਰਿਵਰਤਨ ਕਰਕੇ, ਉਨ੍ਹਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰ ਲਿਆ ਜਾਵੇ। ਜਦੋਂ ਧਰਮ ਪਰਿਵਰਤਨ ਕਰਨ ਵਾਲੇ ਲੋਕ ਹੀ ਸਾਡੇ ਧਰਮ ਵਿੱਚ ਸ਼ਾਮਲ ਹੋ ਜਾਣਗੇ, ਫਿਰ ਧਰਮ ਪਰਿਵਰਤਨ ਕਿਵੇਂ ਹੋਵੇਗਾ? ਪਰੰਤੂ, ਸਾਡੀ ਸੋਚ ਇੰਨੀ ਸੰਕੀਰਣ ਹੈ ਕਿ ਉਹ ਲੋਕ ਚਾਹੇ ਸਾਡੇ ਧਰਮ ਵਿਚ ਸ਼ਾਮਲ ਹੋਣਾ ਵੀ ਚਾਹੁਣ; ਅਸੀਂ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਨਹੀਂ ਕਰਦੇ। ਅਸੀਂ ਉਹਨਾਂ ਨੂੰ ਨਫ਼ਰਤ ਕਰਦੇ ਹਾਂ ਅਤੇ ਕਹਿੰਦੇ ਹਾਂ, "ਉਹ ਮਾੜੇ ਹਨ। ਉਹ ਸਾਡੇ ਧਰਮ ਵਿੱਚ ਸ਼ਾਮਲ ਨਹੀਂ ਹੋ ਸਕਦੇ।” 'ਮਾੜਾ' ਕਹਿਣ ਨਾਲ ਕਿਸੇ ਦਾ ਕੁਝ ਨਹੀਂ ਵਿਗੜਦਾ। ਪਰ, ਸਾਡੇ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਜਰੂਰ ਘੱਟ ਜਾਂਦੀ ਹੈ, ਵਧਦੀ ਨਹੀਂ। ਸਾਨੂੰ ਉਨ੍ਹਾਂ ਲੋਕਾਂ ਨਾਲ ਪਿਆਰ ਕਰਕੇ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਕੇ, ਉਨ੍ਹਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਕੇ ਅਤੇ ਉਹਨਾਂ ਨੂੰ ਸਮਾਨ ਦਰਜਾ ਦੇ ਕੇ, ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਸਾਡੇ ਭਾਰਤੀ ਧਰਮਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਕੇਵਲ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਲੀ ਸੋਚ ਦੀ ਕਮੀ ਹੈ। ਆਪਣੀ ਸੋਚ ਨੂੰ ਵਿਸ਼ਾਲ ਅਤੇ ਅਗਾਂਹਵਧੂ ਬਣਾ ਕੇ ਉਸ ਕਮੀ ਨੂੰ ਪੂਰਨ ਕਰੀਏ; ਬਿਨਾਂ ਕਿਸੇ ਕਾਨੂੰਨੀ ਮਦਦ ਦੇ, ਧਰਮ-ਪਰਿਵਰਤਨ ਆਪਣੇ ਆਪ ਬੰਦ ਹੋ ਜਾਵੇਗਾ।

ਪਿਆਰੇ ਸੱਜਣੋ! ਤੁਸੀਂ ਸਾਡੇ "ਨਾਮਧਾਰੀਆਂ" ਨਾਲੋਂ ਵੱਧ ਸ਼ਕਤੀਸ਼ਾਲੀ ਹੋ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹੋ, ਧਰਮ-ਪਰਿਵਰਤਨ ਰੋਕ ਸਕਦੇ ਹੋ ਅਤੇ ਪਰਿਵਰਤਿਤ ਹੋਏ  ਲੋਕਾਂ ਨੂੰ ਵਾਪਸ ਲਿਆ ਸਕਦੇ ਹੋ।

ਜੇਕਰ ਅਸੀਂ ਸੱਚਮੁੱਚ ਧਰਮ ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ; ਇਸ ਦੇ ਲਈ ਸਾਨੂੰ ਕਾਨੂੰਨੀ ਸਹਾਰੇ ਦੀ ਬਜਾਇ ਲੋਕਾਂ ਨਾਲ ਮੇਲਜੋਲ ਬਣਾਉਣਾ ਚਾਹੀਦਾ ਹੈ, ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਕਾਨੂੰਨ ਤਾਂ ਕਮਜ਼ੋਰਾਂ ਦੀ ਭਾਸ਼ਾ ਹੈ। ਸਾਨੂੰ ਕਾਨੂੰਨੀ ਸਹਾਇਤਾ ਦੀ ਬਜਾਇ ਆਪਣੀ ਤਾਕਤ ਅਤੇ ਬੁੱਧੀ ਨਾਲ ਕੰਮ ਕਰਨਾ ਚਾਹੀਦਾ ਹੈ। ਜੇਕਰ ਅਸੀਂ ਲੋਕਾਂ ਨਾਲ ਮੇਲਜੋਲ ਵਧਾਉਂਦੇ ਹਾਂ ਅਤੇ ਉਹਨਾਂ ਨਾਲ ਪਿਆਰ ਕਰਦੇ ਹਾਂ, ਤਾਂ ਮਾਨਵੀ-ਸ਼ਕਤੀ ਜੁੜਨ ਕਰਕੇ ਅਸੀਂ ਇੰਨੇ ਸ਼ਕਤੀਸ਼ਾਲੀ ਹੋ ਜਾਵਾਂਗੇ ਕਿ ਕਾਨੂੰਨ ਸਾਡੀ ਸਹਾਇਤਾ ਲਵੇਗਾ; ਸਾਨੂੰ ਕਾਨੂੰਨ ਦਾ ਸਹਾਰਾ ਲੈਣ ਦੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਧਰਮ-ਪਰਿਵਰਤਨ ਵੀ ਆਪਣੇ ਆਪ ਹੀ ਰੁਕ ਜਾਵੇਗਾ ਅਤੇ ਸਾਡੇ ਭਾਰਤੀ ਧਰਮ ਵਧਣ ਲੱਗ ਜਾਣਗੇ। ਆਓ ਆਪਾਂ ਸਾਰੇ ਮਿਲ ਕੇ ਆਪਣੇ ਭਾਰਤੀ ਧਰਮਾਂ ਨੂੰ ਵਧਾਈਏ! ਜਦੋਂ ਅਸੀਂ ਵੱਧਣਾ ਸ਼ੁਰੂ ਕਰ ਦਿਆਂਗੇ, ਤਾਂ ਘਟਣੋ ਆਪੇ ਰੁਕ ਜਾਵਾਂਗੇ ਅਤੇ ਦੂਸਰੇ ਧਰਮ ਵਧਣੋ ਰੁਕ ਜਾਣਗੇ।