Sunday, November 21, 2021

ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ ਦੇਸ਼ ਦਾ ਸਰਮਾਇਆ

ਮਹਿੰਗਾਈ ਲਈ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਜ਼ਿੰਮੇਵਾਰ


ਲੁਧਿਆਣਾ
: 21 ਨਵੰਬਰ 2021: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਪੰਜਾਬ ਬਚਾਓ ਸੰਯੁਕਤ ਮੋਰਚਾ ਦੀ ਲੁਧਿਆਣਾ ਇਕਾਈ ਵੱਲੋਂ  ਅੱਜ ਪੈਟਰੋਲ, ਗੈਸ ਡੀਜ਼ਲ, ਸਰ੍ਹੋਂ ਦਾ ਤੇਲ  ਅਤੇ  ਜ਼ਰੂਰੀ ਵਸਤਾਂ  ਦੀਆਂ ਵਧੀਆ ਬੇਤਹਾਸ਼ਾ ਕੀਮਤਾਂ ਦੇ ਖ਼ਿਲਾਫ਼  ਇੱਥੇ ਜਗਰਾਓਂ ਪੁਲ ਤੇ ਸਥਿਤ ਸ਼ਹੀਦਾਂ ਦੇ ਬੁੱਤ ਕੋਲ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ।  
ਬੁਲਾਰਿਆਂ ਨੇ ਕਿਹਾ ਕਿ ਇਤਿਹਾਸ ਵਿਚ ਕਦੀ ਵੀ ਇੰਨੀ ਜ਼ਿਆਦਾ ਮਹਿੰਗਾਈ ਏਨੀ ਤੇਜ਼ੀ ਨਾਲ ਨਹੀਂ ਵਧੀ। ਪੈਟਰੋਲ ਅਤੇ ਡੀਜ਼ਲ ਦੀ ਗੱਲ ਕਰਦਿਆਂ  ਬੁਲਾਰਿਆਂ ਨੇ ਕਿਹਾ ਕਿ ਜਦੋਂ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ ਤਾਂ ਸਾਡੇ ਦੇਸ਼ ਵਿੱਚ ਇਹ ਅਸਮਾਨ ਨੂੰ ਛੂਹ ਰਹੀਆਂ ਹਨ।  ਉਹਨਾਂ  ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਕਿ ਸਾਡੇ ਗੁਆਂਢੀ ਮੁਲਕਾਂ-ਪਾਕਿਸਤਾਨ, ਨੇਪਾਲ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚ ਸਾਡੇ ਨਾਲੋਂ ਸਸਤਾ ਡੀਜ਼ਲ ਅਤੇ ਪੈਟਰੋਲ  ਵਿਕ ਰਿਹਾ ਹੈ। 
ਖਾਣ ਵਾਲੇ ਤੇਲ ਅਤੇ ਦਾਲਾਂ ਦੀਆਂ ਕੀਮਤਾਂ ਬਾਰੇ ਬੁਲਾਰਿਆਂ ਨੇ ਕਿਹਾ ਕਿ ਇਹ ਵਪਾਰ ਅਡਾਨੀ ਅਤੇ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਹੱਥ ਆ ਗਿਆ ਹੈ  ਅਤੇ ਉਹ ਮਨ ਮਰਜ਼ੀ ਦੀਆਂ ਕੀਮਤਾਂ ਵਸੂਲ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਿਸਾਨ ਅੰਦੋਲਨ ਦੀ  ਜਿੱਤ ਹੈ। ਇਤਿਹਾਸ ਵਿੱਚ ਏਨਾ ਲੰਮਾ ਸ਼ਾਂਤਮਈ ਅੰਦੋਲਨ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਇਆ ਅਤੇ ਇਸ ਅੰਦੋਲਨ ਨੂੰ ਲੋਕਾਂ ਦਾ ਸਮਰਥਨ  ਪ੍ਰਾਪਤ ਹੈ ਇਸ ਕਰਕੇ ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਹੀ ਨਹੀਂ ਸਗੋਂ ਜਨ ਅੰਦੋਲਨ ਬਣ ਚੁੱਕਿਆ ਹੈ। 
ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਮੰਗਤ ਰਾਮ ਪਾਸਲਾ ਉਪ ਪ੍ਰਧਾਨ ਸੀ ਪੀ ਯੂ ਪੰਜਾਬ ਨੇ ਲੁਧਿਆਣਾ ਵਾਸੀਆਂ ਨੂੰ ਅਠਾਈ ਨਵੰਬਰ ਦੀ  ਕਾਰਪੋਰੇਟ ਭਜਾਓ-ਦੇਸ਼ ਬਚਾਓ-ਪੰਜਾਬ ਬਚਾਓ ਰੈਲੀ ਜੋ ਦਾਣਾ ਮੰਡੀ ਗਿੱਲ ਰੋਡ ਵਿਖੇ ਹੋ ਰਹੀ ਹੈ ਵਿੱਚ  ਪਹੁੰਚਣ ਦੀ ਅਪੀਲ ਕੀਤੀ। 
ਸੀਪੀਆਈ ਆਗੂ ਐੱਮ ਐੱਸ ਭਾਟੀਆ ਨੇ ਕਿਹਾ ਕਿ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਭਟਕਾਉਣ ਲਈ ਮੋਦੀ ਸਰਕਾਰ ਲਗਾਤਾਰ ਧਰਮ, ਜਾਤ ਪਾਤ ਜਾਂ ਇਲਾਕੇ ਦੇ ਨਾਂ ਤੇ  ਲੋਕਾਂ ਨੂੰ ਵੰਡ ਰਹੀ ਹੈ। ਜਿਨ੍ਹਾਂ  ਮੁੱਦਿਆ ਦਾ ਲੋਕਾਂ ਨਾਲ ਕੋਈ ਸਬੰਧ ਨਹੀਂ ਗੋਦੀ ਮੀਡੀਆ ਉਹਨਾਂ  ਤੇ ਦਿਨ ਰਾਤ ਬਹਿਸ ਕਰਾ ਕੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾ ਰਿਹਾ ਹੈ। 
ਅੱਜ ਦੇ ਇਸ ਪ੍ਰਦਰਸ਼ਨ ਵਿਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਜ਼ਿਆਦਾ ਸੀ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ  ਰਘਬੀਰ ਸਿੰਘ ਬੈਨੀਪਾਲ, ਜੈ ਪ੍ਰਕਾਸ਼ ਨਰਾਇਣ, ਪਰਮਜੀਤ ਸਿੰਘ, ਜਗਦੀਸ਼ ਚੰਦ,ਘਨਸ਼ਿਆਮ ਅਤੇ ਅਵਤਾਰ ਛਿੱਬੜ ਸ਼ਾਮਿਲ ਸਨ। ਇਸਤਰੀ ਸਭਾ ਵੱਲੋਂ ਕੁਲਵੰਤ ਕੌਰ,ਹਰਬੰਸ ਕੌਰ ਸ਼ੁਸ਼ਮਾ, ਪ੍ਰਿਆ ਅਤੇ ਵਿਦਿਆਰਥੀ ਆਗੂ ਗਗਨਦੀਪ ਕੌਰ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਟ੍ਰੇਡ ਯੂਨੀਅਨ ਆਗੂ ਬਲਰਾਮ ਸਿੰਘ ਅਤੇ ਸਰੋਜ ਵੀ ਇਸ ਮੌਕੇ ਸ਼ਾਮਲ ਸਨ। ਅਜੀਤ ਕੁਮਾਰ, ਸੁਦੇਸ਼ਵਰ ਤਿਵਾੜੀ ਅਤੇ ਅਨਿਲ ਵੀ ਹਾਜ਼ਰ ਰਹੇ।

No comments: