Tuesday, November 23, 2021

ਕਿਸਾਨ ਅੰਦੋਲਨ ਬਾਰੇ ਵਰਲਡ ਮੀਡੀਆ ਯੂ ਐਸ ਏ ਵੱਲੋਂ ਵਿਸ਼ੇਸ਼ ਪ੍ਰੋਗਰਾਮ

ਗੱਲਬਾਤ ਦੌਰਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕੀਤੇ ਅਹਿਮ ਪ੍ਰਗਟਾਵੇ

ਨੁਕਤੇ ਉਠਾਏ ਪੱਤਰਕਾਰ ਸੁਰਿੰਦਰ ਮਚਾਕੀ ਨੇ 


ਡੇਟ ਲਾਈਨ ਪੰਜਾਬ: 22 ਨਵੰਬਰ 2021: ਰਾਤ ਅਠ ਵਜੇ: (ਪੰਜਾਬ ਸਕਰੀਨ ਬਿਊਰੋ)::

ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਐਲਾਨ ਮਗਰੋਂ ਵੀ ਮੌਜੂਦਾ ਸਥਿਤੀ ਕੋਈ ਬਹੁਤੀ ਸੁਖਦ ਹੋਈ ਨਹੀਂ ਲੱਗਦੀ।  ਹੋਏ, ਭੰਗੜੇ ਵੀ  ,ਮਠਿਆਈਆਂ ਵੀ  ਗਈਆਂ, ਵਧਾਈਆਂ ਵੀ ਲਈਆਂ ਦਿੱਤੀਆਂ ਗਈਆਂ ਪਰ ਜਿਸ ਨੂੰ "ਜਿੱਤ" ਕਿਹਾ ਜਾਂਦਾ ਉਸ ਜਿੱਤ ਜਿੰਨੀਆਂ ਖੁਸ਼ੀਆਂ ਕਿਤੇ ਨਜ਼ਰ ਨਹੀਂ ਆਈਆਂ। ਅਜਿਹੀਆਂ ਖੁਸ਼ੀਆਂ ਭਾਜਪਾ ਦਫਤਰਾਂ ਦੇ ਬਾਹਰ ਜ਼ਿਆਦਾ ਸਨ। ਭਾਜਪਾ ਵਾਲਿਆਂ ਨੂੰ ਸ਼ਾਇਦ ਲੱਗਦਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਇਸ ਅਣਕਿਆਸੇ ਅਤੇ ਸਵੇਰੇ ਸਵੇਰੇ ਕੀਤੇ ਅਚਾਨਕ ਐਲਾਨ ਨੇ ਆਪੋਜੀਸ਼ਨ ਦੇ ਨਾਲ ਨਾਲ ਕਿਸਾਨਾਂ ਕੋਲੋਂ ਏਨਾ ਵੱਡਾ ਮੁਦਾ ਖੋਹ ਲਿਆ ਹੈ ਅਤੇ ਹੁਣ ਉਹਨਾਂ ਕੋਲ ਆਪਣੇ ਸੰਘਰਸ਼ਾਂ ਦਾ ਕੋਈ ਕਾਰਨ ਜਾਂ ਮੁੱਦਾ ਨਹੀਂ ਬਚਿਆ। ਇਹੀ ਹੁੰਦੀ ਹੈ ਸਿਆਸਤ। ਕਿਸਾਨਾਂ ਦੇ ਥਿੰਕ ਟੈਂਕ ਵੀ ਕਿਸੇ ਵੱਡੇ ਪ੍ਰਤੀਕਰਮ ਲਈ ਭਾਵੇਂ ਤੁਰੰਤ ਤਿਆਰ ਨਹੀਂ ਸਨ ਪਰ ਉਹਨਾਂ ਨੇ ਇਸ ਐਲਾਨ ਦੇ ਸਿੱਟੇ ਵੱਜੋਂ ਦਿੱਲੀ ਦੇ ਬਾਰਡਰ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ।

ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ 

ਕਿਸਾਨ ਮੋਰਚੇ ਦਾ ਦਿੱਲੀ  ਵਾਲੇ ਬਾਰਡਰਾਂ ਤੇ ਧਰਨਾ ਜਾਰੀ ਹੈ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹਨਾਂ ਕਾਨੂੰਨਾਂ ਨੂੰ ਸੰਸਦ ਵਿੱਚ ਰੱਦ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਵੀ ਭੰਬਲਭੂਸੇ ਵਾਲੀ ਸਥਿਤੀ ਹੈ। ਅਸਲ ਵਿੱਚ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵੇਲੇ ਵੀ ਸੱਤਾ ਧਿਰ ਨੇ ਬੇਹੱਦ ਜਲਦਬਾਜ਼ੀ ਤੋਂ ਕੰਮ ਲਿਆ ਸੀ। ਭਾਜਪਾ ਆਗੂ ਕਲਰਾਜ ਮਿਸ਼ਰ ਦਾ ਇਹ ਕਹਿਣਾ ਕਿ ਇਹਨਾਂ ਕਾਨੂੰਨਾਂ ਦਾ ਕੀ ਹੈ ਅਸੀਂ ਬਾਅਦ ਵਿੱਚ ਵੀ ਲਾਗੂ ਕਰ ਸਕਦੇ ਹਾਂ। ਜੁਆਬੀ ਤੌਰ ਤੇ ਕਿਸਾਨ ਆਗੂਆਂ ਦਾ ਕਹਿਣਾ ਕਿ ਫਿਰ ਧਰਨੇ ਅਤੇ ਮੋਰਚੇ ਵੀ ਇਸੇ ਤਰ੍ਹਾਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਬਣ ਕੇ ਲੱਗ ਸਕਦੇ ਹਨ। ਕੁਲ ਮਿਲਾ ਸਥਿਤੀ ਬੜੀ ਬੇਵਸਾਹੀ ਵਾਲੀ ਜਾਪਦੀ ਹੈ। ਅੰਦੋਲਨਕਾਰੀਆਂ ਨੂੰ ਪ੍ਰਧਾਨਮੰਤਰੀ ਦੇ ਨਾ ਤਾਂ ਟਵੀਟ ਵਾਲੇ ਬਿਆਨ ਤੇ ਯਕੀਨ ਹੈ ਅਤੇ ਨਾ ਹੀ ਵੀਡੀਓ ਵਾਲੇ ਬਿਆਨ ਤੇ। 

ਗੋਦੀ ਮੀਡੀਆ ਦੀ ਇੱਕ ਐਂਕਰ ਕਿਸਾਨ ਆਗੂਆਂ ਨੂੰ ਇਹ ਆਖਦਿਆਂ ਵੀ ਸੁਣੀ ਗਈ ਕਿ ਪ੍ਰਧਾਨਮੰਤਰੀ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਿਆਨ ਨਾਲ ਕਿਸਾਨ ਆਗੂ ਨਿਹੱਥੇ ਹੋ ਗਏ ਹਨ। ਇਸ ਕਿਸਮ ਦੀਆਂ ਸਾਰੀਆਂ ਗੱਲਾਂ ਮਾਹੌਲ ਨੂੰ ਸਹਿਜ ਹੋਣ ਦੇ ਰਸਤੇ ਵਿੱਚ ਰੁਕਾਵਟ ਹੀ ਬਣ ਰਹੀਆਂ ਹਨ। ਇਸ ਬੇਹੱਦ ਨਾਜ਼ੁਕ ਅਤੇ ਤਰਲਤਾ ਵਰਗੀ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਹੈ ਉੱਘੇ ਟੀਵੀ ਹੋਸਟ ਸੁਰਿੰਦਰ ਮਚਾਕੀ ਹੁਰਾਂ ਨੇ ਆਪਣੇ ਸ਼ੋਅ ਦੌਰਾਨ। 

ਵਰਲਡ ਮੀਡੀਆ ਯੂ ਐਸ ਏ ਤੋਂ ਪ੍ਰਸਾਰਿਤ ਇਸ ਖਾਸ ਪ੍ਰੋਗਰਾਮ ਵਿੱਚ ਬੜੇ ਹੀ ਦਿਲਚਸਪ ਸੁਆਲ ਪੁਛੇ ਖੁਦ ਸ਼੍ਰੀ ਮਚਾਕੀ ਹੁਰਾਂ ਨੇ ਅਤੇ ਇਹਨਾਂ ਤਿੱਖੇ ਸੁਆਲਾਂ ਦੇ ਤਿੱਖੇ ਜੁਆਬ ਦਿੱਤੇ 32 ਕਿਸਾਨ ਆਗੂਆਂ ਵਿੱਚੋਂ ਇੱਕ ਸਰਗਰਮ ਆਗੂ ਰਾਜਿੰਦਰ ਦੀਪ ਸਿੰਘ ਵਾਲਾ ਨੇ। ਪੱਤਰਕਾਰ ਰੈਕਟਰ ਕਥੂਰੀਆ ਵੀ ਇਸ ਗੱਲਬਾਤ ਵਿੱਚ ਸ਼ਾਮਲ ਰਹੇ। 

ਇਸ ਗੱਲਬਾਤ ਦੌਰਾਨ ਕਈ ਮੁੱਦੇ ਵਿਚਾਰੇ ਗਏ ਅਤੇ ਕਈ ਨੁਕਤਿਆਂ ਤੇ ਗੱਲਬਾਤ ਹੋਈ। ਇਹ ਪਹਿਲੂ ਵੀ ਉਭਰ ਕੇ ਸਾਹਮਣੇ ਆਇਆ ਕਿ ਇਸ ਕਿਸਾਨ ਮੋਰਚੇ ਨੇ ਬਹੁਤ ਸਾਰੀਆਂ ਪੀੜਤਾਂ ਪਾਈਆਂ ਹਨ ,ਬਹੁਤ ਸਾਰੇ ਮਿੱਥ ਤੋੜੇ ਹਨ। ਗੋਦੀ ਮੀਡੀਆ ਦੇ ਹੰਕਾਰ ਨੂੰ ਤੋੜਦਿਆਂ ਇਸ ਕਿਸਾਨ ਅੰਦੋਲਨ ਦੌਰਾਨ ਹੀ ਸੋਸ਼ਲ ਮੀਡੀਆ ਬਦਲਵੇਂ ਅਤੇ ਮਜ਼ਬੂਤ ਮੰਚ ਵੱਜੋਂ ਸਾਹਮਣੇ ਆਇਆ ਹੈ। ਲੋਕ ਪੱਖੀ ਅਤੇ ਸੱਤਾ ਪੱਖੀ ਮੀਡੀਆ ਵਿਚਾਲੇ ਲਕੀਰ ਗੂਹੜੀ ਹੋਈ ਹੈ। ਮੀਡੀਆ ਨਾਲ ਸਬੰਧਤ ਬਹੁਤ ਸਾਰੇ ਨਵੇਂ ਚੇਹਰੇ ਸਾਹਮਣੇ ਆਏ ਹਨ। ਬਹੁਤ ਸਾਰੇ ਪੁਰਾਣੇ ਚੇਹਰੇ ਪਣੇ ਤਜਰਬਿਆਂ ਦੀ ਧਾਰ ਨੂੰ ਹੋਰ ਤਿੱਖੀ ਕਰ ਕੇ ਨਿੱਤਰੇ ਹਨ। ਤਕਨੀਕੀ ਤੌਰ ਤੇ ਵੀ ਨਵੇਂ ਰੰਗ ਰੂਪ ਸਾਹਮਣੇ ਆਏ ਹਨ। ਬਹੁ ਗਿਣਤੀ ਲੋਕਾਂ ਨੇ ਤਾਂ ਰਵਾਇਤੀ ਮੀਡੀਆ ਦੇ ਵੱਡੇ ਹਿੱਸੇ ਟੀਵੀ ਚੈਨਲਾਂ ਨੂੰ ਦੇਖਣਾ ਬੇਹੱਦ ਘਟਾ ਦਿੱਤਾ ਹੈ ਜਾਂ ਬਿੱਲਕੁਲ ਹੀ ਬੰਦ ਕਰ ਦਿੱਤਾ। ਰਾਣਾ ਅਯੂਬ, ਆਰਿਫਾ ਖ਼ਾਨਮ ਸ਼ੇਰਵਾਨੀ, ਅਜੀਤ ਅੰਜੁਮ, ਬਰਖਾ ਦੱਤ, ਰਵੀਸ਼ ਕੁਮਾਰ ਸ਼ਿਆਮ ਮੀਰਾ ਸਿੰਘ ਅਤੇ ਯਾਦਵਿੰਦਰ ਕਰਫਿਊ ਦੀ ਲੋਕਪ੍ਰਿਯਤਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਰਵੀਸ਼ ਕੁਮਾਰ ਦੇ ਸ਼ੋਅ ਨੂੰ ਤਾਂ ਰਾਤ ਵੇਲੇ ਲੋਕਾਂ ਨੇ ਇੰਝ ਦੇਖਿਆ ਜਿਵੇਂ ਕਦੇ ਲੋਕ ਰਮਾਇਣ/ਮਹਾਂਭਾਰਤ ਦੇ ਸ਼ੋਅ ਨੂੰ ਦੇਖਿਆ ਕਰਦੇ ਸਨ।

ਆਖਿਰ ਕਿਓਂ ਕੀਤਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ?ਇਸ ਬਾਰੇ ਆਰਿਫਾ ਖਾਨਮ ਸ਼ੇਰਵਾਨੀ ਨੇ ਵੀ ਚਰਚਾ ਕੀਤੀ ਹੈ "ਦ ਵਾਇਰ" ਦੇ ਮੰਚ ਤੋਂ। ਕੁਲ  ਮਿਲਾ ਕੇ ਅਜੇ ਬਹੁਤ ਕੁਝ ਬਾਕੀ ਹੈ ਜਿਸਦਾ ਨਿਤਾਰਾ ਅਜੇ ਹੋਣਾ ਹੈ। ਇਹ ਨਿਤਾਰਾ ਜਾਗਰੂਕ ਮੀਡੀਆ ਹੀ ਕਰ ਰਿਹਾ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਬਣੀ ਹੋਇਆ ਹੈ। 

No comments: