29th July 2021 at 4:42 PM
ਇਸ ਨਾਲ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਕੋਲ ਹੋਣਗੇ
ਪੀ.ਏ.ਯੂ. ਨੇ ਪੱਕੇ ਗੁੰਬਦ ਵਾਲੇ ਪੀ.ਏ.ਯੂ. ਜਨਤਾ ਮਾਡਲ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਇੱਕ ਸਮਝੌਤਾ ਕੀਤਾ ਹੈ। ਇਹ ਸਮਝੌਤਾ ਸਨੀ ਇੰਜਨੀਅਰਿੰਗ ਵਰਕਸ, ਸੀ-5556, ਫੋਕਲ ਪੁਆਇੰਟ ਨਾਲ ਕੀਤਾ ਗਿਆ ਹੈ। ਇਸ ਤਕਨੀਕ ਨਾਲ ਬਣਾਇਆ ਬਾਇਓਗੈਸ ਪਲਾਂਟ ਹਰ ਰੋਜ਼ 25 ਮੀਟਰਿਕ ਕਿਊਬ ਤੋਂ ਲੈ ਕੇ 500 ਮੀਟਰਿਕ ਕਿਊਬ ਪ੍ਰਤੀ ਦਿਨ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਨਾਲ ਲੈਸ ਹੈ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸੰਬੰਧਿਤ ਫਰਮ ਦੇ ਨੁਮਾਇੰਦੇ ਨਾਲ ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ। ਇਸ ਸਮਝੌਤੇ ਮੁਤਾਬਿਕ ਇਸ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਕੋਲ ਹੋਣਗੇ।
ਡਾ. ਐੱਸ ਐੱਸ ਸੂਚ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਪਲਾਂਟ ਦੀ ਉਸਾਰੀ ਇੱਟਾਂ ਨਾਲ ਕੀਤੀ ਜਾ ਸਕਦੀ ਹੈ । ਇਹ ਢਾਂਚਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਰਤੋਂ ਲਈ ਢੁੱਕਵਾਂ ਹੈ । ਇਸ ਤਰਾਂ ਬਣਾਏ ਬਾਇਓਗੈਸ ਪਲਾਂਟ ਦਾ ਖਰਚਾ ਰਵਾਇਤੀ ਪਲਾਂਟਾਂ ਦੇ ਮੁਕਾਬਲੇ ਕਾਫੀ ਘੱਟ ਹੈ ਅਤੇ ਇਸ ਦੀ ਮੁਰੰਮਤ ਉੱਪਰ ਖਰਚ ਵੀ ਘੱਟ ਆਉਂਦਾ ਹੈ । ਇਸ ਪਲਾਂਟ ਦੀ ਮਿਆਦ ਵੀ ਤਕਰੀਬਨ 25 ਸਾਲ ਹੈ ਅਤੇ ਇਹ ਸਾਰਾ ਢਾਂਚਾ ਜ਼ਮੀਨ ਹੇਠ ਹੁੰਦਾ ਹੈ।
ਡਾ. ਰਾਜਨ ਅਗਰਵਾਲ ਨੇ ਇਸ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਧੀ ਰਾਹੀਂ ਗੈਸ ਬਨਾਉਣ ਲਈ ਪਸ਼ੂਆਂ ਦਾ ਗੋਹਾ ਅਤੇ ਪੋਲਟਰੀ ਫਾਰਮ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਤਰਾਂ ਨਾ ਸਿਰਫ ਬਿਹਤਰ ਮਿਆਰ ਦੀ ਖਾਣਾ ਬਨਾਉਣ ਵਾਲੀ ਗੈਸ ਬਲਕਿ ਊਰਜਾ ਵੀ ਪੈਦਾ ਕੀਤੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਖਾਣਾ ਬਨਾਉਣ ਵਾਲੀ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਇਸ ਵਿਧੀ ਰਾਹੀਂ ਪੇਂਡੂ ਖੇਤਰਾਂ ਨੂੰ ਮਿਆਰੀ ਬਦਲ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਬਾਗਬਾਨੀ ਅਤੇ ਭੋਜਨ ਵਿਗਿਆਨ ਸੰਬੰਧੀ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਖੋਜ ਕੁਦਰਤੀ ਸਰੋਤ ਡਾ. ਪੀ ਪੀ ਐੱਸ ਪੰਨੂ, ਡੀਨ ਬਾਗਬਾਨੀ ਕਾਲਜ ਡਾ. ਐੱਮ ਆਈ ਐੱਸ ਗਿੱਲ ਅਤੇ ਡਾ. ਅਮਰਜੀਤ ਕੌਰ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਅਤੇ ਡਾ. ਸਰਬਜੀਤ ਸਿੰਘ ਸੂਚ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ।
ਇਸ ਮੌਕੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਡਾ. ਊਸ਼ਾ ਨਾਰਾ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 67 ਤਕਨੀਕਾਂ ਦੇ ਪਸਾਰ ਲਈ 265 ਸੰਧੀਆਂ ਕੀਤੀਆਂ ਹਨ।
No comments:
Post a Comment