Saturday, June 26, 2021

ਮੁਹਾਲੀ ਵਿੱਚ ਬੈਰੀਕੇਡ ਤੋੜ ਕੇ ਚੰਡੀਗੜ੍ਹ ਵਿੱਚ ਦਾਖਿਲ ਹੋਏ ਕਿਸਾਨ

Saturday: 26th June 2021 at 9:10 PM

ਸਰਗਰਮ ਪੱਤਰਕਾਰ ਗੁਰਜੀਤ ਬਿੱਲਾ ਦੀ ਖਾਸ ਰਿਪੋਰਟ 

ਡੀ ਸੀ ਨੇ ਖੁਦ ਪਹੁੰਚ ਕੇ ਲਿਆ ਮੰਗ ਪੱਤਰ

ਮੋਹਾਲੀ ਤੋਂ ਚੰਡੀਗੜ੍ਹ ਤੱਕ ਕਿਸਾਨ ਮਾਰਚ ਦੀ ਮੁੰਹ ਬੋਲਦਿਆਂ ਤਸਵੀਰਾਂ


ਮੋਹਾਲੀ: 26 ਜੂਨ 2021:(ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ਮੌਕੇ ਕਿਸਾਨਾਂ ਵਲੋਂ ਚੰਡੀਗੜ੍ਹ ਪਹੁੰਚ ਕੇ ਗਵਰਨਰ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਵਲੋਂ ਕੀਤੀਆਂ ਗਈਆਂ ਸਾਰੀਆਂ ਤਿਆਰੀਆਂ ਵਿਚਾਲੇ ਹੀ ਰਹਿ ਗਈਆਂ ਅਤੇ ਕਿਸਾਨ ਚੰਡੀਗੜ੍ਹ ਪੁਲੀਸ ਦੇ ਬੈਰੀਕੇਡ ਤੋੜ ਕੇ ਨਾ ਸਿਰਫ ਚੰਡੀਗੜ੍ਹ ਵਿੱਚ ਦਾਖਿਲ ਹੋ ਗਏ ਬਲਕਿ ਲਗਾਤਾਰ ਅੱਗੇ ਵੱਧਦੇ ਹੋਏ ਸੈਕਟਰ 8 ਤੱਕ ਪਹੁੰਚ ਗਏ। ਹਾਲਾਤ ਕਾਬੂ ਤੋਂ ਬਾਹਰ ਹੋਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਅਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਖੁਦ ਪ੍ਰਦਰਸ਼ਨਕਾਰੀ ਕਿਸਾਨਾਂ ਕੋਲ ਪਹੁੰਚ ਕੇ ਉਨ੍ਹਾਂ ਤੋਂ ਮੰਗ ਪੱਤਰ ਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ।

ਕਿਸਾਨਾਂ ਵਲੋਂ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਅੱਜ ਸਵੇਰ ਤੋਂ ਹੀ ਕਿਸਾਨ ਸਥਾਨਕ ਫੇਜ਼ 8 ਵਿਚਲੇ ਗੁਰਦੁਆਰਾ ਅੰਬ ਸਾਹਿਬ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਦੁਪਹਿਰ ਇੱਕ ਵਜੇ ਤੱਕ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚ ਗਏ ਸਨ।ਕਿਸਾਨਾਂ ਵਲੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਉਹ ਰਾਜਪਾਲ ਨੂੰ  ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਸ਼ਾਂਤੀਪੂਰਵਕ ਮਾਰਚ ਕਰਨਗੇ ਅਤੇ ਜੇਕਰ ਪੁਲੀਸ ਨੇ ਉਹਨਾਂ ਨੂੰ  ਰੋਕਿਆ ਤਾਂ ਉਹ ਉੱਥੇ ਹੀ ਰੁਕ ਜਾਣਗੇ ਪਰੰਤੂ ਜਦੋਂ ਕਿਸਾਨ ਵਾਈ ਪੀ ਐਸ ਚੌਂਕ ਪਾਰ ਕਰਕੇ ਚੰਡੀਗੜ੍ਹ ਵੱਲ ਵਧੇ ਤਾਂ ਉੱਥੇ ਉਹਨਾਂ ਦੀ ਚੰਡੀਗੜ੍ਹ ਪੁਲੀਸ ਨਾਲ ਜੋਰ ਅਜ਼ਮਾਈਸ਼ ਹੋਈ ਜਿਸਤੋਂ ਬਾਅਦ ਚੰਡੀਗੜ੍ਹ ਪੁਲੀਸ ਵਲੋਂ ਵਾਟਰ ਕੈਨਨ ਦੀ ਮਦਦ ਨਾਲ ਕਿਸਾਨਾਂ ਤੇ ਪਾਣੀ ਦੀਆਂ ਬੌਛਾਰਾਂ ਸੁੱਟੀਆਂ ਗਈਆਂ ਜਿਸ ਕਾਰਨ ਕਈ ਕਿਸਾਨਾਂ ਦੀਆਂ ਪੱਗਾਂ ਲਹਿ ਗਈਆਂ। ਇਸ ਦੌਰਾਨ ਕਿਸਾਨਾਂ ਵਲੋਂ ਰੋਹ ਵਿੱਚ ਆ ਕੇ ਆਪਣੇ ਟ੍ਰੈਕਟਰ ਅੱਗੇ ਵਧਾਉਂਦਿਆਂ ਪੁਲੀਸ ਵਲੋਂ ਲਗਾਏ ਗਏ ਬੈਰੀਕੇਡ ਤੋੜ ਦਿੱਤੇ ਗਏ ਅਤੇ ਫਿਰ ਕਿਸਾਨ ਵਾਟਰ ਕੈਨਨ ਗੱਡੀ ਤੇ ਚੜ੍ਹ ਗਏ ਅਤੇ ਉਹਨਾਂ ਨੇ ਪਾਣੀ ਬੰਦ ਕਰ ਦਿੱਤਾ। ਇਸ ਦੌਰਾਨ ਉੱਥੇ ਖੜ੍ਹੇ ਪਾਣੀ ਦੇ ਟੈਂਕਰ ਦੀ ਵੀ ਪਾਈਪ ਤੋੜ ਦਿੱਤੀ ਗਈ ਜਿਸ ਕਾਰਨ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ। ਤੇਜ਼ੀ ਨਾਲ ਵਾਪਰੇ ਇਸ ਘਟਨਾਚੱਕਰ ਦੌਰਾਨ ਚੰਡੀਗੜ੍ਹ ਪੁਲੀਸ ਸਿਰਫ  ਦੇਖਦੀ ਹੀ ਰਹਿ ਗਈ ਅਤੇ ਇਸ ਤੋਂ ਪਹਿਲਾਂ ਕਿ ਚੰਡੀਗੜ੍ਹ ਪੁਲੀਸ ਕੁੱਝ ਕਰ ਪਾਉਂਦੀ, ਕਿਸਾਨ ਚੰਡੀਗੜ੍ਹ ਵਿੱਚ ਦਾਖਿਲ ਹੋ ਗਏ ਅਤੇ ਸੈਕਟਰ 44 ਵੱਲ ਵੱਧ ਗਏ, ਜਿੱਥੋਂ ਅੱਗੇ ਵੱਧਦੇ ਹੋਏ ਉਹ ਪਹਿਲਾਂ ਸੈਕਟਰ 34 ਅਤੇ ਫਿਰ ਸੈਕਟਰ 17 ਨੂੰ  ਪਾਰ ਕਰਕੇ ਸੈਕਟਰ 8 ਤਕ ਚਲੇ ਗਏ।

ਹਾਲਾਤ ਕਾਬੂ ਤੋਂ ਬਾਹਰ ਹੋ ਜਾਣ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ  ਭਾਜੜਾਂ ਪੈ ਗਈਆਂ ਅਤੇ ਤੁਰਤ ਫੁਰਤ ਵਿੱਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸਰਦਾਰ ਮਨਦੀਪ ਸਿੰਘ ਨੇ ਕਿਸਾਨਾਂ ਕੋਲ ਪਹੁੰਚ ਕੇ ਉਹਨਾਂ ਦਾ ਮੰਗ ਪੱਤਰ ਹਾਸਿਲ ਕੀਤਾ ਜਿਸਤੋਂ ਬਾਅਦ ਕਿਸਾਨਾਂ ਵਲੋਂ ਮਾਰਚ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ  ਅਪੀਲ ਕੀਤੀ ਕਿ ਰਾਜਪਾਲ ਨੂੰ  ਮੰਗ ਪੱਤਰ ਦਿੱਤਾ ਜਾ ਚੁੱਕਿਆ ਹੈ ਇਸ ਲਈ ਹੁਣ ਸਾਰੇ ਘਰ ਪਰਤ ਜਾਣ।

ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਜਾਣਬੁੱਝ ਕੇ ਕਿਸਾਨਾਂ ਨੂੰ  ਉਕਸਾਇਆ। ਉਹਨਾਂ ਕਿਹਾ ਕਿ ਜਦੋਂ ਕਿਸਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਸੀ ਕਿ ਉਹਨਾਂ ਦਾ ਮਾਰਚ ਸ਼ਾਤੀਪੂਰਨ ਰਹੇਗਾ ਫਿਰ ਚੰਡੀਗੜ੍ਹ ਪੁਲੀਸ ਨੇ ਪਾਣੀ ਦੀਆਂ ਬੁਛਾਰਾਂ ਕਿਉਂ ਸੁੱਟੀਆਂ। ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡੀ ਰੈਲੀ ਸ਼ਾਂਤੀਪੂਰਨ ਚੱਲ ਰਹੀ ਸੀ। ਵਾਈ ਪੀ ਐਸ ਚੌਕ ਤੋਂ ਅੱਗੇ ਗੀਤਾ ਭਵਨ ਮੰਦਰ ਕੋਲ ਚੰਡੀਗੜ੍ਹ ਪੁਲੀਸ ਨੇ ਅਚਾਨਕ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਰੈਲੀ ਦੌਰਾਨ ਕਈ ਵੱਡੇ ਆਗੂ ਕਿਸਾਨਾਂ ਤੋਂ ਪਿੱਛੇ ਚੱਲ ਰਹੇ ਸਨ। ਉਹਨਾਂ ਸਵਾਲ ਕੀਤਾ ਕਿ ਕਿਸਾਨਾਂ ਦੇ ਚੰਡੀਗੜ੍ਹ ਬਾਰਡਰ ਪਹੁੰਚਣ ਤੇ ਚੰਡੀਗੜ੍ਹ ਪੁਲੀਸ ਜਾਂ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਥਾਂ ਸਿੱਧੇ ਕਾਰਵਾਈ ਕਿਉਂ ਸ਼ੁਰੂ ਕਰ ਦਿੱਤੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਵਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ  ਚੰਡੀਗੜ੍ਹ ਵਿੱਚ  ਦਾਖ਼ਲ ਨਹੀਂ ਹੋਣ ਦੇਣਾ ਸੀ ਤਾਂ ਬਾਰਡਰ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਗੱਲ ਕਰਨ ਲਈ ਕਿਉਂ ਨਹੀਂ ਸਨ। ਉਹਨਾਂ ਕਿਹਾ ਕਿ ਸਾਡੀਆਂ ਪੱਗਾਂ ਲਾਹੀਆਂ ਗਈਆਂ ਹਨ।

ਇਸਤੋਂ ਪਹਿਲਾਂ ਕਿਸਾਨਾਂ ਨੂੰ  ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਬਲਬੀਰ ਸਿੰਘ ਰਾਜੇਵਾਲ ਰੁਲਦੂ ਸਿੰਘ ਮਾਨਸਾ, ਸਤਨਾਮ ਸਿੰਘ ਬਹਿਰੂ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਗ਼ੈਰ-ਸੰਵਿਧਾਨਕ ਤੌਰ ਤੇ ਪਾਸ ਕੀਤੇ ਗਏ ਖੇਤੀ ਕਾਨੂੰਨ ਸੂਬੇ ਦੇ ਅਧਿਕਾਰਾਂ ਵਿੱਚ ਸਿੱਧਾ ਦਖ਼ਲ ਹੈ। ਬੁਲਾਰਿਆਂ ਨੇ ਕਿਹਾ ਕਿ ਚਾਹੇ ਸੰਘਰਸ਼ 2024 ਤਕ ਜਾਂ ਫਿਰ ਜੀਵਨ ਭਰ ਚੱਲੇ ਪਰ ਅੰਦੋਲਨ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਖਤਮ ਹੋਵੇਗਾ। ਕੇਂਦਰ ਚਾਹੇ ਕਿਸਾਨਾਂ ਨੂੰ  ਗੋਲੀ ਮਾਰੇ ਜਾਂ ਫਿਰ ਜੇਲ੍ਹਾਂ ਵਿੱਚ ਬੰਦ ਕਰੇ। ਇਸ ਮੌਕੇ ਸ੍ਰ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਨੀਂਹ ਪੰਜਾਬ ਵਿੱਚ ਰੱਖੀ ਗਈ ਪਰ ਹੁਣ ਇਹ ਵਿਸ਼ਵ ਭਰ ਵਿਚ ਫੈਲ ਚੁੱਕਾ ਹੈ ਜਿਹੜੇ ਲੋਕ ਖੇਤੀ ਕਾਨੂੰਨਾਂ ਨੂੰ  ਠੀਕ ਕਹਿ ਰਹੇ ਹਨ, ਉਹ ਆਪਣੇ ਬੱਚਿਆਂ ਦੇ ਆਗਾਮੀ ਭਵਿੱਖ ਦੇ ਨਾਲ ਧੋਖਾ ਕਰ ਰਹੇ ਹਨ ਅਤੇ ਬਾਅਦ ਵਿਚ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ  ਕੋਸਣਗੀਆਂ। 

No comments: