ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਵੱਲੋਂ ਵਿਸ਼ੇਸ਼ ਉਪਰਾਲਾ
ਲੁਧਿਆਣਾ: 26 ਜੂਨ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸੱਤਾ ਧਿਰ ਵਾਲੇ ਉਹਨਾਂ ਕਿਸਾਨਾਂ ਨੂੰ ਵੀ ਅੰਦੋਲਨਜੀਵੀ ਆਖਦੇ ਹਨ ਜਿਹਨਾਂ ਨੇ ਦਿਨ ਰਾਤ ਇੱਕ ਕਰ ਕੇ ਸਦੀਆਂ ਤੋਂ ਦੇਸ਼ ਅਤੇ ਦੁਨੀਆ ਦਾ ਢਿੱਡ ਭਰਿਆ ਹੈ। ਉਹੀ ਕਿਸਾਨ ਜਿਸ ਨੂੰ ਕਦੇ ਅੰਨਦਾਤਾ ਆਖਿਆ ਜਾਂਦਾ ਸੀ ਹੁਣ ਸ਼ੱਕ ਭਰੇ ਸੰਬੋਧਨਾਂ ਨਾਲ ਬੁਲਾਇਆ ਜਾ ਰਿਹਾ ਹੈ। ਇਸ ਗੱਲ ਤੋਂ ਤਾਂ ਸੱਤਾ ਧਿਰ ਉੱਕਾ ਈ ਨਿਰਲੇਪ ਹੈ ਕਿ ਕਿੰਨੇ ਕਿਸਾਨ ਇਸ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ ਅਤੇ ਕਿੰਨਿਆਂ ਕੁ ਨੂੰ ਸਿਹਤ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਸਰਕਾਰਾਂ ਦੀ ਇਸ ਬੇਰੁਖੀ ਦੇ ਬਾਵਜੂਦ ਜਿਹੜੇ ਮਨੁੱਖਵਾਦੀ ਲੋਕ ਇਹਨਾਂ ਦੀ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਸਾਰ ਲੈਂਦੇ ਹਨ ਉਹਨਾਂ ਵਿੱਚ ਇੱਕ ਹਨ ਡਾਕਟਰ ਅਰੁਣ ਮਿੱਤਰਾ। ਡਾਕਟਰ ਅਰੁਣ ਮਿੱਤਰਾ ਹਰ ਵਾਰ ਆਈ ਡੀ ਪੀ ਡੀ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਜਾਂਦੇ ਹਨ ਅਤੇ ਉੱਥੇ ਪਹੁੰਚ ਕੇ ਆਪਣਾ ਕੈਂਪ ਲਾਉਂਦੇ ਹਨ। ਇਸ ਕੈਂਪ ਵਿੱਚ ਉਹਨਾਂ ਸਾਰੇ ਕਿਸਾਨਾਂ ਦੀ ਸਿਹਤ ਬਾਰੇ ਲੁੜੀਂਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਿਹੜੇ ਕਿਸਾਨ ਆਪਣੇ ਘਰ ਘਾਟ ਛੱਡ ਕੇ ਇਸ ਅੰਦੋਲਨ ਵਿੱਚ ਆਏ ਹੁੰਦੇ ਹਨ। ਇਹਨਾਂ ਕਿਸਾਨਾਂ ਨੂੰ ਦਵਾਈਆਂ ਵੀ ਡਾਕਟਰਾਂ ਦੀ ਇਹ ਟੀਮ ਕੋਲੋਂ ਹੀ ਦੇਂਦੀ ਹੈ। ਇਸ ਵਾਰ ਘੱਟ ਸੁਣਨ ਦੀ ਸਮੱਸਿਆ ਹੱਲ ਕਰਨ ਲਈ ਕੰਨਾਂ ਵਾਲੀਆਂ ਮਸ਼ੀਨਾਂ ਵੀ ਬਿਲਕੁਲ ਮੁਫ਼ਤ ਵੰਡੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕੰਨਾਂ ਵਾਲੀ ਸਸਤੀ ਤੋਂ ਸਸਤੀ ਮਸ਼ੀਨ ਵੀ ਕੁਝ ਹਜ਼ਾਰ ਤੋਂ ਘੱਟ। ਜਦੋਂ ਸਰਕਾਰਾਂ ਇਹਨਾਂ ਅੰਨਦਾਤਾ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਚਲਾ ਰਹੀਆਂ ਹੋਣ ਅਤੇ ਲਾਠੀ ਚਾਰਜ ਕਰ ਰਹੀਆਂ ਹੋਣ ਉਦੋਂ ਡਾਕਟਰ ਮਿੱਤਰਾ ਅਤੇ ਇਹਨਾਂ ਦੀ ਟੀਮ ਇੱਕ ਬਿਲਕੁਲ ਵੱਖਰਾ ਮਨੁੱਖੀ ਇਤਿਹਾਸ ਸਿਰਜ ਰਹੀ ਹੈ। ਭਾਈ ਘਣਈਆ ਵਾਲੇ ਰਾਹ ਤੇ ਚੱਲਦਿਆਂ ਇਸ ਟੀਮ ਨੇ ਦੁਨੀਆ ਸਾਹਮਣੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਅੰਦੋਲਨਕਰ ਰਹੇ ਕਿਸਾਨਾਂ ਦੇ ਨਾਲ ਇਕਮੁੱਠਤਾ ਜ਼ਾਹਰ ਕਰਨ ਦੇ ਮਕਸਦ ਨਾਲ ਇੰਡੀਅਨ ਡਾਕਟਰਜ਼ ਫਾਰਪੀਸ ਐਂਡ ਡਿਵੈਲਪਮੈਂਟ ਦੀ ਟੀਮ ਵੱਲੋਂ ਟੀਕਰੀ ਬਾਰਡਰ ਤੇ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਦੀ ਜਾਂਚ ਵੀ ਕੀਤੀ ਗਈ। ਲੋੜਵੰਦਾਂ ਨੂੰ ਮੁਫ਼ਤ ਸੁਣਨ ਦੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ. ਇਹ ਉੱਦਮ ਡਾਸਵੈ ਮਾਨ ਜੋ ਕਿ ਅਮਰੀਕਾ ਦੇ ਡਾਕਟਰ ਹਨ ਦੀ ਸੰਸਥਾ ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ ਦੇ ਨਾਲ ਮਿਲਕੇ ਪਿੰਡ ਕੈਲੀਫੋਰਨੀਆ ਨਵਾਂ ਬੱਸ ਅੱਡਾ ਬਹਾਦਰਗੜ੍ਹ ਵਿਖੇ ਲਗਾਇਆ ਗਿਆ।ਇਸ ਮੈਡੀਕਲ ਟੀਮ ਦੀ ਅਗਵਾਈ ਕਰ ਰਹੇ ਡਾ ਅਰੁਣਮਿੱਤਰਾ ਜੋ ਕਿ ਖ਼ੁਦ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂਦੇ ਸਰਜਨ ਹਨ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਲਗਾਤਾਰ ਅਨੇਕਾਂ ਵਾਰ ਜਨਰਲ ਮੈਡੀਕਲ ਕੈਂਪ ਲਗਾ ਚੁੱਕੀ ਹੈ ਅਤੇ ਹੁਣ ਇਹ ਦੂਜੀ ਵਾਰ ਹੈ ਕਿ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਬਾਰੇ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿਚ ਰੋਗੀਆਂ ਦੀ ਜਾਂਚ ਕੀਤੀ ਗਈ ਅਤੇ 50 ਲੋੜਵੰਦਾਂ ਨੂੰ ਬਕਾਇਦਾ ਮਸ਼ੀਨਾਂ ਰਾਹੀਂ ਜਾਂਚ ਕਰਕੇ ਸੁਣਨ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਨਾਲ ਹੀ ਮੈਡੀਕਲ ਟੀਮ ਨੇ ਲੋਕਾਂ ਨੂੰ ਸਿਹਤ ਸੰਭਾਲ ਲਈ ਖਾਸ ਤੌਰ ਤੇ ਨੱਕ ਕੰਨ ਗਲੇ ਦੀਆਂ ਬਿਮਾਰੀਆਂ ਅਤੇ ਗਰਮੀਆਂ ਦੇ ਮੌਸਮ ਵਿੱਚ ਹੋਣ ਵਾਲੇ ਰੋਗਾਂ ਤੋਂਬਚਾਅ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਟੀਮ ਵਿੱਚ ਡਾ. ਮਿੱਤਰਾ ਤੋਂ ਇਲਾਵਾ ਡਾ. ਜਸਵਿੰਦਰ ਸਿੰਘ ਸਰੋਏ ਕੁਲਦੀਪ ਸਿੰਘ ਬਿੰਦਰ ਅਤੇ ਅਨੋਦ ਕੁਮਾਰ ਸ਼ਾਮਲ ਸਨ। ਡਾ.ਮਿੱਤਰਾ ਨੇ ਦੱਸਿਆ ਕਿ ਹੁਣ ਉਹ ਵੱਖ ਵੱਖ ਰੋਗਾਂ ਦੇ ਮਾਹਰਾਂ ਦੀਆਂ ਟੀਮਾਂ ਲਿਆ ਕੇ ਇੱਥੇ ਕੈਂਪ ਲਗਾਉਣ ਦੀ ਵਿਉਂਤ ਵੀ ਬਣਾ ਰਹੇ ਹਨ।
ਨਿਸਚੇ ਹੀ ਇਸ ਟੀਮ ਵਿੱਚ ਹੋਰ ਡਾਕਟਰ ਵੀ ਸ਼ਾਮਲ ਕੀਤੇ ਜਾਣਗੇ ਅਤੇ ਦਵਾਈਆਂ ਦੀ ਤਦਾਦ ਵੀ ਵਧੇਗੀ। ਤੁਸੀਂ ਕਦੇ ਸੋਚਿਆ ਹੈ ਕਿ ਧਰਮਾਂ, ਸਿਆਸਤਾਂ ਅਤੇ ਜਾਤਾਂ ਪਾਤਾਂ ਤੋਂ ਉੱਪਰ ਉੱਥੇ ਕੇ ਡਾਕਟਰ ਮਿੱਤਰਾ ਦੀ ਟੀਮ ਜੋ ਕੁਝ ਵੀ ਕਰ ਰਹੀ ਹੈ ਉਸ ਵਿੱਚ ਤੁਸੀਂ ਵੀ ਕੁਝ ਹਿੱਸਾ ਪਾਇਆ ਹੈ ਜਾਂ ਨਹੀਂ? ਭਾਈ ਘਣਈਆ ਜੀ ਵਾਲੇ ਰਾਹ ਤੇ ਤੁਰਨਾ ਹਰ ਉਸ ਵਿਅਕਤੀ ਦਾ ਮੁਢਲਾ ਫਰਜ਼ ਬਣਦਾ ਹੈ ਜਿਹੜਾ ਮਨੁੱਖਤਾ ਨੂੰ ਪ੍ਰਣਾਇਆ ਹੋਇਆ ਹੈ। ਡਾਕਟਰ ਅਰੁਣ ਮਿੱਤਰਾ ਨੂੰ ਇਸ ਮਿਸ਼ਨ ਵਿੱਚ ਸਹਿਯੋਗ ਕਰਨ ਲਈ ਉਹਨਾਂ ਦਾ ਮੋਬਾਈਲ ਫੋਨ ਵਾਲਾ ਸੰਪਰਕ ਨੰਬਰ ਹੈ: 9417000360
No comments:
Post a Comment