Friday, June 18, 2021

ਆਸਾਰਾਮ ਨੂੰ ਫਿਰ ਸੁਪਰੀਮ ਕੋਰਟ ਤੋਂ ਲੱਗਿਆ ਵੱਡਾ ਝਟਕਾ

Friday 18th June 2021 at 6:46 PM

ਜ਼ਮਾਨਤ ਦੀ ਸੁਣਵਾਈ ਹੋਈ ਮੁਲਤਵੀ

ਨਵੀਂ ਦਿੱਲੀ: 18 ਜੂਨ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਜਿਨਸੀ ਸ਼ੋਸ਼ਣ ਦੇ ਕੇਸ ਵਿਚ ਮੌਤ ਹੋਣ ਤਕ ਉਮਰ ਕੈਦ ਦੀ ਸਜ਼ਾ
ਕੱਟ ਰਹੇ ਆਸਾਰਾਮ ਨੂੰ ਜੇਲ੍ਹ ਤੋਂ ਬਾਹਰ ਆਉਣ ਵਾਲੀ ਉਹਨਾਂ ਦੀ ਉਮੀਦ ਨੂੰ ਵੱਡਾ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਵਿਚ ਸ਼ੁੱਕਰਵਾਰ ਨੂੰ ਉਸ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅਗਲੇ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ।  ਅੱਜ ਰਾਜ ਸਰਕਾਰ ਨੇ ਉਸ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ। ਸੁਪਰੀਮ ਕੋਰਟ ਦੇ ਡਿਵੀਜ਼ਨ ਬੈਂਚ ਨੇ ਜੁਲਾਈ ਵਿੱਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਮਾਮਲੇ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ।
ਇਥੇ ਜ਼ਿਕਰਯੋਗ ਹੈ ਕਿ ਆਸਾਰਾਮ ਵੱਲੋਂ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਅੰਤ੍ਰਿਮ ਜ਼ਮਾਨਤ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਮੁਕੇਸ਼ ਕੁਮਾਰ ਸ਼ਾਹ ਦੀ ਡਿਵੀਜ਼ਨ ਬੈਂਚ ਕੋਲ ਸੁਣਵਾਈ ਹੋਈ ਸੀ। ਸੁਣਵਾਈ ਸ਼ੁਰੂ ਹੁੰਦੇ ਸਾਰ ਹੀ ਜੱਜ ਸ਼ਾਹ ਨੇ ਆਸਾਰਾਮ ਦੇ ਵਕੀਲ ਸਿਧਾਰਥ ਲੂਥਰਾ ਨੂੰ ਕਿਹਾ ਕਿ ਤੁਸੀਂ ਪਿਛਲੀ ਸੁਣਵਾਈ ਵਿੱਚ ਪੇਸ਼ ਨਹੀਂ ਹੋਏ। ਤੁਹਾਡੇ ਲਈ ਸੁਪਰੀਮ ਕੋਰਟ ਦੀ ਸੁਣਵਾਈ ਨੂੰ ਛੱਡ ਕੇ ਕੋਲਕਾਤਾ ਹਾਈ ਕੋਰਟ ਵਿਚ ਜਾਣਾ ਮਹੱਤਵਪੂਰਨ ਸੀ, ਸੁਪਰੀਮ ਕੋਰਟ ਅੰਦਰ ਮੌਜੂਦਗੀ ਤੁਹਾਡੇ ਲਈ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।  
ਇਸ ਤੋਂ ਬਾਅਦ ਲੂਥਰਾ ਨੇ ਕਿਹਾ ਕਿ ਆਸਾਰਾਮ ਦੀ ਸਿਹਤ ਬਹੁਤ ਖਰਾਬ ਹੈ ਅਤੇ ਉਹ ਹਸਪਤਾਲ ਵਿਚ ਦਾਖਲ ਹਨ।  ਅਜਿਹੀ ਸਥਿਤੀ ਵਿੱਚ ਸੁਣਵਾਈ ਅਗਲੇ ਹਫ਼ਤੇ ਤੱਕ ਮੁਲਤਵੀ ਕੀਤੀ ਜਾਣੀ ਚਾਹੀਦੀ ਹੈ।  ਮੈਂ ਉਸਦੀ ਮੈਡੀਕਲ ਰਿਪੋਰਟ ਮੰਗੀ ਹੈ।  ਰਾਜ ਸਰਕਾਰ ਨੂੰ ਵੀ ਆਪਣੀ ਨਵੀਂ ਡਾਕਟਰੀ ਰਿਪੋਰਟ ਪੇਸ਼ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਰਾਜ ਸਰਕਾਰ ਦੇ ਵਕੀਲ ਡਾ: ਮਨੀਸ਼ ਸਿੰਘਵੀ ਨੇ ਕਿਹਾ ਕਿ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਹੁਣ ਅਰਥਹੀਣ ਹੈ। ਉਹ ਹਸਪਤਾਲ ਵਿੱਚ ਭਰਤੀ ਹੈ ਅਤੇ ਗੰਭੀਰ ਹੈ।  ਅਜਿਹੀ ਸਥਿਤੀ ਵਿੱਚ, ਉਸਨੂੰ ਆਯੁਰਵੈਦ ਨਾਲ ਇਲਾਜ ਲਈ ਉਤਰਾਖੰਡ ਭੇਜਿਆ ਜਾਣਾ ਸੰਭਵ ਨਹੀਂ ਹੋਵੇਗਾ।  ਉਨ੍ਹਾਂ ਕਿਹਾ ਕਿ ਤਾਜ਼ਾ ਸਥਿਤੀ ਦੇ ਮੱਦੇਨਜ਼ਰ ਆਸਾਰਾਮ ਨੂੰ ਇੱਕ ਵਾਰ ਫਿਰ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਨੀ ਚਾਹੀਦੀ ਹੈ।
ਇਸ ਤੋਂ ਬਾਅਦ ਜੱਜ ਸ਼ਾਹ ਨੇ ਲੂਥਰਾ ਨੂੰ ਪੁੱਛਿਆ ਕਿ ਕੀ ਤੁਸੀਂ ਆਪਣੀ ਪਟੀਸ਼ਨ ਵਾਪਸ ਲੈ ਰਹੇ ਹੋ?  ਤੁਹਾਡੇ ਲਈ ਉੱਚਿਤ ਹੋਵੇਗਾ ਕਿ ਤੁਸੀਂ ਹਾਈ ਕੋਰਟ ਵਿਚ ਨਵੀਂ ਪਟੀਸ਼ਨ ਦਾਇਰ ਕਰੋ । ਇਸ 'ਤੇ ਲੂਥਰਾ ਨੇ ਕਿਹਾ ਕਿ ਉਹ ਇਸ ਆਧਾਰ' ਤੇ ਹਾਈ ਕੋਰਟ ਗਏ ਸਨ, ਪਰ ਸਾਡੀ ਪਟੀਸ਼ਨ ਰੱਦ ਕਰ ਦਿੱਤੀ ਗਈ।  ਇਸ ਦੇ ਨਾਲ ਜਸਟਿਸ ਇੰਦਰਾ ਬੈਨਰਜੀ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਅਤੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਏਗੀ।
ਇਸੇ ਦੌਰਾਨ ਆਸਾਰਾਮ ਆਸ਼ਰਮ ਵੱਲੋਂ ਆਪਣੀ ਵੈਬਸਾਈਟ ਤੇ ਕਿਹਾ ਗਿਆ ਹੈ ਕਿ ਉਹਨਾਂ ਦੇ ਪੈਰੋਕਾਰ ਉਹਨਾਂ ਦੀ ਜਲਦੀ ਰਿਹੈ ਅਤੇ ਜ਼ੰਦਰੁਸਤੀ ਲਈ ਜਪ ਪ੍ਰਾਰਥਨਾ ਸੰਕਲਪ ਜ਼ਰੂਰ ਕਰਨ। ਆਸ਼ਰਮ ਨੇ ਆਪਣੇ ਪ੍ਰਚਾਰ ਪ੍ਰਸਾਰ ਦੀਆਂ ਸਰਗਰਮੀਆਂ ਹੋਰ ਵਧ ਦਿੱਤੀਆਂ ਹਨ. ਵਟਸਐਪ ਅਤੇ ਟੈਲੀਗ੍ਰਾਮ ਵਰਗੇ ਸੰਚਾਰ ਮਾਧਿਅਮਾਂ ਤੇ ਬਣਾਏ ਗਰੁੱਪਾਂ ਨੂੰ ਵੀ ਸਰਗਰਮ ਕੀਤਾ ਗਿਆ ਹੈ। 
ਆਸ਼ਰਮ ਦਾ ਇਹ ਵੀ ਕਹਿਣਾ ਹੈ ਕਿ ਵੈਕੇਸ਼ਨ ਬੈਂਚ ਜੂਨ ਦੇ ਅਖੀਰ ਤਕ ਰਹੇਗੀ ਇਸ ਲਈ ਦੀ ਤਾਰੀਖ ਬਾਅਦ ਵਿੱਚ ਹੀ ਪਤਾ ਲੱਗੇਗੀ। 

No comments: