Friday, June 18, 2021

ਔਰਤਾਂ ਦੇ ਸ਼ਕਤੀਕਰਣ ਵਿੱਚ ਨਾਮਧਾਰੀ ਸਮਾਜ ਦੀਆਂ ਪਹਿਲਕਦਮੀਆਂ

Friday 18th June 2021 at 5:55 PM

ਕਈ ਖੇਤਰਾਂ ਵਿੱਚ ਪਰਤੱਖ ਮਿਸਾਲਾਂ ਪੇਸ਼ ਕੀਤੀਆਂ 


ਅੰਮ੍ਰਿਤਸਰ
: 18 ਜੂਨ 2021: (*ਹਰਕੀਰਤ ਕੌਰ//ਪੰਜਾਬ ਸਕਰੀਨ)::
ਅੱਜ ਦੇ ਸਮੇਂ ਅਸੀ ਸਾਰੇ ਔਰਤਾਂ ਦੇ ਸਸ਼ਕਤੀਕਰਣ ਦੀ ਗੱਲ ਕਰਦੇ ਹਾਂ ਅਤੇ ਔਰਤਾਂ ਨੂੰ  ਉੱਚਾ ਸਥਾਨ ਦੇਣ ਦਾ ਵਾਅਦਾ ਕਰਦੇ ਹਾਂ। ਪਰ ਅਕਸਰ ਇਹ ਵਾਅਦੇ ਸਿਰਫ ਗੱਲਾਂ ਵਿੱਚ ਹੀ ਰਹੀ ਜਾਂਦੇ ਹਨ। ਦੂਜੇ ਪਾਸੇ ਨਾਮਧਾਰੀ ਸਮਾਜ ਨੇ ਗੱਲਾਂ ਕਰਨ ਦੀ ਬਜਾਏ ਕਈ ਖੇਤਰਾਂ ਵਿੱਚ ਇਸ ਸਸ਼ਕਤੀਕਰਨ ਨੂੰ ਅਮਲੀ ਰੂਪ ਦਿੱਤਾ ਹੈ। ਇਸ ਤਰ੍ਹਾਂ ਦੀਆਂ ਮਿਸਾਲਾਂ ਨਾਮਧਾਰੀ ਸਮਾਜ ਨੇ ਸਾਡੇ ਸਾਹਮਣੇ ਰੱਖੀਆਂ ਹਨ। ਅਜਿਹੇ ਉਪਰਾਲਿਆਂ ਨਾਲ ਵਾਸਤਵਿਕ ਰੂਪ ਵਿੱਚ ਔਰਤਾਂ ਨੂੰ ਉੱਚਾ ਦਰਜਾ ਅਤੇ ਸਨਮਾਨ ਮਿਲੇਗਾ। ਨਾਮਧਾਰੀ ਸਿੱਖਾਂ ਨੇ ਸਮਾਜ ਦੇ ਹਰੇਕ ਖੇਤਰ ਵਿੱਚ ਔਰਤਾਂ ਦੀ ਸਰਗਰਮ ਭਾਗੀਦਾਰੀ, ਸਰਬਉਚ ਸਥਾਨ ਅਤੇ ਸਨਮਾਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦੇ ਅੰਤਰਗਤ ਪੁਰਖ ਪ੍ਰਧਾਨ ਖੇਤਰਾਂ ਦੇ ਵਿੱਚ ਵੀ ਔਰਤਾਂ ਦਾ ਪ੍ਰਵੇਸ਼ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। 
ਅਪ੍ਰੈਲ 2021 ਵਿੱਚ ਨਾਮਧਾਰੀ ਸਮਾਜ ਦੇ ਮੁੱਖੀ ਸਤਿਗੁਰੂ ਦਲੀਪ ਸਿੰਘ ਜੀ ਨੇ ਇੱਕ ਅਨੋਖੀ ਪਹਿਲ ਕੀਤੀ, ਜਿਸ ਵਿੱਚ ਉਹਨਾਂ  ਨੇ ਪੁਰਨ ਰੂਪ ਵਿੱਚ ਨਾਮਧਾਰੀ ਸਿੰਘਣੀਆ ਨੂੰ ਪੁਰਸ਼ਾਂ ਦੇ ਬਰਾਬਰ ਬੈਠਣ, ਪਾਠ ਕਰਨ, ਮੰਚ ਸੰਚਾਲਨ, ਅਰਦਾਸ, ਅੰਮ੍ਰਿਤਪਾਨ, ਹਵਨ ਯੱਗ ਆਦਿ ਇਹੋ ਜਿਹੇ ਕਈ ਕਾਰਜਾਂ ਵਿੱਚ  ਉੱਚ ਸਥਾਨ ਹੀ ਨਹੀਂ ਦਿੱਤਾ ਬਲਕਿ ਸੰਪੂਰਨ ਹੋਲਾ ਮਹੱਲਾ ਪ੍ਰੋਗਰਾਮ ਦਾ ਸੰਚਾਲਨ ਨਾਮਧਾਰੀ ਸਿੰਘਣੀਆ ਦੁਆਰਾ ਕਰਵਾਇਆ ਗਿਆ ਹੈ। ਜਿਸ ਵਿੱਚ ਵਿਆਹ ਦੇ ਲਈ ਅਨੰਦ ਕਾਰਜ ਦੀਆ ਰਸਮਾਂ, ਅਰਦਾਸ, ਹਵਨ ਯੱਗ, ਲੰਗਰ ਤਿਆਰ ਕਰਨ ਤੋਂ ਲੈ ਕੇ ਅੰਮ੍ਰਿਤਪਾਨ ਅਤੇ ਅੰਮ੍ਰਿਤ ਬਣਾਉਣ ਆਦਿ ਦਾ ਕਾਰਜ ਇਸਤਰੀਆਂ ਨੇ ਹੀ ਨੇਪਰੇ ਚਾੜ੍ਹਿਆ ਹੈ।
           ਹੋਲਾ ਮਹੱਲਾ ਪ੍ਰੋਗਰਾਮ ਵਿੱਚ ਅਨੰਦ ਕਾਰਜ ਲਈ ਲਾਵਾਂ ਦਾ ਉਚਾਰਣ ਨਾਮਧਾਰੀ ਸਿੰਘਣੀਆ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੀਤਾ ਗਿਆ ਅਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ  ਵਿੱਚੋ ਹੋਲਾ ਮਹੱਲਾ ਦੇ ਪ੍ਰੋਗਰਾਮ ਦੇ ਭੋਗ ਸਮੇਂ ਸਲੋਕ ਆਦਿ ਸਾਰੇ ਰੀਤੀ ਰਿਵਾਜ ਔਰਤਾਂ ਨੇ ਸੰਪਨ ਕੀਤੇ, ਜਦ ਕਿ ਇਹ ਸਾਰੇ ਕਾਰਜ ਹੁਣ ਤੱਕ ਸਿੰਘ ਪੁਰਸ਼ ਹੀ ਕਰਦੇ ਆ ਰਹੇ ਸੀ। ਇਹ ਸਾਰੇ ਪਰਿਵਰਤਨ ਸਮਾਜ ਵਿੱਚ ਇੱਕ ਨਵੀਂ ਪਰੰਪਰਾ ਦਾ ਮੁੱਢ ਬੰਨਣਗੇ। 
       ਨਾਮਧਾਰੀ ਸਿੱਖ ਸੰਪਰਦਾ ਨੇ ਅਨੋਖੀ ਪਹਿਲ ਸ਼ੁਰੂ ਕਰਕੇ ਪੁਰਸ਼ਾਂ ਦੁਆਰਾ ਅੰਮ੍ਰਿਤ ਪਾਨ ਅਤੇ ਅੰਮ੍ਰਿਤ ਬਣਾਉਣ ਦਾ ਕਾਰਜ ਵੀ ਔਰਤਾਂ ਦੁਆਰਾ ਸ਼ੁਰੂ ਕਰਵਾਇਆ ਜਦ ਕਿ ਸਿੱਖਾਂ ਦੀਆਂ  ਹੋਰ ਸੰਪ੍ਰਦਾਵਾ ਵਿੱਚ ਇਹ ਕਾਰਜ ਹੁਣ ਤੱਕ ਪੁਰਸ਼ਾਂ ਦੁਆਰਾ ਹੀ ਕੀਤਾ ਜਾਂਦਾ ਹੈ। ਏਥੋਂ ਤੱਕ ਕਿ ਤਖਤ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿੱਚ ਤਾਂ ਹੁਣ ਤੱਕ ਔਰਤਾਂ ਨੂੰ ਅੰਮ੍ਰਿਤਪਾਨ ਨਹੀ ਕਰਵਾਉਂਦੇ।
             ਆਮ ਤੌਰ ਤੇ ਸਿੱਖ ਪੰਥ ਵਿੱਚ ਅੱਜ ਵੀ ਵਿਆਹ (ਅਨੰਦ ਕਾਰਜ) ਨਾਲ ਜੁੜੇ ਧਾਰਮਿਕ ਰੀਤੀ ਰਿਵਾਜਾਂ ਨੂੰ ਗੁਰੂਦੁਆਰਿਆ ਵਿੱਚ ਡਿਊਟੀ ਨਿਭਾਉਣ ਵਾਲੇ ਕੁਝ ਪੁਰਸ਼ਾਂ ਦੁਆਰਾ ਹੀ ਕੀਤਾ ਜਾਂਦਾ ਹੈ ਅਤੇ ਔਰਤਾਂ ਦੀ ਭਾਗੀਦਾਰੀ ਨਾ-ਮਾਤਰ ਹੀ ਰਹਿੰਦੀ ਹੈ। ਜਦ ਕਿ ਨਾਮਧਾਰੀ ਪੰਥ ਨੇ ਆਪਣੇ ਸਮੁਦਾਇ ਵਿੱਚ ਅਨੰਦ ਕਾਰਜ ਦੀਆ ਰੀਤਾਂ ਵਿੱਚ ਸਿੰਘਣੀਆ (ਔਰਤਾਂ) ਨੂੰ ਅਧਿਕਾਰ ਪ੍ਰਦਾਨ ਕੀਤਾ ਗਇਆ, ਜੋ ਕਿ ਔਰਤਾਂ ਦੇ ਸ਼ਕਤੀਕਰਣ ਵਿੱਚ ਇੱਕ ਅਨੋਖਾ ਮੀਲ ਪੱਥਰ ਸਾਬਤ ਹੋਵੇਗਾ। 
               ਧਾਰਮਿਕ ਪਰੰਪਰਾਵਾਂ ਅਤੇ ਮਾਨਤਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਨਾਲ ਹੀ ਨਾਮਧਾਰੀ ਸੰਪਰਦਾ ਨੇ ਸਮਾਜਿਕ ਖੇਤਰਾਂ ਵਿੱਚ ਵੀ ਔਰਤਾਂ ਦੀ ਹਿੱਸੇਦਾਰੀ ਨੂੰ ਦ੍ਰਿੜ ਕੀਤਾ ਹੈ। 
              ਹਮੇਸ਼ਾ ਤੋਂ ਹੀ ਨਾਮਧਾਰੀ ਗੁਰੂ ਸਹਿਬਾਨਾਂ ਅਤੇ ਵਿਸ਼ੇਸ਼ ਰੂਪ ਵਿੱਚ ਵਰਤਮਾਨ ਸਤਿਗੁਰੂ ਦਲੀਪ ਸਿੰਘ ਜੀ ਨੇ ਨਾਮਧਾਰੀ ਸੰਗਤ ਨੂੰ ਬੁੱਧੀਜੀਵੀ ਬਣਨ ਦੇ ਲਈ ਪ੍ਰੇਰਿਤ ਕੀਤਾ ਹੈ।  ਉਹਨਾਂ ਨੇ ਬਹੁਤ ਹੀ ਨਵੀਆ ਗੱਲਾਂ ਦੱਸੀਆਂ ਜਿਹਨਾਂ ਨਾਲ ਆਉਣ ਵਾਲੇ ਸਮਾਜ ਵਿੱਚ ਔਰਤਾਂ ਦੇ ਪ੍ਰਤੀ ਲੋਕਾਂ ਦੇ ਮਨੋਭਾਵ, ਬੁੱਧੀਮਤਾ ਅਤੇ ਸੋਚ ਵਿੱਚ ਬਦਲਾਅ ਆਵੇਗਾ। 
            ਸਮਾਜ ਦਾ ਉਦਾਰ ਓਦੋਂ ਹੀ ਹੋਇਆ ਕਰਦਾ ਹੈ ਜਦੋਂ ਕਿਸੇ ਵੀ ਧਾਰਮਿਕ ਅਸਥਾਨ ਅਤੇ ਧਰਮ ਗੁਰੂ ਕੁਝ ਇਸ ਤਰ੍ਹਾਂ ਦੇ ਉਦਾਹਰਣ ਦਿੰਦੇ ਹਨ। ਜਿਸ ਨਾਲ ਲੋਕਾਂ ਦੀ ਸੋਚ ਨੂੰ ਇੱਕ ਨਵੀਂ ਦਿਸ਼ਾ ਮਿਲਦੀ ਹੈ। ਔਰਤ ਸ਼ਕਤੀਸ਼ਾਲੀ ਓਦੋਂ ਹੀ ਕਹਾਉਂਦੀ ਹੈ ਜਦੋਂ ਸਮਾਜ ਉਸ ਨੂੰ ਪੁਰਨ ਰੂਪ ਵਿੱਚ ਸਵੀਕਾਰ ਕਰਦਾ ਹੈ। 
              ਨਾਮਧਾਰੀ ਸਮਾਜ ਨੇ ਔਰਤਾਂ ਦੇ ਸ਼ਕਤੀਕਰਣ ਵਾਲੇ ਇਸ ਪਰਿਵਰਤਨ ਨੂੰ ਬਹੁਤ ਹੀ ਖੁਸ਼ੀਆਂ ਅਤੇ ਪੂਰਨਤਾ ਨਾਲ ਸਵੀਕਾਰ ਕੀਤਾ ਹੈ ਜੋ ਕਿ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ ਪਰ ਔਖੀ ਹੈ  ਕਿਉਂਕਿ , ਸਮਾਜ ਵਿੱਚ ਪਰਿਵਰਤਨ ਲਿਆਉਣਾ ਜਿੱਥੇ ਮੁਸ਼ਕਿਲ ਹੈ ਓਥੇ ਸਮਾਜ ਦੁਆਰਾ ਪੁਰਾਤਨ ਪਰੰਪਰਾ ਤੋਂ ਨਿਕਲ ਕੇ ਨਵੀ ਸੋਚ ਅਤੇ ਨਵੀ ਪਰੰਪਰਾ ਨੂੰ ਅਪਣਾਉਣਾ ਹੋਰ ਵੀ ਮੁਸ਼ਕਿਲ ਹੈ। ਪਰੰਤੂ, ਨਾਮਧਾਰੀਆਂ ਨੇ ਆਪਣੇ ਗੁਰੂ ਦੇ ਆਦੇਸ਼ ਨੂੰ ਮੰਨਦੇ ਹੋਏ, ਔਰਤਾਂ  ਦੇ ਸ਼ਕਤੀਕਰਣ ਨੂੰ ਸਵੀਕਾਰ ਕੀਤਾ ਹੈ । ਨਿਸਚੇ ਹੀ ਇਸ ਨਾਲ ਸਮਾਜ ਵਿੱਚ ਇੱਕ ਨਵੀਂ ਅਤੇ ਉਸਾਰੂ ਤਬਦੀਲੀ ਆਵੇਗੀ। 

*ਹਰਕੀਰਤ ਕੌਰ ਅੰਮ੍ਰਿਤਸਰ ਦੀ ਪਾਵਨ ਧਰਤੀ ਦੀ ਵਸਨੀਕ ਹੈ ਅਤੇ ਪਤੱਰਕਾਰੀ ਨਾਲ ਜੁੜੇ ਹੋਏ ਪਰਿਵਾਰ ਨਾਲ ਸਬੰਧਤ ਹੈ। ਉਸਨੇ ਸਿੱਖਿਆ ਦੇ ਖੇਤਰ ਵਿੱਚ ਐਮ.ਏ. ਧਰਮ ਅਧਿਐਨ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਇਸਤੋਂ ਬਾਅਦ ਅਜੇ ਵੀ ਉਸਦੀ ਅਗਲੇਰੀ ਸਿੱਖਿਆ ਪ੍ਰਾਪਤੀ ਜਾਰੀ ਹੈ। 

1 comment: