21st May 2021 at 6:06 PM
ਅਖੰਡ ਕੀਰਤਨੀ ਜੱਥਾ ਦੇ ਸਿੰਘਾਂ ਵੱਲੋਂ ਕੋਰੋਨਾ ਪੀੜਿਤਾਂ ਲਈ ਅਹਿਮ ਸੇਵਾ
ਦੇਸ਼ ਵਿਚ ਫੈਲੀ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਤਾਦਾਦ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ ਤੇ ਮਹਾਮਾਰੀ ਤੋ ਡਰਦਿਆਂ ਦੁਨਿਆਵੀ ਰਿਸ਼ਤੇ ਵੀ ਕਿਸੇ ਕੰਮ ਨਹੀਂ ਆ ਰਹੇ ਹਨ। ਪਰਿਵਾਰਾਂ ਦੇ ਮੈਂਬਰ ਵੀ ਅੰਤਿਮ ਸਸਕਾਰ ਮੌਕੇ ਨੇੜੇ ਜਾਣ ਤੋਂ ਝਿਜਕਦੇ ਹਨ। ਮੌਕਾ ਬੇਹੱਦ ਨਾਜ਼ੁਕ ਹੈ। ਅਜਿਹਾ ਕੁਝ ਹੋਵੇਗਾ ਕਦੇ ਕਿਸੇ ਨਹੀਂ ਸੀ ਸੋਚਿਆ। ਇਸ ਮੌਕੇ ਫਿਰ ਸਿੰਘ ਹੀ ਨਿੱਤਰੇ ਹਨ ਬਿਨਾ ਆਪਣੀ ਜਾਨ ਦੀ ਪ੍ਰਵਾਹ ਕੀਤਿਆਂ।
ਦਿੱਲੀ ਦੇ ਅਖੰਡ ਕੀਰਤਨੀ ਜੱਥੇ ਵਲੋਂ ਪਹਿਲਾਂ ਜ਼ਰੂਰਤਮੰਦ ਲੋਕਾਂ ਨੂੰ ਆਕਸੀਜਨ ਪਹੁੰਚਾਈ ਗਈ ਸੀ ਉਸ ਸਮੇਂ ਰਾਸ਼ਨ ਅਤੇ ਲੰਗਰ ਦੀ ਸੇਵਾ ਵੀ ਨਾਲ ਨਾਲ ਚਲ ਰਹੀ ਸੀ ਉਪਰੰਤ ਜੱਥੇ ਦੇ ਸਿੰਘ ਭਾਈ ਅਰਵਿੰਦਰ ਸਿੰਘ ਰਾਜਾ, ਜਸਪ੍ਰੀਤ ਸਿੰਘ ਲਵਲੀ, ਕਮਲਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਖਾਲਸਾ ਹੁਰਾਂ ਨੇ ਮਿਲਕੇ ਕੋਰੋਨਾ ਮਹਾਮਾਰੀ ਨਾਲ ਪੀੜਿਤ ਹੋਕੇ ਮਰਨ ਵਾਲੇ ਜਿਨ੍ਹਾਂ ਦੇ ਘਰ ਦੇ ਵੀ ਬਿਮਾਰੀ ਦੀ ਚਪੇਟ ਵਿਚ ਆਏ ਹੋਏ ਸਨ ਜਾਂ ਡਰਦੇ ਮਾਰੇ ਅਪਣੇ ਪਰਿਵਾਰਿਕ ਜੀਅ ਦਾ ਸਸਕਾਰ ਨਹੀਂ ਕਰ ਰਹੇ ਸਨ, ਦਾ ਸਸਕਾਰ ਕਰਨਾ ਸ਼ੁਰੂ ਕਰ ਦਿਤਾ।
ਭਾਈ ਰਾਜਾ ਜੀ ਨੇ ਦਸਿਆ ਕਿ ਕਈ ਵਾਰੀ ਅਸੀ ਇਕੋ ਦਿਨ ਅੰਦਰ ਛੇ ਛੇ ਸਸਕਾਰ ਕਰਨ ਦੀ ਸੇਵਾ ਨਿਭਾਈ ਹੈ। ਉਨ੍ਹਾਂ ਦਸਿਆ ਕਿ ਪਹਿਲਾਂ ਹਾਲਾਤ ਇਤਨੇ ਜ਼ਿਆਦਾ ਖਰਾਬ ਸਨ ਕਿ ਇਕੋ ਪਰਿਵਾਰ ਦੇ ਕਈ ਜੀਅ ਜਾਂ ਤਾਂ ਹਸਪਤਾਲ ਬਿਮਾਰੀ ਦਾ ਇਲਾਜ ਕਰਵਾ ਰਹੇ ਹੁੰਦੇ ਸਨ ਜਾਂ ਅਪਣੇ ਘਰਾਂ ਅੰਦਰ ਆਇਸੋਲੇਟ ਹੁੰਦੇ ਸਨ।
ਪਰਿਵਾਰਿਕ ਜੀਅ ਦੇ ਅਕਾਲ ਚਲਾਣੇ ਤੇ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਅੰਤਿਮ ਸਮੇਂ ਹਾਜ਼ਿਰੀ ਨਹੀਂ ਭਰ ਪਾਂਦਾ ਸੀ। ਉਨ੍ਹਾਂ ਦਸਿਆ ਕਈ ਵਾਰ ਬਜ਼ੁਰਗ ਅਪਣੇ ਪਰਿਵਾਰਿਕ ਮੇਂਬਰ ਦਾ ਸਸਕਾਰ ਕਰਨ ਆਂਦੇ ਸੀ ਤੇ ਉਹ ਕਲੇ ਹੁੰਦੇ ਸਨ, ਲੱਕੜਾਂ ਚੁੱਕਣ ਵਾਲਾ ਕੋਈ ਨਾਲ ਨਹੀਂ ਹੁੰਦਾ ਸੀ।
ਸ਼ਮਸ਼ਾਨ ਘਾਟ ਚਿਤਾਵਾਂ ਨਾਲ ਭਰੇ ਹੁੰਦੇ ਸਨ। ਸਵੇਰ ਦੇ ਆਏ ਹੋਏ ਸ਼ਾਮ ਜਾਂ ਰਾਤ ਤਕ ਅਪਣਾ ਨੰਬਰ ਆਣ ਤੇ ਮੁੜਦੇ ਹੁੰਦੇ ਸਨ। ਬਹੁਤ ਦੁਖਦਾਈ ਸਮਾਂ ਅਸੀ ਦੇਖਿਆ ਅਤੇ ਅਪਣੇ ਪਿੰਡੇ ਤੇ ਹੰਡਾਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜੱਥੇ ਦੇ ਸਿੰਘ ਅਣਗਿਣਤ ਸਸਕਾਰ ਕਰਕੇ ਵਡਮੂਲੀ ਸੇਵਾ ਨਿਭਾ ਰਹੇ ਹਨ ਅਤੇ ਸਿੱਖ ਮਰਿਆਦਾ ਅਨੁਸਾਰ ਮਰਨ ਵਾਲੇ ਦੀਆਂ ਅੰਤਿਮ ਰਸਮਾਂ ਪੂਰੀ ਕਰ ਰਹੇ ਹਨ।
ਆਪ ਦੇ ਸਾਬਕਾ ਵਿਧਾਇਕ ਅਤੇ ਪੱਤਰਕਾਰ ਭਾਈ ਜਰਨੈਲ ਸਿੰਘ ਦੀਆਂ ਅੰਤਿਮ ਰਸਮਾਂ ਵੀ ਇਨ੍ਹਾਂ ਨੇ ਪੂਰੀਆਂ ਕੀਤੀਆਂ ਸਨ। ਚਲ ਰਹੀ ਮੌਜੂਦਾ ਸੇਵਾ ਅੰਦਰ ਇਨ੍ਹਾਂ ਦੇ ਨਾਲ ਭਾਈ ਮਲਕੀਤ ਸਿੰਘ, ਭਾਈ ਜਗਤਾਰ ਸਿੰਘ, ਭਾਈ ਅਮਰਜੀਤ ਸਿੰਘ ਅਤੇ ਭਾਈ ਹਰਪਾਲ ਸਿੰਘ ਨੀਲਾ ਜੀ ਵੀ ਸਾਥ ਦੇ ਰਹੇ ਹਨ।
No comments:
Post a Comment