Thursday, April 01, 2021

ਹੁਣ ਪੰਜਾਬ ਦੀਆਂ ਔਰਤਾਂ ਕਰ ਸਕਣਗੀਆਂ ਪੰਜਾਬ ਵਿੱਚ ਮੁਫ਼ਤ ਸਫ਼ਰ

 1st April 2021 at 4:58 PM 

 MLA  ਡਾਵਰ ਅਤੇ ਡੀ.ਸੀ. ਵੱਲੋਂ ਮੁਫਤ ਸਫ਼ਰ ਸਹੂਲਤ ਦੀ ਸ਼ੁਰੂਆਤ 

ਲੁਧਿਆਣਾ
:01 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਹਾਲਾਂਕਿ ਇਸਤਰੀ ਨੂੰ ਬਣਦਾ ਸਨਮਾਣ ਤਾਂ ਇਹ ਸਮਾਜ ਅਜੇ ਤੱਕ ਵੀ ਨਹੀਂ ਦੇ ਸਕਿਆ ਲੇਕਿਨ ਪੰਜਾਬ ਸਰਕਾਰ  ਨੇ ਹੁਣ ਇੱਕ ਪਹਿਲਕਦਮੀ ਜ਼ਰੂਰ ਕੀਤੀ ਹੈ। ਪੰਜਾਬ ਦੀਆਂ ਵਸਨੀਕ ਔਰਤਾਂ ਨੂੰ ਪੰਜਾਬ ਦੇ ਵਿੱਚ ਵਿੱਚ ਆਉਣ ਜਾਣ ਲਈ ਸਰਕਾਰੀ ਬੱਸਾਂ ਵਾਲਾ ਸਫ਼ਰ ਹੁਣ ਪੂਰੀ ਤਰਾਂ ਮੁਫ਼ਤ ਕਰ ਦਿੱਤਾ ਗਿਆ ਹੈ। ਇਸਦਾ ਐਲਾਨ ਤਾਂ ਪੰਜ ਮਾਰਚ ਨੂੰ ਕੀਤਾ ਗਿਆ ਸੀ ਪਰ ਅੱਜ ਇਸਨੂੰ ਅਮਲੀ ਜਾਮਾ ਵੀ ਪਹਿਨਾ ਦਿੱਤਾ ਗਿਆ। 
 ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ 5 ਮਾਰਚ ਨੂੰ ਵਿਧਾਨ ਸਭਾ ਵਿੱਚ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੂਲਤ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਸਕੀਮ ਤਹਿਤ ਔਰਤਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ), ਪੰਜਾਬ ਰੋਡਵੇਜ਼ ਬੱਸਿਜ਼ (ਪਨਬੱਸ) ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਿਟੀ ਬੱਸ ਸਰਵਿਸ ਵਿੱਚ ਮੁਫ਼ਤ ਸਫਰ ਕਰ ਸਕਣਗੀਆਂ ਜਦੋਂ ਕਿ ਇਹ ਸਕੀਮ ਸਰਕਾਰੀ ਏਸੀ ਬੱਸਾਂ, ਵੌਲਵੋ ਬੱਸਾਂ ਤੇ ਐੱਚਵੀਏਸੀ ਬੱਸਾਂ ਵਿੱਚ ਲਾਗੂ ਨਹੀਂ ਹੋਵੇਗੀ। ਸਫਰ ਦੌਰਾਨ ਪੰਜਾਬ ਦੀ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਦਸਤਾਵੇਜ਼ ਲੋੜੀਂਦਾ ਹੋਵੇਗਾ। ਇਸ ਸਹੂਲਤ ਦਾ ਫਾਇਦਾ ਰਾਜ ਭਰ ਦੀਆਂ ਕਰੀਬ 1.31 ਕਰੋੜ ਔਰਤਾਂ/ਲੜਕੀਆਂ ਨੂੰ ਹੋਣਾ ਹੈ। 
ਨਾਰੀ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ, ਲੁਧਿਆਣਾ ਕੇਂਦਰੀ ਹਲਕੇ ਤੋਂ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਔਰਤਾਂ ਨੂੰ ਸਾਰੀਆਂ ਸਰਕਾਰੀ ਬੱਸਾਂ ਵਿੱਚ ਮੁਫਤ ਬੱਸ ਯਾਤਰਾ ਦੀ ਸਹੂਲਤ ਦੀ ਸੁਰੂਆਤ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਰਾਜ ਪੱਧਰੀ ਸੇਵਾ ਦੀ ਵਰਚੂਅਲ ਸ਼ੁਰੂਆਤ ਵਿੱਚ ਹਿੱਸਾ ਲੈਂਦੇ ਹੋਏ ਵਿਧਾਇਕ ਅਤੇ ਡੀ.ਸੀ. ਨਾਲ ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਬੈਕਫਿੰਕੋ ਦੇ ਉਪ-ਚੇਅਰਮੈਨ ਮੁਹੰਮਦ ਗੁਲਾਬ, ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਮਹੱਤਵਪੂਰਨ ਫੈਸਲੇ ਤਹਿਤ ਸਾਰੀਆਂ ਔਰਤਾਂ ਸਰਕਾਰੀ ਬੱਸਾਂ ਜਿਸ ਵਿੱਚ ਪੰਜਾਬ ਰੋਡਵੇਜ਼ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ), ਪੰਜਾਬ ਰੋਡਵੇਜ਼ ਬੱਸਾਂ (ਪਨਬੱਸ) ਅਤੇ ਸਿਟੀ ਬੱਸ ਸਰਵਿਸ ਜੋਕਿ ਲੋਕਲ ਬਾਡੀ ਵੱਲੋ ਚਲਾਈ ਜਾਂਦੀ ਹੈ, ਸ਼ਾਮਲ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਔਰਤਾਂ ਕੋਲ ਸੂਬੇ ਦੀਆਂ ਹੱਦਾਂ ਵਿਚ ਮੁਫਤ ਯਾਤਰਾ ਕਰਨ ਲਈ ਸਿਰਫ ਪੰਜਾਬ ਦੇ ਵਸਨੀਕ ਹੋਣ ਦਾ ਕੋਈ ਆਈ.ਡੀ. ਕਾਰਡ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਾਰੀਆਂ ਬੱਸਾਂ ਵਿੱਚ ਜੀ.ਪੀ.ਐਸ, ਪੈਨਿਕ ਬਟਨ, ਰਾਖਵੀਂਆਂ ਸੀਟਾਂ, ਬੱਸ ਅੱਡਿਆਂ 'ਤੇ ਸੀ.ਸੀ.ਟੀ.ਵੀ. ਤੋਂ ਇਲਾਵਾ ਔਰਤਾਂ ਲਈ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਮਹਿਲਾ ਕਰਮਚਾਰਨਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ ਵਿੱਚ ਨਾਰੀ ਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਦੇ ਮੱਦੇਨਜ਼ਰ, ਪੰਜਾਬ ਸਰਕਾਰ ਇਸ ਦਿਸ਼ਾ ਵਿੱਚ ਸਖਤ ਮਿਹਨਤ ਕਰ ਰਹੀ ਹੈ ਅਤੇ ਇਹ ਸਹੂਲਤ ਉਨ੍ਹਾਂ ਲੜਕੀਆ/ਕੰਮਕਾਜੀ ਔਰਤਾਂ ਲਈ ਲਾਹੇਵੰਦ ਹੋਵੇਗੀ, ਜਿਹੜੀਆਂ ਬੱਸਾਂ ਰਾਹੀਂ ਲੰਬੀ ਯਾਤਰਾ ਕਰਦੀਆਂ ਹਨ।
ਉਨ੍ਹਾਂ ਅਮਰ ਸ਼ਹੀਦ ਸੁਖਦੇਵ ਇੰਟਰਸਟੇਟ ਬੱਸ ਟਰਮੀਨਲ ਤੋਂ ਪੰਜਾਬ ਰੋਡਵੇਜ਼ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਏ.ਡੀ.ਸੀ.(ਡੀ) ਸ੍ਰੀ ਸੰਦੀਪ ਕੁਮਾਰ, ਸਕੱਤਰ ਆਰ.ਟੀ.ਏ. ਸ੍ਰੀ ਸੰਦੀਪ ਸਿੰਘ ਗੜ੍ਹਾ ਅਤੇ ਹੋਰ ਵੀ ਸ਼ਾਮਲ ਸਨ।
ਔਰਤਾਂ ਵਿੱਚ ਖੁਸ਼ੀ ਦੀ ਲਹਿਰ 
35 ਸਾਲਾਂ ਦੀ ਉਮਰ ਵਾਲੀ ਸੁਰਿੰਦਰ ਕੌਰ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਸੀ। ਸੁਰਿੰਦਰ ਕੌਰ ਬੱਸ ਰਾਹੀਂ ਲੁਧਿਆਣਾ ਤੋਂ ਖਰੜ ਜਾ ਰਹੀ ਸੀ। ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਉਹ 115 ਰੁਪਏ ਬੱਸ ਕਿਰਾਏ ਵਜੋਂ ਅਦਾ ਕਰਦੀ ਸੀ ਪਰ ਹੁਣ ਉਹ ਔਰਤਾਂ ਨੂੰ ਮੁਫਤ ਬੱਸ ਸੇਵਾ ਮਿਲਣ ਤੇ ਬਹੁਤ ਖੁਸ਼ ਹੈ।
ਇਸੇ ਤਰ੍ਹਾਂ, 40 ਸਾਲਾਂ ਦੀ ਉਮਰ ਵਾਲੀ ਉਮਾ ਦੇਵੀ ਨੇ ਦੱਸਿਆ ਕਿ ਬੱਸ ਦਾ ਕਿਰਾਇਆ ਬਹੁਤ ਜ਼ਿਆਦਾ ਸੀ ਅਤੇ ਉਹ ਲੁਧਿਆਣਾ ਤੋਂ ਜਲੰਧਰ ਲਈ ਰੋਜ਼ਾਨਾ 85 ਰੁਪਏ ਖਰਚ ਕਰਦੀ ਸੀ, ਪਰ ਹੁਣ ਮੁਫਤ ਸਹੂਲਤ ਨਾਲ ਇਸ ਪੈਸੇ ਦੀ ਬਚਤ ਕੀਤੀ ਜਾ ਸਕੇਗੀ। ਇਸ ਬੱਚਤ ਨਾਲ ਪਰਿਵਾਰ 'ਤੇ ਬਿਹਤਰ ਧਿਆਨ ਕੇਂਦ੍ਰਿਤ ਕਰੇਗੀ। ਉਮਾ ਦੇਵੀ ਵੱਲੋਂ ਇਸ ਮਹੱਤਵਪੂਰਨ ਫੈਸਲੇ ਲਈ ਸੂਬਾ ਸਰਕਾਰ ਦਾ ਤਹਿਦਿਲੋਂ ਧੰਨਵਾਦ ਕੀਤਾ।
ਇਸ ਤਰਾਂ ਬਹੁਤ ਸਾਰੇ ਰੂਟ ਅਜਿਹੇ ਹਨ ਜਿਹਨਾਂ ਤੇ ਔਰਤਾਂ  ਨੂੰ ਹਰ ਰੋਜ਼ ਸਫ਼ਰ ਕਰਨਾ ਪੈਂਦਾ  ਹੈ। ਇਹ ਸਫ਼ਰ ਨੇੜਲੇ ਪਿੰਡਾਂ ਅਤੇ ਕਸਬਿਆਂ ਤੋਂ ਲੈ ਕੇ ਦੂਰ ਦਰਾਜ ਦੇ ਜ਼ਿਲਿਆਂ ਤੱਕ ਦਾ ਵੀ ਹੁੰਦਾ ਹੈ।  

No comments: