ਸਰਬਜੀਤ ਸਿੰਘ ਭਿੰਡਰ ਵਲੋਂ ਕੀਤੇ ਜਾ ਰਹੇ ਹਨ ਸਫਲ ਉਪਰਾਲੇ
ਜਲੰਧਰ: 2 ਫਰਵਰੀ 2021: (ਰਾਜਪਾਲ ਕੌਰ//ਪੰਜਾਬ ਸਕਰੀਨ)::ਇਹ ਜ਼ਰੂਰੀ ਨਹੀਂ ਕਿ ਕੇਵਲ ਧਾਰਮਿਕ ਸਥਾਨਾਂ ਤੇ ਜਾ ਕੇ ਹੀ ਪ੍ਰਭੂ ਦੀ ਭਗਤੀ ਹੁੰਦੀ ਹੈ। 'ਗਰੀਬ ਦਾ ਮੂੰਹ, ਗੁਰੂ ਦੀ ਗੋਲਕ' ਅਨੁਸਾਰ ਕਿਸੇ ਭੁੱਖੇ ਨੂੰ ਰੋਟੀ, ਨੰਗੇ ਨੂੰ ਕਪੜਾ ਅਤੇ ਬੇਘਰ ਨੂੰ ਸਿਰ ਢਕਣ ਦੀ ਛੱਤ ਆਦਿ ਜਿਹੀਆਂ ਸਹੂਲਤਾਂ ਦੇ ਕੇ, ਉਸ ਗਰੀਬ ਦੀ ਖੁਸ਼ੀ ਲੈਣ ਨਾਲ ਵੀ ਪ੍ਰਭੂ-ਭਗਤੀ ਹੋ ਸਕਦੀ ਹੈ ਅਤੇ ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਜਲੰਧਰ ਤੋਂ ਪ੍ਰਿੰਸੀਪਲ ਰਾਜਪਾਲ ਕੌਰ ਦੀ ਵਿਸ਼ੇਸ਼ ਰਿਪੋਰਟ ਵਿੱਚ ਅਜਿਹੀ ਹੀ ਇੱਕ ਨਵੀਂ ਮਿਸਾਲ ਬਾਰੇ ਦੱਸਿਆ ਗਿਆ ਹੈ। ਇਹ ਮਿਸਾਲ ਕਾਇਮ ਕੀਤੀ ਹੈ ਠਾਕੁਰ ਦਲੀਪ ਸਿੰਘ ਜੀ ਦੇ ਸ਼ਰਧਾਲੂ ਸਿੱਖ ਸਰਬਜੀਤ ਸਿੰਘ ਭਿੰਡਰ ਨੇ।
ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਵੀ ਗਰੀਬ ਵਰਗ ਨੂੰ ਉੱਚਾ ਚੁੱਕਣ ਲਈ ਇਸ ਤਰ੍ਹਾਂ ਦੇ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਸਾਨੂੰ ਵਿਦਿਆ ਦੇ ਲੰਗਰ ਲਾਉਣ ਦੀ ਬਹੁਤ ਲੋੜ ਹੈ ਅਤੇ ਸਾਨੂੰ ਗੁਰਦੁਆਰਿਆਂ ਵਿਚ ਸੋਨਾ ਆਦਿ ਚੜ੍ਹਾਉਣ, ਮਹਿੰਗੇ ਲੰਗਰ ਲਾਉਣ ਜਾਂ ਬਹੁਤੇ ਪਦਾਰਥ ਵਿਅਰਥ ਕਰਨ ਨਾਲੋਂ ਅਜਿਹੇ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ। ਕਿਉਂਕਿ ਜੇਕਰ ਅਸੀਂ ਕਿਸੇ ਲੋੜਵੰਦ ਨੂੰ ਵਿਦਿਆ ਦਾਨ ਦਿੰਦੇ ਹਾਂ ਜਾਂ ਉਸਨੂੰ ਰੋਟੀ ਸਿਰ ਕਰਕੇ ਉਸਨੂੰ ਆਤਮਨਿਰਭਰ ਬਣਾਉਣ ਦਾ ਉਪਰਾਲਾ ਕਰਦੇ ਹਾਂ ਤਾਂ ਉਸਦਾ ਜੀਵਨ ਸੁਖੀ ਹੋ ਸਕਦਾ ਹੈ। ਉਹਨਾਂ ਦੇ ਮਾਰਗਦਰਸ਼ਨ ਤੇ ਚਲਦੇ ਹੋਏ, ਵੱਖ ਵੱਖ ਸ਼ਹਿਰਾਂ ਤੋਂ ਬਹੁਤ ਸਾਰੇ ਪਰਿਵਾਰ ਗਰੀਬ ਅਤੇ ਲੋੜਵੰਦਾਂ ਲਈ ਵਿਦਿਆ ਦਾਨ ਦੀ ਸੇਵਾ ਕਰ ਰਹੇ ਹਨ, ਖਾਸ ਕਰ ਕੇ ਆਪਣੇ ਘਰ ਦੇ ਕੰਮਾਂ-ਕਾਜਾਂ ਤੋਂ ਵਿਹਲੇ ਹੋ ਕੇ ਬਹੁਤ ਸਾਰੀਆਂ ਭੈਣਾਂ ਵੀ ਇਸ ਸੇਵਾ ਵਿਚ ਲੱਗੀਆਂ ਹਨ। ਜਦੋਂ ਦੇਸ਼ ਅਤੇ ਦੁਨੀਆ ਕੋਰੋਨਾ ਦੇ ਸੰਕਟ ਕਾਰਨ ਤਰਾਹ ਤਰਾਹ ਕਰ ਰਹੀ ਸੀ ਉਦੋਂ ਨਾਮਧਾਰੀ ਸੰਪਰਦਾ ਲੋਕਾਈ ਦੀ ਸੇਵਾ ਵਿੱਚ ਲੱਗੀ ਹੋਈ ਸੀ। ਠਾਕੁਰ ਦਲੀਪ ਸਿੰਘ ਆਪਣੇ ਸਿੱਖਾਂ ਨੂੰ ਕੋਨੇ ਕੋਨੇ ਵਿੱਚ ਇਸ ਮਕਸਦ ਲਈ ਮਕਸਦ ਲਈ ਭੇਜ ਰਹੇ ਸਨ। ਕਿਸ ਨੂੰ ਰਾਸ਼ਨ ਦੀ ਲੋੜ ਸੀ, ਕਿਸ ਨੂੰ ਵਸਤਰਾਂ ਦੀ ਲੋੜ ਸੀ, ਕਿਸ ਨੂੰ ਨਗਦ ਪੈਸਿਆਂ ਦੀ ਲੋੜ ਸੀ, ਕਿਸ ਨੂੰ ਦਵਾਈਆਂ ਚਾਹੀਦੀਆਂ ਸਨ ਇਸਦਾ ਪਤਾ ਬੜੇ ਹੀ ਸੂਖਮ ਢੰਗ ਨਾਲ ਸੀ। ਕਿਸੇ ਦੇ ਸਵੈਮਾਣ ਨੂੰ ਤੋੜੇ ਬਿਨਾ ਉਸਦਾ ਸੰਕਟ ਦੂਰ ਕੀਤਾ ਜਾ ਰਿਹਾ ਸੀ। ਇਹ ਸਾਰੇ ਕਾਰਜ ਚੁੱਪ ਚੁਪੀਤੇ ਹੋ ਰਹੇ ਸਨ। ਇਸਦੀ ਕਿਸੇ ਨੂੰ ਭਿਣਕ ਤੱਕ ਵੀ ਨਹੀਂ ਸੀ ਲੱਗ ਰਹੀ। ਠਾਕੁਰ ਦਲੀਪ ਸਿੰਘ ਜੀ ਦੇ ਸਿੰਘ ਸਿੰਘਣੀਆਂ ਲੋੜਵੰਦ ਦੇ ਘਰ ਜਾਂਦੇ ਅਤੇ ਲੁੜੀਂਦੀ ਚੀਜ਼, ਦੇ ਕੇ ਆ ਜਾਂਦੇ। ਨਾ ਕੋਈ ਫੋਟੋ, ਕੋਈ ਸ਼ੋਰਸ਼ਰਾਬਾ ਅਤੇ ਨਾ ਕੋਈ ਪ੍ਰਚਾਰ ਮੁਹਿੰਮ। ਅਣਗਿਣਤ ਘਰਾਂ ਤੱਕ ਨਾਮਧਾਰੀ ਸੰਪਰਦਾ ਰੱਬ ਬਣ ਕੇ ਬੋਹੜੀ। ਇਹ ਸਭ ਕੁਝ ਕੋਰੋਨਾ ਸੰਕਟ ਤੋਂ ਪਹਿਲਾਂ ਵੀ ਜਾਰੀ ਸੀ ਪਾਰ ਕਪੋਰੋਨਾ ਦੌਰਾਨ ਤਾਂ ਲੋਕਭਲੇ ਦੀ ਇਸ ਮੁਹਿੰਮ ਵਿੱਚ ਬੇਹੱਦ ਤੇਜ਼ੀ ਆ ਗਈ। ਇਸਦੇ ਨਾਲ ਹੀ ਲੋਕਾਂ ਨੂੰ ਆਤਮਨਿਰਭਰ ਬਣਾਉਣ ਵਾਲੇ ਪਾਸੇ ਵੀ ਉਚੇਚੇ ਉਪਰਾਲੇ ਹੋਏ। ਆਤਮਨਿਰਭਰ ਭਾਰਤ ਵਾਲੇ ਨਾਅਰੇ ਤੋਂ ਕਿਤੇ ਬਹੁਤ ਪਹਿਲਾਂ ਹੀ ਨਾਮਧਾਰੀਆਂ ਨੇ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਜਿੱਥੇ ਵੱਡੀ ਰਕਮ ਦੀ ਲੋੜ ਹੁੰਦੀ ਉੱਥੇ ਕਰਜ਼ੇ ਲੈ ਲੈ ਕੇ ਲੋਕਾਂ ਨੂੰ ਉਹਨਾਂ ਦੇ ਪੈਰਾਂ ਤੇ ਗਿਆ। ਉਹਨਾਂ ਕਰਜ਼ਿਆਂ ਦੀਆਂ ਕਿਸ਼ਤਾਂ ਨਾਮਧਾਰੀ ਸਿੱਖ ਲੋੜਵੰਦ ਘਰਾਂ ਤੱਕ ਨਿਸ਼ਚਿਤ ਤਾਰੀਖ ਤੋਂ ਪਹਿਲਾਂ ਪਹਿਲਾਂ ਪਹੁੰਚਾਉਂਦੇ ਰਹੇ ਰਹੇ ਤਾਂਕਿ ਸਬੰਧਤ ਪਰਿਵਾਰ ਨੂੰ ਕੋਈ ਜੁਰਮਾਨਾ ਨਾ ਪਵੇ। ਏਨਾ ਕੁਝ ਕਰਕੇ ਵੀ ਕਦੇ ਕਿਸੇ ਨਾਮਧਾਰੀ ਨੇ ਇਸਦਾ ਢੰਡੋਰਾ ਨਹੀਂ ਪਿੱਟਿਆ। ਕਿਸੇ ਨੂੰ ਕਿਸੇ ਦੀਆਂ ਲੋੜਾਂ ਬਾਰੇ ਵੀ ਨਹੀਂ ਦੱਸਿਆ। ਇਸੇ ਤਰ੍ਹਾਂ ਹੀ ਕੀਤਾ ਮੋਹਾਲੀ ਦੇ ਭਿੰਡਰ ਪਰਿਵਾਰ ਨੇ।
ਇਹਨਾਂ ਸਾਰੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਇਹਨਾਂ ਲੋੜਵੰਦ ਲੜਕੀਆਂ ਨੂੰ ਹੀ ਉਥੇ ਅਧਿਆਪਕ ਵਜੋਂ ਵੀ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੂੰ ਕਿਸੇ ਰੋਜ਼ਗਾਰ ਦੀ ਵੀ ਲੋੜ ਸੀ। ਇਸ ਨਾਲ ਇੱਕ ਪੰਥ ਦੋ ਕਾਜ ਵਾਲੀ ਗੱਲ ਵੀ ਸਾਰਥਕ ਹੋਈ।ਇਸ ਪ੍ਰਕਾਰ ਦੀਆਂ ਸੇਵਾਵਾਂ ਉਹਨਾਂ ਵਲੋਂ ਲਗਭਗ ਇੱਕ ਸਾਲ ਤੋਂ ਚੱਲ ਰਹੀਆਂ ਹਨ। ਉਹਨਾਂ ਵਲੋਂ ਇਸ ਤਰ੍ਹਾਂ ਦੀ ਸੇਵਾ ਕਰਨ ਵਾਲੀ ਟੀਮ ਵਿਚ ਤਜਿੰਦਰ ਸਿੰਘ ਨਾਮਧਾਰੀ, ਬਲਵਿੰਦਰ ਸਿੰਘ ਸੋਨੂੰ, ਦਲਜੀਤ ਸਿੰਘ, ਗੋਬਿੰਦ ਸਿੰਘ ਆਦਿ ਨਾਮਧਾਰੀ ਸੰਗਤ ਸ਼ਾਮਿਲ ਹੈ। ਇਹਨਾਂ ਸਾਰੇ ਕੰਮਾਂ ਨੂੰ ਦੇਖ ਕੇ ਇਹ ਕਾਫ਼ਿਲਾ ਤੇਜ਼ੀ ਨਾਲ ਹੋਰ ਵਡਾ ਵੀ ਹੋ ਰਿਹਾ ਹੈ।
ਸਰਬਜੀਤ ਸਿੰਘ ਭਿੰਡਰ ਕੋਲੋਂ ਉਹਨਾਂ ਦੁਆਰਾ ਚੱਲ ਰਹੀ ਸੇਵਾਵਾਂ ਬਾਰੇ ਜਾਣਕਾਰੀ ਲੈਣ ਤੇ ਉਹਨਾਂ ਦੱਸਿਆ ਕਿ ਅਸੀਂ ਕੁੱਝ ਨਹੀਂ ਕਰ ਰਹੇ, ਸਾਰਾ ਸਤਿਗੁਰੂ ਜੀ ਦੀ ਕਿਰਪਾ ਸਦਕਾ ਹੀ ਹੋ ਰਿਹਾ ਹੈ। ਸਾਨੂੰ ਅਜਿਹੀ ਪ੍ਰੇਰਣਾ ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਬਚਨਾਂ ਤੋਂ ਮਿਲੀ, ਉਹਨਾਂ ਦਾ ਹੁਕਮ ਹੈ ਕਿ ਲੰਗਰ ਦਾ ਅਰਥ ਸੜਕਾਂ ਦੁਆਲੇ ਜਾਂ ਗੁਰਦੁਆਰਿਆਂ ਆਦਿ ਵਿਚ ਵੰਨ ਸੁਵੰਨੇ ਪਦਾਰਥਾਂ ਆਦਿ ਦੇ ਵਾਧੂ ਪੈਸਾ ਖਰਚ ਕੇ ਨਹੀਂ ਜਾਂ ਰੱਜੇ ਨੂੰ ਰਜਾਉਣ ਵਿਚ ਨਹੀਂ, ਸਗੋਂ ਕਿਸੇ ਭੁੱਖੇ ਨੂੰ ਰੋਟੀ ਸਿਰ ਕਰ ਦੇਣ ਜਾਂ ਵਿਦਿਆ ਦਾਨ ਦੇ ਕੇ ਉਹਨਾਂ ਦਾ ਜੀਵਨ ਪੱਧਰ ਉਚਾ ਚੁੱਕਣ ਦਾ ਵਧੇਰੇ ਲਾਭ ਹੈ। ਇਸ ਲਈ ਮੈਂ ਅਜਿਹੇ ਲੰਗਰ ਲਾਉਣ ਲਈ ਸੋਚਿਆ ਜਿਸਦਾ ਲਾਭ ਲੋੜਵੰਦਾਂ ਨੂੰ ਸਹੀ ਰੂਪ ਵਿਚ ਮਿਲ ਸਕੇ ਅਤੇ ਭਵਿੱਖ ਵਿਚ ਵੀ ਉਹ ਆਪਣਾ ਜ਼ਿੰਦਗੀ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ। ਇਸ ਤਰਾਂ ਦੇ ਬਹੁਤ ਸਾਰੇ ਉਪਰਾਲੇ ਬਹੁਤ ਸਾਰੀਆਂ ਥਾਂਵਾਂ ਤੇ ਹੋ ਸਕਣ ਇਸ ਮਕਸਦ ਲਈ ਪੂਰੀ ਨਾਮਧਾਰੀ ਸੰਪਰਦਾ ਹੀ ਸਰਗਰਮ ਹੈ।
ਤਕਰੀਬਨ ਹਰ ਥਾਂ ਅਜਿਹੇ ਲੋਕ ਤਿਆਰ ਕੀਤੇ ਗਏ ਹਨ ਜਿਹੜੇ ਲੋੜਵੰਦਾਂ ਦੀ ਭਲਾਈ ਲਈ ਦਿਨ ਰਾਤ ਸਰਗਰਮ ਰਹਿੰਦੇ ਹਨ। ਇਹਨਾਂ ਦਾ ਮਕਸਦ ਆਪਣੇ ਸੁੱਖ ਤਿਆਗ ਕੇ ਦੂਜਿਆਂ ਦਾ ਦੁੱਖ ਦੂਰ ਕਰਨਾ ਹੁੰਦਾ ਹੈ। ਜੇ ਤੁਸੀਂ ਵੀ ਇਸ ਕਾਫ਼ਿਲੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਇਸ ਬਾਰੇ ਆਪਣੀ ਇੱਛਾ ਅਤੇ ਸੰਪਰਕ ਨੰਬਰ ਲਿਖ ਭੇਜੋ। ਨਾਮਧਾਰੀਆਂ ਦੀ ਟੀਮ ਤੁਹਾਨੂੰ ਨਸੰਪ੍ਰਕ ਕਰ ਲਵੇਗੀ। ਅਜਿਹੀ ਇੱਛਾ ਤੁਸੀਂ ਇਸ ਰਿਪੋਰਟ ਦੇ ਅਖੀਰ ਵਿੱਚ ਕੁਮੈਂਟ ਬਾਕਸ ਵਿੱਚ ਵੀ ਲਿਖ ਸਕਦੇ ਹੋ।
(ਡੈਸਕ ਇਨਪੁਟ:ਕਾਰਤਿਕਾ ਸਿੰਘ)
No comments:
Post a Comment