Tuesday, December 08, 2020

ਮੋਹਾਲੀ ਪ੍ਰੈੱਸ ਕਲੱਬ ਵੱਲੋਂ ਕਿਸਾਨ ਸਮਰਥਕ ਰੋਸ ਵਖਾਵੇ ਵਿੱਚ ਸ਼ਮੂਲੀਅਤ

 ਚੰਡੀਗੜ੍ਹ ਦੇ 17 ਸੈਕਟਰ ਤੱਕ ਕੀਤਾ ਜੋਸ਼ੀਲਾ ਰੋਸ ਮਾਰਚ 


ਮੋਹਾਲੀ: 8 ਦਸੰਬਰ 2020: (ਪੰਜਾਬ ਸਕਰੀਨ ਬਿਊਰੋ)::

Photo by Josh Hild of  Unsplash 
ਕਿਸਾਨਾਂ ਨੂੰ  ਸਿਖਰਾਂ ਦੀ ਸਰਦੀ ਵਿੱਚ ਦਿੱਲੀ ਦੇ ਬਾਰਡਰ ਤੇ ਬੈਠੀਆਂ ਦੇਖ ਕੇ ਪੱਤਰਕਾਰ ਭਾਈਚਾਰਾ ਵੀ ਪਿਛੇ ਨਹੀਂ ਰਿਹਾ। ਦੇਸ਼ ਨੂੰ ਅੰਨ ਦੇ ਕੇ ਸਭਨਾਂ ਦਾ ਪੇਟ ਭਰਨ ਵਾਲਿਆਂ ਦੀ ਹਮਾਇਤ ਵਿੱਚ ਲੇਖਕਾਂ ਨੇ ਵੀ ਆਵਾਜ਼ ਬੁਲੰਦ ਕੀਤੀ ਹੈ ਅਤੇ ਮੀਡੀਆ ਦੇ ਸਿਪਾਹੀਆਂ ਨੇ ਵੀ।  ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਚੋਂ ਪੱਤਰਕਾਰ ਮੂਹਰਲੀ ਕਤਾਰ ਵਿੱਚ ਆ ਕੇ ਨਿੱਤਰੇ ਹਨ।  ਬਹੁਤ ਸਾਰੇ ਤਾਂ ਦਿੱਲੀ ਦੇ ਬਾਰਡਰ ਤੇ ਜਾ ਕੇ ਪੱਤਰਕਾਰਾਂ ਦੇ ਇਸ ਇਤਿਹਾਸਿਕ ਧਰਨੇ ਦੀ ਨਾਲੋਂ ਨਾਲੋਂ ਰਿਪੋਰਟ ਵੀ ਆਪੋ ਆਪਣੇ ਚੈਨਲਾਂ ਤੇ ਟੈਲੀਕਾਸਟ ਕਰ ਰਹੇ ਹਨ। ਇਹੀ ਰੰਗ ਅੱਜ ਮੋਹਾਲੀ ਵਿੱਚ ਵੀ ਦੇਖਿਆ ਗਿਆ। ਦੇਸ਼ ਵਿਆਪੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਮਰਥਨ ਦਿੰਦਿਆਂ ਅੱਜ ਸੈਕਟਰ 17 ਚੰਡੀਗੜ੍ਹ ਵਿਖੇ ਪੱਤਰਕਾਰ ਭਾਈਚਾਰੇ ਸਮੇਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਮੋਹਾਲੀ ਪ੍ਰੈੱਸ ਕਲੱਬ ਵੱਲੋੋਂ ਵੀ ਸ਼ਿਰਕਤ ਕੀਤੀ ਗਈ। 

ਪ੍ਰੈਸ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਦੀ ਅਗਵਾਈ ਵਿੱਚ ਪੱਤਰਕਾਰ ਭਾਈਚਾਰਾ ਮੋਹਾਲੀ ਪ੍ਰੈੱਸ ਕਲੱਬ ਵਿਖੇ ਇਕੱਤਰ ਹੋਇਆ ਜਿਸ ਦੌਰਾਨ ਹੱਥਾਂ ਵਿੱਚ ਕੇਂਦਰ ਸਰਕਾਰ ਵਿਰੋਧੀ ਅਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਲੋਗਨ ਲਿਖੀਆਂ ਤਖ਼ਤੀਆਂ ਫੜ ਕੇ ਚੰਡੀਗੜ੍ਹ  ਸੈਕਟਰ 17 ਲਈ ਰਵਾਨਾ ਹੋਇਆ।

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਅਤੇ ਜਨਰਲ ਸਕੱਤਰ ਹਰਬੰਸ ਸਿੰਘ ਬਾਗਡ਼ੀ ਨੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਦੇਸ਼ ਭਰ ਵਿੱਚ ਲੋਕ ਰੋਹ ਨੂੰ ਦੇਖਦਿਆਂ ਹਾਲ ਹੀ ਵਿੱਚ ਪਾਸ ਕੀਤੇ ਗਏ ਖੇਤੀ ਬਿਲਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਇੰਨਾ ਵੱਡਾ ਹਜੂਮ ਚੱਲ ਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਜਿੱਦ ’ਤੇ ਬਜਿੱਦ ਹਨ ਤਾਂ ਫਿਰ ਦੇਸ਼ ਦਾ ਅੰਨਦਾਤਾ ਕਿਸਾਨ ਵੀ ਹੁਣ ਆਪਣੇ ਸੰਘਰਸ਼ ਤੋਂ ਪਿੱਛੇ ਮੁਡ਼ਨ ਵਾਲਾ ਨਹੀਂ ਹੈ। 

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗਰਮੀਤ ਸਿੰਘ ਸ਼ਾਹੀ, ਸੁਖਦੇਵ ਸਿੰਘ ਪਟਵਾਰੀ, ਮੀਤ ਪ੍ਰਧਾਨ ਕੁਲਦੀਪ ਸਿੰਘ ਕੁਰਾਲੀ, ਕੈਸ਼ੀਅਰ ਸੁਖਵਿੰਦਰ ਸਿੰਘ ਸ਼ਾਨ, ਰਾਜ ਕੁਮਾਰ ਅਰੋੜਾ, ਜਸਵਿੰਦਰ ਰੁਪਾਲ, ਨਾਹਰ ਸਿੰਘ ਧਾਲੀਵਾਲ, ਵਿਸ਼ਾਲ  ਭੂਸ਼ਣ, ਸਾਗਰ ਪਾਹਵਾ, ਮੰਗਤ ਸੈਦਪੁਰੀ, ਕ੍ਰਿਪਾਲ ਸਿੰਘ, ਮਾਇਆ ਰਾਮ, ਵਿਜੇ ਕੁਮਾਰ, ਗੁਰਮੀਤ ਸਿੰਘ ਰੰਧਾਵਾ, ਜਗਵਿੰਦਰ ਸਿੰਘ, ਸੰਦੀਪ ਸ਼ਰਮਾ, ਨੀਲਮ ਠਾਕੁਰ ਆਦਿ ਵੀ ਹਾਜ਼ਰ ਸਨ।

No comments: