Monday, May 18, 2020

ਗੁਰਬਾਣੀ ਅਨੁਸਾਰ ਸਿੱਖ ਦਾ ਪਹਿਲਾ ਦਾਨ ਸਿੱਖ ਲਈ ਹੈ-ਠਾਕੁਰ ਦਲੀਪ ਸਿੰਘ ਜੀ

12th May 2020 at 6:34 PM
 ਅਫਸੋਸ ਕਿ ਮੀਡੀਆ ਨੇ ਸਿੱਖਾਂ ਦੀ ਗਰੀਬੀ ਨੂੰ ਕਦੇ ਪ੍ਰਚਾਰਿਆ ਹੀ ਨਹੀਂ 
ਚੰਡੀਗੜ੍ਹ//ਲੁਧਿਆਣਾ: 18 ਮਈ 2020: (ਪੰਜਾਬ ਸਕਰੀਨ ਬਿਊਰੋ):: 
ਸਿੱਖਾਂ ਵਿੱਚ ਗਰੀਬੀ ਹਟਾਉਣ ਲਈ ਗੰਭੀਰਤਾ ਨਾਲ
ਸਰਗਰਮ ਠਾਕੁਰ ਦਲੀਪ ਸਿੰਘ
 
ਲਾਕ ਡਾਊਨ ਦੇ ਦਿਨਾਂ ਵਿੱਚ ਲੰਗਰ ਵਗੈਰਾ ਦੀ ਸਹਾਇਤਾ ਨੇ ਬਹੁਤ ਸਾਰੇ ਲੋਕਾਂ ਨੂੰ ਭੁੱਖਿਆਂ ਮਰਨ ਤੋਂ ਬਚਾ ਲਿਆ। ਇਸਦੇ ਨਾਲ ਹੀ ਮਾਸਕ, ਸੈਨੀਟਾਈਜ਼ਰ ਵਰਗੀਆਂ ਹੋਰ ਲੁੜੀਂਦੀਆਂ ਵਸਤਾਂ ਦੀ ਨਿਸ਼ਕਾਮ ਸਹਾਇਤਾ ਨੇ ਕੋਰੋਨਾ ਨਾਲ ਲੜੀ ਜਾ ਰਹੀ ਜੰਗ ਵਿੱਚ ਵੀ ਅਹਿਮ ਸਹਿਯੋਗ ਦਿੱਤਾ। ਇਸ ਗੱਲ ਦੀ ਪ੍ਰਸੰਸਾ ਵੀ ਕਾਫੀ ਹੋਈ ਪਰ ਨਾਲ ਹੀ ਇੱਕ ਹੋਰ ਘਟਨਾ ਵੀ ਸਾਹਮਣੇ ਆਈ। ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਜਦੋਂ ਬਾਹਰਲੇ ਟਰੱਕਾਂ ਅਤੇ ਬਸਾਂ ਨੂੰ ਆਪਣੇ ਸੂਬੇ ਵਿੱਚ ਦਾਖਲ ਨਾ ਹੋਣ ਦਿੱਤਾ ਤਾਂ ਉੱਥੇ ਏਧਰੋਂ ਗਈਆਂ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ। ਟਰੱਕਾਂ ਅਤੇ ਬਸਾਂ ਦਾ ਕਾਫ਼ਿਲਾ ਜਾਮ ਵਿੱਚ ਫਸ ਗਿਆ। ਇਹ ਹੋਰ ਗੰਭੀਰ ਹੋਇਆ ਤਾਂ 12 ਮਈ ਨੂੰ ਬਾਕਾਇਦਾ ਲੰਮਾ ਜਾਮ ਲੱਗਣਾ ਸ਼ੁਰੂ ਹੋ ਗਿਆ। ਇਸ ਜਾਮ ਦੌਰਾਨ ਫਸਣ ਵਾਲਿਆਂ ਵਿੱਚ ਬਹੁਤੇ ਸਿੱਖ ਡਰਾਈਵਰ ਸਨ। ਇਹਨਾਂ ਸਿੱਖ ਡਰਾਈਵਰਾਂ ਨੂੰ ਇਸ ਸੰਕਟਕਾਲ ਸਮੇਂ ਵੀਹ ਵੀਹ ਰੁਪਏ ਦੀ ਪਾਣੀ ਵਾਲੀ ਬੋਤਲ ਵੀ ਦੋ ਦੋ ਸੋ ਰੁਪਏ ਵਿੱਚ ਖਰੀਦਣੀ ਪਈ। ਇਹ ਸਾਰਾ ਖੁਲਾਸਾ ਇੱਕ ਸਿੱਖ ਡਰਾਈਵਰ ਨੇ 15 ਮਈ 2020 ਨੂੰ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਆਪਣੀ ਇੱਕ ਵੀਡੀਓ ਵਿੱਚ ਵੀ ਕੀਤਾ। ਉਸਨੇ ਬਹੁਤ ਹੀ ਉਦਾਸ ਅਤੇ ਜਜ਼ਬਾਤੀ ਹੋ ਕੇ ਪੁੱਛਿਆ ਹੁਣ ਹੈ ਕੋਈ ਸਾਡੇ ਇਹਨਾਂ ਵੀਰਾਂ ਲਈ ਵੀ ਲੰਗਰ ਲਾਉਣ ਵਾਲਾ? ਇਸ ਵੀਡੀਓ ਤੋਂ ਬਾਅਦ ਸਿੱਖ ਹਲਕਿਆਂ ਵਿੱਚ ਵੀ ਡੂੰਘੀ ਨਿਰਾਸ਼ਾ ਫੈਲ ਗਈ। ਕਈਆਂ ਸਿੱਖ ਸੰਸਥਾਵਾਂ ਨੇ ਪੰਜਾਬ ਅਤੇ ਹੋਰਨਾਂ ਇਲਾਕਿਆਂ ਵਿੱਚ ਲੰਗਰ ਲਾਉਣਾ ਜਾਰੀ ਰੱਖਿਆ ਅਤੇ ਕਈਆਂ ਨੇ ਬੰਦ ਕਰ ਦਿੱਤਾ। ਫਿਰ ਦਿਨ ਦਾ ਕਰਫਿਊ ਵੀ ਚੁੱਕ ਲਿਆ ਗਿਆ। ਕਰਫਿਊ ਤੋਂ ਬਾਅਦ ਜਦੋਂ ਪੰਜਾਬ ਦੇ ਛੋਟੇ ਕਾਰਖਾਨਿਆਂ//ਫੈਕਟਰੀਆਂ ਵਾਲੇ ਕੱਚਾ ਸਾਮਾਨ ਲੈਣ ਲਈ ਬਾਜ਼ਾਰ ਗਏ ਤਾਂ ਉਹਨਾਂ ਨੂੰ ਕਿਸੇ ਨੇ ਵੀ ਉਧਾਰ ਸਾਮਾਨ ਨਹੀਂ ਦਿੱਤਾ। ਲਾਕ ਦਾਊਂ ਵਿੱਚ ਜੇਬਾਂ ਅਤੇ ਬੈਂਕ ਖਾਲੀ ਹੋ ਚੁਕੇ ਸਨ। ਬਿਜਲੀਆਂ ਦੇ ਬਿੱਲ ਅਤੇ ਹੋਰ ਖਰਚੇ ਸਰ ਤੇ ਚੜ੍ਹੇ ਹੋਏ ਸਨ ਜਿਹਨਾਂ ਨੂੰਕਿਸੇ ਸਰਕਾਰ ਨੇ ਮੁਆਫ ਨਹੀਂ ਸੀ ਕੀਤਾ। ਇਸ ਤੋਂ ਪਹਿਲਾਂ ਵੀ ਸਿੱਖ ਵਿਅਕਤੀ ਗਰੀਬੀ ਅਤੇ ਕਰਜ਼ਿਆਂ ਦੁੱਖੋਂ ਖੁਦਕੁਸ਼ੀਆਂ ਕਰ ਚੁੱਕੇ ਹਨ। ਸੁਆਲ ਹੈ ਕਿ ਗਰੀਬੀ ਕਿਵੇਂ ਹਟੇ? ਘਟੋਘੱਟ ਖੁਸ਼ਹਾਲ ਸੂਬਾ ਗਿਣੇ ਜਾਂਦੇ ਪੰਜਾਬ ਦੇ ਲੋਕ ਗਰੀਬੀ ਦੇ ਜੰਜਾਲ ਵਿੱਚੋਂ ਕਿਵੇਂ ਨਿਕਲਣ? ਸਿੰਘ ਸਰਦਾਰ ਅਖਵਾਉਣ ਵਾਲੇ ਸਿੱਖ ਪਰਿਵਾਰ ਕਿਸ ਨੂੰ ਦੱਸਣ ਆਪਣੀਆਂ ਆਰਥਿਕ ਮਜਬੂਰੀਆਂ? ਕੌਣ ਦੇਖਦਾ ਹੈ ਇਹਨਾਂ ਦੀ ਹਾਲਤ? ਕੌਣ ਸੁਣਦਾ ਹੈ ਇਹਨਾਂ ਦੇ ਦੁੱਖ? ਇਸ ਨਾਜ਼ੁਕ ਸਥਿਤੀ ਵਿੱਚ ਫਿਰ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਇਆ ਠਾਕੁਰ ਦਲੀਪ ਸਿੰਘ ਹੁਰਾਂ ਦਾ ਸੰਦੇਸ਼। 
ਉਹੀ ਠਾਕੁਰ ਦਲੀਪ ਸਿੰਘ ਜਿਹਨਾਂ ਦੇ ਨਾਮਧਾਰੀ ਸਿੱਖਾਂ ਨੇ ਝੁੱਗੀਆਂ ਝੌਂਪੜੀਆਂ ਵਿੱਚ ਜਾ ਜਾ ਕੇ ਸਿੱਖ ਪਰਿਵਾਰਾਂ ਦੀ ਹਾਲਤ ਦੇਖੀ ਹੈ। ਉਹਨਾਂ ਦੇ ਪਰਿਵਾਰਾਂ ਦਾ ਦੁੱਖ ਸੁੱਖ ਸੁਣਿਆ ਹੈ। ਕੁਝ ਸਾਲਾਂ ਦੇ ਇਸ ਲੰਮੇ ਸਿਲਸਿਲੇ ਮਗਰੋਂ ਹੀ ਉਹਨਾਂ ਆਖਿਆ ਕਿ ਸਿੱਖਾਂ ਵਿਚਕ ਅਜੇ ਵੀ ਬਹੁ ਗਿਣਤੀ ਗਰੀਬੀ ਵਿੱਚ ਹੈ। 
ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਸਿੱਖ ਸੰਗਤਾਂ ਨੂੰ  ਬੇਨਤੀ ਕਰਦਿਆਂ ਕਿਹਾ ਕਿ ਸਿੱਖਾਂ ਵੱਲੋਂ ਸਿੱਖਾਂ ਨੂੰ ਦਾਨ ਦੇਣਾ ਹੀ ਸਹੀ ਹੈ। ਅੱਜ ਇੱਕ ਵਿਸ਼ੇਸ਼ ਗੱਲ ਬਾਤ ਵਿੱਚ ਠਾਕੁਰ ਦਲੀਪ ਸਿੰਘ ਜੀ  ਨੇ ਕਿਹਾ ਕਿ ਲੋੜਵੰਦ ਸਿੱਖ ਨੂੰ ਦਿੱਤਾ ਦਾਨ ਹੀ ਗੁਰਬਾਣੀ ਅਨੁਸਾਰ ਪਰਲੋਕ ਵਿੱਚ ਸਹਾਈ ਹੋਵੇਗਾ ਉਨ੍ਹਾਂ ਕਿਹਾ ਕਿ ਇਸਦਾ ਮਤਲਬ ਇਹ ਨਹੀਂ ਸਮਝ ਲਿਆ ਜਾਣਾ ਚਾਹੀਦਾ ਕਿ ਉਹ ਗੈਰ ਸਿੱਖਾਂ ਦੇ ਵਿਰੋਧੀ ਹਨ, ਬਲਕਿ ਇਸ ਗਲ ਦਾ ਮਤਲਬ ਇਹ  ਹੈ ਕਿ ਲੋੜ ਸਮੇਂ ਪਹਿਲਾਂ ਸਿੱਖ ਦੀ ਲੋੜ ਪੂਰੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਮਿਸਾਲਾਂ ਦੇ ਕੇ ਦਸਿਆ ਕਿ ਕਿਧਰੇ ਵੀ ਨਹੀਂ ਲਿਖਿਆ ਕਿ ਸਿੱਖਾਂ ਨੂੰ ਛੱਡ ਕੇ ਬੇਗਾਨਿਆਂ ਨੂੰ ਦਾਨ ਕੀਤਾ ਜਾਵੇ। ਲੋੜ ਸਮੇਂ ਸਿੱਖ ਨੂੰ ਭੋਜਨ ਛਕਾਉਣ ਵਾਲੇ ਸਿੱਖ ਨੂੰ ਗੁਰੁ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਅਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਠਾਕੁਰ ਦਲੀਪ ਸਿੰਘ ਜੀ  ਨੇ ਕਿਹਾ ਕਿ ਸਿੱਖਾਂ ਦਾ ਦਾਨ ਪਹਿਲਾਂ ਲੋੜਬੰਦ ਸਿੱਖਾਂ ਲਈ ਹੋਣਾ ਚਾਹੀਦਾ ਹੈ ਠੀਕ ਉਸ ਤਰ੍ਹਾਂ ਨਾਲ ਜਿਵੇਂ ਮਾਂ-ਬਾਪ ਦੀ ਜਾਇਦਾਦ ਤੇ ਪਹਿਲਾ ਹੱਕ ਉਸਦੇ ਬੱਚਿਆਂ ਦਾ ਹੁੰਦਾ ਹੈ। ਸਰਬਤ ਦਾ ਭਲਾ ਚਾਹੁੰਣ ਵਾਲੇ ਤੇ ਸਰਬਤ ਦਾ ਭਲਾ ਕਰਨ ਵਾਲੇ ਸਿੱਖਾਂ ਨੂੰ ਉਨ੍ਹਾਂ ਕਿਹਾ ਕਿ ਗਰੀਬ ਸਿੱਖ ਵੀ ਸਰਬਤ ਵਿੱਚ ਹੀ ਆਉਂਦੇ ਹਨ। ਗੈਰ ਸਿੱਖ ਤੇ ਬੈਗਾਨੇ ਲੋਕ ਸਿੱਖਾਂ ਨਾਲੋਂ ਵੱਧ ਸਰਬਤ ਨਹੀਂ ਹੁੰਦੇ। ਇਸ ਤਰ੍ਹਾਂ ਲੋੜਵੰਦ ਸਿੱਖਾਂ ਦਾ ਭਲਾ ਕਰੋ। ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਨਾਨਕ ਨਾਮ ਚੜ੍ਹਦੀ ਕਲਾ ਉਸ ਦਿਨ  ਹੋਵੇਗੀ ਜਦ ਕੋਈ ਵੀ ਸਿੱਖ ਗਰੀਬ ਨਹੀਂ ਰਹੇਗਾ। ਅੱਜ ਕਰੋੜਾ ਕੇਸਾਧਾਰੀ ਸਿੱਖ ਅਜਿਹੇ ਹਲਾਤਾਂ ਵਿਚ ਰਹਿ ਰਹੇ ਹਨ ਕਿ ਉਨ੍ਹਾਂ ਦੇ ਹਾਲਾਤ ਦੇਖ ਕੇ ਅਸੀਂ ਕੰਬ ਜਾਵਾਂਗੇ। ਕੀ ਇਹ ਸਰਬਤ ਦਾ ਭਲਾ ਹੈ। ਅਫਸੋਸ ਦੀ ਗੱਲ ਹੈ ਕਿ ਸਾਡੀਆਂ ਵੱਡੀਆਂ ਸੰਸਥਾਵਾਂ ਦੇਸ਼-ਵਿਦੇਸ਼ ਵਿੱਚ ਖਰਚੇ ਜਾਣ ਵਾਲੇ ਕਰੋੜਾਂ ਡਾਲਰ ਆਪਣੇ ਸਿੱਖ ਭਰਾਵਾਂ ਤੇ ਕਿਉੁਂ ਨਹੀਂ ਖਰਚਦੀਆਂ। ਇਸਦਾ ਮੂਲ ਕਾਰਨ ਇਹ ਹੈ ਕਿ ਮੀਡੀਆ ਨੇ ਸਿੱਖਾਂ ਦੀ ਗਰੀਬੀ ਨੂੰ ਕਦੇ ਪ੍ਰਚਾਰਿਆ ਹੀ ਨਹੀਂ। ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪਹਿਲਾਂ ਸਿੱਖ ਭਰਾਵਾਂ ਦੀ ਸੰਭਾਲ ਕਰੀਏ ਫਿਰ ਦੂਜਿਆਂ ਨੂੰ ਵੀ ਸੰਭਾਲ ਲਵਾਂਗੇ। ਕਰੋਨਾ ਵਾਇਰਸ ਦੌਰਾਨ ਗੈਰ ਸਿੱਖਾਂ ਦੀ ਸਹਾਇਤਾ ਕਰਨ ਵਾਲਿਆਂ ਨੂੰ ਠਾਕੁਰ ਦਲੀਪ ਸਿੰਘ ਜੀ, ਨਿਮਰਤਾ ਸਾਹਿਤ ਬੇਨਤੀ ਕਰਕੇ ਪੁੱਛਦੇ ਹਨ ਕਿ ਕਰੋੜਾ ਡਾਲਰ ਗੈਰ ਸਿੱਖਾਂ ਵਾਸਤੇ ਖਰਚ ਕੇ ਕੀਤੀ ਹੋਈ ਸਹਾਇਤਾ ਦਾ ਗਰੀਬ ਸਿੱਖਾਂ ਨੂੰ ਕੀ  ਲਾਭ ਹੋਇਆ ਹੈ.  ਅਜੇ ਤਾਂ ਸਾਡੇ ਕਈ ਆਪਣੇ ਸਿੱਖ ਭੁੱਖੇ ਬੈਠੇ ਹਨ ਅਤੇ ਅਸੀਂ ਦੂਜਿਆਂ ਦਾ ਘਰ ਭਰੀ ਜਾ ਰਹੇ ਹਾਂ. ਇਸਦਾ ਪੰਥ ਨੂੰ ਕੀ ਲਾਭ ਹੈ। ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪਹਿਲਾਂ ਗਰੀਬ ਸਿੱਖਾਂ ਦੇ ਰਹਿਣ ਅਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਕੇ ਦਈਏ, ਸਤਿਗੁਰੂ ਨਾਨਕ ਦੇਵ ਜੀ ਆਪ ਸਭ ਸਿੱਖਾਂ ਉੱਤੇ   ਅਪਾਰ ਕ੍ਰਿਪਾ ਕਰਨਗੇ, ਤੁਹਾਡੇ ਸਭ ਸ਼ੁੱਭ ਮਨੋਰਥ ਪੂਰੇ ਕਰਨਗੇ।

ਇਹਨਾਂ ਗਰੀਬ ਸਿੱਖਾਂ ਦੀ ਵੀ ਕੋਈ ਸਾਰ ਲਵੇ!



No comments: