Saturday, May 23, 2020

ਉਮਾ ਗੁਰਬਖ਼ਸ਼ ਸਿੰਘ ਦਾ ਜਾਣਾ-ਪੰਜਾਬੀ ਰੰਗਮੰਚ ਦੇ ਇੱਕ ਯੁਗ ਦਾ ਅੰਤ

ਨਾਟਕ ਦੇ ਮੰਚਣ ਕਾਰਨ ਉਨ੍ਹਾਂ ਨੂੰ ਹਵਾਲਾਤ 'ਚ ਵੀ ਬੰਦ ਰਹਿਣਾ ਪਿਆ
ਚੰਡੀਗੜ੍ਹ: 23 ਮਈ 2020: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ):: 
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸ੍ਰੀਮਤੀ ਉਮਾ ਗੁਰਬਖ਼ਸ਼ ਸਿੰਘ ਜੀ ਦੇ ਸਦੀਵੀ ਵਿਛੋੜਾ ਦੇ ਜਾਣ ਉੱਤੇ ਸਮੁੱਚੇ ਪ੍ਰੀਤਲੜੀ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ। ਉਮਾ ਭੈਣ ਜੀ ਨੂੰ ਪੰਜਾਬੀ ਰੰਗਮੰਚ ਦੀ ਪਹਿਲੀ ਇਸਤਰੀ ਅਦਾਕਾਰ ਹੋਣ ਦਾ ਮਾਣ ਹੈ। ਬਾਲ-ਸਾਹਿਤ ਲਿਖਣ ਦੀ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਪਿਤਾ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਮਿਲੀ। ਪ੍ਰੀਤਨਗਰ ਤੋਂ ਛਪਦੇ ਰਿਸਾਲੇ 'ਬਾਲ ਸੰਦੇਸ਼' ਵਿੱਚ ਉਨ੍ਹਾਂ ਨੇ ਬੱਚਿਆਂ ਲਈ ਕਹਾਣੀਆਂ ਲਿਖੀਆਂ। ਪ੍ਰੀਤਨਗਰ ਦੇਸ਼-ਵੰਡ ਤੋਂ ਪਹਿਲਾਂ ਸਾਹਿਤਕ, ਸੱਭਿਆਚਾਰਕ ਤੇ ਰੰਗਮੰਚੀ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਉਮਾ ਗੁਰਬਖ਼ਸ਼ ਸਿੰਘ ਨੇ ਜੁਗਿੰਦਰ ਬਾਹਰਲਾ, ਤੇਰਾ ਸਿੰਘ ਚੰਨ ਅਤੇ ਇਪਟਾ ਦੀਆਂ ਟੀਮਾਂ ਨਾਲ ਕਈ ਨਾਟਕਾਂ ਵਿੱਚ ਭਾਗ ਲਿਆ। ਬਰਤਾਨਵੀ ਬਸਤੀਵਾਦ ਵਿਰੋਧੀ ਭਾਵਨਾਵਾਂ ਦੀ ਪੇਸ਼ਕਾਰੀ ਵਾਲੇ ਇੱਕ ਨਾਟਕ ਦੇ ਮੰਚਣ ਕਾਰਨ ਉਨ੍ਹਾਂ ਨੂੰ ਆਪਣੀਆਂ ਸੱਤ ਅਦਾਕਾਰ ਸਹੇਲੀਆਂ ਨਾਲ ਹਵਾਲਾਤ 'ਚ ਬੰਦ ਰਹਿਣਾ ਪਿਆ। ਸੰਗੀਤ ਵਿੱਚ ਵੀ ਉਨ੍ਹਾਂ ਦੀ ਗਹਿਰੀ ਦਿਲਚਸਪੀ ਸੀ। ਉਹ ਬਾਕਾਇਦਾ ਸੰਗੀਤ ਦੀ ਸਿੱਖਿਆ-ਯਾਫ਼ਤਾ ਕਲਾਕਾਰ ਸੀ। ਅਮਨ ਲਹਿਰ ਦੇ ਨਾਟਕਾਂ ਤੇ ਓਪੇਰਿਆਂ ਦੀਆਂ ਸੰਗੀਤਕ ਪੇਸ਼ਕਾਰੀਆਂ ਵਿੱਚ ਵੀ ਉਮਾ ਜੀ ਪੇਸ਼-ਪੇਸ਼ ਰਹੇ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਮਾ ਗੁਰਬਖ਼ਸ਼ ਸਿੰਘ ਦੇ ਵਿਛੋੜੇ ਨਾਲ ਪੰਜਾਬੀ ਰੰਗਮੰਚੀ ਅਦਾਕਾਰੀ ਦੇ ਇੱਕ ਯੁਗ ਦਾ ਅੰਤ ਹੋਇਆ ਹੈ। ਉਨ੍ਹਾਂ ਦੇ ਸੁਰਗਵਾਸ ਹੋ ਜਾਣ ਨਾਲ ਅਸੀਂ ਇੱਕ ਸੰਵੇਦਨਸ਼ੀਲ ਰਚਨਾਕਾਰ ਅਤੇ ਇੱਕ ਸੁਹਿਰਦ ਤੇ ਮੋਹਵੰਤੀ ਭੈਣ ਦੀ ਅਗਵਾਈ ਤੋਂ ਵਾਂਝੇ ਹੋ ਗਏ ਹਾਂ।
ਨੋਟ: ਤੁਹਾਨੂੰ ਉਮਾ ਜੀ ਨਾਲ ਮਿਲਣ ਦਾ ਕਦੇ ਮੌਕਾ ਮਿਲਿਆ ਹੋਵੇ, ਜਾਂ ਉਹਨਾਂ ਦਾ ਕੋਈ ਪੱਤਰ ਉਹਦੇ ਕੋਲ ਪਿਆ ਹੋਵੇ ਤਾਂ ਉਸਨੂੰ ਸਾਡੇ ਪਾਠਕਾਂ ਨਾਲ ਜ਼ਰੂਰ ਸਾਂਝਾ ਕਰੋ। ਜੇ ਤੁਸੀਂ ਕਦੇ ਉਹਨਾਂ ਨਾਲ ਇੰਟਵਿਊ ਕੀਤੀ ਹੋਵੇ ਅਤੇ ਹੁਣ ਵੀ ਉਸਨੂੰ ਦੁਬਾਰਾ ਲਿਖ ਸਕੋ ਤਾਂ ਉਹ ਵੀ ਜ਼ਰੂਰ ਭੇਜੋ। ਰੰਗਮੰਚ ਨਾਲ ਜੁੜੀ ਉਹਨਾਂ ਦੀ ਕੋਈ ਵੀ ਯਾਦ ਤੁਹਾਡੇ ਕੋਲ ਹੋਵੇ ਆਂ ਉਸ ਨੂੰ ਜ਼ਰੂਰ ਸਾਂਝਿਆਂ ਕਰੋ। ਸਾਨੂੰ ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ। ਸੰਪਰਕ ਲਈ ਵਟਸਐਪ ਨੰਬਰ ਹੈ-9888272045 ਅਤੇ ਸੰਪਰਕ ਲਈ ਈਮੇਲ ਹੈ: medialink32@gmail.com

No comments: