Thursday, January 30, 2020

ਭਾਜਪਾ ਦੀ ਪ੍ਰਕਰਮਾ ਕਰਦੇ ਅਕਾਲੀ ਧੜੇ ਆਖਿਰ ਕਿੱਥੇ ਖੜੇ ਹਨ?

30th January 2020 at 11:50 AM
ਸਿੱਖ ਵਿਦਵਾਨ ਜੰਗ ਸਿੰਘ ਨੇ ਪੁੱਛੇ ਕਈ ਅਹਿਮ ਸੁਆਲ  
ਸਿੱਖ ਇਤਿਹਾਸ ਲਈ ਅਪ੍ਰੇਸ਼ਨ ਬਲਿਊ ਸਟਾਰ ਵਾਲਾ ਐਕਸ਼ਨ ਇੱਕ ਨਾ ਭੁੱਲਣਯੋਗ ਐਕਸ਼ਨ ਹੈ। ਇਹ ਐਕਸ਼ਨ ਕਾਂਗਰਸ ਪਾਰਟੀ ਦੀ ਸਿਖਰਲੀ ਆਗੂ ਸ਼੍ਰੀਮਤੀ ਇੰਦਰ ਗਾਂਧੀ ਦੇ ਹੁਕਮਾਂ ਨਾਲ ਹੋਇਆ। ਇੱਕ ਵਾਰ ਤਾਂ ਬਹੁਤ ਸਾਰੇ ਸਿੱਖ ਸੰਗਠਨ ਆਰਪਾਰ ਦੀ ਲੜਾਈ ਵਾਂਗ ਕਾਂਗਰਸ ਦੇ ਖਿਲਾਫ ਹੋ ਗਏ। ਜਲਦੀ ਹੀ ਗੱਲ ਸਾਹਮਣੇ ਆਈ ਕਿ ਇਸ ਮਕਸਦ ਲਈ ਇੰਦਰ ਗਾਂਧੀ ਨੂੰ ਭਾਜਪਾ ਨੇ ਹੀ ਉਕਸਾਇਆ ਸੀ। ਬਹੁਤ ਸਾਰੇ ਲੀਡਰ ਆਰ ਐਸ ਐਸ ਅਤੇ ਭਾਜਪਾ ਦੇ ਖਿਲਾਫ ਹੋ ਗਏ। ਫਿਰ ਗੱਲ ਬਾਹਰ ਆਈ ਕਿ ਕੇਂਦਰ ਸਰਕਾਰ ਨੂੰ ਹਰਿਮੰਦਿਰ ਸਾਹਿਬ ਵਿਖੇ ਫੌਜ ਸੱਦਣ ਦੀਆਂ ਅਰਜੋਈਆਂ ਅਕਾਲੀ ਲੀਡਰਾਂ ਨੇ ਵੀ ਕੀਤੀਆਂ ਸਨ। ਬਹੁਤ ਸਾਰੇ ਸਿੱਖ ਸੰਗਠਨ ਅਕਾਲੀਆਂ ਦੇ ਖਿਲਾਫ ਖੜੇ ਹੋ ਗਏ। ਕੁਲ ਮਿਲਾ ਕੇ ਭੰਬਲਭੂਸੇ ਵਾਲਾ ਮਾਹੌਲ ਬਣ ਗਿਆ। ਅਜਿਹੇ ਮਾਹੌਲ ਦੇ ਬਾਵਜੂਦ ਬਹੁਤ ਸਾਰਾ ਚੰਗਾ ਵੀ ਲਿਖਿਆ ਗਿਆ ਅਤੇ ਸਨਸਨੀਖੇਜ਼ ਵੀ। ਅੱਜ ਵੀ ਇਹ ਭੰਬਲਭੂਸਾ ਮੌਜੂਦ ਹੈ। ਅਜਿਹੀ ਸਥਿਤ ਵਿੱਚ ਜੰਗ ਸਿੰਘ ਹੁਰਾਂ ਦੀ ਲਿਖਤ ਕਈ ਇਸ਼ਾਰੇ ਕਰਦੀ ਹੈ ਜਿਹਨਾਂ ਨੂੰ ਸਮਝਣ ਦੀ ਲੋੜ ਹੈ। ਇਸ ਲਿਖਤ ਬਾਰੇ ਤੁਸੀਂ ਕੀ ਸੋਚਦੇ ਹੋ ਜ਼ਰੂਰ ਲਿਖਣਾ। -ਰੈਕਟਰ ਕਥੂਰੀਆ (ਸੰਪਾਦਕ)
ਲੇਖਕ ਜੰਗ ਸਿੰਘ 
ਸਿੱਖ ਧਰਮ ਨੂੰ  ਇਕ ਨਵੀਨਤਮ ਤੇ ਵਿਗਿਆਨਿਕ ਧਰਮ ਆਖਿਆ ਜਾਦਾ ਹੈ, ਇਸ ਵਿਚ ਸਚਾਈ ਵੀ ਹੈ । ਸਿੱਖ ਗੁਰੂੁ ਸਾਹਿਬਾਨ ਦੀਆ ਜੋ ਦੇਣਾ  ਸਮੁਚੇ ਦੇਸ਼ ਵਾਸੀਆਂ ਲਈ ਹਨ ਉਨਾਂ ਦਾ ਕੋਈ ਦੇਣਾ ਦੇ ਨਹੀਂ ਸਕਦਾ ।ਸਿੱਖਾਂ ਦੇ ਨੋਵੇਂ ਪਾਤਸ਼ਾਹ ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜਿਨਾ ਨੂੰ ਤਿੱਲਕ ਜੰਝੂ ਦੇ ਰਾਖੇ ਦੇ ਨਾਂ ਨਾਲ ਸਾਰੇ ਸੰਸਾਰ ਵਿਚ ਜਾਣਿਆ ਜਾਂਦਾ ।ਸਰਬੰਸ ਦਾਨੀ ਸ੍ਰੀ ਗੁਰੂੁ ਗੋਬਿੰਦ ਸਿੰਘ  ਜਿਨਾਂ ਨੇ ਸਾਰੇ ਪ੍ਰੀਵਾਰ ਨੂੰ ਦੇਸ਼ ਕੌਮ ਤੋਂ ਵਾਰ ਦਿਤਾ ਹੋਵੇ ।ਇਸ ਦਾ ਸਾਰੇ ਵਿਸ਼ਵ ਵਿੱਚ ਨਾ ਕੋਈ ਸਾਨੀ ਹੈ ਨਾ ਹੀ ਕੋਈ ਸ਼ਾਇਦ  ਹੋ  ਸਕਦਾ ਹੋਵੇ।ਇਸੇ ਧਰਮ ਨੇ ਔਰੰਗਜੇਬ ਦੇ ਮੁੱਗਲੀ  ਜੁਲਮ ਨੂੰ ਸ਼ਹਾਦਤਾਂ ਦੇ ਕੇ ਖਾਤਮਾ ਕੀਤਾ ਤੇ ਬਾਦ ਵਿਚ ਬਾਬਾ ਬੰਦਾ ਸਿੰਘ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ  ਇਸੇ ਕੌਮ ਦੇ ਬਹਾਦਰਾਂ ਬਾਬਾ ਬਘੇਲ ਸਿੰਘ ,ਬਾਬਾ ਜੱਸਾ ਸਿੰਘ ਆਹਲੂਵਾਲੀਆ , ਬਾਬਾ ਜੱਸਾ ਸਿੰਘ ਰਾਮ ਗੜ੍ਹੀਆ  ਨੇ ਦਿੱਲੀ ਦੇ ਲਾਲ ਕਿਲੇ੍ਹ ਤੇ ਕੇਸਰੀ ਨਿਸ਼ਾਨ ਚੜਾਇਆ ਸੀ ।ਸਿੱਖਾਂ ਨੇ ਤੀਹ ਵਾਰੀ ਸਮੇਂ ਸਮੇਂ ਫਤਹਿ ਕੀਤਾ ਸੀ  ।ਇਸੇ ਕੌਮ ਨੇ ਬਾਦ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ। ਜਿਸ ਨੇ ਸਮੁਚੇ ਭਾਰਤ ਵਿਚ 50 ਵਰੇ੍ਹ ਤਕ ਸ਼ਾਨਦਾਰ ਰਾਜ ਕੀਤਾ। ਇਸੇ ਕੌਮ ਨੇ ਬਾਦ ਵਿਚ ਅੰਗਰੇਜਾਂ ਵਿਰੁਧ ਸ਼ਾਨਦਾਰ ਲੜਾਈ ਤੇ  ਵਡੀਆਂ ਕੁਰਬਾਨੀਆਂ ਦੇ ਕੇ 1947 ਵਿੱਚ  ਦੇਸ਼ ਨੂੰ ਅਜਾਦ ਕਰਾਇਆ । ਇਤਿਹਾਸ ਦੇ ਪੰਨੇ ਵਿਚ ਇਹ ਵੀ ਦਰਜ ਹੈ  ਕਿ ਜਦੋਂ ਸਿੱਖਾਂ ਨੇ ਜੇਤੋ ਦਾ ਮੋਰਚਾ ਗੁਰਦੁਆਰਿਆਂ ਦੀਆਂ ਚਾਬੀਆਂ  ਦੇਣ ਦਾ ਲੜ੍ਹਿਆ ਤੇ ਉਸ ਵਿੱਚ ਜਿੱਤ ਪ੍ਰਾਪਤ ਕੀਤੀ ਤਾਂ ਇਸ ਸੰਘਰਸ਼ ਤੋਂ ਪ੍ਰਭਾਵਤ ਹੋ ਕੇ ਉਸ ਸਮੇਂ ਦੇ ਸਿੱਖਾਂ ਦੇ ਆਗੂ ਬਾਬਾ ਖੜਕ ਸਿੰਘ ਨੂੰ ਮਹਾਤਮਾ ਗਾਂਧੀ ਨੇ ਜੇਤੋ ਵਿਖੇ ਪੁੱਜ ਕੇ ਮੁਬਾਰਕਬਾਦ ਦਿਤੀ ਸੀ ਤੇ ਕਿਹਾ ਸੀ ਕਿ ਅਜਾਦੀ ਦੀ ਪਹਿਲੀ ਜੰਗ ਜਿੱਤ ਲਈ ਗਈ ਹੈ । ਬਾਬਾ ਖੜਕ ਸਿੱਖਾਂ ਦੇ ਉਹ ਆਗੂ ਸਨ ਜਿਨਾਂ ਨੇ ਜੇਲ ਅੰਦਰ ਪੰਜ ਸਾਲ ਦਸਤਾਰ ਲਈ ਨੰਗੇ ਧੱੜ੍ਹ ਰਹਿ ਕੇ ਲੜਾਈ ਜਤੀ ਸੀ ਤੇ ਉਦੋਂ  ਤਕ ਬਸਤਰ ਨਹੀਂ ਸਨ ਪਹਿਨੇ ਜਦੋਂ ਤਕ ਅੰਗਰੇਜ ਸਰਕਾਰ ਸਿੱਖਾਂ ਦੇ ਇਸ ਆਗੂ ਅੱਗੇ ਝੁਕੀ ਨਹੀਂ ਸੀ । ਅੰਗਰੇਜ ਸਰਕਾਰ ਨੂੰ ਹੁਕਮ ਜਾਰੀ ਕਰਨਾ ਪਿਆ ਸੀ ਕਿ ਕਿਸੇ ਸਿੱਖ ਨੂੰ ਜੇਲ ਵਿਚ ਜਾਣ ਸਮੇਂ ਦਸਤਾਰ ਨਹੀਂ ਲਾਹੁਣੀ ਪਏਗੀ। ਜਿਸ ਕੌਮ ਦਾ ਅਜਿਹਾ ਵਲਿੱਖਣ ਇਤਿਹਾਸ ਹੋਵੇ ਉਸ ਦੇ ਸ਼ਾਇਦ ਚਿੱਤ ਚੇਤੇ ਵੀ ਨਹੀਂ ਸੀ ਕਿ ਇਸੇ ਸਿੱਖ ਕੌਮ  ਦੇ ਕਦੇ ਅਜਿਹੇ ਲੀਡਰ ਵੀ ਹੋਣਗੇ ਜੋ ਸਿੱਖਾਂ ਦੀਆਂ  ਧਾਰਮਿਕ ਭਾਵਾਨਾਵਾਂ ਭੜਕਾ ਕੇ   ਸਿਰਫ ਆਪਣੀਆਂ  ਨਿੱਜੀ ਰਾਜ ਗੱਦੀਆਂ , ਪੇੈਸਿਆਂ, ਜਮੀਨਾਂ ,ਜਾਇਦਾਦਾਂ ਬਣਾਉਣ  ਵਾਲੇ ਹੀ  ਹੋ ਜਾਣਗੇ ।ਸਿੱਖ ਜਗਤ ਵਿਚ ਬਾਦਲਾਂ ਦਾ ਨਾਂ ਵਿਸ਼ੇਸ਼ ਕਰਕੇ ਜਾਣਿਆਂ ਜਾਂਦਾ ਜਿਨਾਂ ਨੇ ਭਾਜਪਾ ਨਾਲ ਰਲ ਕੇ ਪੰਜਾਹ ਸਾਲ ਸਿੱਖ ਧਰਮ ,  ਪੰਜਾਬੀ ਬੋਲੀ , ਸਭਿਆਚਾਰ  ਦਾ ਰੱਜ ਕੇ ਘਾਣ ਕੀਤਾ ਹੋਵੇ ਇਨਾਂ ਦੇ ਰਾਜ ਕਾਲ ਵਿਚ ਸ੍ਰ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਰੱਜ ਕੇ ਬੇਹੁਰਮਤੀ ਕਰਾਈ , ਇਨਾ ਦੀ ਸਰਕਾਰ ਸਮੇਂ ਇਨਸਾਫ ਦੀ ਮੰਗ ਕਰ ਰਹੇ ਸ਼ਾਤਮਈ ਧਰਨੇ ਵਿਚ ਜਦੋਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆ ਸਨ ਉਨਾਂ ਤੇ ਗੋਲੀਆਂ ਵਰ੍ਹਾ ਕੇ ਦੋ ਨੌਜੁਆਨਾਂ ਨੂੰ ਸ਼ਹੀਦ ਕੀਤਾ ।ਸੁਚੇਤ ਹੋਈ ਪੰਜਾਬ ਦੀ  ਸਿੱਖ ਸੰਗਤ ਨੇ ਤੰਗ ਆ ਕੇ ਬਾਦਲ ਟੋਲੇ ਨੂੰ ਸਿੱਖ ਸਿਆਸਤ ਤੋਂ ਲਾਂਭੇ ਕਰ ਦਿਤਾ । ਹੁਣ ਤਕ ਇਹ ਅਕਾਲੀ ਦੱਲ ਪੰਜਾਬ ਦੇ ਪਿੰਡਾਂ ਵਿਚ ਸੌਖੇ ਕੀਤੇ ਵੜ੍ਹ ਨਹੀਂ ਸਕਦਾ ।2017 ਦੀਆਂ ਚੋਣਾਂ ਵਿਚ ਇਸ ਅਕਾਲੀ ਦੱਲ ਨੂੰ ਹਾਸ਼ੀਏ ਤੇ ਲਿਆ ਖੜਾ ਕੀਤਾ ਹੈ ਤੇ  ਅੱਜ ਵੀ ਇਸ  ਦੱਲ ਦੀ ਇਹੋ ਹਾਲਤ ਬਣੀ ਹੋਈ ਹੈ ।
                ਇਨਾਂ ਬਾਦਲਾਂ ਦੀਆਂ ਨੀਤੀਆ ਤੋਂ ਤੰਗ ਆਕੇ ਪਹਿਲਾਂ ਸ੍ਰ ਸੇਵਾ ਸਿੰਘ ਸੇਖਵਾਂ , ਫਿਰ ਰਣਜੀਤ ਸਿੰਘ ਬ੍ਰਹਮਪੁਰਾ , ਡਾ ਰਤਨ ਸਿੰਘ ਅਜਨਾਲਾ  ਤੇ ਫਿਰ ਬਾਦ ਵਿੱਚ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਸਿੱਖਾਂ ਵਿਚ ਇਹ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਕਿ ਸਿੱਖ ਕੌਮ ਦੀ ਬਾਦਲਾਂ ਦੀ ਡਿਕਟੇਟਰਸ਼ਿਪ ਨੇ ਇਹ ਹਾਲਤ ਬਣਾ ਦਿਤੀ ਹੈ । ਉਹ  ਹੁਣ ਪੰਜਾਬ ਵਿੱਚ 1920 ਵਾਲਾ ਅਕਾਲੀ ਦੱਲ ਸਥਾਪਤ ਕਰਨ ਗੇ । ਸਿੱਖ ਕੌਮ ਨੂੰ ਉਮੀਦ ਹੋਣ ਲਗੀ ਕਿ ਇਹ ਅਕਾਲੀ ਆਗੂ  ਜਿਸ ਵਿਚ ਅਕਾਲੀ ਦੱਲਾਂ  ਦੇ ਸਾਰੇ ਧੜਿਆਂ  ਜਿਨਾਂ ਨੂੰ ਬਾਦਲਾਂ ਨੇ ਸਮੇਂ ਸਮੇਂ  ਜਾਂ ਤਾਂ ਕਢਿਆ ਸੀ ਜਾਂ ਫਿਰ ਇਨਾਂ ਦੀਆਂ ਡਿਕਟੇਟਰੀ ਨੀਤੀਆਂ ਕਾਰਨ  ਇਨਾਂ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਨ । ਸਾਰੇ ਅਕਾਲੀ ਦੱਲ ਦੇ  ਧੜਿਆਂ ਨੇ ਮੀਟਿੰਗਾਂ ਕਰਕੇ 1920  ਵਾਲਾ ਟਕਸਾਲੀ ਅਕਾਲੀ ਦੱਲ ਬਣਾਏ ਜਾਣ ਦੀ ਵਕਾਲਤ ਕੀਤੀ ।  ਸਿੱਖ ਕੌਮ ਹੁਣ ਹੋ ਰਹੇ ਇੱਕਠਾਂ ਤੋਂ ਅਨੁਭਵ ਕਰਨ ਲਗ ਪਈ ਸੀ ਕਿ ਸ਼ਾਇਦ ਸਿੱਖ ਕੌਮ  ਦੇ ਲੀਡਰਾਂ ਨੇ ਭਾਰਤੀ ਜੰਨਤਾ ਪਾਰਟੀ ਦੇ ਖਾਸੇ ਨੂੰ ਵੇਖ ਲਿਆ  ਹੈ ਕਿ ਇਸ ਪਾਰਟੀ ਨੇ ਆਪਣਾ ਨਾਂ ਭਾਵੇਂ ਬਦਲ ਲਿਆ ਹੈ ਪਰ ਇਸ ਦਾ ਚਿਹਰਾ ਮੋਹਰਾ  ਪਹਿਲਾਂ ਨਾਲੋਂ ਹੋਰ ਵੀ ਵਧੇਰੇ ਖਤਰਨਾਕ ਰ ਸ ਸ ਦੇ ਹਥਾਂ ਵਿੱਚ  ਜਾਣ ਕਰਕੇ ਹੋ ਗਈ ਹੈ ਜੋ ‘ਇਕ ਰਾਸ਼ਟਰ , ਇਕ ਧਰਮ , ਇਕ ਬੋਲੀ , ਇਕ ਵਿਧਾਨ ‘ਦੀ ਗੱਲ ਕਰ ਰਹੀ ਹੈ ।ਇਸੇ ਪਾਰਟੀ ਨੇ ਜਿਹੜੀ ਕਿਸੇ ਸਮੇਂ ਜਨ ਸੰਘ ਹੁੰਦੀ ਸੀ ਹੁਣ ਜੋ ਹੁਣ ਭਾਰਤੀ ਜੰਨਤਾ  ਬਣ ਚੁਕੀ ਹੈ ਇਸ ਨੇ ਜਿਤਨਾ ਨੁਕਸਾਨ ਪੰਜਾਬ , ਪੰਜਾਬੀ ਬੋਲੀ , ਸਿੱਖ ਧਰਮ ਦਾ ਬਾਦਲਾਂ ਸਮੇਂ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ । ਇਸ ਪਾਰਟੀ ਨੇ ਘੱਟ ਗਿਣਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਜਿਥੇ  ਮੁਸਲਮਾਨਾਂ ਦੇ ਗੈਰ ਜਮਹੂਰੀ ਢੰਗ ਨਾਲ ਧਾਰਾ 370 ਤੇ 35 ਏ ਖੋਹ ਕੇ ਕੀਤਾ ਹੈ , ਫਿਰ ਐਨ ਸੀ  ਏ , ਸੀ ਏ ਏ , ਤੇ  ਐਨ ਆਰ ਸੀ ਲਾਗੂ ਕਰਕੇ ਕਰ ਰਹੀ ਹੈ । ਉਥੇ ਦੂੁਸਰੀ ਘੱਟ ਗਿਣਤੀ ਸਿੱਖਾਂ ਦੇ ਗੁ ਡਾਂਗ ਮਾਰ , ਗੁ ਮੰਗੂ ਮੱਠ , ਗੁ ਗਿਆਨ ਗੋਦੜ੍ਹੀ ਆਦਿ ਖੋਹਣ ਤੋਂ ਬਿਨਾ ਕਦੇ ਮਹਾਂਰਾਸ਼ਟਰ , ਕਦੇ ਉਤਰਾਂਚਲ , ਕਦੇ ਗੁਜਰਾਤ ਦੇ ਸਿੱਖਾਂ ਦੀਆਂ ਬੜੀ ਮਿਹਨਤ ਉਪਰੰਤ ਅਬਾਦ ਕੀਤੀਆਂ  ਜਮੀਨਾਂ ਖੋਹ ਕੇ  ਦੇਸ਼ ਵਿਚ ਹਿੰਦੂਤੱਵ ਨੂੰ ਮਜਬੂਤ ਕਰਨ ਤੇ ਲਗੀ ਹੋਈ ਹੈ । ਕੀ ਸਾਡੇ ਸਿੱਖ ਲੀਡਰਾਂ ਨੰੁ ਇਹ ਕੁਝ ਨਜਰ ਨਹੀਂ ਆ ਰਿਹਾ ? ਇਹ ਬਾਦਲ ਦੱਲ ਵਾਲੇ   ਭਾਜਪਾ ਦੀ ਨੀਤੀ ਅਨੁਸਾਰ ਪਿਛਲੇ ਇਕ ਦਹਾਕੇ ਤੋਂ ਕਾਂਗਰਸ ਨੂੰ ਭੰਡ ਭੰਡ ਕੇ ਆਪਣੇ ਲਾਭ  ਪ੍ਰਾਪਤ ਕਰਦੀ ਆ ਰਹੀ ਹੈ ।  ਕੀ ਭਾਰਤੀ ਜੰਨਤਾ ਪਾਰਟੀ ਦਾ ਖਾਸਾ ਕਾਂਗਰਸ ਤੋਂ ਖਤਰਨਾਕ ਨਹੀਂ?  ਦੇਸ਼ ਵਿਚ ਹੁਣ ਤਕ ਇਹ ਪਾਰਟੀ ਵੀ ਦੱਸ ਸਾਲ ਤੋਂ ਵਧੇਰੇ ਰਾਜ ਕਰ ਚੁਕੀ ਹੈ ਇਸ ਨੇ ਕਿਤਨਾ ਕੁ ਇਨਸਾਫ ਸਿੱਖਾਂ ਨੂੰ  ਹੁਣ ਤਕ ਦਿਤਾ ਹੈ । ਉਹ ਸਭ ਦੇ ਸਾਹਮਣੇ ਹੈ ।  ਇਸ ਪਾਰਟੀ ਨੇ ਜੋ ਅਕਾਲੀ ਦਲਾਂ ਦੀ ਸ਼ਰਮਨਾਕ  ਦੁਰਗੱਤੀੇ ਦਿਲੀ ਦੀਆਂ ਚੋਣਾਂ ਵਿਚ ਕੀਤੀ ਹੈ।ਉਹ ਡੁੱਬ ਮਰਨ ਤੋਂ ਘੱਟ ਨਹੀਂ ।  ਜਿਤਨਾ ਚਿਰ ਇਨਾਂ ਅਕਾਲੀਆਂ ਨੂੰ ਵਰਤਣ ਦੀ ਲੋੜ੍ਹ ਸੀ, ਵਰਤ ਲਿਆ ਤੇ ਫਿਰ ਪਤੀ ਪਤਨੀ ਤੇ ਨਹੂੰ ਮਾਸ ਦਾ ਰਿਸ਼ਤਾ ਦਸਣ ਵਾਲਿਆ ਨੂੰ ਭੁਆਂ ਕੇ ਪਰੇ ਮਾਰਿਆ । ਅਸਲ ਵਿਚ ਭਾਜਪਾ  ਸਾਹਮਣੇ ਇਕੋ ਇਕ ਨਿਸ਼ਾਨਾ ਪੰਜਾਬ ਨੂੰ’ ਹਥਿਆਉਣ ‘ਦਾ ਹੈ । ਜਿਥੇ ਇਸ ਦੇ  ਹੁਣ ਤਕ ਪੈਰ ਨਹੀਂ ਲਗ ਰਹੇ। ਇਹ ਆਪਣੀ ਯੋਜਨਾ ਅਨੁਸਾਰ  ਅਕਾਲੀ ਦੱਲਾਂ ਨੂੰੁ ਸਿੱਖਾਂ ਵਿਚ ਇਤਨਾ ਕੰਮਜੋਰ ਕਰਨਾ ਚਾਹੁੰਦੀ ਹੈ ਕਿ ਇਨਾਂ ਨੂੰ ਆਪਸ ਵਿਚ ਇਤਨਾ ਲੜਾ ਦਿਤਾ ਜਾਵੇ ਕਿ ਇਹ ਇਤਨੇ  ਕਮੰਜੋਰ ਹੋ ਜਾਣ ਤੇ ਫਿਰ ਪੰਜਾਬ ਨੂੰ ਵੀ ਜਿਤਿਆ ਜਾ ਸਕੇ। ਜਿਸ ਨੂੰ ਸਾਡੇ ਲੀਡਰ ਜਾਂ ਤਾਂ ਸਮਝ ਨਹੀ ਰਹੇ  ਜਾਂ ਫਿਰ ਸਿੱਖ ਕੌਮ ਨੂੰ ਮੂੁਰਖ ਬਣਾ ਰਹੇ ਹਨ । ਇਹ ਪਾਰਟੀ ਬੜੀ ਸ਼ਾਤਰਾਂ ਦੀ ਪਾਰਟੀ ਹੈ। ਇਨਾਂ ਨੇ ਹੁਣ ਆਪਣੀ ਯੋਜਨਾ ਨਾਲ ਢੀਂਡਸਾ ਨੂੰ  ਮੋਹਰਾ ਬਣਾ ਕੇ ਵਰਤਣਾ ਸ਼ੁਰੂ ਕਰ ਦਿਤਾ ਹੈ ।1920 ਵਾਲਾ ਅਕਾਲੀ ਦੱਲ  ਬਣਾਉਣ  ਵਾਲਿਆ ਦੀ ਸਿਵਾਏ ਸ੍ਰ ਰਵੀਇੰਦਰ ਸਿੰਘ ਦੇ ਸਭ ਦੀ  ਬਿੱਲੀ ਵੀ ਬਾਹਰ ਆ ਗਈ ਹੈ ।ਪੰਜਾਬ ਦੇ ਲੋਕ ਹੁਣ ਪਹਿਲਾਂ ਨਾਲੋਂ ਸੁਚੇਤ ਹੋ ਰਹੇ ਹਨ । ਜਿਨਾਂ ਲੋਕਾਂ ਨੂੰ ਥੋਹੜਾ ਜਿਹਾ ਇਨਾਂ ਬਾਰੇ ਭਰਮ ਸੀ ਉਹ ਅੱਜ ਸਵੇਰ ਦੀਆਂ ਅਖਬਾਰਾਂ ਦੀਆਂ ਵੱਡੀਆਂ ਸੁਰਖੀਆਂ ਨੇ ਪੂਰਾ ਕਰ ਦਿਤਾ ਹੈ :-
           ੳ, ਦਿੱਲੀ ਵਿਚ ਭਾਜਪਾ ਨੂੰ ਵੋਟਾਂ ਪਾਂਵਾਂਗੇ ।
                              -ਬਾਦਲ ਅਕਾਲੀ ਦੱਲ 
           ਅ. ਦਿੱਲੀ ਵਿੱਚ ਭਾਜਪਾ ਨੂੰ ਵੋਟਾਂ ਪਾਵਾਂਗੇ ।
                             -ਸੁਖਦੇਵ ਸਿੰਘ ਢੀਂਡਸਾ 
              ੲ. ਦਿੱਲੀ ਵਿਚ ਵੋਟਾਂ ਭਾਜਪਾ ਨੂੰ ਪਾਵਾਂਗੇ ।
                               -ਮਨਜੀਤ ਸਿੰਘ ਜੀ . ਕੇ 
               ਸ. ਦਿੱਲੀ ਵਿਚ ਵੋਟਾਂ ਭਾਜਪਾ ਨੂੰ ਪਾਂਵਾਂਗੇ ।
                               - ਦਿੱਲੀ ਗੁ ਪ੍ਰਬੰਧਕ ਕਮੇਟੀ ।
                ਹ . ਦਿੱਲੀ ਵਿਚ ਵੋਟਾਂ ਭਾਜਪਾ ਨੂੰ ਪਾਂਵਾਂਗੇ ।
                                   -  ਸਰਨਾ ਅਕਾਲੀ ਦੱਲ ।
                           ਉਪਰੋਕਤ ਖਬਰ ਨੇ ਸਾਰੇ ਸੰਸਾਰ ਵਿੱਚ ਵੱਸਦੇ ਸਿੱਖਾਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿਤੇ ਹਨ। ਇਹ ਸਾਰੇ ਹੀ ਅਕਾਲੀ ਦੱਲ ਇਕੋ ਥੈੇਲੇ ਦੇ ਵੱਟੇ ਚੱਟੇ ਹਨ ।  ਕੋਈ ਗਵਰਨਰੀ ਲਈ , ਕੋਈ ਮੰਤਰੀਸ਼ਿਪ ਲਈ , ਕੋਈ ਮੁਕਦਮਿਆਂ ਤੋਂ ਬਚਣ ਲਈ ਸਿੱਖ ਕੌਮ ਨੂੰ ਦਾਅ ਤੇ ਲਗਾ ਕੇ  ਆਪਣੇ ਘੌੜੇ ਦੁੜਾ ਰਿਹਾ ਹੈ । ਸ੍ਰ ਮਨਜਿੰਦਰ ਸਿੰਘ ਸਰਸੇ ਵਾਲੇ ਨੂੰ ਕੋਈ  ਭੁੱਲਿਆ ਹੋਇਆ ਨਹੀਂ ਕਿ ਜਦੋਂ ਦਿੱਲੀ ਗੁ ਕਮੇਟੀ ਦੀ ਚੋਣ ਲੜਣੀ ਹੋਵੇ ਤਾਂ ‘ਉਹ ਵੱਡਾ ਸਿੱਖ ‘ਪਰ ਜਦੋਂ ਵਿਧਾਨ ਸਭਾ ਦੀ ਦਿੱਲੀ ਵਿਚ ਚੋਣ ਲੜਣੀ ਹੋਵੇ ਤਾਂ ਉਹ ‘ਵੱਡਾ ਹਿੰਦੂ  ਭਾਜਪਾਈ ‘। ਤੁਸੀ ਹੁਣ ਸਿੱਖ ਜਗਤ ਵਾਲੇ ਆਪ ਹੀ ਅੰਦਾਜਾ  ਲਗਾ ਸਕਦੇ ਹੋ ਕਿ ਸ੍ਰ  ਮਨਜਿੰਦਰ ਸਿੰਘ ਸਿਰਸਾ ਹੈ ਕੀ  ? ਬੜਾ ਸਪਸਟ ਹੈ ‘ਵਪਾਰੀ ਹੈ ਵਪਾਰੀ  “ ਜਿਨਾਂ ਦਾ ਇਕੋ ਇਕ ਨਿਸ਼ਾਨਾ ਸਿੱਖ ਧਰਮ ਨੂੰ ਮੋਹਰਾ ਬਣਾ ਕੇ  ‘ਧੰਨ ‘ਇਕਠਾ ਕੀਤਾ ਜਾਵੇ ਤੇ ਲੀਡਰੀਆਂ ਚਮਕਾਈਆਂ ਜਾਣ । ਅਕਾਲੀ ਦੱਲਾਂ ਨੂੰ ਤਾਂ ਇਨਾਂ ਨੇ ਸਿੱਖਾਂ ਨੂੰ ਮੂਰਖ ਬਣਾਉਣ ਲਈ ਰਖਿਆ ਹੋਇਆ ਹੈ,  ਜਿਵੇਂ ਬਾਦਲ ਦੱਲ ਵਾਲੇ  ਕਰਦੇ ਆ ਰਹੇ ਸਨ । ਉਪਰਲੇ ਸਾਰੇ ਅਕਾਲੀ ਦੱਲ ਕੌਣ ਹਨ? ਇਹ ਗੱਲ ਹੁਣ ਸਮੇਤ ਢੀਂਡਸਾ ਸਾਹਿਬ ਦੇ ਵੀ ਲੁੱਕੀ ਹੋਈ ਨਹੀਂ ਰਹਿ ਗਈ । ਇਹ ਸਾਰੇ ਦੇ ਸਾਰੇ ਵਪਾਰੀ ਕਿਸਮ ਦੇ ਲੋਕ ਹਨ ਜਿਨਾਂ ਦਾ ਇਕੋ ਇਕ ਨਿਸ਼ਾਨਾ ਸਿਰਫ ਸਿਰਫ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਸਿੱਖਾਂ ਦੇ ਲੀਡਰ ਬਣ ਕੇ ਬਾਦਲਾਂ ਦੀ ਤਰਾਂ ਧੰਨ ਕਮਾਉਣਾ ਹੀ ਰਹਿ ਗਿਆ ਹੈ । ਸਿੱਖ ਕੌਮ ਨੂੰ ਇਨਾ ਸਾਰੇ ਆਗੂਆਂ   ਤੋਂ ਬਚਣ ਦੀ ਜਰੂਰਤ ਹੈ ।
                 ਇਥੇ ਇਹ ਦਸਣ ਦੀ ਜਰੂਰਤ ਹੈ ਕਿ ਭਾਰਤੀ ਜੰਨਤਾ ਪਾਰਟੀ ਦੇ ਪਿਛੇ ਇਕ ਵਿੰਗ ਜਿਸ ਨੂੰ ਖਤਰਨਾਕ ਜਮਾਤ ਰ ਸ ਸ ਕਿਹਾ ਜਾਂਦਾ ਹੈ । ਉਸ ਦੇ ਹਜਾਰਾਂ ਸਮਰਪਿਤ ਵਰਕਰ ਦੇਸ਼ ਵਿਚਲੇ ਦੂਸਰੇ ਧਰਮਾਂ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਘੜ੍ਹਦੇ ਆ ਰਹੇ ਹਨ।ਇਹ ਸਮਾਂ ਹੀ ਦਸੇਗਾ ਕਿ ਉਹ ਸਫਲ ਵੀ ਹੁੰਦੇ ਹਨ ਕਿ ਉਨਾਂ ਨੂੰ ਵੀ  ਹਿਟਲਰ ਵਾਂਗ  ਮੂੰਹ ਦੀ ਖਾਣੀ ਪਵੇਗੀ।  ਇਹ ਗਲ ਵੀ ਕਿਸੇ ਕੋਲੋਂ ਲੁੱਕੀ ਹੋਈ ਨਹੀਂ ਰਹਿ ਗਈ ਕਿ ਉਹ ਪਿਛਲੀ ਅੱਧੀ ਸੱਦੀ ਤੋਂ ਸਿੱਖ ਧਰਮ ਨੂੰ ਖਤਮ ਕਰਨ ਲਈ ਜੁੱਟੇ ਹੋਏ ਹਨ ।ਕਦੇ ਰਾਸਟਰੀ ਸਿੱਖ ਸੰਗਤ ਬਣਾਉਂਦੇ ਹਨ, ਕਦੇ ਰ ਸ ਸ ਦੇ  ਬੰਦੇ ਸਿੱਖਾਂ ਦੇ ਭੇਸ ਵਿਚ ਸਿੱਖਾਂ ਦੇ ਧਰਮ ਅਸਥਾਨਾਂ , ਵਿਦਿਅੱਕ ਅਦਾਰਿਆਂ  , ਇਥੋਂ ਤਕ ਕਿ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆ ਹਨ ਜਿਵੇਂ ਉਨਾਂ ਨੇ ਸ਼੍ਰੌਮਣੀ ਕਮੇਟੀ ਸਮੇਤ ਜਥੇਦਾਰਾਂ ਵਿਚ ਵੀ ਆਪਣੀ ਹੌਂਦ ਬਣਾ ਲਈ ਹੋਵੇ। ਇਸ ਵੇਲੇ  ਸਿੱਖ ਕੌਮ ਦੀ ਉਹ  ਹਾਲਤ ਬਣਾ ਦਿਤੀ ਗਈ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮਾਪਤ ਹੋਣ ਉਪਰੰਤ ਡੋਗਰਿਆਂ ਨੇ  ਬਣਾ ਦਿਤੀ ਸੀ ਉਸ ਸਮੇਂ ਸਿੱਖ ਕੌਮ ਦਾ ਆਪਿਸ ਵਿਚ ਲੜ੍ਹ ਭਿੜ੍ਹ ਕੇ ਬੜਾ ਵਡਾ ਨੁਕਸਾਨ ਕਰਾਇਆ ਗਿਆ ਸੀ ਬਿਲਕੁਲ ਉਹ ਹੀ ਸਥਿਤੀ ਹੁਣ ਇਨਾਂ ਨੇ ਸਿੱਖ ਕੌਮ ਦੀ ਬਣਾ ਦਿਤੀ  ਹੈ ਕਿ ਅਸੀ  ਇਕ ਦੁੂਜੇ ਨੂੰ ਸ਼ਕੀ ਹਾਲਤ ਵਿਚ ਦੇਖਣ ਲਗ ਪਏ ਹਨ । ਇਸ ਹਾਲਤ ਵਿਚ ਸਿੱਖ ਕੌਮ ਨੂੰ  ਬੜਾ ਕੁਝ ਸੋਚਣ ਵਿਚਾਰਣ ਤੇ ਯਹੂਦੀਆਂ ਤੋਂ ਸਬਕ ਸਿਖਣ  ਦੀ ਜਰੁੂਰਤ ਹੈ ।ਅੱਜ ਲੋੜ੍ਹ ਹੈ ਕਿ ਸਿੱਖ  ਨੌਜੁਆਨ, ਸਿੱਖ ਵਿਦਵਾਨ ਜੇ ਕਰ ਆਪਣੀ  ਸਿੱਖ ਕੌਮ ਦੀ ਹੌਂਦ ਕਾਇਮ ਰੱਖ ਕੇ ਗੁਰੂੁ ਸਾਹਿਬਾਨ ਦੇ ਫਲਸਫੇ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ  ਤਾਂ  ਆਪਣੇ ਸਾਰੇ  ਮੱਤ ਭੇਦ ਭੁਲਾ ਕੇ ਸਿਰ ਜੋੜ੍ਹ ਕੇ ਇਕਠੇ ਹੋ ਕੇ ਵਿਚਾਰ ਕਰਨ ਕਿ ਕਿਵੇਂ ਇਨਾਂ ਹਿੰਦਤਵੀਆ ਕੋਲੋਂ ਸਿੱਖ ਧਰਮ ਤੇ ਸਿੱਖ ਫਲਸਫੇ  ਨੂੰ ਬਚਾਉਣਾ ਹੈ ।ਇਸ ਲਈ ਜਰੂਰੀ ਬਣ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦੱਲ , ਸ਼੍ਰੋਮਣੀ ਕਮੇਟੀ ਉਤੇ ਦ੍ਰਿੜ੍ਹ ਵਿਸਵਾਸ਼ ਵਾਲੇ ਸਮਰਪਿਤ ਬੇਦਾਗ ਸਿੱਖ ਆਗੂ ਆਉਣ ਤਾਂ ਹੀ ਅਸੀ ਆਪਣੇ ਧਰਮ ,  ਆਪਣੇ ਆਪ ਨੂੰ ਬਚਾ ਸਕਣ ਦੇ ਸਮਰੱਥ ਹੋ ਸਕਾਂ ਗੇ । ਮੌਜੂਦਾ ਸਿੱਖ ਆਗੂਆਂ  ਕੋਲੋਂ  ਭੱਲੇ ਦੀ ਆਸ ਕਰਨੀ, ਮੂਰਖਾਂ ਦੀ ਦੁਨੀਆ ਵਿਚ ਵਸਣ ਵਾਲੀ ਗੱਲ ਹੈ । ਸੰਸਾਰ ਦੇ ਸੱਮੁਚੇ ਸਿੱਖਾਂ ਨੂੰ ਜਾਗਣ ਤੇ ਅਜਿਹੀਆਂ  ਨੀਤੀਆ ਘੜਣ ਦੀ ਜਰੂਰਤ ਹੈ ਜਿਸ ਨਾਲ ਖਤਰੇ ਵਿਚ ਪਈ ਸਿੱਖ ਕੌਮ ਨੂੰ ਬਚਾਇਆ ਜਾ ਸਕੇ ।ਸਿੱਖਾਂ ਨੂੰ ਯਹੂਦੀਆਂ ਤੋਂ ਸਬਕ ਸਿੱਖਣ ਦੀ ਜਰੁਰਤ ਹੈ ਜੋ ਇਤਨਾ ਘਾਣ ਹੋਣ ਉਪਰੰਤ ਨਾਜੀਵਾਦ ਨੂੰ ਖਤਮ ਕਰਕੇ  ਕਿਥੇ ਦੇ ਕਿਥੇ ਪੁੱਜ ਗਏ ਹਨ। 
*ਲੇਖਕ ਜੰਗ ਸਿੰਘ ਨਾਲ  ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ।- +9194170-95965
  

No comments: