ਸਿਰਜਣਧਾਰਾ ਦੀ ਪਹਿਲ 'ਤੇ ਹੋਈ ਪੰਜਾਬੀ ਭਵਨ ਵਿੱਚ ਵਿਸ਼ੇਸ਼ ਬੈਠਕ
ਲੁਧਿਆਣਾ: 30 ਨਵੰਬਰ 2019: (ਪੰਜਾਬ ਸਕਰੀਨ ਟੀਮ)::
ਪੰਜਾਬ ਅਤੇ ਪੰਜਾਬੀ ਪ੍ਰਤੀ ਵਿਤਕਰੇ ਭਰੀ ਪਹੁੰਚ ਕੋਈ ਨਵੀਂ ਨਹੀਂ। ਇਸ ਨਿੰਦਣਯੋਗ ਅਤੇ ਖਤਰਨਾਕ ਪਹੁੰਚ ਦੇ ਬਾਵਜੂਦ ਪੰਜਾਬੀ ਪ੍ਰੇਮੀਆਂ ਨੇ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦੁਆਉਣ ਲਈ ਆਪਣੀਆਂ ਕੋਸ਼ਿਸ਼ਾਂ ਵਿੱਚ ਆਉਣ ਦਿੱਤੀ। ਹਿੰਦੀ ਨੂੰ ਹਿੰਦੂਆਂ ਦੀ ਭਾਸ਼ਾ ਅਤੇ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਸਮਝਣ ਸਮਝਾਉਣ ਦੇ ਜਿਹੜੇ ਫਿਰਕੂ ਮਨਸੂਬੇ ਸਮੇਂ ਸਮੇਂ ਲਾਗੂ ਹੁੰਦੇ ਰਹੇ ਹਨ ਉਹਨਾਂ ਨੂੰ ਨਾਕਾਮ ਕਰਨ ਦਾ ਸਿਹਰਾ ਉਹਨਾਂ ਪੰਜਾਬੀਆਂ ਨੂੰ ਹੀ ਜਾਂਦਾ ਹੈ ਜਿਹੜੇ ਪੂਰੀ ਤਰਾਂ ਸੈਕੂਲਰ ਰਹਿੰਦਿਆਂ ਹੋਈਆਂ ਨਾ ਸਿਰਫ ਸਾਰੇ ਧਰਮਾਂ ਦੀ ਕਦਰ ਕਰਦੇ ਰਹੇ ਬਲਕਿ ਸਾਰੀਆਂ ਭਾਸ਼ਾਵਾਂ ਨੂੰ ਵੀਦੁਆਉਣ ਬੜੇ ਪਿਆਰ ਅਤੇ ਸਤਿਕਾਰ ਨਾਲ ਪੜ੍ਹਦੇ ਲਿਖਦੇ ਰਹੇ। ਪੰਜਾਬ ਵਿੱਚ ਰਹਿੰਦੀਆਂ ਜਿੰਨਾ ਵਧੀਆ ਹਿੰਦੀ ਸਾਹਿਤ ਸਿੱਖ ਲੇਖਕਾਂ ਨੇ ਰਚਿਆ ਉਹ ਆਪਣੀ ਮਿਸਾਲ ਆਪ ਹੈ ਅਤੇ ਇਸੇ ਤਰਾਂ ਜਿਨਾਂ ਵਧੀਆ ਪੰਜਾਬੀ ਸਾਹਿਤ ਹਿੰਦੂ ਲੇਖਕਾਂ ਨੇ ਰਚਿਆ ਉਹ ਵੀ ਇੱਕ ਮਿਸਾਲ ਹੈ। ਉਹਨਾਂ ਅਸਲੀ ਲੇਖਕਾਂ ਕਾਰਨ ਹੀ ਸਿਆਸਤਦਾਨਾਂ ਦੀ ਫਿਰਕੂ ਪਹੁੰਚ ਹਰ ਵਾਰ ਨਾਕਾਮ ਹੋ ਜਾਂਦੀ ਰਹੀ। ਇਸਦੀ ਝਲਕ ਅੱਜ ਪੰਜਾਬੀ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਵੀ ਮਹਿਸੂਸ ਕੀਤੀ ਗਈ। ਇਹ ਮੀਟਿੰਗ ਜਾਣੀ ਪਛਾਣੀ ਸਾਹਿਤਿਕ ਜੱਥੇਬੰਦੀ ਸਿਰਜਣਧਾਰਾ ਦੀ ਪਹਿਲ ਤੇ ਬੁਲਾਈ ਗਈ ਸੀ।
ਇਸ ਮੌਕੇ ਮੌਜੂਦ ਇਹਨਾਂ ਸਾਹਿਤਿਕ ਸ਼ਖਸੀਅਤਾਂ ਅਤੇ ਪੰਜਾਬੀ ਹਿਤੈਸ਼ੀਆਂ ਵਿਚ ਸ਼ਾਮਲ ਸਨ ਪੰਜਾਬੀ ਸਾਹਿਤ ਦੀ ਸਿਰਕੱਢ ਸ਼ਖ਼ਸੀਅਤ ਕਰਮਜੀਤ ਸਿੰਘ ਔਜਲਾ, ਮਿੱਤਰਸੈਨ ਮੀਤ, ਦੇਵਿੰਦਰ ਸਿੰਘ ਸੇਖਾ, ਡਾ. ਗੁਰਚਰਨ ਕੌਰ ਥਿੰਦ, ਗੁਰਸੇਵਕ ਸਿੰਘ ਮਦਰੱਸਾ, ਹਰਬਖਸ਼ ਸਿੰਘ ਗਰੇਵਾਲ, ਅਮਰਜੀਤ ਸ਼ੇਰਪੁਰੀ, ਹਰਭਜਨ ਫੱਲੇਵਾਲਵੀ, ਗੁਰਨਾਮ ਸਿੰਘ ਸੀਤਲ, ਇੰਜੀਨੀਅਰ ਸੁਰਜਨ ਸਿੰਘ,ਸੰਪੂਰਨ ਸਿੰਘ ਸਨਮ,ਜੋਗਿੰਦਰ ਸਿੰਘ, ਪਰਮਿੰਦਰ ਅਲਬੇਲਾ, ਬਲਬੀਰ ਜਸਵਾਲ, ਸ੍ਰਬਜੇਤ ਸਿੰਘ ਵਿਰਦੀ, ਆਰ ਪੀ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਥਿੰਦ, ਗੁਰਭੇਜ ਸਿੰਘ, ਪ੍ਰਦੀਪ ਸ਼ਰਮਾ ਅਤੇ ਰੈਕਟਰ ਕਥੂਰੀਆ ਸਮੇਤ ਕਈ ਸਾਹਿਤਿਕ ਸ਼ਖ਼ਸੀਅਤਾਂ ਨੇ ਆਪੋ ਆਪਣੇ ਵਿਚਾਰ ਰੱਖੇ।
ਜਿੱਥੇ ਪੰਜਾਬੀ ਦੇ ਵਿਕਾਸ ਦੀਆਂ ਗੱਲਾਂ ਹੋਈਆਂ ਉੱਥੇ ਇਸ ਮਾਮਲੇ ਵਿੱਚ ਆ ਰਹੀ ਫਿਰਕੂ ਸੋਚ ਦੀ ਰੋਕਥਾਮ ਦੇ ਇਸ਼ਾਰੇ ਵੀ ਹੋਏ। ਪੰਜਾਬੀ ਨੂੰ ਸਿਰਫ ਸਿੱਖਾਂ ਦੀ ਬਜਾਏ ਸਮੂਹ ਪੰਜਾਬੀਆਂ ਦੀ ਭਾਸ਼ਾ ਬਣਾਉਣ ਤੇ ਜ਼ੋਰ ਦਿੱਤਾ ਗਿਆ। ਨਿਤ ਦਿਨ ਦੀ ਜ਼ਿੰਦਗੀ ਦੇ ਅਨੁਭਵਾਂ ਨੂੰ ਵੀ ਸਾਂਝਿਆਂ ਕੀਤਾ ਗਿਆ।
ਕੈਨੇਡਾ ਤੋਂ ਆਈ ਲੇਖਿਕਾ ਡਾਕਟਰ ਗੁਰਚਰਨ ਕੌਰ ਥਿੰਦ ਨੇ ਦੱਸਿਆ ਕਿ ਕਿਵੇਂ ਪਰਿਵਾਰ ਦੀ ਜ਼ਿੰਦਗੀ ਬੱਚਿਆਂ ਦੇ ਧਾਰਮਿਕ ਅਤੇ ਨੈਤਿਕ ਅਕੀਦਿਆਂ ਉੱਤੇ ਪ੍ਰਭਾਵ ਪਾਉਂਦੀ ਹੈ। ਜੋ ਕੁਝ ਅਸੀਂ ਬੱਚਿਆਂ ਤੋਂ ਚਾਹੁੰਦੇ ਹਾਂ ਉਹ ਕੁਝ ਸਾਨੂੰ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਵੀ ਉਤਾਰਨਾ ਪੈਣਾ ਹੈ।
ਨਾਟਕਾਂ ਦੀ ਦੁਨੀਆ ਨਾਲ ਜੁੜੇ ਹੋਏ ਪੱਤਰਕਾਰ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਇੱਕ ਸਕੂਲ ਦੇ ਪ੍ਰਬੰਧਕਾਂ ਨੇ ਪੰਜਾਬੀ ਵਿੱਚ ਨਾਟਕ ਲਿਖਣ ਤੋਂ ਰੋਕਿਆ ਸੀ। ਇਸਦੇ ਬਾਵਜੂਦ ਉਹਨਾਂ ਇਹ ਨਾਟਕ ਲਿਖਿਆ ਅਤੇ ਇਹ ਹਿੱਟ ਵੀ ਹੋਇਆ।
ਇਸੇ ਤਰਾਂ ਮਿੱਤਰਸੈਨ ਮੀਤ ਹੁਰਾਂ ਨੇ ਆਪਣੇ ਲੰਮੇ ਤਜਰਬਿਆਂ ਦੇ ਆਧਾਰ ਤੇ ਆਪਣੇ ਵਿਚਾਰ ਦੱਸੇ।
ਗੁਰਨਾਮ ਸਿੰਘ ਸੀਤਲ ਅਤੇ ਅਮਰਜੀਤ ਸ਼ੇਰਪੁਰੀ ਹੁਰਾਂ ਨੇ ਆਪਣੀ ਬੁਲੰਦ ਆਵਾਜ਼ ਵਿੱਚ ਆਪਣੇ ਲਿਖੇ ਗੀਤ ਵੀ ਸੁਣਾਏ ਜਿਹੜੇ ਕਿ ਪੰਜਾਬੀ ਨੂੰ ਸਮਰਪਿਤ ਸਨ।
(ਇਸ ਕਵਰੇਜ ਲਈ ਪੰਜਾਬ ਸਕਰੀਨ ਟੀਮ ਵਿੱਚ ਸ਼ਾਮਲ ਸਨ: ਰੈਕਟਰ ਕਥੂਰੀਆ ਅਤੇ ਪ੍ਰਦੀਪ ਸ਼ਰਮਾ ਇਪਟਾ )
No comments:
Post a Comment