Monday, November 25, 2019

ਹੰਬੜਾਂ ਕਤਲ ਤੇ ਜਬਰ ਕਾਂਡ ਹੋਣ ਲੱਗਾ ਹੋਰ ਗੰਭੀਰ

ਲੁਧਿਆਣਾ ਵਿੱਚ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦਾ ਘਿਰਾਓ ਭਲਕੇ
ਲੁਧਿਆਣਾ: 25 ਨਵੰਬਰ 2019: (ਪੰਜਾਬ ਸਕਰੀਨ ਟੀਮ):: 
ਗਰੀਬੀ ਦੀ ਮਜਬੂਰੀ ਵਿੱਚ ਦੋ ਵਕਤ ਦੀ ਰੋਟੀ ਲਈ ਕੰਮ ਕਰਦੇ ਬੱਚਿਆਂ ਨੂੰ ਦੇਖ ਕੇ ਨਾ ਤਾਂ ਸਾਡੇ ਸਮਾਜ ਨੂੰ ਕੋਈ ਸ਼ਰਮ ਆਉਂਦੀ ਹੈ ਅਤੇ ਨਾ ਹੀ ਮਹਾਨਤਾ ਦੇ ਦਾਅਵੇ ਕਰਨ ਵਾਲੇ ਇਸ ਦੇਸ਼ ਦੀਆਂ ਸਰਕਾਰਾਂ ਨੂੰ। ਹੱਡ ਤੋੜਵੀਂ ਮਿਹਨਤ ਬਦਲੇ ਆਪਣਾ ਮਿਹਨਤਾਨਾ ਮੰਗਣ ਤੇ ਜਦੋਂ ਉਹਨਾਂ ਬੱਚਿਆਂ ਨੂੰ ਮੌਤ ਮਿਲਦੀ ਹੈ ਤਾਂ  ਨਾਂ  ਤਾਂ ਸਿਆਸੀ ਪਾਰਟੀਆਂ  ਦੇ ਦਿਲ ਨੂੰ ਕੁਝ ਹੁੰਦਾ ਹੈ ਤੇ ਨਾ ਹੀ ਧਰਮਕਰਮ, ਬੋਲੀ ਅਤੇ ਹੋਰਨਾਂ ਮਾਮਲਿਆਂ ਦੀਆਂ ਠੇਕੇਦਾਰ ਬਣੀਆਂ ਸਮਾਜਿਕ ਸੰਸਥਾਵਾਂ ਨੂੰ। ਨਾ ਕੋਈ ਸ਼ਿਵ ਸੈਨਾ ਬੋਲਦੀ ਹੈ ਤੇ ਨਾ ਹੀ ਕੋਈ ਪੰਥਕ ਅਖਵਾਉਂਦਾ ਸੰਗਠਨ। ਨਾ ਕੋਈ ਖਾਲਿਸਤਾਨੀ ਧਿਰ ਆਵਾਜ਼ ਉਠਾਉਂਦੀ ਹੈ ਤੇ ਨਾ ਹੀ ਕੋਈ ਅਖੌਤੀ ਰਾਸ਼ਟਰਵਾਦੀ ਪਾਰਟੀ। ਅਜਿਹੇ ਕਾਂਡ ਦਾ ਵਿਰੋਧ ਕਰਨ ਵਾਲਿਆਂ ਨੂੰ ਤਮਾਸ਼ਬੀਨ ਬਣੇ ਲੋਕਾਂ ਦੇ ਸਾਹਮਣੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਪੁਲਿਸ ਅਧਿਕਾਰੀ ਬੜੇ ਹੀ ਮਿਠਾਸ ਵਾਲੇ ਅੰਦਾਜ਼ ਵਿੱਚ ਮੀਡੀਆ ਦੇ ਸਾਹਮਣੇ ਸਾਰਾ ਕੁਝ ਦੋ ਦਿਨਾਂ ਵਿੱਚ ਹਲ ਕਰਨਾ ਦਾ ਵਾਅਦਾ ਕਰਦੇ ਹਨ ਪਰ ਦਿੱਤੀ ਹੋਈ ਮਿਆਦ ਮੁੱਕਣ ਮਗਰੋਂ ਉਹ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਇਹ ਕਹਿ ਕੇ  ਕਰਦੇ ਹਨ ਕਿ ਸਾਡੇ ਕੋਲ ਹੋਰ ਗ੍ਰਿਫਤਾਰੀਆਂ ਕਰਨ ਦੇ ਕਾਨੂੰਨ ਵੀ  ਹਨ।  ਮਨਾਹੀ ਦੇ ਹੁਕਮਾਂ ਦਾ ਹਵਾਲਾ ਵੀ ਹੈ। ਅੱਜ ਦੇ ਘਟਨਾਕ੍ਰਮ ਵਿੱਚ ਇਹੀ ਕੁਝ ਹੋਇਆ ਹੈ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨਾਲ।  ਕਦੇ ਉਹਨਾਂ ਨੂੰ ਮੰਗਾਂ ਮੰਨਣ ਦਾ ਭੁਲੇਖਾ ਪਾਇਆ ਜਾਂਦਾ ਹੈ ਤੇ ਕਦੇ ਕਮਿਸ਼ਨਰ ਸਾਹਿਬ ਵੱਲੋਂ ਲਾਗੂ ਹੁਕਮਾਂ ਦਾ ਚੇਤਾ ਕਰਾਇਆ ਜਾਂਦਾ ਹੈ। ਸੰਘਰਸ਼ਸ਼ੀਲ ਕਮੇਟੀ ਨੂੰ ਭੰਬਲਭੂਸੇ ਪਾਉਣ ਅਤੇ ਮਿੱਠੇ ਜਿਹੇ ਢੰਗ ਨਾਲ ਡਰਾਉਣ ਦਾ ਸਿਲਸਿਲਾ ਅੱਜ ਦਿਨ ਭਰ ਜਾਰੀ ਰਿਹਾ। ਹੁਣ ਮਾਮਲਾ ਬੇਹੱਦ ਨਾਜ਼ੁਕ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਸੰਘਰਸ਼ ਕਮੇਟੀ ਆਪਣੇ ਐਲਾਨੇ ਪ੍ਰੋਗਰਾਮ ਮੁਤਾਬਿਕ ਪੁਲਿਸ ਦੇ ਖਿਲਾਫ  ਰਿਕਾਰਡ ਤੋੜ ਰੋਸ ਵਖਾਵਾ ਕਰੇਗੀ ਤੇ ਦੂਜੇ ਪਾਸੇ ਪੁਲਿਸ ਐਲਾਨੀਆਂ ਹੋਈਆਂ ਪਾਬੰਦੀਆਂ ਮੁਤਾਬਿਕ ਆਪਣਾ ਐਕਸ਼ਨ ਲਵੇਗੀ। ਕਤਲ ਲਈ ਜ਼ਿੰਮੇਵਾਰ ਠੇਕੇਦਾਰ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਦੋਹਾਂ ਧਿਰਾਂ ਦਾ ਟਕਰਾਓ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਕਤਲ ਲਈ ਜ਼ਿੰਮੇਵਾਰ ਵਿਅਕਤੀਆਂ  ਦੇ ਖਿਲਾਫ ਅਜੇ ਵੀ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ। 
ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਕੱਲ 26 ਨਵੰਬਰ ਨੂੰ ਸਵੇਰ ਤੋਂ ਹੀ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਮੰਗਾਂ ਮੰਨ ਕੇ ਲਾਗੂ ਨਾ ਕਰਨ ਖਿਲਾਫ਼ ਜਨਤਕ ਜਮਹੂਰੀ ਜੱਥੇਬੰਦੀਆਂ ਵਿੱਚ ਭਾਰੀ ਰੋਸ ਅਤੇ ਰੋਹ ਹੈ।  
ਜ਼ਿਕਰਯੋਗ ਹੈ ਕਿ ਇਸ ਅਫਸਰ ਨੇ 21 ਨਵੰਬਰ ਨੂੰ ਹੰਬੜਾਂ ਵਿਖੇ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਸਪਸ਼ਟ ਕਿਹਾ ਸੀ ਕਿ ਮਾਲਕ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ 15 ਸਾਲਾ ਮਜ਼ਦੂਰ ਲਵਕੁਸ਼ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ 10 ਆਗੂਆਂ ਉੱਤੇ ਪਾਇਆ ਨਾਜਾਇਜ਼ ਪਰਚਾ ਰੱਦ ਕੀਤਾ ਜਾਵੇਗਾ, ਲੋਕ ਆਗੂ ਰਿਹਾਅ ਕਰ ਦਿੱਤੇ ਜਾਣਗੇ ਅਤੇ ਲਵਕੁਸ਼ ਦੇ ਕਾਤਲ ਮਾਲਕ (ਠੇਕੇਦਾਰ) ਉੱਤੇ ਕਤਲ ਦਾ ਪਰਚਾ ਪਾਇਆ ਜਾਵੇਗਾ ਅਤੇ ਗਿਰਫਤਾਰ ਕੀਤਾ ਜਾਵੇਗਾ ਅਤੇ ਹੋਰ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਅਧਿਕਾਰੀ ਨੇ ਇਥੋਂ ਤੱਕ ਕਿਹਾ ਸੀ ਕਿ ਲੋਕ ਦੋਸ਼ੀ ਠੇਕੇਦਾਰੀ ਦੀ ਗ੍ਰਿਫਤਾਰੀ ਲਈ ਪੁਲਿਸ ਦੀ ਮਦਦ ਕਰਨ।ਜਿਥੇ ਵੀ ਉਹ ਠੇਕੇਦਾਰ ਘੁੰਮਦਾ ਨਜ਼ਰ ਆਵੇ ਉਸ ਬਾਰੇ ਪੁਲਿਸ  ਨੂੰ ਦੱਸਣ।   ਇਹਨਾਂ ਸਾਰੇ ਵਾਅਦਿਆਂ ਦੇ ਬਾਵਜੂਦ ਲੋਕ ਵਿਰੋਧੀ ਰਵੱਈਆ ਅਪਣਾਉਂਦੇ ਹੋਏ ਉਕਤ ਅਫਸਰ ਨੇ ਵਾਅਦੇ ਤੋਂ ਮੁੱਕਰਨ ਦਾ ਚੁਣਿਆ। ਮੀਡੀਆ ਦੀ ਮੌਜੂਦਗੀ ਵਿੱਚ ਮੰਨੀਆਂ ਮੰਗਾਂ ਵੀ ਅਜੇ ਤੱਕ ਲਾਗੂ ਨਹੀਂ ਕੀਤੀਆਂ।  
ਪੁਲਿਸ ਦੇ ਇਸ ਬਦਲੇ ਹੋਏ ਅੰਦਾਜ਼ ਨੂੰ ਲੈ ਕੇ ਖਿਲਾਫ਼ ਲੋਕ ਮਸਲਿਆਂ ਲਈ ਜੂਝ ਰਹੀਆਂ ਜੱਥੇਬੰਦੀਆਂ ਵਿੱਚ ਰੋਹ ਭਖਿਆ ਹੋਇਆ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਪੁਲਿਸ-ਪ੍ਰਸ਼ਾਸਨ ਦਾ ਇਹ ਹਮਲਾ ਲੋਕਾਂ ਦੇ ਇੱਕਮੁੱਠ ਹੋਣ, ਸੰਘਰਸ਼ ਕਰਨ, ਰੋਸ ਪ੍ਰਗਟਾਵੇ ਦੇ ਬੁਨਿਆਦੀ ਜਮਹੂਰੀ ਅਤੇ ਸੰਵਿਧਾਨਿਕ ਹੱਕ ਉੱਤੇ ਹਮਲਾ ਹੈ ਜੋ ਕਿਸੇ ਵੀ ਹਾਲਤ ਵਿੱਚ ਮਨਜੂਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਨਾਜਾਇਜ਼ ਪਰਚਾ ਰੱਦ ਕਰਵਾ ਕੇ ਅਤੇ ਲੋਕ ਆਗੂ ਰਿਹਾ ਕਰਵਾ ਕੇ ਹੀ ਰਹਿਣਗੇ। ਇਸ ਮਕਸਦ ਲਈ ਉਹਨਾਂ ਨੇ ਹਾਲ ਹੀ ਵਿੱਚ ਰਿਹਾ ਕਰਾਏ ਗਏ ਆਗੂ ਮਨਜੀਤ ਧਨੇਰ ਦਾ ਹਵਾਲਾ ਵੀ ਦਿੱਤਾ ਹੈ। ਇਸ ਰੋਸ ਮੁਜ਼ਾਹਰੇ ਮੌਕੇ ਲੋਕ ਕੰਬਲ-ਬਿਸਤਰੇ-ਭੋਜਨ ਆਦਿ ਦਾ ਪ੍ਰਬੰਧ ਕਰ ਕੇ ਆਉਣਗੇ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਇਹ ਜ਼ੋਰਦਾਰ ਸੰਘਰਸ਼ ਲੁਧਿਆਣਾ ਪੁਲਿਸ-ਪ੍ਰਸ਼ਾਸਨ ਨੂੰ ਜੱਥੇਬੰਦੀਆਂ ਵੱਲੋਂ ਪੇਸ਼ ਕੀਤੀਆਂ ਸਭਨਾਂ ਜਾਇਜ ਮੰਗਾਂ ਮੰਨਣ ਉੱਤੇ ਮਜ਼ਬੂਰ ਕਰ ਦੇਵੇਗਾ।
ਸੰਘਰਸ਼ ਕਮੇਟੀ ਨੇ ਆਮ ਲੋਕਾਂ ਦੇ ਨਾਂ ਅਪੀਲ ਜਾਰੀ ਕਰਦੇ ਹੋਏ ਆਖਿਆ ਹੈ ਕਿ ਉਹਨਾਂ ਦੀ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਈ ਇੱਛਾ ਨਹੀਂ ਹੈ, ਪਰ ਪੁਲਿਸ-ਪ੍ਰਸ਼ਾਸਨ ਦਾ ਲੋਕ ਦੋਖੀ, ਗੈਰਜਮਹੂਰੀ ਤੇ ਧੱਕੜ ਰਵੱਈਏ ਕਾਰਨ ਉਹਨਾਂ ਨੂੰ ਸੜਕਾਂ ਉੱਤੇ ਉੱਤਰਨਾ ਪੈ ਰਿਹਾ ਹੈ। ਇਸ ਲਈ 26 ਤਰੀਕ ਅਤੇ ਉਸਤੋਂ ਬਾਅਦ ਆਮ ਲੋਕਾਂ ਨੂੰ ਆਵਾਜਾਈ ਵਿੱਚ ਵਿਘਨ ਆਦਿ ਦੀ ਜੋ ਵੀ ਪ੍ਰੇਸ਼ਾਨੀ ਆਉਂਦੀ ਹੈ ਉਸਦਾ ਕਸੂਰਵਾਰ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਅਤੇ ਲੁਧਿਆਣਾ ਪੁਲਿਸ ਹੋਵੇਗੀ। ਸੰਘਰਸ਼ ਕਮੇਟੀ ਨੇ ਸਭਨਾਂ ਇਨਸਾਫ਼ ਪਸੰਦ ਲੋਕਾਂ ਨੂੰ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਅਤੇ ਲੁਧਿਆਣਾ ਪੁਲਿਸ ਦੇ ਲੋਕ ਦੋਖੀ, ਗੈਰ ਜਮਹੂਰੀ, ਧੱਕੜ ਰਵੱਈਏ ਖਿਲਾਫ਼ ਸੰਘਰਸ਼ ਕਮੇਟੀ ਦੇ ਘੋਲ ਦੀ ਹਮਾਇਤ ਕਰਨ ਅਤੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਸੰਘਰਸ਼ ਕਮੇਟੀ ਦੀ ਮੰਗ ਹੈ ਕਿ ਹੰਬੜਾਂ ਦੀ ਮੈਂਸਰ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਾਲਕ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ 15 ਸਾਲਾ ਮਜ਼ਦੂਰ ਲਵਕੁਸ਼ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ 10 ਆਗੂਆਂ ਉੱਤੇ ਪਾਇਆ ਨਾਜਾਇਜ਼ ਪਰਚਾ ਰੱਦ ਕਰ ਦਿੱਤਾ ਜਾਵੇ, ਲੋਕ ਆਗੂ ਰਿਹਾਅ ਕਰ ਦਿੱਤੇ ਜਾਣਗੇ, ਲਵਕੁਸ਼ ਦੇ ਕਾਤਲ ਮਾਲਕ (ਠੇਕੇਦਾਰ) ਉੱਤੇ ਕਤਲ ਦਾ ਪਰਚਾ ਪਾਇਆ ਜਾਵੇ ਅਤੇ ਗਿਰਫਤਾਰ ਕੀਤਾ ਜਾਵੇ। ਸੰਘਰਸ਼ ਕਮੇਟੀ ਦੀ ਮੰਗ ਹੈ ਕਿ ਹੰਬੜਾਂ ਕਤਲ ਕਾਂਡ ਦੇ ਦੋਸ਼ੀ ਨਾਲ਼ ਮਿਲੀਭੁਗਤ ਕਰਨ ਵਾਲ਼ੇ ਪੁਲਿਸ ਅਫਸ਼ਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਦਾ ਰੋਸ ਜ਼ਾਹਰ ਕਰਨ ਦਾ ਹੱਕ ਬਹਾਲ ਕੀਤਾ ਜਾਵੇ, ਪੀੜਤ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ।
            ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 10 ਲੋਕ ਆਗੂਆਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੁਖਦੇਵ ਭੂੰਦੜੀ, ਮੇਜ਼ਰ ਭੈਣੀ, ਚਿਮਲ ਸਿੰਘ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ, ਗੁਰਦੀਪ, ਜਗਦੀਸ਼, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ)/ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਸੁਖਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਗੁਰਵਿੰਦਰ, ਸ਼ੁਲੇਂਦਰ ਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਜਸਮੀਤ  ਨੂੰ ਝੂਠਾ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਮੈਂਸਰ ਪਲਾਈਵੁੱਡ ਫੈਕਟਰੀ ਹੰਬੜਾਂ ਵਿੱਚ ਝਾਰਖੰਡ ਸੂਬੇ ਤੋਂ ਆਏ ਲਵਕੁਸ਼ ਨਾਮ ਦੇ 15 ਸਾਲਾ ਬੱਚੇ ਤੋਂ ਠੇਕੇਦਾਰ ਰਘਬੀਰ ਵੱਲੋਂ ਉਪਰੋਕਤ ਫੈਕਟਰੀ ਅੰਦਰ ਲੇਬਰ ਦਾ ਕੰਮ ਕਰਾਇਆ ਜਾਂਦਾ ਸੀ। ਮਿਤੀ 7 ਨਵੰਬਰ ਨੂੰ ਫੈਕਟਰੀ ਅੰਦਰ ਕੰਮ ਦੌਰਾਨ ਰਘਬੀਰ ਨੇ ਬੱਚੇ ਲਵਕੁਸ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਦੇ ਸਿਰ ਵਿੱਚ ਡੰਡੇ ਮਾਰੇ। ਉਸਦੀ ਪੀ.ਜੀ.ਆਈ. ਵਿੱਚ ਮੌਤ ਹੋ ਗਈ। ਇਸਦੇ ਬਾਵਜੂਦ ਵੀ ਪੁਲਿਸ ਦੋਸ਼ੀ ਠੇਕੇਦਾਰ ਰਘਬੀਰ ਸਿੰਘ ਖਿਲਾਫ਼ ਪਰਚਾ ਦਰਜ ਨਹੀਂ ਕਰ ਰਹੀ ਸੀ। ਪੁਲਿਸ ਨੇ ਬਾਅਦ ਵਿੱਚ ਲੋਕ ਦਬਾਅ ਹੇਠ ਪਰਚਾ ਦਰਜ ਵੀ ਕੀਤਾ ਪਰ ਧਾਰਾ 302 ਦੀ ਥਾਂ ਧਾਰਾ 304 ਹੀ ਲਾਈ। ਦੋਸ਼ੀ ਦੀ ਤੁਰੰਤ ਗਿਰਫਤਾਰੀ, ਧਾਰਾ 302 ਤਹਿਤ ਪਰਚਾ ਦਰਜ ਕਰਨ ਅਤੇ ਮੁਆਵਜੇ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਹੋਰ ਜੱਥੇਬੰਦੀਆਂ ਨੇ 18 ਨਵੰਬਰ ਨੂੰ ਹੰਬੜਾਂ ਵਿਖੇ ਰੋਸ ਮੁਜਾਹਰਾ ਕੀਤਾ। ਪੁਲਿਸ ਨੇ ਜਾਇਜ ਕਾਰਵਾਈ ਕਰਨ ਦੀ ਥਾਂ ਜ਼ਬਰ ਦਾ ਰਾਹ ਚੁਣਿਆ ਅਤੇ ਜੱਥੇਬੰਦੀਆਂ ਦੇ ਆਗੂਆਂ ਨੂੰ ਗਿਰਫਤਾਰ ਕਰਕੇ ਧਾਰਾ 353, 341, 283, 149, 186 ਤਹਿਤ ਪਰਚਾ ਦਰਜ ਕਰਕੇ ਅੱਜ ਜੇਲ੍ਹ ਭੇਜ ਦਿੱਤਾ ਹੈ। ਦੂਜੇ ਪਾਸੇ ਮੁਜ਼ਾਹਰੇ ਤੋਂ ਬਾਅਦ ਲਵਕੁਸ਼ ਦੀ ਲਾਸ਼ ਅਤੇ ਪੀੜਤ ਪਰਿਵਾਰ ਦਾ ਕੁੱਝ ਵੀ ਅਤਾ ਪਤਾ ਨਹੀਂ ਹੈ। ਪੂਰੇ ਘਟਨਾਕ੍ਰਮ ਤੋਂ ਲੁਧਿਆਣਾ ਪੁਲਿਸ ਦੀ ਦੋਸ਼ੀ ਨਾਲ਼ ਮਿਲੀਭੁਗਤ ਸਾਫ਼ ਹੈ।
            ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਵਿੱਚ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਏਟਕ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਸੀਟੂ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਜੁਆਂਇਟ ਕੌਂਸਲ ਆਫ ਟ੍ਰੇਡ ਯੂਨੀਅਨ, ਨੌਜਵਾਨ ਭਾਰਤ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ (ਏਟਕ), ਐਨ.ਐਮ.ਯੂ., ਇਨਕਲਾਬੀ ਮਜ਼ਦੂਰ ਕੇਂਦਰ, ਡੀਐਮਐਫ ਐਨ.ਆਰ.ਐਮ.ਯੂ., ਇਨਕਲਾਬੀ ਕੇਂਦਰ ਪੰਜਾਬ ਤੇ ਹੋਰ ਜੱਥੇਬੰਦੀਆਂ ਸ਼ਾਮਲ ਹਨ।
ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸਰਗਰਮ ਆਗੂ ਲਖਵਿੰਦਰ ਨੇ ਇਸ ਧਰਨੇ/ਵਖਾਵੇ ਦੀ ਸਫਲਤਾ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਕਮੇਟੀ ਨੂੰ ਆਪਣਾ ਸਮਰਥਨ ਦੇਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵੱਖਰੀ ਸਿਆਸੀ ਪਹੁੰਚ ਵਾਲੀਆਂ ਧਿਰਾਂ ਵੀ ਇਸ ਮੁੱਦੇ ਤੇ ਇਸ ਕਮੇਟੀ ਦੇ ਨਾਲ ਹਨ ਅਤੇ ਪੁਲਿਸ ਦੇ ਖਿਲਾਫ ਹਨ। 
ਇਸ ਕਮੇਟੀ ਨਾਲ ਜੁੜਣ ਦੇ ਚਾਹਵਾਨ ਇਸ ਨੰਬਰ ਤੇ ਡਾਇਲ ਕਰ ਸਕਦੇ ਹਨ: 8360766937

No comments: