ਜੁਝਾਰੂ ਆਗੂ ਚਰਨਜੀਤ ਸਿੰਘ ਚੰਨੀ ਦੇ ਦਿਲ ਚੋਂ ਉੱਠੀ ਪਾਣੀ ਦੇ ਸੰਕਟ ਦੀ ਹੂਕ
ਪੰਜਾਬ ਦੇ ਪਾਣੀਆਂ ਦੇ ਵਾਰਸੋ!
ਹੇਠ ਲਿਖੀ ਦਾਸਤਾਨ ਛਾਤੀ ਉਤੇ ਹਥ ਰਖ ਕੇ ਪੜਿੳ!
ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ। ਸਮੁੰਦਰ....ਪਰ ਇਹ ਤਾਂ ਰੇਗਿਸਤਾਨ ਲਗਦਾ ਹੈ। ਇਸ ਧਰਤੀ ਦਾ ਉਜਾੜਾ ਕਿਵੇਂ ਹੋਇਆ ਇਹਦੀ ਦਾਸਤਾਨ ਤੁਹਾਨੂੰ ਮੈਂ ਲਿਖ ਰਿਹਾਂ ਹਾਂ।
ਜੇ ਮੈਨੂੰ ਕੋਈ ਸਵਾਲ ਕਰੇ ਕਿ ਸੰਸਾਰ ਦੀ ਉਹ ਕਿਹੜੀ ਚੀਜ਼ ਹੈ ਜਿਸਦੇ ਖਤਮ ਹੋਣ ਨਾਲ ਜੀਵਨ ਖਤਮ ਹੋ ਜਾਏਗਾ,
ਮੈ ਕਹਾਂਗਾ ਪਾਣੀ
ਪਾਣੀ ਤਾਂ ਧਰਤੀ ਦਾ ਹਾਣੀ ਹੈ...
ਪਰ ਇਸ ਧਰਤੀ ਦਾ ਹਾਣੀ ਕਦੋਂ ਮੁੱਕ ਗਿਆ ਇਸ ਗੱਲ ਦਾ ਇਸ ਧਰਤੀ ਨੂੰ ਵੀ ਪਤਾ ਨਾ ਲੱਗਿਆ।
ਗੱਲ ਕਰਦੇ ਆਂ ਉਜਬੇਕਿਸਤਾਨ ਤੇ ਕਜ਼ਾਕਸਤਾਨ ਵਿੱਚ ਵਹਿੰਦੇ ਅਰਲ ਸਾਗਰ ਦੀ। ਕਹਿੰਦੇ 1920 ਤੱਕ ਇਹ ਸਾਗਰ ਸੰਸਾਰ ਦੀ ਚੌਥੀ ਸਭ ਤੋਂ ਵੱਡੀ ਝੀਲ ਹੋਇਆ ਕਰਦੀ ਸੀ। ਇਸ ਸਾਗਰ ਵਿੱਚੋਂ ਦੋ ਵੱਡੇ ਦਰਿਆ ਅੰਮੂ ਦਰਿਆ ਉਜ਼ਬੇਕਿਸਤਾਨ ਵੱਲ ਤੇ ਸਇਰ ਦਰਿਆ ਕਜ਼ਾਕਸਤਾਨ ਵੱਲ ਨਿਕਲਦੇ ਸਨ। ਇੱਥੋਂ ਦੀ ਹਰੀ ਭਰੀ ਧਰਤੀ ਤੇ ਖੁਸ਼ਹਾਲ ਜੀਵਨ ਸੀ। 68000 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਸਾਗਰ ਵਿੱਚ ਮੱਛੀਆਂ ਫੜਨ ਵਾਲੇ ਜਹਾਜ ਚੱਲਦੇ ਸਨ ਤੇ ਲੋਕਾਂ ਦਾ ਵੱਡੇ ਪੱਧਰ ਦਾ ਵਪਾਰ ਤੇ ਕਾਰੋਬਾਰ ਸੀ। ਇਹ ਸਾਗਰ ਹੋਰ ਕਿਸੇ ਸਮੁੰਦਰ ਨਾਲ ਨਾ ਜੁੜਿਆ ਹੋਣ ਕਰਕੇ ਰੂਸੀ ਜਲ ਸੈਨਾ ਦਾ ਅੱਡਾ ਵੀ ਸੀ। ਰੂਸੀ ਫੌਜੀ ਜਹਾਜ਼ਾਂ ਦੇ ਪੁਰਜ਼ੇ ਊਠਾਂ ’ਤੇ ਢੋਅ ਕੇ ਇੱਥੇ ਲਿਆਉਂਦੇ ਤੇ ਜਹਾਜ਼ ਤਿਆਰ ਕਰਦੇ ਸਨ। ਹੌਲੀ-ਹੌਲੀ ਵੱਡੀਆਂ ਕਿਸ਼ਤੀਆਂ ਤਿਆਰ ਕਰਨ ਦਾ ਧੰਦਾ ਵੀ ਇੱਥੇ ਸ਼ੁਰੂ ਹੋ ਗਿਆ। ਕੁੱਲ ਮਿਲਾ ਕੇ ਇੱਥੋਂ ਦੇ ਲੋਕ ਬਹੁਤ ਖੁਸ਼ਹਾਲ ਜੀਵਨ ਜਿਉਂਦੇ ਸਨ।
1960 ਵਿੱਚ ਸੋਵੀਅਤ ਯੂਨੀਅਨ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਉਜ਼ਬੇਕਿਸਤਾਨ ਵਿੱਚ ਗਰਮੀਆਂ ਦੀਆਂ ਫਸਲਾਂ ਜਿਵੇਂ ਕਪਾਹ, ਦਾਲਾਂ ਖਰਬੂਜਿਆਂ ਆਦਿ ਦੀ ਖੇਤੀ ਸ਼ੁਰੂ ਕੀਤੀ ਜਾਵੇ। ਰੂਸ ਵਿੱਚ ਪੈਂਦੀ ਜ਼ਿਆਦਾ ਠੰਡ ਕਾਰਨ ਇਹਨਾਂ ਫਸਲਾਂ ਨੂੰ ਉਗਾਉਣਾ ਸੰਭਵ ਨਹੀਂ ਸੀ ਤਾਂ ਕਰਕੇ ਉਹਨਾਂ ਨੇ ਉਜਬੇਕਿਸਤਾਨ ਦੀ ਉਪਜਾਊ ਧਰਤੀ ਨੂੰ ਪਾਣੀ ਦੇ ਕੇ ਵਾਹੀਯੋਗ ਕਰਨ ਲਈ ਤਰਜੀਹ ਦਿੱਤੀ। ਇਸ ਲਈ ਅੰਮੂ ਦਰਿਆ ਤੇ ਸ਼ਇਰ ਦਰਿਆ ਦੇ ਪਾਣੀਆਂ ਨਾਲ ਛੇੜ-ਛਾੜ ਕੀਤੀ ਗਈ। ਪਾਣੀ ਦੇ ਕੁਦਰਤੀ ਵਹਾਵਾਂ ਨੂੰ ਮੋੜ ਕੇ ਉਸ ਉੱਤੇ ਬੰਨ੍ਹ ਮਾਰ ਡੈਮ ਬਣਾ ਦਿੱਤੇ ਗਏ ਤੇ ਨਹਿਰਾਂ ਕੱਢ ਦਿੱਤੀਆਂ। ਕੁਦਰਤ ਨਾਲ ਛੇੜ-ਛਾੜ ਦੇ ਨਤੀਜੇ ਅਸਲ ਵਿੱਚ ਭੈੜੇ ਹੀ ਨਿਕਲਦੇ ਹਨ। ਇਸਦਾ ਸਿੱਟਾ ਇਹ ਨਿਕਲਿਆ ਕਿ 1980 ਤੱਕ ਉਜਬੇਕਿਸਤਾਨ ਕਪਾਹ ਦਾ ਸਭ ਤੋਂ ਵੱਡਾ ਉਤਪਾਦਕ ਤਾਂ ਬਣ ਗਿਆ ਪਰ ਇਸ ਧਰਤੀ ਨੂੰ ਬੰਜਰ ਕਰਨ ਦੀ ਨੀਂਹ ਵੀ ਰੱਖੀ ਗਈ।
1991 ਵਿੱਚ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਰੂਸ ਆਪਣੇ ਘਰ ਮੁੜ ਗਿਆ ਪਰ ਜਾਂਦੇ-ਜਾਂਦੇ ਉਜਬੇਕੀ ਲੋਕਾਂ ਦੇ ਉਜਾੜੇ ਦੀ ਦਾਸਤਾਨ ਲਿਖ ਗਿਆ। ਪੰਜਾਂ ਸਾਲਾਂ ਬਾਅਦ ਇਹ ਵਿਸ਼ਾਲ ਸਾਗਰ ਸੁੱਕਣਾ ਸ਼ੁਰੂ ਹੋ ਗਿਆ। 1997 ਆਉਣ ਤੱਕ ਇਹ ਸਾਗਰ ਅੱਧ ਦੇ ਲਗਭਗ ਸੁੱਕ ਗਿਆ। ਕਹਿੰਦੇ ਹਨ..ਇਸ ਸਾਗਰ ਦੀ ਹੋਣ ਵਾਲੀ ਤਬਾਹੀ ਬਾਰੇ ਸੋਵੀਅਤ ਇੰਜਨੀਅਰਾਂ ਨੂੰ ਪਹਿਲਾਂ ਹੀ ਪਤਾ ਸੀ, ਪਰ ਉਹ ਸਰਕਾਰੀ ਦਬਾਅ ਕਾਰਨ ਚੁੱਪ ਰਹੇ। ਪਾਣੀ ਸੁੱਕਦਾ-ਸੁੱਕਦਾ ਇਹ ਰੇਗਿਸਤਾਨ ਬਣ ਗਿਆ। ਹੁਣ ਨੀਲੀਆਂ ਸਮੁੰਦਰੀ ਲਹਿਰਾਂ ਦੀ ਥਾਂ ਸੁਨਹਿਰੀ ਰੇਤ ਨੇ ਲੈ ਲਈ ਹੈ। ਵੀਰਾਨ ਰੇਗਿਸਤਾਨ ਵਿੱਚ ਬਰੋਲੇ ਉੱਡਦੇ ਹਨ। ਉਜਬੇਕੀ ਲੋਕਾਂ ਦਾ ਸਾਰਾ ਜਨ ਜੀਵਨ ਬਰਬਾਦ ਹੋ ਗਿਆ। ਲੋਕ ਘਰੋਂ ਬੇਘਰ ਹੋ ਗਏ। ਸਾਰੇ ਕਾਰੋਬਾਰ ਠੱਪ ਹੋ ਗਏ। ਜੀਵ ਜੰਤੂ ਮਰ ਗਏ...ਨਾ ਖੇਤੀ ਰਹੀ ਤੇ ਨਾ ਪਾਣੀ ਰਿਹਾ। ਭੁੱਖਮਰੀ ਤੇ ਬੇਰੁਜਗਾਰੀ ਕਾਰਨ ਬਿਮਾਰੀਆਂ ਫੈਲ ਗਈਆਂ। ਲੋਕ ਉਜੜ ਗਏ। ਦੋ-ਦੋ ਸੌ ਕਿਲੋਮੀਟਰ ਦੂਰ ਜਾ ਕੇ ਵਸਣਾ ਪਿਆ। ਨਾਸਾ ਨੇ 2014 ਵਿੱਚ ਇਸ ਧਰਤੀ ਦੀ ਫੋਟੋ ਜਾਰੀ ਕੀਤੀ ਹੈ ਤੇ ਯੂਨੈਸਕੋ ਨੇ ਇਸਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ ਮੰਨਿਆ ਹੈ। ਉਜਬੇਕੀ ਲੋਕਾਂ ਨੇ ਹਾਲੇ ਤੱਕ ਇਹ ਜਹਾਜ ਇਸ ਕਰਕੇ ਖੜੇ ਕਰਕੇ ਰੱਖੇ ਹਨ ਕਿ ਬਾਕੀ ਧਰਤੀ ਦੇ ਲੋਕ ਇਸਤੋਂ ਕੁਝ ਸਿੱਖ ਸਕਣ।
ਹੁਣ ਗੱਲ ਕਰਦੇ ਆਂ ਪੰਜਾਬ ਦੀ। ਪੰਜਾਬ ਕੋਲ ਕੁਦਰਤੀ ਸਰੋਤ ਪਾਣੀ ਹੈ ਤੇ ਪੰਜਾਬ ਦੇ ਲੋਕਾਂ ਦਾ ਜ਼ਿਆਦਾਤਰ ਧੰਦਾ ਖੇਤੀਬਾੜੀ। ਜਿਸ ਨਾਲ ਪੰਜਾਬ ਦੀ ਆਰਥਿਕਤਾ ਚਲਦੀ ਹੈ। ਪੰਜਾਬ ਵਿੱਚ ਵਹਿੰਦੇ ਦਰਿਆਵਾਂ ਪਾਣੀ ਮੋੜਿਆ ਜਾ ਰਿਹਾ ਹੈ। ਗੈਰਕਾਨੂੰਨੀ ਬੰਨ ਮਾਰੇ ਜਾ ਰਹੇ ਹਨ। ਪੰਜਾਬ ਦੀ ਹਿੱਕ ਚੀਰ ਕੇ ਨਹਿਰਾਂ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਹੀਆਂ ਹਨ। ਅਸੀਂ ਦਰਿਆਈ ਪਾਣੀ ਮੁਫਤ ਵਿੱਚ ਲੁਟਾ ਧਰਤੀ ਦੀ ਛਾਤੀ ਚ ਮੋਰੇ ਕਰ-ਕਰ ਪਾਣੀ ਕੱਢ ਰਹੇ ਹਾਂ। ਅਸੀਂ ਦੋਵੇਂ ਪਾਸਿਆਂ ਤੋਂ ਮਰ ਰਹੇ ਹਾਂ...ਧਰਤੀ ਦਾ ਹੇਠਲਾ ਪਾਣੀ ਵੀ ਬਰਬਾਦ ਕਰ ਰਹੇ ਹਾਂ ਤੇ ਉਪਰਲਾ ਮੁਫਤ ਵਿੱਚ ਲੁਟਾ ਰਹੇ ਹਾਂ। ਯਕੀਨਨ ਪਾਣੀ ਲੁੱਟਣ ਆਲੇ ਲੋਕਾਂ ਨੂੰ ਵੀ ਪਤਾ ਹੈ ਕਿ ਇਸਦਾ ਹਸ਼ਰ ਉਜ਼ਬੇਕਿਸਤਾਨ ਦੇ ਅਰਲ ਸਾਗਰ ਆਲਾ ਹੋ ਸਕਦਾ ਹੈ....ਸ਼ਾਇਦ ਉਹ ਰੂਸੀ ਇੰਜਨਿਰੀਆਂ ਵਾਂਗ ਚੁੱਪ ਬੈਠੇ ਇਹੀ ਚਾਹੁੰਦੇ ਹਨ। ਜੇ ਅਸੀਂ ਅਵੇਸਲੇ ਰਹੇ ਕਿਤੇ ਇਹ ਨਾ ਹੋਵੇ ਕਿ ਅਰਲ ਸਾਗਰ ਵਾਂਗ ਪੰਜ ਪਾਣੀਆਂ ਦੀ ਧਰਤੀ ਮਾਰੂਥਲ ਬਣ ਜਾਵੇ।
ਉਹ ਤਾਂ ਦੋ ਸੋ ਕਿਲੋਮੀਟਰ ਦੂਰ ਜਾ ਵਸੇ
ਪਜਾੰਬ ਦੇ ਪਾਣੀ ਦੇ ਵਾਰਸੋ
ਤੁਹਾਨੂੰ ਕਿਸੇ ਨੇ ਸ਼ੰਭੂ ਬਾਰਡਰ ਨ੍ਹੀ ਪਾਰ ਕਰਣ ਦੇਣਾ
ਲਿਖਤੁਮ -: ਚਰਨਜੀਤ ਸਿੰਘ ਖਾਲਸਾ ਪੰਚਾਇਤ
ਮਿਲੇ-: ਵਸੋਂ ਦੇਸ਼ ਪੰਜਾਬ
No comments:
Post a Comment