Sunday, October 13, 2019

ਭੈਣੀ ਸਾਹਿਬ ਤੋਂ ਉੱਠੀ ਪੰਜਾਬੀ ਦੇ ਹੱਕ ਵਿੱਚ ਬੁਲੰਦ ਆਵਾਜ਼

ਸੈਮੀਨਾਰ ਵਿੱਚ ਪੁੱਜੀਆਂ ਕਈ ਸੰਸਥਾਵਾਂ ਅਤੇ ਸ਼ਖਸੀਅਤਾਂ
ਸ੍ਰੀ ਭੈਣੀ ਸਾਹਿਬ (ਦੋਰਾਹਾ): 13 ਅਕਤੂਬਰ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ): 
ਪੰਜਾਬੀ ਦੇ ਖਿਲਾਫ ਸਾਜ਼ਿਸ਼ਾਂ ਜਾਰੀ ਹਨ। ਸੰਕਟ ਡੂੰਘਾ ਹੋ ਰਿਹਾ ਹੈ। ਪੰਜਾਬੀ ਦੇ ਵਿਰੋਧੀ ਭਾਵੇਂ ਦੋ ਸਾਲਾਂ ਤੱਕ ਪੰਜਾਬੀ ਨੂੰ ਮੁਕਾਉਣ ਦੀਆਂ ਧਮਕੀਆਂ ਵੀ ਦੇ ਚੁੱਕੇ ਹਨ ਅਤੇ ਆਪਣੇ ਖਾਸੇ ਮੁਤਾਬਿਕ ਮੁਆਫੀਆਂ ਵੀ ਮੰਗ ਚੁੱਕੇ ਹਨ ਪਰ ਹਕੀਕਤ ਇਹੀ ਹੈ ਕਿ ਦੇਸ਼ ਤੇ ਭਾਰੂ ਸਿਆਸਤ ਨੇ ਬਹੁਤ ਖੂਬਸੂਰਤ ਭਾਸ਼ਾ ਹਿੰਦੀ ਨੂੰ ਆਪਣਾ ਹਥਿਆਰ ਬਣਾ ਕੇ ਆਪਣਾ ਸਿਆਸੀ ਏਜੰਡਾ ਲਾਗੂ ਕਰਨ ਦਾ ਤਹਈਆ ਕੀਤਾ ਹੋਇਆ ਹੈ। ਇਸ ਸਾਜ਼ਿਸ਼ੀ ਏਜੰਡੇ ਨੂੰ ਨੰਗਾ ਕੀਤਾ ਗਿਆ ਸ੍ਰੀ ਭੈਣੀ ਸਾਹਿਬ ਵਿਖੇ ਹੋਏ ਸੈਮੀਨਾਰ ਵਿੱਚ। ਏਥੇ ਪੁੱਜੇ ਬੁਲਾਰਿਆਂ ਨੇ ਆਪੋ ਆਪਣੇ ਅੰਦਾਜ਼ ਅਤੇ ਨਰਮ/ਗਰਮ ਸੁਰ ਵਿੱਚ ਇਹਨਾਂ ਸਾਜ਼ਿਸ਼ੀ ਚੁਣੌਤੀਆਂ ਨੂੰ ਕਬੂਲ ਕਰਦਿਆਂ ਇਹਨਾਂ ਦਾ ਸਾਹਮਣਾ ਕਰਨ ਦਾ ਐਲਾਨ ਵੀ ਕੀਤਾ। ਇਸ ਸੁਰ ਨੂੰ ਬੁਲੰਦ ਆਵਾਜ਼ ਦੇਣ ਵਿੱਚ ਮੋਹਰੀ ਰਹੇ ਰੋਜ਼ਾਨਾ ਅਜੀਤ ਅਖਬਾਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ। ਸ਼੍ਰੀ ਮਾਣਕ ਨੇ ਆਪਣੀ ਗੂੰਜਵੀਂ ਆਵਾਜ਼ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ 80 ਫੀਸਦੀ ਤੋਂ ਵੱਧ ਹਿੱਸਾ ਸਾਡਾ ਪੰਜਾਬੀਆਂ ਦਾ ਹੈ। ਸਿੱਖਾਂ ਦਾ ਹੈ। ਹੁਣ ਜੇ ਦੇਸ਼ ਦੇ ਰੂਪ ਸਰੂਪ ਦੀ ਗੱਲ ਉੱਠੀ ਹੈ ਤਾਂ ਉਸ ਵਿੱਚ ਵੀ ਸਾਡਾ 80 ਫੀਸਦੀ ਵਾਲਿਆਂ ਦਾ ਹੀ ਹੱਕ ਬਣਦਾ ਹੈ ਅਤੇ ਏਥੇ ਵੀ ਸਾਡੀ ਮਰਜ਼ੀ ਹੀ ਚੱਲੇਗੀ। ਉਹਨਾਂ ਆਪਣਾ ਸੰਖੇਪ ਭਾਸ਼ਣ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਨਾਲ ਪੂਰਾ ਕੀਤਾ। ਉਹਨਾਂ ਆਪਣੇ ਦਿਲ ਹਲੂਣਵੇਂ ਭਾਸ਼ਣ ਵਿੱਚ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੇ ਨਾਲ ਨਾਲ ਸ੍ਰੀ ਭੈਣੀ ਸਾਹਿਬ ਦਰਬਾਰ ਨੂੰ ਵੀ ਬੇਨਤੀ ਕੀਤੀ ਕਿ ਜਿਵੇਂ ਅਤੀਤ ਵਿੱਚ ਇਸ ਧਰਤੀ ਤੋਂ ਲਹਿਰਾਂ ਉੱਠਦਿਆਂ ਰਹੀਆਂ ਹਨ ਉਸੇ ਤਰਾਂ ਹੁਣ ਵੀ ਇਸ ਧਰਤੀ ਤੋਂ ਪੰਜਾਬੀ ਦੇ ਹੱਕ ਵਿੱਚ ਲਹਿਰ ਸ਼ੁਰੂ ਕਰਨ ਦੀ ਤਿੱਖੀ ਲੋੜ ਹੈ। 
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਹੁਰਾਂ ਯਾਦ ਦੁਆਉਂਦਿਆਂ ਕਿਹਾ ਕਿ ਲਛਮਣ ਸਿੰਘ ਗਿੱਲ ਦੀ ਸਰਕਾਰ ਭਾਵੇਂ ਛੇ ਮਹੀਨੇ ਹੀ ਚੱਲੀ ਪਰ ਉਸ ਨੇ ਪੰਜਾਬੀ ਨੂੰ ਰਾਜ ਭਾਸ਼ਾ ਬਣਾ ਦਿੱਤਾ। ਜਿਹਨਾਂ ਦੀਆਂ ਸਰਕਾਰਾਂ ਵੀਹ ਵੀਹ ਸਾਲ ਚੱਲੀਆਂ ਉਹਨਾਂ ਨੇ ਪੰਜਾਬੀ ਲਈ ਕੁਝ ਵੀ ਨਹੀਂ ਕੀਤਾ। 
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਭੈਣੀ ਸਾਹਿਬ ਵਿਖੇ ਸਤਿਗੁਰੂ ਹਰੀ ਸਿੰਘ ਦੀ ਦੂਸਰੀ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ 'ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਤੇ ਇਸ ਨੂੰ ਪੇਸ਼ ਵੰਗਾਰਾਂ' ਵਿਸ਼ੇ 'ਤੇ ਹੋਏ ਇਸ ਸੈਮੀਨਾਰ ਵਿੱਚ ਪੰਜਾਬੀ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਦੀ ਗੱਲ ਬੜੇ ਭਖਵੇਂ ਮੁੱਦੇ ਵੱਜੋਂ ਸਾਹਮਣੇ ਆਈ। ਦੇਸ਼ ਨੂੰ ਇੱਕੋ ਏਜੰਡੇ ਵਿੱਚ ਲਿਆਉਣ ਵਾਲੀਆਂ ਧਿਰਾਂ ਵੱਲ ਵੀ ਸਪਸ਼ਟ ਇਸ਼ਾਰੇ ਹੋਏ। ਇਹ ਸੈਮੀਨਾਰ ਨਾਮਧਾਰੀ ਸੰਪਰਦਾ ਦੇ ਮੁਖੀ ਉਦੇ ਸਿੰਘ ਦੀ ਹਾਜ਼ਰੀ 'ਚ ਵਿਸ਼ਵ ਨਾਮਧਾਰੀ ਸੰਗਤ ਵਲੋਂ ਕਰਵਾਇਆ ਗਿਆ। ਸੈਮੀਨਾਰ 'ਚ ਪੰਜਾਬੀ ਚਿੰਤਕਾਂ ਤੇ ਭਾਸ਼ਾ ਵਿਗਿਆਨੀਆਂ ਨੇ ਵਿਸ਼ਵ ਪੂੰਜੀਵਾਦ ਦੇ ਮਾਰੂ ਹਮਲੇ ਦੇ ਮੱਦੇਨਜ਼ਰ ਖੇਤਰੀ ਪਛਾਣ ਤੇ ਭਾਸ਼ਾ ਵਜੋਂ ਪੰਜਾਬੀ ਭਾਸ਼ਾ ਦੇ ਅਲੋਪ ਹੋਣ ਦੇ ਖ਼ਤਰੇ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੈਮੀਨਾਰ 'ਚ ਸਾਬਕਾ ਕੁਲਪਤੀ ਡਾ. ਜੋਗਿੰਦਰ ਸਿੰਘ ਪਵਾਰ, ਡਾ. ਸੁਖਦੇਵ ਸਿੰਘ, 'ਅਜੀਤ' ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਡਾ. ਜੋਗਾ ਸਿੰਘ, ਡਾ. ਸਰਬਜੀਤ ਸਿੰਘ, ਦੇਸਰਾਜ ਕਾਲੀ, ਪ੍ਰੋ. ਗੋਪਾਲ ਸਿੰਘ ਬੁੱਟਰ, ਗੁਰਭਜਨ ਸਿੰਘ ਗਿੱਲ ਤੇ ਡਾ. ਹਰਸ਼ਿੰਦਰ ਕੌਰ, ਪ੍ਰੋ. ਅਨੂਪ ਵਿਰਕ ਆਦਿ ਨੇ ਵਿਚਾਰ ਪ੍ਰਗਟ ਕੀਤੇ। ਵਿਚਾਰ ਚਰਚਾ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਮਤੇ ਪਾਸ ਕੀਤੇ ਗਏ। ਕਾਨਫ਼ਰੰਸ 'ਚ ਕੇਂਦਰ ਸਰਕਾਰ ਪਾਸੋਂ ਇਸ ਦੇ ਵਿਕਾਸ ਤੇ ਪ੍ਰਫੁੱਲਤਾ ਸਬੰਧੀ ਮਤਿਆਂ 'ਚ 8ਵੀਂ ਸੂਚੀ 'ਚ ਦਰਜ ਸਾਰੀਆਂ ਭਾਸ਼ਾਵਾਂ ਨੂੰ ਸੰਘੀ ਸਰਕਾਰ ਦੀਆਂ ਰਾਜ ਭਾਸ਼ਾਵਾਂ ਐਲਾਨਣ, ਅਦਾਲਤਾਂ ਦਾ ਕੰਮਕਾਜ ਰਾਜ ਭਾਸ਼ਾ ਪੰਜਾਬੀ 'ਚ ਹੋਵੇ, ਭਾਰਤ ਸਰਕਾਰ ਸਾਰੀਆਂ ਭਾਸ਼ਾਵਾਂ ਦੇ ਵਿਕਾਸ ਲਈ ਵਿੱਤੀ ਤੇ ਹੋਰ ਲੋੜੀਂਦੀ ਹਰ ਪ੍ਰਕਾਰ ਦੀ ਸਹਾਇਤਾ ਦੇਵੇ, ਸੰਵਿਧਾਨ ਦੀਆਂ ਧਾਰਾਵਾਂ 347 ਅਤੇ 350-ਏ ਦਾ ਪਾਲਣ ਕਰਦਿਆਂ ਵੱਖ-ਵੱਖ ਰਾਜਾਂ 'ਚ ਵੱਸਦੀਆਂ ਭਾਸ਼ਾਈ ਘੱਟ ਗਿਣਤੀਆਂ ਨੂੰ ਉਸ ਰਾਜ ਦੀਆਂ ਸੇਵਾਵਾਂ ਤੇ ਮੁੱਢਲੀ ਸਿੱਖਿਆ ਮਾਤ ਭਾਸ਼ਾ 'ਚ ਹੋਵੇ। ਇਸ ਮੌਕੇ ਪੰਜਾਬੀ ਅਕਾਡਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ, ਨਾਮਧਾਰੀ ਸਮਾਜ ਦੇ ਆਗੂ  ਸੁਰਿੰਦਰ ਸਿੰਘ ਨਾਮਧਾਰੀ,ਸੂਬਾ ਹਰਭਜਨ ਸਿੰਘ ਨਾਮਧਾਰੀ, ਸੂਬਾ ਬਲਵਿੰਦਰ ਸਿੰਘ ਝੱਲ, ਧਰਮ ਸਿੰਘ ਸਰਚਾਵਲਾ ਬੈਂਕਾਕ, ਪ੍ਰਿੰ: ਪਰੇਮ ਸਿੰਘ ਬਜਾਜ, ਪਰਮਜੀਤ ਸਿੰਘ ਧਾਲੀਵਾਲ ਰੀਟਾਇਰਡ ਉਪ ਮੁੱਖ ਇੰਜਨੀਅਰ ਬਿਜਲੀ ਬੋਰਡ ,ਸਾਹਿੱਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ, ਤਰਨ ਸਿੰਘ ਬੱਲ, ਜਤਿੰਦਰ ਹਾਂਸ ,ਡਾ: ਗੁਲਜ਼ਾਰ ਸਿੰਘ ਪੰਧੇਰ, ਕਰਮ ਸਿੰਘ ਵਕੀਲ, ਪ੍ਰੋ: ਸੁਰਜੀਤ ਜੱਜ, ਸੰਜੀਵਨ ਸਿੰਘ ਸੂਬਾ ਸੁਰਿੰਦਰ ਕੌਰ ਖਰਲ,ਦਲਜੀਤ ਸ਼ਾਹੀ,ਰਾਜਵੰਤ ਕੌਰ ਸੰਪਾਦਕ ਮਾਸਿਕ ਵਰਿਆਮ, ਸੁਰਿੰਦਰਦੀਪ ਕੌਰ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਕਾਰਤਿਕਾ ਸਿੰਘ, ਸੁਖਚਰਨਜੀਤ ਕੌਰ ਗਿੱਲ, ਡਾ: ਲਖਬੀਰ ਸਿੰਘ ਨਾਮਧਾਰੀ, ਰੈਕਟਰ ਕਥੂਰੀਆ, ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ, ਬਲਵਿੰਦਰ ਚਾਹਲ, ਅਮਰਜੀਤ ਸ਼ੇਰਪੁਰੀ, ਦੀਪ ਦਿਲਬਰ, ਭਗਵਾਨ ਢਿੱਲੋਂ, ਹਰਕੀਰਤ ਸਿੰਘ ਤੇ ਤਰਸੇਮ ਸਿੰਘ ਨਾਮਧਾਰੀ ਹਾਜ਼ਰ ਸਨ। 
ਡਾ: ਸਰਬਜੀਤ ਸਿੰਘ ਪ੍ਰੋਫੈਸਰ ਪੰਜਾਬੀ,ਪੰਜਾਬ ਯੂਨੀਵਰਸਿਟੀ ਨੂੰ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਨੇ ਬੇਨਤੀ ਕੀਤੀ ਹੈ ਕਿ ਉਹ ਸਮੂਹ ਦਸਤਾਵੇਜ਼ ਲੱਭ ਲਭਾ ਕੇ ਸੰਪਾਦਿਤ ਕੀਤੇ ਜਾਣ ਜਿਹੜੇ ਇਸ ਵਿਸ਼ੇ ਨਾਲ ਸਬੰਧਤ ਹਨ। ਉਨ੍ਹਾਂ ਮੌਕੇ ਤੇ ਹੀ ਸਹਿਮਤੀ ਵੀ ਦੇ ਦਿੱਤੀ। 
ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਭ ਸੱਜਣ ਹੁਣ ਸਹਿਯੋਗ ਦੇ ਕੇ ਇਹ ਕਾਰਜ ਸੰਪੂਰਨ ਕਰਵਾਉ। ਤੁਹਾਡੀ ਲਾਇਬਰੇਰੀ, ਸੰਪਰਕ ਸੂਤਰ, ਜਾਣੂੰ ਬੰਦੇ ਜਾਂ ਸੰਸਥਾ ਕੋਲ ਇਹ ਦਸਤਾਵੇਜ਼((ਪੜ੍ਹੇ ਖੋਜ ਪੱਤਰ, ਮੁੱਖ ਭਾਸ਼ਨ ਜਾਂ ਵਿਚਾਰ ਚਰਚਾ ਸਬੰਧੀ ਕੋਈ ਲਿਖਤ)ਹੋਣ ਤਾਂ ਡਾ: ਸਰਬਜੀਤ ਸਿੰਘ ਨੂੰ ਫੋਟੋ ਕਾਪੀ ਕਰਵਾ ਕੇ ਜਾਂ ਮੂਲ ਰੂਪ ਵਿੱਚ ਸੌਂਪ ਕੇ ਧੰਨਵਾਦੀ ਬਣੋ। ਡਾ: ਸਰਬਜੀਤ ਸਿੰਘ ਦਾ ਸੰਪਰਕ ਨੰਬਰ +91 98155 74144 ਹੈ ਜੀ। ਪ੍ਰੋਫੈਸਰ ਗਿੱਲ ਹੁਰਾਂ ਨੇ ਯਕੀਨ ਦੁਆਇਆ ਹੈ ਕਿ ਇਸ ਦਸਤਾਵੇਜ਼ ਨੂੰ ਪ੍ਰਕਸ਼ਿਤ ਕਰਨ ਦੀ ਜ਼ਿੰਮੇਵਾਰੀ ਮੈਂ ਆਪਣੇ ਸਨੇਹੀਆਂ ਦੇ ਸਹਿਯੋਗ ਨਾਲ ਨਿਭਾਵਾਂਗਾ। 
ਅਖੀਰ ਵਿੱਚ ਮਤੇ ਵੀ ਪੜ੍ਹੇ ਗਏ ਜਿਹਨਾਂ ਨੂੰ ਹਾਲ ਵਿੱਚ ਮੌਜੂਦ ਸਮੂਹ ਸਰੋਤਿਆਂ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ। ਸ: ਨਿਸ਼ਾਨ ਸਿੰਘ ਕਥਾਵਾਚਕ ਜੀ ਨੇ ਮਤੇ ਪੇਸ਼ ਕੀਤੇ ਜੋ ਸਰਬਸੰਮਤੀ ਨਾਲ ਪ੍ਰਵਾਨ ਹੋਏ। ਮਤਿਆਂ ਚ ਮੰਗ ਕੀਤੀ ਗਈ ਹੈ ਕਿ ਸੰਵਿਧਾਨ ਦੀ ਅਠਵੀਂ ਸੂਚੀ ਵਿੱਚ ਸ਼ਾਮਿਲ 22 ਭਾਸ਼ਾਵਾਂ ਨੂੰ ਕੌਮੀ ਰੁਤਬਾ ਦੇ ਕੇ ਵਿਕਾਸ ਦੇ ਬਰਾਬਰ ਮੌਕੇ ਦਿੱਤੇ ਜਾਣ, ਅਦਾਲਤਾਂ ਦਾ ਕੰਮ ਕਾਜ ਪੰਜਾਬੀ ਚ ਹੋਵੇ, ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇ , ਵੱਖ ਵੱਖ ਰਾਜਾਂ ਦੀਆਂ ਭਾਸ਼ਾਈ ਘੱਟ ਗਿਣਤੀਆਂ ਨੂੰ ਉਸ ਰਾਜ ਦੀਆਂ ਸੇਵਾਵਾਂ ਦੇ ਇਮਤਿਹਾਨ ਤੇ ਸਿੱਖਿਆ ਪ੍ਰਾਪਤੀ ਲਈ  ਮਾਂ ਬੇਲੀ ਯਕੀਨੀ ਬਣਾਈ ਜਾਵੇ। ਪਬਲਿਕ ਤੇ ਕਾਨਵੈਂਟ ਸਕੂਲਾਂ ਵਿੱਚ  ਪੰਜਾਬੀ ਬੇਲਣ ਤੇ ਪਾਬੰਦੀ ਨਾ ਲਾਈ ਜਾਵੇ। ਪੰਜਾਬੀ ਦੇ ਵਿਕਾਸ ਲਈ ਬਣਾਈਆਂ ਸੰਸਥਾਵਾਂ ਨੂੰ ਆਰਥਿਕ ਸੰਕਟ ਚੋਂ ਕੱਢਿਆ ਜਾਵੇ। 
ਮਹਿੰਦਰ ਸਿੰਘ ਸੇਖੋਂ:
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨਾਲ ਜੁੜੇ ਮਹਿੰਦਰ ਸਿੰਘ ਸੇਖੋਂ ਵੀ ਇਸ ਮੌਕੇ ਮੌਜੂਦ ਸਨ। ਉਹਨਾਂ ਸਮਾਗਮ ਦੇ ਅੰਤ ਵਿੱਚ ਬਾਹਰ ਜਾ ਕੇ ਕਿਹਾ ਕਿ ਇਸ ਸੈਮੀਨਾਰ ਵਿੱਚ ਮਸਲਿਆਂ ਬਾਰੇ ਤਾਂ ਵਿਸਥਾਰ ਨਾਲ ਗੱਲ ਹੋਈ ਪਰ ਇਹਨਾਂ ਦੇ ਹੱਲ ਬਾਰੇ ਕੋਈ ਚਰਚਾ ਨਹੀਂ ਹੋਈ। ਮੈਂ ਇਹ ਚਰਚਾ ਕਰਨੀ ਚਾਹੁੰਦੀ ਸਾਂ ਪਰ ਮੈਨੂੰ ਮੌਕਾ ਨਹੀਂ ਦਿੱਤਾ ਗਿਆ। 
ਕੁਲ ਮਿਲਾ ਕੇ ਇਸ ਹਸੈਮੀਆਂ ਲਾਹੇਵੰਦਾ ਰਿਹਾ। 

No comments: