ਕਸ਼ਮੀਰ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਬਾਰੇ ਪ੍ਰੈਸ ਕਾਨਫ਼੍ਰੰਸ ਵਿੱਚ ਕੀਤੇ ਕਈ ਸਨਸਨੀਖੇਜ਼ ਇੰਕਸ਼ਾਫ
*ਸਿਹਤ ਸੇਵਾਵਾਂ ਰਾਜਨੀਤਿਕ ਹਾਲਾਤ ਕਾਰਨ ਪਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ ਕਸ਼ਮੀਰ ਦੇ ਲੋਕ ਅੱਤ ਦੇ ਮਾਨਸਿਕ ਤਣਾਓ ਵਿੱਚ ਜੀ ਰਹੇ
*ਕਸ਼ਮੀਰ ਵਿੱਚ ਸਿਹਤ ਦੀ ਹਾਲਤ ਦੀ ਅੱਖੀਂਂ ਡਿੱਠੀ ਵਿਆਖਿਆ
ਲੁਧਿਆਣਾ: 11 ਅਕਤੂਬਰ 2019: (ਐਮ ਐਸ ਭਾਟੀਆ)::
ਸਿਹਤ ਹਰ ਇੱਕ ਵਿਅਕਤੀ ਦਾ ਮੌਲਿਕ ਅਧਿਕਾਰ ਹੈ ਕਿਸੇ ਵੀ ਹਾਲਾਤ ਵਿੱਚ ਖਾਸ ਤੌਰ ਤੇ ਰਾਜਨੀਤਿਕ ਹਾਲਤਾਂ ਦੇ ਕਾਰਨ ਇਸ ਤੇ ਆਂਚ ਆਣੀ ਨਹੀਂ ਚਾਹੀਦੀ।
ਪੰਜ ਅਗਸਤ ਨੂੰ ਕਸ਼ਮੀਰ ਵਿੱਚ ਰੋਕਾਂ ਲਾਉਣ ਤੋਂ ਬਾਅਦ ਉਥੋਂ ਦੀਆਂ ਸਿਹਤ ਸੇਵਾਵਾਂ ਬਾਰੇ ਅਨੇਕਾਂ ਰਿਪੋਰਟਾਂ ਸਾਹਮਣੇ ਆਈਆਂ। ਪਰਮਾਣੂ ਹਥਿਆਰਾਂ ਦੇ ਖਾਤਮੇ ਬਾਰੇੇ ਡਾਕਟਰਾਂ ਦੀ ਜਥੇਬੰਦੀ ਇੰਟਰਨੈਸ਼ਨਲ ਫਿਜ਼ੀਸ਼ੀਅਨ ਫਾਰ ਦੀ ਪ੍ਰੀਵੈਨਸਨ ਆਫ ਨਿਊਕਲੀਅਰ ਵਾਰ (ਆਈ ਪੀ ਪੀ ਐਨ ਡਬਲਯੂ) ਦੇ ਸਹਿ ਪ੍ਰਧਾਨ ਡਾਕਟਰ ਅਰੁਣ ਮਿੱਤਰਾ ਕਸ਼ਮੀਰ ਵਿੱਚ ਇਨ੍ਹਾਂ ਹਾਲਾਤਾਂ ਦਾ ਜਾਇਜ਼ਾ ਲੈਣ ਗਏ। ਲਗਭਗ ਇੱਕ ਮਹੀਨਾ ਪਹਿਲਾਂ ਅਲਾਇੰਸ ਆਫ ਡਾਕਟਰਜ ਫਾਰ ਐਥੀਕਲ ਹੈਲਥਕੇਅਰ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਕਸ਼ਮੀਰ ਜਾਣ ਦੇ ਲਈ ਅਤੇ ਘਾਟੀ ਦੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਹੂਲਤਾਂ ਪਰਦਾਨ ਕਰਨ ਲਈ ਬੇਨਤੀ ਕੀਤੀ ਸੀ। ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਵੱਲੋਂ ਇਸ ਬਾਬਤ ਕੋਈ ਜਵਾਬ ਹੀ ਨਹੀਂ ਆਇਆ। ਕਸ਼ਮੀਰ ਵਿੱਚ ਸਿਹਤ ਸੇਵਾਵਾਂ ਦਾ ਮਸਲਾ ਉਦੋਂ ਭਖਿਆ ਜਦੋਂ ਕਿ ਡਾਕਟਰ ਉਮਰ, ਜੋ ਕਿ ਇੱਕ ਗੁਰਦਿਆਂ ਦੀਆਂ ਬਿਮਾਰੀਆਂ ਦੇ ਸਰਜਨ ਹਨ, ਨੇ ਬੇਨਤੀ ਕੀਤੀ ਕਿ ਡਾਕਟਰਾਂ ਤੇ ਮਰੀਜਾਂ ਦਾ ਆਣਾ ਜਾਣਾ ਸੌਖਾ ਬਣਾਇਆ ਜਾਏ ਅਤੇ ਗੁਰਦਿਆਂ ਦੀਆਂ ਬੀਮਾਰੀਆਂ ਦੇ ਨਾਲ ਸਬੰਧਿਤ ਇਲਾਜ ਲਈ ਸਾਜੋ ਸਾਮਾਨ ਦੀ ਸਪਲਾਈ ਸਹੀ ਕੀਤੀ ਜਾਏ।
70 ਦਿਨ ਤੋਂ ਬਾਅਦ ਵੀ ਲੱਗੀਆਂ ਹੋਈਆਂ ਰੋਕਾਂ ਦੇ ਕਾਰਨ ਅੱਜ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋ ਗਈ ਹੈ। ਸੰਪਰਕ ਦੇ ਸਾਧਨ ਚਾਲੂ ਨਹੀਂ ਹਨ, ਟੈਲੀਫੋਨ ਤੇ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਇਨ੍ਹਾਂ ਹਾਲਤਾਂ ਨੇ ਲੋਕਾਂ ਦੇ ਮਨਾਂ ਵਿੱਚ ਦੂਰੀ ਵਧਾ ਦਿੱਤੀ ਹੈ। ਬੱਚੇ, ਨੌਜਵਾਨ, ਔਰਤਾਂ ਤੇ ਬਜੁਰਗ ਸਾਰੇ ਦੇ ਸਾਰੇ ਹੀ ਤਣਾਅ ਵਿੱਚ ਰਹਿ ਰਹੇ ਹਨ।ਮਾਨਸਿਕ ਤਣਾਅ ਜਿਸ ਤਰੀਕੇ ਨਾਲ ਉੱਥੇ ਵੱਧ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਮਾਨਸਿਕ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਾਏਗਾ। ਲੋਕਾਂ ਵਿੱਚ ਇਹ ਭਾਵਨਾ ਘਰ ਕਰ ਗਈ ਹੈ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਵਿੱਚ ਹਾਰੇ ਹੋਏ ਦੀ ਭਾਵਨਾ ਹੈ। ਗੈਰ ਵਿਸਵਾਸੀ ਦੇ ਕਾਰਨ ਲੋਕ ਇੱਕ ਦੂਜੇ ਦੇ ਨਾਲ ਇਸ ਬਾਰੇ ਗੱਲਬਾਤ ਕਰਨ ਤੋਂ ਵੀ ਘਬਰਾਉਂਦੇ ਹਨ। ਲੋਕਾਂ ਵਿੱਚ ਚਰਚਾ ਹੈ ਕਿ 11000 ਤੋਂ ਵੀ ਵੱਧ ਲੋਕ ਫੜ੍ਹੇ ਹੋਏ ਹਨ ਤੇ ਉਨ੍ਹਾਂ ਨੂੰ ਕਸ਼ਮੀਰ ਤੋਂ ਬਾਹਰ ਦੂਸਰੇ ਸ਼ਹਿਰਾਂ ਵਿੱਚ ਜਿਵੇਂ ਕਿ ਆਗਰਾ ਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਮੰਦੀ ਹਾਲਤ ਵਿੱਚ ਰੱਖਿਆ ਗਿਆ ਹੈ। ਇਸ ਕਿਸਮ ਦੀਆਂ ਚਰਚਾਵਾਂ ਦੇ ਕਾਰਨ ਲੋਕਾਂ ਵਿੱਚ ਗੁੱਸਾ ਤੇ ਤਣਾਓ ਲਗਾਤਾਰ ਵਧ ਰਿਹਾ ਹੈ। ਸੱਤਰ ਦਿਨ ਤੋਂ ਵੀ ਵੱਧ ਹੋ ਗਏ ਕਿ ਬੱਚੇ ਸਕੂਲ ਨਹੀਂ ਜਾ ਰਹੇ ਉਨ੍ਹਾਂ ਵਿੱਚ ਡਿਪ੍ਰੈਸ਼ਨ ਵੀ ਹੈ ਤੇ ਅਤੇ ਗੁੱਸਾ ਵੀ ਹੈ। ਛੋਟੇ ਬੱਚੇ ਮਾਪਿਆਂ ਨਾਲ ਲੜਦੇ ਹਨ ਕਿ ਉਹ ਸਕੂਲ ਕਿਉਂ ਨਹੀਂ ਜਾਂਦੇ। ਬੱਚੇ ਆਪਣੇ ਦੋਸਤਾਂ ਮਿੱਤਰਾਂ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਹਨ।
ਪੜ੍ਹਾਈ ਦੀ ਬੱਚਿਆਂ ਨੂੰ ਬਹੁਤ ਫਿਕਰ ਹੈ ਖਾਸ ਤੌਰ ਤੇ ਵੱਡੇ ਬੱਚਿਆਂ ਨੂੰ ਇੰਝ ਲੱਗਦਾ ਹੈ ਕਿ ਉਨ੍ਹਾਂ ਦਾ ਭਵਿੱਖ ਹਨੇਰੇ ਵਿੱਚ ਪੈ ਗਿਆ ਹੈ।ਮਾਪੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ। ਸੰਪਰਕ ਸੇਵਾਵਾਂ ਨਾ ਹੋਣ ਦੇ ਕਾਰਨ ਮਾਪੇ ਕਹਿੰਦੇ ਹਨ ਕਿ ਜੇ ਬੱਚੇ ਨੂੰ ਕੁਝ ਹੋ ਗਿਆ ਉਨ੍ਹਾਂ ਨੂੰ ਕਿਵੇਂ ਪਤਾ ਲੱਗੇਗਾ। ਬੱਚਿਆਂ ਤੋਂ ਸੰਪਰਕ ਦੇ ਬਿਨਾਂ ਸਕੂਲ ਭੇਜਣਾ ਮਾਪਿਆਂ ਨੂੰ ਖਤਰਨਾਕ ਲੱਗਦਾ ਹੈ।
ਐਮਰਜੈਂਸੀ ਹਾਲਤਾਂ ਵਿੱਚ ਮਰੀਜ਼ਾਂ ਦਾ ਆਪਣੇ ਡਾਕਟਰ ਦੇ ਨਾਲ ਟੈਲੀਫੋਨ ਸੇਵਾਵਾਂ ਨਾ ਹੋਣ ਦੇ ਕਾਰਨ ਸੰਪਰਕ ਕਰਨਾ ਸੰਭਵ ਨਹੀਂ ਹੈ। ਕੇਵਲ ਲੈਂਡਲਾਈਨ ਫੋਨ ਕੰਮ ਕਰਦੇ ਹਨ ਜੋ ਕਿ ਅੱਜ ਸਮਾਜ ਵਿੱਚ ਨਾਮ ਮਾਤਰ ਹਨ। ਇਹ ਲੈਂਡ ਲਾਈਨ ਵੀ ਹਰ ਵੇਲੇ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ। ਇਸ ਕਾਰਨ ਡਾਕਟਰ ਵੀ ਆਪਸ ਵਿੱਚ ਸਲਾਹ ਮਸ਼ਵਰਾ ਨਹੀਂ ਕਰ ਪਾਉਂਦੇ। ਜਨਤਕ ਟਰਾਂਸਪੋਰਟ ਦੇ ਆਉਣ ਜਾਣ ਦੇ ਸਾਧਨ ਨਾ ਹੋਣ ਦੇ ਕਾਰਨ ਮਰੀਜ਼ਾਂ ਦਾ ਐਮਰਜੈਂਸੀ ਹਾਲਤਾਂ ਵਿੱਚ ਡਾਕਟਰਾਂ ਕੋਲ ਪਹੁੰਚਣਾ ਬਹੁਤ ਔਖਾ ਹੋ ਗਿਆ ਹੈ। ਦੂਰ ਦੁਰਾਡੇ ਦੇ ਇਲਾਕਿਆਂ ਵਿੱਚੋਂ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਤੱਕ ਡਾਕਟਰਾਂ ਕੋਲ ਲਿਆਉਣਾ ਬਹੁਤ ਹੀ ਔਖਾ ਹੋ ਗਿਆ ਹੈ। ਬਜ਼ੁਰਗਾਂ ਤੇ ਵੱਧ ਬੀਮਾਰ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਦੀ ਅਕਸਰ ਲੋੜ ਪੈਂਦੀ ਹੈ। ਉਹਨਾਂ ਲਈ ਐਮਰਜੈਂਸੀ ਸੇਵਾਵਾਂ ਲੈਣ ਲਈ ਪਹੁੰਚਣਾ ਅਸਾਨ ਨਹੀਂ। ਖਾਸ ਤੌਰ ਤੇ ਰਾਤ ਬਰਾਤੇ ਸਫਰ ਕਰਨਾ ਬਹੁਤ ਔਖਾ ਹੈ। ਇਨ੍ਹਾਂ ਹਾਲਤਾਂ ਦਾ ਦਵਾਈਆਂ ਦੀ ਸਪਲਾਈ ਤੇ ਵੀ ਮੰਦਾ ਪ੍ਰਭਾਵ ਪਿਆ ਹੈ ਖਾਸ ਤੌਰ ਤੇ ਕੈਂਸਰ, ਸ਼ੂਗਰ ਦੇ ਇਲਾਜ ਦੀਆਂ ਦਵਾਈਆਂ ਅਤੇ ਕਈ ਕਿਸਮ ਦੇ ਮੈਡੀਕਲ ਉਪਕਰਨ ਆਉਣ ਜਾਣ ਤੇ ਵੀ ਬੁਰਾ ਅਸਰ ਪਿਆ ਹੈ। ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਹੋਣ ਦੇ ਕਾਰਨ ਦਵਾਈਆਂ ਆਦਿ ਦੇ ਆਰਡਰ ਦੇਣੇ ਵੀ ਬਹੁਤ ਔਖੇ ਹੋ ਗਏ ਹਨ। ਬਿੱਲਾਂ ਦੇ ਭੁਗਤਾਨ ਦੀ ਸਮੱਸਿਆ ਬੜੀ ਹੈ। .
ਦੁਕਾਨਾਂ ਪੂਰੀ ਤਰ੍ਹਾਂ ਬੰਦ ਹਨ; ਕੰਮਕਾਰ ਬਿਲਕੁਲ ਠਪ ਹੈ। ਟਰਾਂਸਪੋਰਟਰ ਤੇ ਸ਼ਿਕਾਰਾ ਚਲਾਉਣ ਵਾਲੇ ਲੋਕ ਖਾਸ ਤੌਰ ਤੇ ਪ੍ਰਭਾਵਿਤ ਹਨ। ਕੰਮਕਾਰ ਬੰਦ ਹੋਣ ਦੇ ਕਾਰਨ ਦੁਕਾਨਦਾਰ ਖੁਦ ਪ੍ਰਭਾਵਿਤ ਹਨ ਤੇ ਉਨ੍ਹਾਂ ਦੇ ਮੁਲਾਜ਼ਮਾਂ ਦੀ ਛਾਂਟੀ ਹੋ ਰਹੀ ਹੈ। ਬਾਗਾਂ ਵਿੱਚ ਹੋਣ ਵਾਲੇ ਸੇਬ ਆਦਿ ਦੀ ਸਪਲਾਈ ਬੜੀ ਪਰਭਾਵਿਤ ਹੋਈ ਹੈ ਜਿਸ ਕਾਰਨ ਆਰਥਿਕਤਾ ਤੇ ਮਾੜਾ ਅਸਰ ਪੈ ਰਿਹਾ ਹੈ। ਛੋਟੇ ਕੰਮ ਕਰਨ ਵਾਲੇ ਲੋਕ, ਦਿਹਾੜੀਦਾਰ ਲੋਕਾਂ ਤੇ ਬਹੁਤ ਮੰਦਾ ਪ੍ਰਭਾਵ ਪਿਆ ਹੈ। ਹਾਲਤ ਖਰਾਬ ਹੁੰਦੇ ਦੇਖ ਲੋਕਾਂ ਨੇ ਆਮ ਖਾਣ ਪੀਣ ਦਾ ਸਾਮਾਨ ਜਿਵੇਂ ਕਿ ਦਾਲ ਚਾਵਲ ਇੱਕਠਾ ਕਰਕੇ ਰੱਖ ਲਿਆ ਸੀ। ਪਰ ਇਹ ਛੇਤੀ ਹੀ ਮੁੱਕ ਜਾਵੇਗਾ ਉਸ ਤੋਂ ਬਾਅਦ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਘੱਟ ਅਮਦਨੀ ਵਾਲੇ ਲੋਕ ਬੜੇ ਸਾਫ਼ ਲਫ਼ਜ਼ਾਂ ਵਿੱਚ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੇਟ ਭਰਨਾ ਔਖਾ ਹੋ ਗਿਆ ਹੈ। ਜੇਕਰ ਇੰਝ ਕੁਝ ਦੇਰ ਹੋਰ ਚੱਲਦਾ ਰਿਹਾ ਤਾਂ ਖ਼ੁਰਾਕ ਦੀ ਕਮੀ ਦੇ ਕਾਰਨ ਕੁਦਰਤੀ ਤੌਰ ਤੇ ਸਿਹਤ ਤੇ ਹੋਰ ਮੰਦਾ ਪ੍ਰਭਾਵ ਪਏਗਾ।
* ਸਿਹਤ ਸੇਵਾਵਾਂ ਠੀਕ ਕਰਨ ਬਾਰੇ ਕੁਝ ਸੁਝਾਅ:
* ਸੰਪਰਕ ਦੇ ਸਾਧਨ ਫੌਰੀ ਤੌਰ ਤੇ ਪੂਰੀ ਤਰ੍ਹਾਂ ਬਹਾਲ ਕੀਤੇ ਜਾਣ।
* ਰੋਗੀਆਂ ਤੇ ਡਾਕਟਰਾਂ ਦੇ ਆਉਣ ਜਾਣ ਕਿਸੇ ਵੀ ਸਮੇਂ ਬੇਰੋਕਟੋਕ ਹੋਣਾ ਚਾਹੀਦਾ ਹੈੇ।
* ਲੋਕਾਂ ਦਾ ਵਿਸ਼ਵਾਸ ਜਿੱਤਣਾ ਜ਼ਰੂਰੀ ਹੈ ਇਸ ਲਈ ਲੋਕਾਂ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ।
* ਫੜ੍ਹੇ ਹੋਏ ਲੋਕਾਂ ਨੂੰ ਛੱਡਿਆ ਜਾਣਾ ਚਾਹੀਦਾ ਹੈ ਖਾਸ ਤੌਰ ਤੇ ਬੱਚਿਆਂ ਨੂੰ ਜੋ ਕਿ ਗਿ੍ਰਫਤਾਰ ਕੀਤੇ ਗਏ ਹਨ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਹੈ।
* ਜੰਮੂ ਕਸ਼ਮੀਰ ਦੇ ਲੋਕਾਂ ਦੇ ਵਿਧਾਨਕ ਹੱਕ ਬਹਾਲ ਕਰਨੇ ਚਾਹੀਦੇ ਹਨ ਤੇ ਹਾਲਾਤ ਵਿੱਚ ਪਾਰਦਰਸ਼ਿਤਾ ਲਿਆਣੀ ਜਰੂਰੀ ਹੈ।
ਇਸ ਕਿਸਮ ਦੇ ਹਾਲਾਤ ਦਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਵੱਧ ਰਹੇ ਤਣਾਅ ਤੇ ਮੰਦਾ ਅਸਰ ਪੈ ਰਿਹਾ ਹੈ। ਇਸਦੇ ਬੜੇ ਭਿਆਨਕ ਖ਼ਤਰੇ ਹੋ ਸਕਦੇ ਹਨ ਕਿਉਂਕਿ ਦੋਨਾਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ। ਜੇਕਰ ਜੰਗ ਲੱਗ ਗਈ ਤਾਂ ਪਰਮਾਣੂ ਹਥਿਆਰ ਵਰਤੇ ਜਾਣ ਦਾ ਖਤਰਾ ਬਰਕਰਾਰ ਹੈ। ਉਨ੍ਹਾਂ ਹਾਲਤਾਂ ਵਿੱਚ ਦੁਨੀਆਂ ਭਰ ਤੇ ਅਸਰ ਪਏਗਾ ਤੇ ਦੋ ਅਰਬ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਸਕਦੇ ਹਨ। ਇਸ ਲਈ ਹਾਲਾਤ ਨੂੰ ਸੁਖਾਵਾਂ ਬਣਾਉਣ ਦੀ ਬੜੀ ਸਖ਼ਤ ਜ਼ਰੂਰਤ ਹੈ।
No comments:
Post a Comment