Sep 1, 2019, 7:39 PM
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਕੀਤਾ ਸੂਬਾ ਪੱਧਰੀ ਚੇਤਨਾ ਸੈਮੀਨਾਰ
ਲੁਧਿਆਣਾ: 1 ਸਤੰਬਰ 2019: (ਪੰਜਾਬ ਸਕਰੀਨ ਬਿਊਰੋ)::
ਨਵੀਂ ਪੈਨਸ਼ਨ ਸਕੀਮ ਦਾ ਵਿਰੋਧ ਤਿੱਖਾ ਹੋਣ ਦੇ ਨਾਲ ਨਾਲ ਹੀ ਪ੍ਰਾਣੀ ਪੈਨਸ਼ਨ ਵਾਲੀ ਸਕੀਮ ਬਹਾਲ ਕੀਤੇ ਜਾਣ ਲਈ ਅੰਦੋਲਨ ਸਰਗਰਮੀ ਨਾਲ ਸ਼ੁਰੂ ਹੈ।
ਸਰਕਾਰੀ ਮੁਲਾਜ਼ਮਾਂ ਵਿੱਚ 1 ਜਨਵਰੀ 2004 ਤੋਂ ਲਾਗੂ ਕੀਤੀ ਨਵੀਂ ਪੈਨਸ਼ਨ ਪ੍ਰਣਾਲੀ (ਐੱਨ.ਪੀ.ਐੱਸ) ਖਿਲਾਫ ਰੋਹ ਵਧ ਰਿਹਾ ਹੈ। ਮੁਲਾਜ਼ਮਾਂ ਨੇ ਇਸ ਨਵੀਂ ਸਕੀਮ ਨੂੰ ਬਜ਼ਾਰੂ ਖਤਰਿਆਂ ਨਾਲ ਨਾਲ ਜੁੜੀ ਹੋਈ ਕਰਾਰ ਦਿੱਤਾ ਹੈ। ਇਸਦੇ ਨਾਲ ਹੀ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਮੁੜ ਪ੍ਰਾਪਤੀ ਲਈ ਲਾਮਬੰਦੀ ਵੀ ਤੇਜ਼ ਹੋ ਗਈ ਹੈ। ਇਸੇ ਸਿਲਸਿਲੇ ਅਧੀਨ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (ਪ.ਪ.ਪ.ਫ) ਪੰਜਾਬ ਨੇ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਬਹਾਲ ਕਰਵਾਉਣ ਲਈ ਪੰਜਾਬੀ ਭਵਨ ਵਿਖੇ ਸੂਬਾ ਪੱਧਰੀ ‘ਚੇਤਨਾ ਸੈਮੀਨਾਰ’ ਦਾ ਪ੍ਰਭਾਵਸ਼ਾਲੀ ਆਯੋਜਨ ਕਰਵਾਇਆ। ਇਸ ਸਾਰੇ ਆਯੋਜਨ ਵਿੱਚ ਭਵਿੱਖੀ ਸੰਘਰਸ਼ਾਂ ਦੀ ਦਿਸ਼ਾ ਤੈਅ ਕਰਨ, ਜਥੇਬੰਦਕ ਹੋਣ ਦੇ ਮਹੱਤਵ ਅਤੇ ਟੀਚਿਆਂ ਸਬੰਧੀ ਵਿਚਾਰਧਾਰਕ ਪੱਧਰ ‘ਤੇ ਐੱਨ.ਪੀ.ਐੱਸ ਮੁਲਾਜ਼ਮਾਂ ਨੂੰ ਪ੍ਰੋੜ ਕਰਨ ਲਈ ਉਪਰਾਲਿਆਂ ਤੇ ਵਿਚਾਰਾਂ ਹੋਈਆਂ।
ਪ.ਪ.ਪ.ਫ ਪੰਜਾਬ ਦੇ ਸੂਬਾ ਕਨਵੀਨਰ ਵਿਕਰਮ ਦੇਵ ਸਿੰਘ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪਹੁੰਚੇ ਮੁਲਾਜ਼ਮ ਜਥੇਬੰਦੀਆਂ ਤੇ ਫੈਡਰੇਸ਼ਨਾਂ ਦੇ ਆਗੂਆਂ ਅਤੇ ਨਵੀਂ ਪੈਨਸ਼ਨ ਪ੍ਰਣਾਲੀ ਦੇ ਦਾਇਰੇ ਹੇਠ ਆਉਣ ਵਾਲੇ ਮੁਲਾਜ਼ਮਾਂ ਦਾ ਸੈਮੀਨਾਰ ਵਿੱਚ ਪਹੁੰਚਣ 'ਤੇ ਸਵਾਗਤ ਕੀਤਾ। ਇਸਦੇ ਨਾਲ ਹੀ ਉਹਨਾਂ ਪੁਰਾਣੀ ਪੈਨਸ਼ਨ ਖੋਹਣ ਲਈ ਜ਼ਿੰਮੇਵਾਰ ਨਿੱਜੀਕਰਨ, ਉਦਾਰੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ ਖਿਲਾਫ ਵਿਆਪਕ ਸੰਘਰਸ਼ ਛੇੜਣ ਦਾ ਸੱਦਾ ਦਿੱਤਾ।
ਸੂਬਾ ਕੋ ਕਨਵੀਨਰਾਂ ਹਰਦੀਪ ਟੋਡਰਪੁਰ, ਪਰਮਿੰਦਰ ਮਾਨਸਾ, ਜਸਵਿੰਦਰ ਔਜਲਾ, ਰਘਵੀਰ ਸਿੰਘ ਭਵਾਨੀਗੜ੍ਹ ਅਤੇ ਸੁਖਵਿੰਦਰ ਗਿਰ ਅਦਿ ਨੇ ਆਪਣੇ ਸੰਬੋਧਨਾਂ ਰਾਹੀਂ ਨੈਸ਼ਨਲ ਪੈਨਸ਼ਨ ਪ੍ਰਣਾਲੀ ਦੇ ਮੁਲਾਜ਼ਮ ਵਿਰੋਧੀ ਖਾਕੇ ਨੂੰ ਬਰੀਕੀ ਨਾਲ ਉਧੇੜਦਿਆਂ ਦੱਸਿਆ ਕਿ ਇਸ ਪ੍ਰਣਾਲੀ ਦਾ ਟੀਚਾ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਤਹਿਤ ਪੈਨਸ਼ਨ ਦੇਣ ਦੀ ਥਾਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਅੰਤਾਂ ਦਾ ਮੁਨਾਫਾ ਪਹੁੰਚਾਉਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ੇਅਰ ਬਜ਼ਾਰ ਨਾਲ ਜੁੜੀ ਇਸ ਪ੍ਰਣਾਲੀ ਨੂੰ ਲਾਗੂ ਕਰਕੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਮੁਲਾਜ਼ਮਾਂ ਨੂੰ ਅਸੁਰੱਖਿਅਤ ਬੁਢਾਪੇ ਦਾ ਸੰਤਾਪ ਭੁਗਤਨ ਲਈ ਛੱਡ ਦਿੱਤਾ ਗਿਆ ਹੈ।
ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐਮ.ਐਫ) ਪੰਜਾਬ ਦੇ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਡੂੰਘੇ ਆਰਥਿਕ ਸੰਕਟ ਵਿੱਚ ਘਿਰੀ ਸਰਕਾਰ ਅਖੌਤੀ ਰਾਸ਼ਟਰਵਾਦ ਦੇ ਨਾਅਰਿਆਂ ਹੇਠ ਆਪਣੀ ਨਾਕਾਮੀ ਨੂੰ ਲੁਕਾੳੇਣ ਦੇ ਅਸਫਲ ਯਤਨ ਕਰ ਰਹੀ ਹੈ।
ਡੀ.ਐਮ.ਐਫ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਨੇ ਕਿਹਾ ਕਿ ਸਾਮਰਾਜ ਦੀਆਂ ਪਿੱਛਲੱਗ ਬਣੀਆਂ ਕੇਂਦਰ ਅਤੇ ਸੂਬਾਾ ਸਰਕਾਰਾਂ ਲੋਕ ਭਲਾਈ ਦੇ ਕੀਤੇ ਜਾਣ ਵਾਲੇ ਖਰਚਿਆਂ 'ਤੇ ਕਟੌਤੀ ਕਰ ਰਹੀਆ ਹਨ ਪ੍ਰੰਤੂ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਨੂੰ ਕਰੌੜਾਂ ਦੇ ਗੱਫੇ ਦਿੱਤੇ ਜਾ ਰਹੇ ਹਨ। ਰਿਜ਼ਰਵ ਬੈਂਕ ਕੋਲੋ ਸਰਪਲੱਸ 1.76 ਲੱਖ ਕਰੌੜ ਦੀ ਰਕਮ ਵਸੂਲਣੀ ਵੀ ਸਰਮਾਈਦਾਰੀ ਪੂੰਜੀ ਨੂੰ ਸੰਕਟ ਵਿੱਚ ਕੱਢਣ ਦਾ ਠੁੰਮਣਾ ਦੇਣਾ ਹੈ।
ਡੈਮੋਕਰੇਟਿਕ ਟੀਚਰਜ਼ ਫੰਰਟ ਪੰਜਾਬ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਪੂਨੀਆ ਨੇ ਹਾਜ਼ਰ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵਿਸ਼ਾਲ ਜਨਤਕ ਘੋਲ ਉਸਾਰਨ ਲਈ ਬਲਾਕ ਪੱਧਰ ਤੱਕ ਜਾ ਕੇ ਲਾਮਬੰਦੀ ਕਰਨ ਦਾ ਸੁਨੇਹਾ ਦਿੱਤਾ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (ਪ.ਪ.ਪ.ਫ) ਨੇ ਭਵਿੱਖ ਦੀ ਰਣਨੀਤੀ ਉਲੀਕਦਿਆਂ ਸਤੰਬਰ-ਅਕਤੂਬਰ ਮਹੀਨੇ ਦੌਰਾਨ ਜਿਲ੍ਹਿਆਂ ਅਤੇ ਬਲਾਕਾਂ ਵਿੱਚ ਐਡਹਾਕ ਕਮੇਟੀਆਂ ਦਾ ਗਠਨ ਕਰਨ, 12 ਅਕਤੂਬਰ ਨੂੰ ਡੀ.ਐੱਮ.ਐੱਫ ਦੇ ਬੈਨਰ ਹੇਠ ਪਟਿਆਲਾ ਵਿਖੇ ਹੋਣ ਜਾ ਰਹੇ ਸੂਬਾਈ ਪ੍ਰਦਰਸ਼ਨ ਦਾ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਹਿੱਸਾ ਬਣਨ ਅਤੇ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਨੂੰ ਲੈ ਕੇ ਕੰਮ ਰਹੀਆਂ ਹੋਰਨਾਂ ਜਥੇਬੰਦੀਆਂ ਨਾਲ ਤਾਲਮੇਲ ਵਧਾਉਣ ਦਾ ਐਲਾਨ ਕੀਤਾ। ਜੀ.ਐੱਸ.ਟੀ.ਯੂ ਤੋਂ ਚਰਨ ਸਿੰਘ ਸਰਾਭਾ ਨੇ ਪ.ਪ.ਪ.ਫ ਦੀ ਉਸਾਰੀ ਨੂੰ ਸਵਾਗਤ ਯੋਗ ਕਦਮ ਕਰਾਰ ਦਿੱਤਾ।
ਇਸ ਮੌਕੇ ਅਮਰਜੀਤ ਸ਼ਾਸ਼ਤਰੀ, ਗੁਰਵਿੰਦਰ ਖਹਿਰਾ, ਬਲਵਿੰਦਰ ਚਹਿਲ, ਮਨਪ੍ਰੀਤ ਸਮਰਾਲਾ, ਸੁਖਵਿੰਦਰ ਸੁੱਖ, ਦਲਜੀਤ ਸਫੀਪੁਰ, ਸੁਖਦੀਪ ਤਪਾ, ਵਿਪਿਨ ਕੁਮਾਰ, ਅਸ਼ਵਨੀ ਅਵਸਥੀ, ਅਤਿੰਦਰ ਘੱਗਾ, ਮੁਕੇਸ਼ ਗੁਜਰਾਤੀ, ਧਰਮ ਸਿੰਘ ਸੁਜਾਪੁਰ, ਸੁਖਵਿੰਦਰ ਲੀਲ, ਰੁਪਿੰਦਰ ਪਾਲ ਗਿੱਲ, ਰਮਨਜੀਤ ਸੰਧੂ, ਕੁਲਦੀਪ ਸਿੰਘ, ਅਜੈ ਕੁਮਾਰ, ਲਖਵਿੰਦਰ ਰੁੜਕੀ, ਸੁਖਜਿੰਦਰ ਗੁਰਦਾਸਪੁਰ, ਹਰਜਿੰਦਰ ਵਡਾਲਾ ਬਾਂਗਰ, ਸੁਖਜਿੰਦਰ ਰਈਆ, ਅਮਨਦੀਪ ਦੇਵੀਗੜ, ਜੋਸ਼ੀਲ ਤਿਵਾੜੀ, ਅਮੋਲਕ ਡੇਲੂਆਣਾ, ਹਰਜਿੰਦਰ ਜੰਡਿਆਲੀ, ਲਾਭ ਸਿੰਘ ਅਕਲੀਆ ਆਦਿ ਮੌਜੂਦ ਰਹੇ।
No comments:
Post a Comment