ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵਲੋਂ ਸੂਬੇ ਅੰਦਰ ਸ਼ੁਰੂ ਕੀਤੇ ਗਏ ਬਿਜਲੀ ਦੇ ਰੇਟਾਂ ਚ ਕਟੌਤੀ ਕਰਕੇ 2 ਰੁਪਏ ਪ੍ਰਤੀ ਯੂਨਿਟ ਕਰਨ, ਧਰਤੀ ਹੇਠਲਾ ਅਤੇ ਦਰਿਆਵਾਂ ਦਾ ਪਾਣੀ ਬਚਾਉਣ ਲਈ ਸ਼ੁਰੂ ਕੀਤੇ ਗਏ ਸੂਬਾ ਪੱਧਰੀ ਸੰਘਰਸ਼ ਦੀ ਲੜੀ ਤਹਿਤ ਅੱਜ ਭਾਰਤੀ ਇਨਕਲਾਬੀ ਪਾਰਟੀ ਜਿਲਾ ਲੁਧਿਆਣਾ ਵਲੋਂ ਸੈਂਕੜੇ ਮਿਹਨਤਕਸ਼ ਲੋਕਾਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਜਿਲਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ, ਸਕੱਤਰ ਜਗਤਾਰ ਸਿੰਘ ਚਕੋਹੀ, ਪ੍ਰੋ. ਜੈਪਾਲ ਸਿੰਘ, ਅਮਰਜੀਤ ਸਿੰਘ ਮੱਟੂ, ਮਹਿੰਦਰ ਸਿੰਘ ਅੱਚਰਵਾਲ, ਪਰਮਜੀਤ ਸਿੰਘ ਲੁਧਿਆਣਾ, ਮੈਡਮ ਸੁਰਿੰਦਰ ਕੌਰ, ਡਾ. ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਚ ਲੁਧਿਆਣਾ ਵਿਖੇ ਭਾਈ ਬਾਲਾ ਚੌਂਕ ਨਜਦੀਕ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ। ਜਿੱਥੇ ਸੂਬੇ ਅੰਦਰ ਨਸ਼ੇ ਨਾਲ ਨੌਜਵਾਨ ਅਤੇ ਬੱਚੀਆਂ ਦੀਆਂ ਮੌਤਾਂ ਹੋ ਰਹੀਆਂ ਹਨ ਉੱਥੇ ਪਹਲੀ ਅਕਾਲੀ ਭਾਜਪਾ ਸਰਕਾਰ ਅਤੇ ਹੁਣ ਦੀ ਕਾਂਗਰਸ ਸਰਕਾਰ ਵਲੋਂ ਲੋਕ ਵਿਰੋਧੀ ਨੀਤੀਆਂ ਕਾਰਨ ਸਾਰੇ ਦੇਸ਼ ਨਾਲੋਂ ਪੰਜਾਬ ਅੰਦਰ ਬਿਜਲੀ ਦੀਆਂ ਕੀਮਤਾਂ ਵੱਧ ਹਨ। ਪਹਿਲੀ ਅਤੇ ਹੁਣ ਵਾਲੀ ਸਰਕਾਰ ਵਲੋਂ ਬਿਜਲੀ ਮਹਿਕਮੇ ਦੀਆਂ ਬਦਨਾਮ ਪ੍ਰਾਈਵੇਟ ਕੰਪਨੀਆਂ ਨਾਲ ਰਿਸ਼ਵਤਾਂ ਲੈ ਕੇ ਕੀਤੇ ਸਮਝੌਤਿਆਂ ਕਾਰਨ ਅੱਜ ਪੰਜਾਬ ਦਾ ਬਿਜਲੀ ਬੋਰਡ ਟੁੱਟਣ ਕਿਨਾਰੇ ਹੈ। ਉਹਨਾਂ ਦੋਸ਼ ਲਾਇਆ ਕਿ ਜਨਤਕ ਖੇਤਰ ਚ ਸਸਤੀ ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟ ਤੋਂ ਬਿਜਲੀ ਨਾਂ ਲੈ ਕੇ ਨਿੱਜੀ ਖੇਤਰ ਦੇ ਥਰਮਲ ਪਲਾਂਟਾ ਤੋਂ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ।ਜਿਸਨਾਲ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਕੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ।ਪਾਸਲਾ ਨੇ ਮੰਗ ਕੀਤੀ ਕਿ ਬਿਜਲੀ ਦੇ ਬਿੱਲਾਂ ਤੋਂ ਹਰ ਤਰਾਂ ਦੇ ਟੈਕਸ ਅਤੇ ਸੈਸ ਖਤਮ ਕਰਕੇ ਬਿਜਲੀ ਦੀ ਯੂਨਿਟ 2 ਰੁਪਏ ਪ੍ਰਤੀ ਲਏ ਜਾਣ। ਉਹਨਾਂ ਧਰਤੀ ਹੇਠਲਾ ਪਾਣੀ ਅਤੇ ਦਰਿਆਵਾਂ ਦੇ ਪਾਣੀ ਨੂੰ ਬਚਾਉਣ ਲਈ ਜੋਰ ਦਿੰਦਿਆਂ ਆਖਿਆ ਕਿ ਧਰਤੀ ਹੇਠਲੇ ਪਾਣੀ ਨੂੰ ਸੰਜਮ ਨਾਲ ਵਰਤ ਕੇ ਪੰਜਾਬ ਨੂੰ ਮਾਰੂਥਲ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਵੱਧ ਪਾਣੀ ਨਾਲ ਪੈਦਾ ਹੋਣ ਵਾਲੇ ਝੋਨੇ ਦੀ ਫਸਲ ਦਾ ਬਦਲ ਸਰਕਾਰ ਲੱਭੇ। ਕਾਰਖਾਨੇਦਾਰਾਂ ਅਤੇ ਹੋਰਨਾਂ ਵਲੋਂ ਧਰਤੀ ਵਿੱਚ ਅਤੇ ਦਰਿਆਵਾਂ ਚ ਅਣ ਸੋਧਿਆ ਪਾਣੀ ਅਤੇ ਗੰਦ ਮੰਦ ਸੁੱਟਣ ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ। ਮੀਂਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਦੇ ਪ੍ਰੋਜੈਕਟ ਆਰੰਭੇ ਜਾਣੇ ਚਾਹੀਦੇ ਹਨ। ਪਾਰਟੀ ਦੇ ਜਿਲਾ ਸਕੱਤਰ ਡੀ ਪੀ ਮੌੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਪਰੋਕਤ ਸਾਰੀਆਂ ਮੰਗਾਂ ਨੂੰ ਮਨਾਉਣ ਲਈ ਜਨਤਕ ਲਾਮਬੰਦੀ ਕੀਤੀ ਜਾਵੇਗੀ। ਇਸ ਮੌਕੇ ਗੁਰਦੀਪ ਸਿੰਘ ਕਲਸੀ, ਹਰਬੰਸ ਸਿੰਘ ਲੋਹਟਵੱਦੀ, ਪੰਜਾਬ ਮੈਡੀਕਲ ਐਸ਼ੋਸ਼ੀਏਸ਼ਨ ਦੇ ਸੁਬਾਈ ਆਗੂ ਡਾ. ਰਮੇਸ਼ ਬਾਲੀ, ਡਾ ਭਗਵੰਤ ਸਿੰਘ ਬੜੂੰਦੀ, ਡਾ ਹਰਦੀਪ ਸਿੰਘ ਬਸਰਾਵਾਂ, ਡਾ. ਕੇਸਰ ਸਿੰਘ ਧਾਂਦਰਾ, ਡਾ. ਭਗਤ ਸਿੰਘ, ਡਾ. ਸੰਤੋਖ ਸਿੰਘ ਮਨਸੂਰਾਂ, ਕਾਮਰੇਡ ਚਮਨ ਲਾਲ, ਬਲਰਾਜ ਸਿੰਘ ਕੋਟ ਉਮਰ, ਗੁਰਮੇਲ ਸਿੰਘ ਰੂਮੀ, ਹੁਕਮ ਰਾਜ ਦੇਹੜਕਾ, ਸੁਰਜੀਤ ਸਿੰਘ ਸੀਲੋਂ, ਮਨਜੀਤ ਸਿੰਘ ਉਧੋਵਾਲ, ਸੁਖਵਿੰਦਰ ਸਿੰਘ ਰਤਨਗੜ, ਬੱਗਾ ਸਿੰਘ, ਮਾ. ਦਰਸ਼ਨ ਸਿੰਘ, ਬਲਜੀਤ ਸਿੰਘ ਗੋਰਸੀਆਂ ਆਦਿ ਤੋਂ ਇਲਾਵਾ ਬਹੁ ਗਿਣਤੀ ਚ ਕਿਰਤੀ ਲੋਕ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਹਰਨੇਕ ਸਿੰਘ ਗੁੱਜਰਵਾਲ ਨੇ ਬਾਖੂਬੀ ਨਿਭਾਈ।
ਇਸ ਸਮੇਂ ਹਾਜਰ ਕਿਰਤੀ ਲੋਕਾਂ ਨੇ ਇੱਕ ਮਤਾ ਪਾਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਕਸ਼ਮੀਰੀ ਲੋਕਾਂ ਨਾਲ ਧੱਕਾ ਹੈ। ਇਸ ਫੈਸਲੇ ਨਾਲ ਸੂਬੇ ਅੰਦਰ ਬਦ-ਅਮਨੀ ਫੈਲਣ ਦਾ ਡਰ ਹੈ। ਉਹਨਾਂ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਿਸ ਲਿਆ ਜਾਵੇ। ਅੰਤ ਵਿੱਚ ਭਾਈ ਬਾਲਾ ਚੌਂਕ ਤੋਂ ਡੀ ਸੀ. ਦਫਤਰ ਤੱਕ ਮਾਰਚ ਕੀਤਾ ਗਿਆ। ਮਾਨਯੋਗ ਡੀ ਸੀ ਰਾਂਹੀ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ।
No comments:
Post a Comment