Aug 8, 2019, 4:59 PM
ਲੋਕ ਰੋਹ ਨੇ ਇਸਨੂੰ ਗ਼ੈਰਜਮਹੂਰੀ ਤੇ ਫਿਰਕੂ ਕਾਰਵਾਈ ਗਰਦਾਨਿਆ
ਲੁਧਿਆਣਾ: 8 ਅਗਸਤ 2019: (ਪੰਜਾਬ ਸਕਰੀਨ ਟੀਮ)::
ਜਦੋਂ ਕਸ਼ਮੀਰ ਐਕਸ਼ਨ ਤੋਂ ਬਾਅਦ ਲੱਡੂ ਵੰਡੇ ਜਾ ਰਹੇ ਸਨ, ਭੰਗੜੇ ਪਾਏ ਜਾ ਰਹੇ ਸਨ ਅਤੇ ਕੁਆਰੇ ਭਾਜਪਾਈਆਂ ਨੂੰ ਕਸ਼ਮੀਰ ਦੀਆਂ ਗੋਰੀਆਂ ਕੁੜੀਆਂ ਨਾਲ ਵਿਆਹੁਣ ਦੇ ਐਲਾਨ ਕੀਤੇ ਜਾ ਰਹੇ ਸਨ ਉਦੋਂ ਮੈਦਾਨ ਵਿੱਚ ਨਿੱਤਰੀ ਜਮਹੂਰੀ ਅਧਿਕਾਰ ਸਭਾ ਅਤੇ ਹੋਰ ਸਹਿਯੋਗੀ ਸੰਗਠਨ। ਬਿਲਕੁਲ ਉੱਸੇ ਤਰਾਂ ਜਿਵੇਂ ਇਸ ਸੰਗਠਨ ਨੇ ਨਵੰਬਰ-1984 ਵੇਲੇ "ਦੋਸ਼ੀ ਕੌਣ" ਨਾਂਅ ਦਾ ਤਥਾਂ ਭਰਪੂਰ ਕਿਤਾਬਚਾ ਪੰਜਾਬੀ ਵਿੱਚ ਪ੍ਰਕਾਸ਼ਿਤ ਕਰ ਕੇ ਇੱਕ ਇਤਿਹਾਸਿਕ ਕਦਮ ਚੁੱਕਿਆ ਸੀ। ਕਸ਼ਮੀਰੀਆਂ ਦੇ ਜ਼ਖਮਾਂ 'ਤੇ ਨਮਕ ਛਿੜਕ ਰਹੇ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਜਮਹੂਰੀ ਅਧਿਕਾਰ ਸਭਾ ਅਤੇ ਹੋਰਨਾਂ ਖੱਬੇ ਪੱਖੀ ਸੰਗਠਨਾਂ ਨੇ ਹਾਅ ਦਾ ਨਾਅਰਾ ਮਾਰਿਆ ਹੈ। ਅੱਜ ਦੀ ਰੈਲੀ ਅਤੇ ਮੁਜ਼ਾਹਰਾ ਇਹੀ ਦੱਸ ਰਿਹਾ ਸੀ।
ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਫੌਜ ਲਾ ਕੇ, ਉਥੋਂ ਦੇ ਲੋਕਾਂ ਨੂੰ ਜਬਰੀ ਆਪਣੇ ਘਰਾਂ ਵਿੱਚ ਨਜ਼ਰਬੰਦ ਕਰਕੇ, ਸੰਵਿਧਾਨ ਦੀ ਧਾਰਾ 370 ਅਤੇ 35 ਏ ਨੂੰ ਖਤਮ ਕਰਨ ਦੇ ਹਿਟਲਰ ਸ਼ਾਹੀ ਫੁਰਮਾਨਾਂ ਖ਼ਿਲਾਫ਼, ਅੱਜ ਲੁਧਿਆਣਾ ਦੀਆਂ ਜਮਹੂਰੀ, ਜਨਤਕ ਤੇ ਇਨਕਲਾਬੀ ਜੱਥੇਬੰਦੀਆਂ ਵੱਲੋਂ ਰੋਹ ਭਰਪੂਰ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਜੱਥੇਬੰਦੀਆਂ ਦੇ ਆਗੂਆਂ ਜਿਹਨਾਂ ਵਿੱਚ ਜਮਹੂਰੀ ਕਿਸਾਨ ਸਭਾ ਦੇ ਰਘਵੀਰ ਸਿੰਘ ਬੈਨੀਪਾਲ, ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਸਵੰਤ ਜੀਰਖ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਰਾਜਵਿੰਦਰ, ਜਨਵਾਦੀ ਇਸਤਰੀ ਸਭਾ ਦੇ ਸੁਰਿੰਦਰ ਕੌਰ ਜੈਪਾਲ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਹਰਜਿੰਦਰ ਸਿੰਘ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ ਦੇ ਕਾਮਰੇਡ ਸੁਰਿੰਦਰ ਸਿੰਘ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਕਸਤੂਰੀ ਲਾਲ, ਇਨਕਲਾਬੀ ਲੋਕ ਮੋਰਚਾ ਦੇ ਵਿਜੇ ਨਰਾਇਣ, ਆਲ ਇੰਡੀਆ ਪੰਜਾਬ ਕਿਸਾਨ ਸਭਾ ਦੇ ਚਮਕੌਰ ਸਿੰਘ, ਡੈਮੋਕ੍ਰੈਟਿਕ ਲਾਇਰ ਐਸੋਸੀਏਸਨ ਦੇ ਐਡਵੋਕੇਟ ਹਰਪ੍ਰੀਤ ਜੀਰਖ, ਕਾਮਾਗਾਟਾਮਾਰੂ ਕਮੇਟੀ ਦੇ ਐਡਵੋਕੇਟ ਕੁਲਦੀਪ ਸਿੰਘ ਅਤੇ ਜਸਦੇਵ ਲਲਤੋਂ ਨੇ ਸੰਬੋਧਨ ਕੀਤਾ।
ਸਾਰੇ ਬੁਲਾਰਿਆਂ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਹੱਕ ਵਿੱਚ ਆਵਾਜ ਬੁਲੰਦ ਕਰਦਿਆਂ ਸਪਸਟ ਕੀਤਾ ਕਿ ਕੇਂਦਰ ਵਿੱਚ ਭਾਜਪਾ ਦੀ ਮੋਦੀ-ਅਮਿੱਤ ਸ਼ਾਹ ਸਰਕਾਰ ਸ਼ਰੇਆਮ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਕੇ ਆਪਣਾ ਫਿਰਕੂ ਅਤੇ ਭਗਵਾਂ ਏਜੰਡਾ ਲਾਗੂ ਕਰਨ ਲਈ ਧਰਮਾਂ ਦੇ ਬਖੇੜੇ ਖੜੇ ਕਰਕੇ ਨਫ਼ਰਤ ਦੀ ਰਾਜਨੀਤੀ ਉਭਾਰ ਰਹੀ ਹੈ।ਪਰ ਇਹਨਾਂ ਦੀ ਮੰਨੂਵਾਦੀ ਵਿਚਾਰਧਾਰਾ ਨੂੰ ਦੇਸ਼ ਦੀਆਂ ਅਗਾਂਹਵਧੂ ਤਾਕਤਾਂ ਕਦੀ ਵੀ ਬਰਦਾਸ਼ਤ ਨਹੀਂ ਕਰਨਗੀਆਂ। ਆਗੂਆਂ ਨੇ ਦੇਸ਼ ਦੇ ਹਰ ਖੇਤਰ ਵਿੱਚ ਲਾਗੂ ਕੀਤੇ ਜਾ ਰਹੇ ਭਾਜਪਾ ਦੇ ਭਗਵਾ ਕਰਨ ਦੇ ਏਜੰਡੇ ਖ਼ਿਲਾਫ਼ ਇਕਮੁੱਠ ਹੋਕੇ ਜ਼ੋਰਦਾਰ ਆਵਾਜ਼ ਉਠਾਉਣ ਲਈ ਲਾਮਬੰਦੀ ਕਰਦਿਆਂ ਹਰ ਪਿਛਾਂਹਖਿੱਚੂ ਤਾਕਤ ਨੂੰ ਵੰਗਾਰਨ ਤੇ ਜ਼ੋਰ ਦਿੱਤਾ। ਉਹਨਾਂ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਵੀ ਡਟਕੇ ਮੁਖ਼ਾਲਫ਼ਤ ਕੀਤੀ ਜੋ ਕਿ ਅਮੀਰਾਂ ਨੂੰ ਹੀ ਹੋਰ ਅਮੀਰ ਅਤੇ ਗਰੀਬ ਨੂੰ ਹੋਰ ਗਰੀਬ ਬਣਾਉਂਦੀਆਂ ਹਨ। ਉਹਨਾਂ ਲੋਕਾਂ ਨੂੰ ਇਹਨਾਂ ਹਰ ਕਿਸਮ ਦੇ ਰਾਜਨੀਤੀਵਾਨਾਂ ਦੀਆਂ ਦੇਸ਼ ਵਿਰੋਧੀ ਚਾਲਾਂ ਚੋਂ ਬਾਹਰ ਆ ਕੇ ਇਨਕਲਾਬੀ ਲੜਾਈ ਤੇਜ਼ ਕਰਨ ਦਾ ਸੱਦਾ ਦਿੱਤਾ। ਕਸਤੂਰੀ ਲਾਲ ਅਤੇ ਸੰਦੀਪ ਕੁਮਾਰ ਦਰਦੀ ਨੇ ਆਪਣੇ ਗੀਤਾਂ/ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਰੈਲੀ ਉਪਰੰਤ ਭਾਰਤ ਨਗਰ ਚੌਕ ਤੋਂ ਮਿੰਨੀ ਸੈਕਟਰੀਏਟ ਚੌਕ ਤੱਕ ਭਾਜਪਾ ਸਰਕਾਰ ਦੇ ਤਾਨਾਸ਼ਾਹ ਰਵੱਈਏ ਖ਼ਿਲਾਫ਼ ਨਾਹਰੇ ਬਾਜ਼ੀ ਕਰਦਿਆਂ ਮਾਰਚ ਵੀ ਕੀਤਾ।
ਅਧਿਆਪਕ ਆਗੂ ਹਰਦੇਵ ਮੁਲਾਪੁਰ,ਚਰਨ ਸਿੰਘ ਨੂਰਪੁਰਾ, ਜਰਨੈਲ ਸਿੰਘ, ਗੁਰਦੀਪ ਸਿੰਘ ਮਾਛੀਵਾੜਾ,ਪ੍ਰੇਮ ਅਮਨ, ਡਾ ਸੁਰਜੀਤ ਸਿੰਘ, ਹਿੰਮਤ ਸਿੰਘ, ਐਮ ਐਸ ਭਾਟੀਆ, ਆਤਮਾ ਸਿੰਘ, ਸਤੀਸ਼ ਸੱਚਦੇਵਾ, ਅਵਤਾਰ ਸਿੰਘ, ਬਲਦੇਵ ਸਿੰਘ ਜਗਰਾਓਂ ਅਤੇ ਲੜਕੀਆਂ ਬਿੰਨੀ, ਬਲਜੀਤ ਦੀ ਅਗਵਾਈ ਵਿੱਚ ਹਾਜ਼ਰ ਸਨ।ਅੰਤ ‘ਚ ਰਘਵੀਰ ਸਿੰਘ ਬੈਨੀਪਾਲ ਨੇ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਜਸਵੰਤ ਜੀਰਖ ਨੇ ਨਿਭਾਇਆ।
No comments:
Post a Comment