Aug 1, 2019, 3:49 PM
ਨਾਜ਼ੁਕ ਖੇਤਰਾਂ ਵਾਲੇ ਘਰਾਂ ਵਿੱਚ ਰਾਹਤ ਸਮੱਗਰੀ ਵੰਡੀ
ਲੁਧਿਆਣਾ: 1 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਸ਼ਹਿਰ ਵਿੱਚ ਅੱਜ ਹੋਈ ਭਾਰੀ ਬਾਰਿਸ਼ ਕਾਰਨ ਭਾਵੇਂ ਕਿ ਆਮ ਜਨਜੀਵਨ ਪ੍ਰਭਾਵਿਤ ਹੋਇਆ ਪਰ ਨਗਰ ਨਿਗਮ ਲੁਧਿਆਣਾ ਵੱਲੋਂ ਸਮੇਂ ਸਿਰ ਕੀਤੇ ਉਪਰਾਲਿਆਂ ਦੇ ਨਾਲ ਸ਼ਹਿਰ ਦੇ ਕਿਸੇ ਵੀ ਇਲਾਕੇ ਵਿੱਚ ਜਿਆਦਾ ਦੇਰ ਤੱਕ ਪਾਣੀ ਨਾ ਖੜਨ ਦਿੱਤਾ ਗਿਆ, ਜਿਸ ਨਾਲ ਸ਼ਹਿਰ ਵਿੱਚ ਜਨਜੀਵਨ ਆਮ ਵਾਂਗ ਹੋ ਗਿਆ ਹੈ। ਵਰਦੇ ਮੀਂਹ ਵਿੱਚ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ ਪੀ. ਸੀ. ਐੱਸ. ਅਧਿਕਾਰੀ ਸ੍ਰੀਮਤੀ ਸੁਮਿਤ ਮੁੱਧ, ਕੌਂਸਲਰਾਂ ਸ੍ਰੀਮਤੀ ਮਮਤਾ ਆਸ਼ੂ ਅਤੇ ਜੈਪ੍ਰਕਾਸ਼, ਕਾਂਗਰਸੀ ਆਗੂ ਸ੍ਰ. ਬਲਜਿੰਦਰ ਸਿੰਘ ਸੰਧੂ, ਐੱਸ. ਈ. ਸ੍ਰ. ਹਰਪਾਲ ਸਿੰਘ ਭੁੱਲਰ, ਐੱਸ. ਈ. ਸ੍ਰੀ ਰਵਿੰਦਰ ਗਰਗ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਜਿਹੜੇ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਰੁਕਣ ਦੀ ਸਮੱਸਿਆ ਆਈ ਸੀ, ਉਸ ਨੂੰ ਖੁਦ ਜਾ ਕੇ ਕਲੀਅਰ ਕਰਵਾਇਆ। ਇਸ ਮੌਕੇ ਮੀਂਹ ਦੇ ਪਾਣੀ ਨੂੰ ਘਰਾਂ ਵਿੱਚ ਵੜਨ ਤੋਂ ਰੋਕਣ ਲਈ ਲੋੜੀਂਦੀ ਰਾਹਤ ਸਮੱਗਰੀ ਦੀ ਵੀ ਵੰਡ ਕੀਤੀ ਗਈ।
ਅੱਜ ਦੇ ਇਸ ਦੌਰੇ ਦੌਰਾਨ ਸ੍ਰੀਮਤੀ ਬਰਾੜ ਅਤੇ ਕੌਂਸਲਰ ਸਾਹਿਬਾਨ ਵੱਲੋਂ ਘੁਮਾਰ ਮੰਡੀ, ਹੈਬੋਵਾਲ ਖੁਰਦ, ਹੈਬੋਵਾਲ ਕਲਾਂ, ਕੁੰਦਨਪੁਰੀ, ਚੰਦਰ ਨਗਰ ਪੁਲੀ, ਬਾਜਵਾ ਪੁਲੀ, ਹੰਬੜਾਂ ਪੁਲੀ, ਮਾਧੋਪੁਰੀ, ਚਾਂਦ ਸਿਨੇਮਾ ਅਤੇ ਹੋਰ ਖੇਤਰਾਂ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਦੇਖਣ ਵਿੱਚ ਆਇਆ ਕਿ ਸ਼ਹਿਰ ਦੇ ਜਿਹਨਾਂ ਖੇਤਰਾਂ ਵਿੱਚ ਮੀਂਹ ਦੇ ਪਾਣੀ ਦੇ ਇਕੱਠੇ ਹੋਣ ਦੀ ਸਥਿਤੀ ਪੈਦਾ ਹੋਈ ਸੀ, ਉਥੇ ਸੀਵਰੇਜ ਵਿੱਚ ਜਾਮ ਲੱਗਾ ਹੋਇਆ ਸੀ। ਇਹ ਜਾਮ ਲੋਕਾਂ ਵੱਲੋਂ ਬੁੱਢੇ ਨਾਲੇ ਅਤੇ ਹੋਰ ਨਾਲੀਆਂ ਵਿੱਚ ਸੁੱਟੇ ਜਾਂਦੇ ਟੁੱਟੇ ਪੁਰਾਣੇ ਫਰਨੀਚਰ, ਗਲੀਆਂ ਸੜੀਆਂ ਸਬਜ਼ੀਆਂ, ਵਰਤੇ ਹੋਏ ਪੁਰਾਣੇ ਕੱਪੜੇ ਅਤੇ ਘਰਾਂ ਦੇ ਕੂੜੇ ਕਾਰਨ ਲੱਗਿਆ ਹੋਇਆ ਸੀ। ਜਿਸ ਨੂੰ ਕਮਿਸ਼ਨਰ ਦੇ ਹੁਕਮ 'ਤੇ ਤੁਰੰਤ ਸਾਫ਼ ਕਰਵਾਇਆ ਗਿਆ। ਸ਼ਹਿਰ ਦੀਆਂ ਜਿਆਦਾਤਰ ਪੁਲੀਆਂ ਦੇ ਹੇਠਾਂ ਇਹ ਕੂੜਾ ਕਰਕਟ ਫਸਿਆ ਹੋਇਆ ਸੀ। ਜਿਸ ਕਾਰਨ ਇਹ ਸਥਿਤੀ ਪੈਦਾ ਹੋਈ।
ਕਮਿਸ਼ਨਰ ਬਰਾੜ ਵੱਲੋਂ ਮੌਕੇ 'ਤੇ ਅਧਿਕਾਰੀਆਂ ਨੂੰ ਹਦਾਇਤ ਕਰਕੇ ਸਾਰੀਆਂ ਪੁਲੀਆਂ ਦੀ ਜੇ. ਸੀ. ਬੀ. ਮਸ਼ੀਨਾਂ ਨਾਲ ਸਫਾਈ ਕਰਵਾਈ ਗਈ। ਕਰੀਬ 4 ਘੰਟੇ ਦੀ ਮੁਸ਼ੱਕਤ ਬਾਅਦ ਵੱਡੀ ਗਿਣਤੀ ਵਿੱਚ ਪੁਲੀਆਂ ਦੀ ਸਫਾਈ ਕਰਵਾ ਕੇ ਪਾਣੀ ਦਾ ਵਹਾਅ ਦਰੁਸਤ ਕਰਵਾਇਆ ਗਿਆ। ਇਸ ਮੌਕੇ ਜਿਹੜੇ ਘਰਾਂ ਵਿੱਚ ਮੀਂਹ ਦਾ ਪਾਣੀ ਅੰਦਰ ਵੜਨ ਦਾ ਖਦਸ਼ਾ ਸੀ, ਉਹਨਾਂ ਘਰਾਂ ਨੂੰ ਰੇਤੇ ਦੀਆਂ ਭਰੀਆਂ ਬੋਰੀਆਂ (ਸੈਂਡ ਬੈਗ) ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ 5000 ਤੋਂ ਵਧੇਰੇ ਬੋਰੀਆਂ ਦੀ ਵੰਡ ਕੀਤੀ ਗਈ। ਨਗਰ ਨਿਗਮ ਵੱਲੋਂ ਨੀਵੇਂ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਨਾ ਆਉਣੀ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਕਰਮਚਾਰੀਆਂ ਦੀ ਰੋਟੇਸ਼ਨ ਵਾਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਸੀਨੀਅਰ ਅਧਿਕਾਰੀਆਂ ਨੂੰ ਸਥਿਤੀ 'ਤੇ ਨਿੱਜੀ ਤੌਰ 'ਤੇ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਸ਼ਹਿਰ ਵਿੱਚ ਥਾਂ-ਥਾਂ ਰੇਹੜੀਆਂ ਅਤੇ ਸਟਾਲਾਂ ਲਗਾਉਣ ਵਾਲੇ ਲੋਕ ਗਲੀਆਂ ਸੜੀਆਂ ਸਬਜ਼ੀਆਂ, ਪੁਰਾਣੇ ਕੱਪੜੇ, ਦੁਕਾਨਦਾਰ ਪੁਰਾਣਾ ਸਮਾਨ ਆਦਿ ਨਾਲੀਆਂ ਆਦਿ ਵਿੱਚ ਸੁੱਟ ਦਿੰਦੇ ਹਨ, ਜਿਸ ਕਾਰਨ ਬਾਰਿਸ਼ ਆਉਣ 'ਤੇ ਪੁਲੀਆਂ ਦੇ ਹੇਠਾਂ ਜਾਮ ਲੱਗ ਜਾਂਦਾ ਹੈ। ਜਿਸ ਕਰਕੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ। ਪੋਲੀਥੀਨ ਲਿਫ਼ਾਫਿਆਂ ਦਾ ਕਾਰੋਬਾਰ ਕਰਨ ਵਾਲੇ ਅਤੇ ਵਰਤੋਂ ਕਰਨ ਵਾਲਿਆਂ 'ਤੇ ਵੀ ਸ਼ਿਕੰਜਾ ਕੱਸਣ ਅਤੇ ਆਮ ਲੋਕਾਂ ਨੂੰ ਮੀਂਹ ਦੇ ਦਿਨਾਂ ਦੌਰਾਨ ਕੀ-ਕੀ ਪ੍ਰਹੇਜ਼ ਆਦਿ ਕਰਨੇ ਚਾਹੀਦੇ ਹਨ ਬਾਰੇ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਅਤੇ ਗਲੀਆਂ ਨਾਲੀਆਂ ਨੂੰ ਗੰਦਾ ਨਾ ਰੱਖਣ ਅਤੇ ਨਾ ਹੀ ਪੁਰਾਣਾ ਸਮਾਨ ਆਦਿ ਨਾਲੀਆਂ ਵਿੱਚ ਪਾਉਣ।
ਇਸ ਮੌਕੇ ਕੌਂਸਲਰ ਮਮਤਾ ਆਸ਼ੂ ਅਤੇ ਜੈਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰ ਨੂੰ 'ਸਮਾਰਟ ਸਿਟੀ' ਵਜੋਂ ਵਿਕਸਤ ਕਰਨ ਲਈ ਉਪਰਾਲੇ ਲਗਾਤਾਰ ਜਾਰੀ ਹਨ। ਸ਼ਹਿਰ ਵਿੱਚ ਬਣ ਰਹੇ ਦੋ ਮਹੱਤਵਪੂਰਨ ਪੁੱਲ ਦੇ ਕਾਰਨ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਪੇਸ਼ ਆ ਰਹੀ ਹੈ, ਜਿਉਂ ਹੀ ਇਹਨਾਂ ਪੁਲਾਂ ਦਾ ਆਰੰਭਕ ਨਿਰਮਾਣ ਕਾਰਜ ਮੁਕੰਮਲ ਹੋਵੇਗਾ, ਤਿਉਂ ਹੀ ਸ਼ਹਿਰ ਦੀ ਆਵਾਜਾਈ ਸਮੱਸਿਆ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਦਾ ਰੁਕਣਾ ਦਰੁਸਤ ਹੋ ਜਾਵੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਤੇ ਸ਼ਹਿਰ ਵਿੱਚ ਚੱਲ ਰਹੇ ਵੱਡੇ ਪੱਧਰ 'ਤੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰਨ।
No comments:
Post a Comment