ਕਾਮਰੇਡ ਪਾਸਲਾ ਨੇ ਦਿੱਤਾ ਲਾਲ ਝੰਡੇ ਨੂੰ ਮਜ਼ਬੂਤ ਬਣਾਉਣ ਦਾ ਸੱਦਾ
ਲੁਧਿਆਣਾ: 16 ਅਗਸਤ 2019: (ਪੰਜਾਬ ਸਕਰੀਨ ਟੀਮ)::
ਖੰਨਾ ਨੇੜੇ ਪਿੰਡ ਈਸੜੂ ਵਿਖੇ ਸ਼ਹੀਦ ਕਾਮਰੇਡ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਖੱਬੇ ਪੱਖੀਆਂ ਨੇ ਤਰਾਂ ਤਰਾਂ ਦੇ ਪ੍ਰਗਟਾਵੇ ਕਰਕੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਬਖੀਏ ਉਧੇੜ ਦਿੱਤੇ। ਇਸ ਮੌਕੇ ਆਰ ਐਮ ਪੀ ਆਈ ਲੀਡਰ ਕਾਮਰੇਡ ਮੰਗਤਰਾਮ ਪਾਸਲਾ ਨੇ ਲਾਲ ਝੰਡੇ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਤੋਂ ਬਿਨਾ ਹੁਣ ਹੋਰ ਕੋਈ ਚਾਰਾ ਨਹੀਂ। ਇਸਦੇ ਨਾਲ ਹੀ ਉਹਨਾਂ ਕਮਿਊਨਿਸਟ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਸੰਘੀ ਗੁੰਡਿਆਂ ਤੋਂ ਕਸ਼ਮੀਰੀ ਕੁੜੀਆਂ ਦੀ ਰਾਖੀ ਜਾਨ ਦੀ ਬਾਜ਼ੀ ਲਗਾ ਕੇ ਵੀ ਕਰਨ। ਇਸ ਮੌਕੇ ਹੀ ਸੀਪੀਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਤੱਥਾਂ ਅਤੇ ਅੰਕੜਿਆਂ ਦੇ ਹਵਾਲਿਆਂ ਨਾਲ ਸਾਬਿਤ ਕੀਤਾ ਕਿ ਅੰਗਰੇਜ਼ਾਂ ਦੀ ਦਲਾਲੀ ਕਰਨ ਵਾਲੇ ਸੰਘੀ ਹੁਣ ਵੀ ਅਜਿਹੇ ਕੰਮਾਂ ਵਿੱਚ ਹੀ ਗਲਤਾਨ ਹਨ ਜਿਹਨਾਂ ਕੋਲ ਮਜ਼ਦੂਰਾਂ ਕਿਸਾਨਾਂ ਦੇ ਭਲੇ ਲਈ ਕੁਝ ਵੀ ਨਹੀਂ। ਆਮ ਜਨਤਾ ਲਈ ਝੋਲੀ ਬਿਲਕੁਲ ਖਾਲੀ ਹੈ।
ਅੱਜ ਇੱਥੇ ਗੋਆ ਦੀ ਅਜ਼ਾਦੀ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਪਿੰਡ ਈਸੜੂ ਵਿਖੇ ਭਾਰਤੀ ਕਮਿਉਨਿਸਟ ਪਾਰਟੀ ਵਲੋ 15 ਅਗਸਤ ਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਮਣਾਇਆ ਗਿਆ। ਇਸ ਮੌਕੇ ਤੇ ਇੱਕ ਵਿਸ਼ਾਲ ਜਨਤਕ ਸਮਾਗਮ ਵਿੱਚ ਬੋਲਦਿਆਂ ਪਾਰਟੀ ਦੇ ਕੌਮੀ ਸਕੱਤਰੇਤ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਈਸੜੂ ਰੈਲੀ ਦੀ ਪ੍ਰਧਾਨਗੀ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ ਜਿਸ ਵਿੱਚ ਹੋਰਨਾਂ ਸੀਨੀਅਰ ਨਾਲ ਐਡਵੋਕੇਟ ਪਰਮਜੀਤ ਸਿੰਘ, ਅਮਰ ਸਿੰਘ ਭੱਟੀਆਂ, ਸੁਰਜੀਤ ਸਿੰਘ ਸੀਲੋਂ, ਜਗਤਾਰ ਸਿੰਘ ਚਕੋਹੀ ਵੀ ਸ਼ਾਮਲ ਸਨ। ਅਜ਼ਾਦੀ ਦੇ ਸੰਘਰਸ਼ ਤੋਂ ਬਾਅਦ ਪਿਛਲੇ 72 ਸਾਲਾਂ ਵਿੱਚ ਇੰਝ ਕਦੇ ਨਹੀਂ ਹੋਇਆ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿਉਂਕਿ ਆਰ ਆਰ ਐਸ ਤੇ ਸੱਤਾ ਵਿੱਚ ਬੈਠੀ ਉਸਦੀ ਪਿੱਠ ਠੋਕੀ ਭਾਜਪਾ ਜੋ ਕਿ ਅੱਜ ਸੱਤਾ ਵਿੱਚ ਹੈ ਤੇ ਇਸਦੀਆਂ ਹੋਰ ਸਬੰਧਤ ਜੱਥੇਬੰਦੀਆਂ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਜ਼ਰਾ ਵੀ ਹਿੱਸਾ ਨਹੀਂ ਪਾਇਆ, ਬਲਕਿ ਅੰਗਰੇਜ਼ਾਂ ਦੀ ਦਲਾਲੀ ਕੀਤੀ। ਇਸ ਲਈ ਇਹਨਾਂ ਨੂੰ ਸੰਵਿਧਾਨ ਦੇ ਮਹੱਤਵ ਦਾ ਕੋਈ ਅਹਿਸਾਸ ਨਹੀਂ ਹੈ। ਇਸ ਲਈ ਦੇਸ਼ ਦੇ ਸੰਵਿਧਾਨ ਦੀਆਂ ਧਰਮ ਨਿਰਪੱਖਤਾ, ਲੋਕਤੰਤਰ ਅਤੇ ਸਮਾਜਵਾਦ ਵਾਲੀਆਂ ਮੱਦਾਂ ਨੂੰ ਤੇਜੀ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਖਤਮ ਕਰਨ ਕੇ ਕਾਰਪੋਰੇਟ ਪੱਖੀ ਕੱਟੜਪੰਥੀ ਹਿੰਦੂ ਰਾਸ਼ਟਰ ਵੱਲ ਵਧ ਰਹੇ ਹਨ। ਭੀੜਾਂ ਵਲੋਂ ਝੂਠ ਮੂਠ ਦੇ ਬਹਾਨੇ ਬਣਾ ਕੇ ਘਟ ਗਿਣਤੀਆਂ ਤੇ ਹਮਲੇ ਕਰਕੇ ਕਤਲ ਕੀਤੇ ਜਾ ਰਹੇ ਹਨ। ਦਲਿਤਾਂ ਤੇ ਅਤਿਆਚਾਰ ਕੀਤੇ ਜਾ ਰਹੇ ਹਨ। ਜੰਮੂ ਕਸ਼ਮੀਰ ਚੋਂ ਲੋਕਾਂ ਦੀ ਰਾਏ ਤੋ ਬਿਨਾ 370 ਧਾਰਾ ਹਟਾਉਣਾ ਦੇਸ਼ ਤੇ ਦੱਖਣੀ ਏਸ਼ੀਆ ਦੇ ਖਿੱਤੇ ਨੂੰ ਖਤਰੇ ਵਿੱਚ ਸੁੱਟ ਦੇਵੇਗਾ। ਜਿਸ ਢੰਗ ਦੇ ਨਾਲ ਲੋਕ ਰਾਏ ਤੋ ਬਿਨਾ ਇਹ ਸਭ ਕੀਤਾ ਗਿਆ ਤੇ ਹਾਲੇ ਵੀ 10 ਦਿਨ ਦੇ ਬਾਅਦ ਵੀ ਘਾਟੀ ਵਿੱਚ ਲੋਕਾਂ ਤੇ ਸਖ਼ਤ ਪਾਬੰਦੀਆਂ ਲੱਗੀਆਂ ਹਨ, ਮਨੁੱਖੀ ਅਧਿਕਾਰਾਂ ਦਾ ਸਰਾਸਰ ਘਾਣ ਹੈ। ਇਹ ਗੱਲ ਨੋਟ ਕਰਨੀ ਜਰੂਰੀ ਹੈ ਕਿ ਇਸ ਕਿਸਮ ਦੇ ਕਾਨੂੰਨ ਭਾਰਤ ਵਿੱਚ 10 ਹੋਰ ਥਾਵਾਂ ਤੇ ਹਨ। ਪਰ ੳੁੱਥੇ ਕੁਝ ਨਹੀਂ ਕੀਤਾ ਜਾ ਰਿਹਾ। ਮੰਤਵ ਸਾਫ਼ ਦਿਖਦਾ ਹੈ। ਸੂਚਨਾਂ ਦੇ ਅਧਿਕਾਰ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ। ਨਵੀਂ ਸਿੱਖਿਆ ਤੇ ਸਿਹਤ ਨੀਤੀ ਵਿੱਚ ਸਧਾਰਨ ਵਰਗ ਦੇ ਲੋਕਾਂ ਨੂੰ ਇਹਨਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ।ਸਮੂਚੇ ਸੰਵਿਧਾਨਿਕ ਅਦਾਰਿਆਂ ਦੀ ਖ਼ੁਦਮੁਖ਼ਤਾਰੀ ਖ਼ਤਮ ਕੀਤੀ ਜਾ ਰਹੀ ਹੈ ਤੇ ਉਹਨਾਂ ਉੱਪਰ ਕੇਂਦਰੀ ਜਕੜ ਮਜ਼ਬੂਤ ਕੀਤੀ ਜਾ ਰਹੀ ਹੈ। ਹਰ ਥਾਂ ਤੇ ਯੋਗਤਾ ਨੂੰ ਛਿੱਕੇ ਟੰਗ ਕੇ ਆਰ ਐਸ ਐਸ ਦੇ ਬੰਦੇ ਫ਼ਿਟ ਕੀਤੇ ਜਾ ਰਹੇ ਹਨ ਤੇ ਹਿੰਦੂ ਰਾਜ ਦੀ ਸਥਾਪਨਾ ਵਲ ਵਧ ਰਹੇ ਹਨ। ਅੱਤ ਦੇ ਰੂੜ੍ਹੀਵਾਦੀ ਵਿਚਾਰ ਜਿਵੇਂ ਕਿ ਗਊ ਮੂਤਰ ਦੇ ਲਾਭ, ਗਾਵਾਂ ਆਕਸੀਜਨ ਛੱਡਦੀਆਂ ਹਨ ਅਦਿ। ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ: ਜੋਗਿੰਦਰ ਦਿਆਲ ਨੇ ਕਿਹਾ ਕਿ ਮੁਲਕ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀ ਪੂਰੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਫ਼ਾਸ਼ੀਵਾਦ ਵੱਲ ਤੇਜੀ ਨਾਲ ਵਧਿਆ ਜਾ ਰਿਹਾ ਹੈ। ਆਰ ਐਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾ: ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਵਲੋਂ ਨਸ਼ਿਆਂ ਦੇ ਵਪਾਰ ਤੇ ਕੋਈ ਨੱਥ ਨਹੀਂ ਪਾਈੀ ਜਾ ਰਹੀ ਤੇ ਜਵਾਨੀ ਬਰਬਾਦ ਹੋ ਰਹੀ ਹੈ। ਇਹੀ ਨੌਜਵਾਨ ਕੁਰਾਹੇ ਪਾਉਣੇ ਸੌਖੇ ਹਨ ਤੇ ਫ਼ਾਸ਼ੀਵਾਦੀ ਸ਼ਕਤੀਆਂ ਇਹਨਾਂ ਨੂੰ ਵਰਤਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰੰਜਨ ਸਿੰਘ, ਕਾਮਰੇਡ ਸੇਠ, ਕੇਵਲ ਸਿੰਘ ਮਜਾਲੀਆ, ਇਸ ਮੌਕੇ ਤੇ ਕਾਮਰੇਡ ਗੁਲਜ਼ਾਰ ਗੋਰੀਆ-ਕੌਮੀ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ, ਭਾਕਪਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ, ਆਰ ਐਮ ਪੀ ਆਈ ਦੇ ਕਾਮਰੇਡ ਰਘਬੀਰ ਸਿੰਘ ਬੈਨੀਪਾਲ, ਕਾਮਰੇਡ ਰਮੇਸ਼ ਰਤਨ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਜਗਦੀਸ਼ ਬੋਬੀ, ਕਾਮਰੇਡ ਭਗਵਾਨ ਸਿੰਘ ਮਲੌਦ, ਕਾਮਰੇਡ ਅਮਰ ਸਿੰਘ ਭੱਟੀਆਂ, ਕਾਮਰੇਡ ਪਰਮਜੀਤ ਸਿੰਘ ਅਡਵੋਕੇਟ, ਕਾਮਰੇਡ ਗੁਰਮੀਤ ਸਿੰਘ ਖੰਨਾ , ਕਾਮਰੇਡ ਗੁਲਜ਼ਾਰ ਪੰਧੇਰ, ਕਾਮਰੇਡ ਕੁਲਵੰਤ ਕੌਰ ਸਿੱਧੂ, ਰਵੀ ਕਾਂਤਾ, ਯੂਥ ਲੀਡਰ ਦੀਪਕ, ਕਾਰਤਿਕਾ ਅਤੇ ਕਈ ਹੋਰ ਸ਼ਾਮਲ ਸਨ। ਮੰਚ ਸੰਚਾਲਨ ਕਾਮਰੇਡ ਗੁਲਜ਼ਾਰ ਗੋਰੀਆ ਨੇ ਕੀਤਾ।
No comments:
Post a Comment