ਨਵੀਂ ਸਿੱਖਿਆ ਨੀਤੀ ਦੀਆਂ ਚਾਲਾਂ ਅਤੇ ਖਤਰਿਆਂ ਬਾਰੇ ਕੀਤਾ ਸਾਵਧਾਨ
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਸੈਮੀਨਾਰ ਦੌਰਾਨ ਉਭਰੇ ਕਈ ਮੁੱਦੇ
ਲੁਧਿਆਣਾ: 18 ਅਗਸਤ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਖੱਬੇਪੱਖੀ ਵਿਚਾਰਾਂ ਨੂੰ ਪਰਣਾਈ ਹੋਈ ਖਾੜਕੂ ਘੋਲਾਂ ਦੇ ਅਮੀਰ ਵਿਰਸੇ ਵਾਲੀ ਵਿਦਿਆਰਥੀ ਜੱਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਇੱਕ ਵਾਰ ਫੇਰ ਸਰਗਰਮ ਹੈ। ਨਵੀਂ ਸਿੱਖਿਆ ਨੀਤੀ ਦੇ ਬਹਾਨੇ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਬੇਨਕਾਬ ਕਰਨ ਲਈ ਏ ਆਈ ਐਸ ਐਫ ਹਰ ਸਕੂਲ, ਕਾਲਜ ਅਤੇ ਵਿਦਿਆਰਥੀ ਤੱਕ ਪਹੁੰਚ ਕਰ ਰਹੀ ਹੈ। ਇਸਦੇ ਨਾਲ ਹੀ ਇਸ ਦਾ ਲੜਕੀਆਂ ਵਾਲਾ ਵਿੰਗ ਵੀ ਪੂਰੀ ਤਰਾਂ ਸਰਗਰਮ ਹੈ ਤਾਂ ਜੋ ਲੜਕੀਆਂ ਤੱਕ ਵੀ ਤੇਜ਼ੀ ਨਾਲ ਪਹੁੰਚ ਕੀਤੀ ਜਾ ਸਕੇ। ਆਪਣੀ ਇਸ ਮੁਹਿੰਮ ਅਧੀਨ ਹੀ ਏ ਆਈ ਐਸ ਐਫ ਨੇ ਇੱਕ ਵਿਸ਼ੇਸ਼ ਸੈਮੀਨਾਰ ਵੀ ਕੀਤਾ ਜਿਸ ਵਿੱਚ ਕਈ ਮੁੱਦੇ ਉਭਰ ਕੇ ਸਾਹਮਣੇ ਆਏ। ਇਸ ਸੈਮੀਨਾਰ ਵਿੱਚ ਕੇਂਦਰੀ ਬਿੰਦੂ ਸੀ ਏ ਆਈ ਐਸ ਐਫ ਦੀ ਨੈਸ਼ਨਲ ਗਰਲਜ਼ ਕਨਵੀਨਰ ਕਰਮਵੀਰ ਬੱਧਨੀ।
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐਸ ਐਫ) ਦਾ ਸੈਮੀਨਾਰ ਹੋਇਆ। ਜਿਸ ਵਿਚ ਫੈਡਰੇਸ਼ਨ ਵੱਲੋਂ ਨਵੀਂ ਸਿੱਖਿਆਂ-ਨੀਤੀ ‘ਸੰਭਾਵਨਾਵਾਂ ਅਤੇ ਚੁਣੋਤੀਆਂ’ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ। ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਪ੍ਰੋਫੈਸਰ ਤਰਸੇਮ ਬਾਹੀਆ (ਸਾਬਕਾ ਪਰਧਾਨ ਕਾਲਜ ਟੀਚਰ ਯੂਨੀਅਨ ਅਤੇ ਪਿ੍ਰੰਸੀਪਲ ਰਿਟਾਇਰਡ), ਕਰਮਵੀਰ ਬੱਧਨੀ (ਏ ਆਈ ਐਸ ਐਫ ਦੀ ਨੈਸ਼ਨਲ ਗਰਲਸ ਕਨਵੀਨਰ), ਡਾ. ਅਰੁਣ ਮਿੱਤਰਾ, ਕਾ. ਚਰਨ ਸਿੰਘ ਸਰਾਭਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਸੈਮੀਨਾਰ ਵਿਚ ਪ੍ਰੋਫੈਸਰ ਤਰਸੇਮ ਬਾਹੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨਵੀਂ ਸਿੱਖਿਆ ਨੀਤੀ ਬਾਰੇ ਦੱਸਿਆ। ਉਨ੍ਹਾਂ ਨੇ ਪੁਰਾਣੀ ਸਿੱਖਿਆ ਨੀਤੀ ਅਤੇ ਨਵੀਂ ਸਿੱਖਿਆ ਨੀਤੀ ਦੇ ਵਿਚਕਾਰ ਅੰਤਰ ਬਾਰੇ ਵੀ ਦੱਸਿਆ। ਉਨ੍ਹਾਂ ਨੇ ਵਿਚਾਰ-ਚਰਚਾ ਵਿਚ ਗੱਲ ਕਰਦੇ ਹੋਏ ਦੱਸਿਆ ਕਿ ਇਸ ਨਵੀਂ ਸਿੱਖਿਆ ਨੀਤੀ ਵਿਚ ਨਿੱਜੀਕਰਨ ਤੇ ਕਾਫੀ ਜ਼ੋਰ ਦਿੱਤਾ ਗਿਆ ਹੈ। ਅੱਜ ਪੰਜਾਬ ਦੇ ਵਿਚ ਸਾਰੇ ਸਕੂਲਾਂ ਦੀ ਗੱਲ ਕਰੀਏ ਤਾਂ 80 ਪ੍ਰਤੀਸ਼ਤ ਗਰੀਬ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ। ਕਾ. ਚਰਨ ਸਿੰਘ ਸਰਾਭਾ ਨੇ ਵੀ ਇਸ ਨਵੀਂ ਸਿੱਖਿਆ ਨੀਤੀ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਅੱਜ ਸਿੱਖਿਆ ਦਾ ਵਪਾਰੀਕਰਨ ਵਧਦਾ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਕੋਮਨ ਐਜੂਕੇਸ਼ਨ ਸਿਸਟਮ ਦੇ ਵਿਰੁੱਧ ਹੈ। ਡਾ. ਅਰੁਣ ਮਿੱਤਰਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਹਿੰਦੁਸਤਾਨ ਵਿਚ ਲਗਭਗ 40 ਹਜ਼ਾਰ ਕਾਲਜ ਹਨ ਤੇ 900 ਯੂਨੀਵਰਸਿਟੀਆਂ ਹਨ ਪਰ ਨਵੀਂ ਸਿੱਖਿਆ ਨੀਤੀ ਵਿਚ ਸਿਰਫ 12 ਹਜ਼ਾਰ ਕਾਲਜ ਹੀ ਰੱਖਣ ਵੱਲ ਜ਼ੋਰ ਦਿੱਤਾ ਗਿਆ ਹੈ। ਕਰਮਵੀਰ ਬੱਧਨੀ ਨੇ ਨਵੀਂ ਸਿੱਖਿਆ ਨੀਤੀ ਲਈ ਬਣਾਏ 484 ਸਫੇ ਦੇ ਦਸਤਾਵੇਜ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਆਲ ਇੰਡੀਆ ਸਟੂਡੈਂਟ ਸਫੈਡਰੇਸ਼ਨ ਦੀਆਂ ਅਗਲੀਆਂ ਸਰਗਰਮੀਆਂ ਬਾਰੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਲੁਧਿਆਣਾ ਦੇ ਕਨਵੀਨਰ ਦੀਪਕ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਸੈਮੀਨਾਰ ਵਿਚ ਮੁੱਖ ਤੌਰ ਤੇ ਰਾਜੀਵ ਕੁਮਾਰ (ਬਲਾਕ ਪ੍ਰੈਜੀਡੈਂਟ ਮਾਛੀਵਾੜਾ ਸਾਹਿਬ), ਭਾਵਿਸ਼ ਮਹਤੋ, ਸੌਰਵ ਯਾਦਵ (ਕੈਸ਼ੀਅਰ), ਰੋਮਨ, ਵਿਸ਼ਨੂ, ਮਨਦੀਪ ਸਿੰਘ, ਜੋਤੀ ਕੁਮਾਰ, ਮਾਧੁਰੀ ਕੁਮਾਰੀ ਅਤੇ ਅਨੇਕਾਂ ਹੋਰ ਮੈਂਬਰ ਸ਼ਾਮਿਲ ਹੋਏ। ਹੁਣ ਦੇਖਣਾ ਹੈ ਕਿ ਮੌਜੂਦਾ ਟੀਮ ਏ ਆਈ ਐਸ ਐਫ ਦੀਆਂ ਪੁਰਾਣੀਆਂ ਬੁਲੰਦੀਆਂ ਵੱਲ ਕਿੰਨੀ ਜਲਦੀ ਲਿਜਾਣ ਵਿੱਚ ਸਫਲ ਹੁੰਦੀ ਹੈ।
No comments:
Post a Comment