Aug 12, 2019, 5:56 PM
ਸੰਗਠਨ ਦੀ ਮਜ਼ਬੂਤੀ, ਬੰਦਸ਼ਾਂ ਅਤੇ ਲੇਖਕ ਦੀ ਆਜ਼ਾਦੀ ਦਾ ਸੁਮੇਲ ਜ਼ਰੂਰੀ
--ਡਾ. ਸਵਰਾਜਬੀਰ ਵੱਲੋਂ ਖਰੀਆਂ ਖਰੀਆਂ
ਚੰਡੀਗੜ੍ਹ: 12 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਅਜੋਕੀ ਚੁਣੌਤੀਆਂ ਪੂਰਨ ਸਥਿਤੀ ਜਿਸ ਵਿਚ ਅਸਹਿਮਤੀ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ, ਵਿਚ ਲੇਖਕਾਂ ਦੇ ਸੰਗਠਨ ਦੀ ਵੱਡੀ ਅਹਿਮੀਅਤ ਹੈ, ਜੋ ਬੰਦਸ਼ਾਂ ਤੋਂ ਮੁਕਤ ਹੋਵੇ ਅਤੇ ਸੰਘਰਸ਼ ਲੜ ਰਹੇ ਤਬਕਿਆਂ ਦੀ ਆਵਾਜ਼ ਨੂੰ ਆਪਣੀਆਂ ਕਲਮਾਂ ਦੇ ਬੋਲ ਦੇਵੇ।
ਇਹ ਵਿਚਾਰ ਕੱਲ੍ਹ ਇਥੇ ਪੀਪਲਜ਼ ਕਨਵੈਨਸ਼ਨ ਸੈਂਟਰ ਵਿਚ ਹੋਈ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਤੇ ਚੰਡੀਗੜ੍ਹ ਦੀ ਸੂਬਾ ਕਾਨਫਰੰਸ ਵਿਚ ਕੁੰਜੀਵਤ ਭਾਸ਼ਣ ਦਿੰਦਿਆਂ ਪੰਜਾਬੀ ਦੇ ਸਿਰਕੱਢ ਨਾਟਕਕਾਰ, ਵਿਦਵਾਨ ਅਤੇ ਪੰਜਾਬੀ ਟਿ੍ਰਬਿਊਨ ਦੇ ਸੰਪਾਦਕ ਡਾ. ਸਵਰਾਜਬੀਰ ਨੇ ਕਹੇ। ਬੁਲ੍ਹੇਸ਼ਾਹ, ਬਾਹੂ, ਗੁਰਬਾਣੀ ਵਿਚੋ ਹਵਾਲੇ ਦਿੰਦਿਆਂ ਉਹਨਾਂ ਸੰਗਠਨ ਦੀ ਮਹੱਤਤਾ ਨੂੰ ਉਭਾਰ ਕੇ ਪੇਸ਼ ਕੀਤਾ। ਉਹਨਾਂ ਨਾਲ ਹੀ ਕਿਹਾ ਕਿ ਲੇਖਕ ਨੂੰ ਸਮਕਾਲੀ ਚੁਣੌਤੀਆਂ ਉਤੇ ਆਪਣੀ ਆਵਾਜ਼ ਕਲਾਮਈ ਢੰਗ ਨਾਲ ਚੁਕਣੀ ਚਾਹੀਦੀ ਹੈ ਅਤੇ ਪਾਰਟੀਆਂ ਤੋਂ ਵਖਰੀ ਆਵਾਜ਼ ਵੀ ਨਿਡਰ ਹੋ ਕੇ ਬੁਲੰਦ ਕਰਨ. ਚਾਹੀਦੀ ਹੈ। ਜੋ ਲੋਕਾਂ ਦੀਆਂ ਉਮੰਗਾਂ ਦੀ ਪੂਰਤੀ ਕਰਦੀ ਹੋਵੇ।
ਡਾ. ਤੇਜਵੰਤ ਗਿੱਲ, ਡਾ. ਸਵਰਾਜਬੀਰ, ਪ੍ਰੋ. ਅਲੀ ਜਾਵੇਦ ਤੇ ਡਾ. ਸੁਖਦੇਵ ਸਿੰਘ ਤੇ ਆਧਾਰਤ ਪ੍ਰਧਾਨਗੀ ਮੰਡਲ ਹੇਠ ਕਨਵੈਨਸ਼ਨ ਸੈਂਟਰ ਦੇ ਖਚਾ-ਖਚ ਭਰੇ ਸੈਮੀਨਾਰ ਹਾਲ ਵਿਚ ਪੰਜਾਬ ਦੇ ਹਰ ਜ਼ਿਲੇ ਅਤੇ ਚੰਡੀਗੜ੍ਹ ਤੋਂ ਆਏ ਲੇਖਕ ਡੈਲੀਗੇਟਾਂ ਨੂੰ ਆਰੰਭ ਵਿਚ ਜੀ ਆਇਆਂ ਆਖਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਦੇ ਸਮੇਂ ਕਲਮਾਂ ਦਾ ਚੁਪ ਰਹਿਣਾ ਇਕ ਗੁਨਾਹ ਹੋਵੇਗਾ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੁਲ-ਹਿੰਦ ਕਾਰਜਕਾਰੀ ਪ੍ਰਧਾਨ ਪ੍ਰੋ. ਅਲੀ ਜਾਵੇਦ ਨੇ ਕਿਹਾ ਕਿ ਜੇ ਸੰਗਠਨ ਉਸਾਰੂ ਸੇਧ ਦੇਣ ਵਿਚ ਅਸਫਲ ਰਹੇ ਤਾਂ ਦਿਸ਼ਾਹੀਣ ਤੇ ਬੇਕਾਰ ਨੌਜਵਾਨਾਂ ਦੀ ਭੀੜ ਖਤਰਨਾਕ ਲੋਕਾਂ ਰਾਹੀਂ ਗੁਮਰਾਹ ਹੋ ਜਾਂਦੀ ਹੈ ਅਤੇ ਖਤਰਨਾਕ ਰਸਤਾ ਅਖਤਿਆਰ ਕਰ ਸਕਦੀ ਹੈ। ਉਹਨਾਂ ਕਿਹਾ ਸੱਤਾ-ਪੱਖ ਲੇਖਕਾਂ ਬੁਧੀਜੀਵੀਆਂ ਤੋਂ ਡਰਦਾ ਹੈ, ਇਸ ਲਈ ਕਲਬੁਰਗੀ, ਪਨਸਰੇ, ਦਬੋਲਕਾਰ, ਗੌਰੀ ਲੰਕੇਸ਼ ਵਰਗੇ ਨਿਡਰ ਲੇਖਕ ਸ਼ਹੀਦੀ ਪ੍ਰਾਪਤ ਕਰਦੇ ਹਨ। ਦੇਸ ਵਿਚ ਬਣ ਰਹੇ ਸੰਵੇਦਨਹੀਣ ਮਾਹੌਲ ਵਿਚ ਜਥੇਬੰਦੀ ਦੀ ਅਹਿਮੀਅਤ ਬਹੁਤ ਵੱਡੀ ਹੈ। ਜੈਪੁਰ ਵਿਚ ਹੋਣ ਵਾਲੀ ਪ੍ਰਗਤੀਸ਼ੀਲ ਲੇਖਕ ਸੰਘ ਦੀ 13-14-15 ਸਤੰਬਰ ਦੀ ਕੌਮੀ ਕਾਨਫਰੰਸ ਲੇਖਕਾਂ ਨੂੰ ਲਾਮਬੰਦੀ ਕਰਕੇ ਉਸਾਰੂ ਦਿਸ਼ਾ ਦੇਣ ਦਾ ਉਪਰਾਲਾ ਕਰੇਗੀ। ਇਸ ਪਹਿਲੇ ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਪ੍ਰੋ. ਸੁਰਜੀਤ ਜੱਜ, ਜਨਰਲ ਸਕੱਤਰ, ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਨੇ ਕੀਤਾ।
ਦੂਸਰੇ ਜਥੇਬੰਦਕ ਸੈਸ਼ਨ ਵਿਚ ਪ੍ਰੋ. ਸੁਰਜੀਤ ਜੱਜ ਨੇ ਪੰਜਾਬ ਪੀ. ਡਬਲਯੂ. ਏ. ਦੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਦੀ ਉਤਸ਼ਾਹਜਨਕ ਰਿਪੋਰਟ ਪੜ੍ਹੀ ਜਿਸ ਦੌਰਾਨ ਸੂਬਾ ਟੀਮ ਨੂੰ ਸਰਗਰਮ ਕਰਕੇ ਪੰਜਾਬ ਦੇ 9 ਜ਼ਿਲਿਆਂ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਜ਼ਿਲਾ ਇਕਾਈਆਂ ਕਾਇਮ ਕੀਤੀਆਂ ਗਈਆਂ, ਪ੍ਰਗਟਾਵੇ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ ਅਤੇ ਲੇਖਕਾਂ ਨੂੰ ਨਰੋਈ ਸਾਹਿਤਕ ਸੇਧ ਦਿਤੀ ਗਈ। ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ। ਡਾ. ਸੁਖਦੇਵ ਸਿੰਘ ਨੇ ਜੰਮੂ ਕਸ਼ਮੀਰ ਦੀ ਇਕਾਈ ਨੂੰ 17 ਸਾਲ ਬਾਅਦ ਮੁੜ-ਸਰਗਰਮ ਕਰਨ ਦੀ ਉਤਸ਼ਾਹਜਨਕ ਰਿਪੋਰਟ ਦਿਤੀ,। ਕੇਂਦਰੀ ਟੀਮ ਨੂੰ ਦਿਤੇ ਫੰਡ ਦਾ ਜ਼ਿਕਰ ਕੀਤਾ। ਉਹਨਾਂ ਲੇਖਕਾਂ ਨੂੰ ਸੱਦਾ ਦਿੱਤਾ ਕਿ ਸਮਕਾਲੀ ਸਥਿਤੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵਕਤ ਦੀਆਂ ਵੰਗਾਰਾਂ ਦੇ ਸਨਮੁਖ ਲਿਖੀਏ।
ਰਿਪੋਰਟ ਉਤੇ ਸਰਵਸਾਥੀ ਡਾ. ਸੁਰਿੰਦਰ ਗਿੱਲ, ਅਰਵਿੰਦਰ ਕਾਲੜਾ, ਡਾ. ਕੁਲਦੀਪ ਦੀਪ, ਡਾ. ਸਵਰਾਜਬੀਰ, ਵਰਗਿਸ ਸਲਾਮਤ, ਨਵਤੇਜ ਗੜ੍ਹਦੀਵਾਲਾ, ਡਾ. ਅਨੂਪ ਸਿੰਘ, ਗੁਰਦਰਸ਼ਨ ਮਾਵੀ, ਡਾ. ਸਾਹਿਬ ਸਿੰਘ, ਜਸਪਾਲ ਮਾਨਖੇੜਾ, ਡਾ. ਲਾਭ ਸਿੰਘ ਖੀਵਾ, ਡਾ. ਗੁਲਜ਼ਾਰ ਪੰਧੇਰ, ਮਦਨਵੀਰਾ, ਭੂਪਿੰਦਰ ਸੰਧੂ, ਜਸਬੀਰ ਝੱਜ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਰਿਪੋਰਟ ਸਰਬਸਮੰਤੀ ਨਾਲ ਪਾਸ ਹੋਈ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸਰਬਜੀਤ ਸਿੰਘ ਵੀ ਸ਼ਾਮਲ ਸਨ ਅਤੇ ਮੰਚ ਸੰਚਾਲਨ ਡਾ. ਗੁਰਮੇਲ ਸਿੰਘ ਨੇ ਕੀਤਾ।
ਅੰਤ ਉਤੇ ਡਾ. ਤੇਜਵੰਤ ਗਿੱਲ ਪ੍ਰਧਾਨ, ਡਾ. ਸੁਰਜੀਤ ਬਰਾੜ ਕਾਰਜਕਾਰੀ ਪ੍ਰਧਾਨ, ਪ੍ਰੋ. ਸੁਰਜੀਤ ਜੱਜ ਜਨਰਲ ਸਕੱਤਰ ਦੀ ਅਗਵਾਈ ਵਿਚ ਪੰਜਾਬ ਦੀ ਟੀਮ ਅਤੇ ਡਾ. ਲਾਭ ਸਿੰਘ ਖੀਵਾ ਚੇਅਰਮੈਨ, ਡਾ. ਸਰਬਜੀਤ ਸਿੰਘ ਪ੍ਰਧਾਨ ਅਤੇ ਡਾ. ਗੁਰਮੇਲ ਸਿੰਘ ਜਨਰਲ ਸਕੱਤਰ ਦੀ ਅਗਵਾਈ ਵਿਚ ਚੰਡੀਗੜ੍ਹ ਦੀ ਟੀਮ ਚੁਣੀ ਗਈ ਜਿਹਨਾਂ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਨਾਮਵਰ ਵਿਦਵਾਨ ਅਤੇ ਨੌਜਵਾਨ ਲੇਖਕ ਵੀ ਸ਼ਾਮਲ ਕੀਤੇ ਗਏ।
ਅੰਤ ਇਹ ਕਾਨਫਰੰਸ ਲੇਖਕਾਂ ਨੂੰ ਸੰਗਰਾਮ ਕਰਦੇ ਲੋਕਾਂ ਕੋਲ ਜਾਣ, ਉਹਨਾਂ ਨਾਲ ਜੁੜਣ, ਆਵਾਜ਼ ਬੁਲੰਦ ਕਰਨ, ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਕਰਨ ਦੇ ਸੱਦੇ ਨਾਲ ਸਿਰੇ ਚੜ੍ਹ ਗਈ। ਕਾਨਫਰੰਸ ਨੇ ਜੰਮੂ-ਕਸ਼ਮੀਰ ਦੇ ਸੂਬੇ ਨੂੰ ਉਥੋਂ ਦੇ ਲੋਕਾਂ ਨੂੰ ਬਿਨਾਂ ਭਰੋਸੇ ਵਿਚ ਲਿਅਆਂ ਤੋੜਣ ਦੀ ਨਿਖੇਧੀ ਕੀਤੀ। ਆਸਾਮ ਦੇ ਮੀਆਂਤਾਬ 46 ਲੇਖਕਾਂ ਉਤੇ ਜਬਰ ਢਾਹੁਣ ਦੀ ਨਿੰਦਿਆ ਕੀਤੀ। ਜਸਬੀਰ ਝੱਜ, ਮੇਜਰ ਗਿੱਲ, ਜਸਪਾਲ ਮਾਨਖੇੜਾ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
ਕਾਨਫਰੰਸ ਵਿਚ ਉਪਰ ਜ਼ਿਕਰ ਹੋਏ ਲੇਖਕਾਂ ਵਿਦਵਾਨਾਂ ਤੋਂ ਇਲਾਵਾ ਸ਼ਮਸ਼ੇਰ ਮੋਹੀ, ਪ੍ਰੀਤ ਨੀਤਪੁਰ, ਹਰਦੀਪ ਢਿਲੋਂ, ਗੁਰਦੇਵ ਖੋਖਰ, ਅਵਤਾਰ ਸਿੰਘ ਪਤੰਗ, ਰਾਜਿੰਦਰ ਸਿੰਘ, ਅਵਤਾਰ ਪਾਲ, ਬਲਵਿੰਦਰ ਸਿੰਘ, ਵਾਹਿਦ, ਰਮੇਸ਼ ਯਾਦਵ, ਕਾਨਾ ਸਿੰਘ, ਸੰਤੋਖ ਸਿੰਘ ਸੁੱਖੀ, ਸਿਰੀ ਰਾਮ ਅਰਸ਼, ਜਗਦੀਪ ਸਿਧੂ, ਤਰਸੇਮ, ਰਮਨ ਸੰਧੂ, ਰਾਬਿੰਦਰਨਾਥ ਸ਼ਰਮਾ, ਦੇਵਿੰਦਰ ਬੋਹਾ, ਪ੍ਰਵੀਨ ਕੁਮਾਰ, ਵੀਰਪਾਲ ਕੌਰ, ਦਮਜੀਤ ਦਰਸ਼ਨ, ਰਣਬੀਰ ਰਾਣਾ, ਜੈਪਾਲ, ਹਰਬੰਸ ਹੀੳਂੁ, ਕਰਮ ਸਿੰਘ ਵਕੀਲ, ਗੁਰਨਾਮ ਕੰਵਰ, ਜੋਗਿੰਦਰ ਸਿੰਘ ਨਿਰਾਲਾ, ਦਲਬੀਰ ਲੁਧਿਆਣਵੀ, ਰਵੀ, ਸੁਨੀਤਾ ਅਤੇ ਬਹੁਤ ਹੋਰ ਲੇਖਕ ਸਾਥੀ ਹਾਜ਼ਰ ਸਨ।
No comments:
Post a Comment