Jul 14, 2019, 4:45 PM
ਲੁਧਿਆਣਾ ਇਕਾਈ ਦੀ ਮੀਟਿੰਗ ਦੌਰਾਨ ਕਈ ਹੋਰ ਅਹਿਮ ਵਿਚਾਰਾਂ ਵੀ ਹੋਈਆਂ
ਲੁਧਿਆਣਾ: 14 ਜੁਲਾਈ 2019: ( ਪੰਜਾਬ ਸਕਰੀਨ ਬਿਊਰੋ)::
ਅਮੀਰਾਂ ਦੀ ਅਮੀਰੀ ਵਧਦੀ ਜਾ ਰਹੀ ਹੈ ਅਤੇ ਗਰੀਬਾਂ ਦੀ ਗਰੀਬੀ ਨਿਰੰਤਰ ਗੰਭੀਰ ਹੋ ਰਹੀ ਹੈ। ਲਗਾਤਾਰ ਵੱਧ ਰਹੇ ਇਸ ਆਰਥਿਕ ਪਾੜੇ ਦੌਰਾਨ ਹੀ ਵੱਧ ਰਹੇ ਹਨ ਸੱਤਾ 'ਤੇ ਬੈਠੀਆਂ ਧਿਰਾਂ ਵੱਲੋਂ ਵਿਕਾਸ ਦੇ ਦਾਅਵੇ। ਵਿਕਾਸ ਦੇ ਦਾਅਵਿਆਂ ਦਾ ਸ਼ੋਰ ਏਨਾ ਤੇਜ਼ ਹੈ ਹੈ ਕਿ ਆਮ ਇਨਸਾਨ ਦੀ ਕੂਕ ਇਸ ਸ਼ੋਰ ਕਾਰਨ ਕਿਧਰੇ ਸੁਣਾਈ ਹੀ ਨਹੀਂ ਦੇਂਦੀ। ਬਹੁਤੀਆਂ ਸਿਆਸੀ ਪਾਰਟੀਆਂ ਲੋਕ ਮਸਲਿਆਂ ਬਾਰੇ ਸਾਜ਼ਿਸ਼ੀ ਅਤੇ ਮੁਜਰਮਾਨਾ ਚੁੱਪ ਧਾਰਨ ਕਰਕੇ ਬੈਠੀਆਂ ਹਨ। ਕੋਈ ਖ਼ੁਦਕੁਸ਼ੀ ਕਰ ਲਵੇ, ਕਿਸੇ ਦਾ ਕਤਲ ਹੋ ਜਾਵੇ, ਕਿਸੇ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਾਵੇ ਹੁਣ ਸਿਆਸੀ ਪਾਰਟੀਆਂ ਨਹੀਂ ਬੋਲਦਿਆਂ ਕਿਓਂਕਿ ਚੋਣਾਂ ਲੰਘ ਚੁੱਕੀਆਂ ਹਨ। ਇਸ ਬੇਹੱਦ ਨਾਜ਼ੁਕ ਹਾਲਤ ਵਿੱਚ ਲੋਕ ਮਸਲਿਆਂ ਦੀ ਥਾਹ ਪਾਉਣ ਵਾਲੀ ਜ਼ਿੰਮੇਵਾਰੀ ਇੱਕ ਵਾਰ ਫੇਰ ਨਿਭਾ ਰਹੀ ਹੈ ਜਮਹੂਰੀ ਅਧਿਕਾਰ ਸਭਾ। ਕੋਈ ਵੀ ਘਟਨਾ ਹੁੰਦੀ ਹੈ ਤਾਂ ਤੁਰੰਤ ਮੌਕੇ 'ਤੇ ਪਹੁੰਚ ਜਾਂਦੀ ਹੈ ਜਮਹੂਰੀ ਅਧਿਕਾਰ ਸਭਾ ਦੀ ਜਾਂਚ ਟੀਮ। ਹਾਲ ਹੀ ਵਿੱਚ ਬਹੁਤ ਸਾਰੇ ਮਹੱਤਵਪੂਰਨ ਮਸਲਿਆਂ ਬਾਰੇ ਜਮਹੂਰੀ ਅਧਿਕਾਰ ਸਭਾ ਤੱਥਾਂ ਦੀ ਘੋਖ ਪੜਤਾਲ ਕਰਕੇ ਲਿਆਈ। ਇਹਨਾਂ ਜਾਂਚ ਰਿਪੋਰਟਾਂ ਨਾਲ ਹੀ ਕਈ ਜਨਤਕ ਮਸਲਿਆਂ ਬਾਰੇ ਲੋਕਾਂ ਨੇ ਸਥਾਨਕ ਪੱਧਰ 'ਤੇ ਇਕੱਠ ਕੀਤੇ ਅਤੇ ਫਿਰ ਲਹਿਰ ਵੀ ਖੜੀ ਹੋਈ ਜਿਹਨਾਂ ਸਦਕਾ ਲੋਕ ਦੁਸ਼ਮਣ ਅਨਸਰਾਂ ਨੂੰ ਝੁਕਣਾ ਪਿਆ।
ਅੱਜ ਵੀ ਜਮਹੂਰੀ ਅਧਿਕਾਰ ਸਭਾ ਦੇ ਲੁਧਿਆਣਾ ਯੂਨਿਟ ਦੀ ਮੀਟਿੰਗ ਹੋਈ ਤਾਂ ਕਿ ਅਹਿਮ ਮਸਲਿਆਂ ਬਾਰੇ ਵਿਚਾਰਾਂ ਹੋਈਆਂ। ਲੋਕ ਮਸਲਿਆਂ ਉੱਪਰ ਲੋਕ ਰਾਏ ਕੇਂਦਰਿਤ ਕਰਨ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਦੀ ਅੱਜ ਵਾਲੀ ਇਹ ਮੀਟਿੰਗ ਸਥਾਨਕ ਬੀਬੀ ਅਮਰ ਕੌਰ ਯਾਦਗਾਰ ਹਾਲ ਵਿਖੇ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ। ਭਾਰੀ ਵਰਖਾ ਹੋਣ ਕਾਰਣ ਭਾਵੇਂ ਮੈਂਬਰਾਂ ਦੀ ਗਿਣਤੀ ਘੱਟ ਰਹੀ, ਪਰ ਇਸ ਦੇ ਬਾਵਜੂਦ ਵੀ ਲੁਧਿਆਣੇ ਵਿੱਚ ਸੀਵਰਮੈਨਾਂ ਦੀਆਂ ਲਗਾਤਾਰ ਹੋਣ ਵਾਲੀਆਂ ਦਰਦਨਾਕ ਮੌਤਾਂ ਅਤੇ ਰੇੜ੍ਹੀ ਫੜ੍ਹੀ ਵਾਲੇ ਗਰੀਬ ਲੋਕਾਂ ਨਾਲ ਹੋ ਰਹੇ ਗ਼ੈਰ ਮਨੁੱਖੀ, ਗ਼ੈਰ ਜਮਹੂਰੀ ਧੱਕੇਸ਼ਾਹੀ ਵਾਲੇ ਵਰਤਾਰਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਜ਼ਿਕਰਯੋਗ ਹੈ ਕਿ ਸੀਵਰਮੈਨਾਂ ਦੀ ਮੌਤ ਜਾਂ ਉਹਨਾਂ ਦੀ ਸਿਹਤ ਵਿੱਚ ਗੰਭੀਰ ਵਿਗਾੜ ਦਾ ਮਸਲਾ ਇੱਕ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ। ਮਾਨਯੋਗ ਅਦਾਲਤਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਵੀ ਪ੍ਰਸ਼ਾਸਨਿਕ ਤੌਰ ਤੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਆਮ ਗਰੀਬ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕਿਵੇਂ ਲਿਤਾੜਿਆ ਜਾ ਰਿਹਾ ਹੈ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਇਸ ਸਾਰੀ ਸਥਿਤੀ ਨੂੰ ਸੰਜੀਦਗੀ ਨਾਲ ਲੈਂਦਿਆਂ ਇਸ ਬਾਰੇ ਵਿਸ਼ੇਸ਼ ਉਪਰਾਲੇ ਕਰਨ ਲਈ ਵਿਚਾਰਾਂ ਹੋਈਆਂ। ਇਸੇ ਤਰਾਂ ਗ੍ਰਾਮ ਸਭਾਵਾਂ ਵਿੱਚ ਲੋਕਾਂ ਵੱਲੋਂ ਪਾਸ ਕੀਤੇ ਮਤਿਆਂ ਨੂੰ ਲਾਗੂ ਕਰਵਾਉਣ ਲਈ ਜ਼ੁੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਕਰਨ ਲਈ ਲੋਕਾਂ ਨੂੰ ਸਿਖਿਅਤ ਕਰਨ ਬਾਰੇ ਵੀ ਚਰਚਾ ਕੀਤੀ ਗਈ।
ਚਰਚਾ ਉਪਰੰਤ ਸਿੱਟਾ ਕੱਢਿਆ ਗਿਆ ਕਿ ਇਸ ਬਾਰੇ ਇਕ ਸੈਮੀਨਾਰ 4 ਅਗਸਤ ਨੂੰ ਕੀਤਾ ਜਾਵੇ, ਜਿਸ ਵਿੱਚ ਸਭਾ ਦੇ ਜਨਰਲ ਸਕੱਤਰ ਪ੍ਰੋ ਜਗਮੋਹਣ ਸਿੰਘ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ। ਮੀਟਿੰਗ ਵਿੱਚ ਪਾਸ ਕੀਤੇ ਮਤਿਆਂ ਨੂੰ ਸਭਾ ਦੀ ਅਗਲੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਲਿਜਾਇਆ ਜਾਵੇਗਾ ਜੋ 21 ਜੁਲਾਈ ਨੂੰ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਕਰਨੀ ਤਹਿ ਕੀਤੀ ਗਈ। ਮੀਟਿੰਗ ਵਿੱਚ ਸਤੀਸ਼ ਸੱਚਦੇਵਾ, ਮਾਸਟਰ ਜਰਨੈਲ ਸਿੰਘ, ਰਣਜੋਧ ਸਿੰਘ ਲਲਤੋਂ, ਚਰਨ ਸਿੰਘ ਨੂਰਪੁਰਾ, ਹੈੱਡ ਮਾਸਟਰ ਮਨਜੀਤ ਸਿੰਘ ਬੁਢੇਲ, ਮਾਸਟਰ ਇਕਬਾਲ ਸਿੰਘ ਸ਼ਾਮਲ ਸਨ।
No comments:
Post a Comment