Sunday, July 14, 2019

ਕਰਤਾਰਪੁਰ ਸਾਹਿਬ ਕੌਰੀਡੋਰ ਬਾਰੇ ਗੱਲਬਾਤ ਦਾ ਦੂਜਾ ਦੌਰ

Posted On: 14 JUL 2019 3:45 PM by PIB Chandigarh
ਸਹਿਮਤੀਆਂ ਵਾਲੇ ਪਾਸੇ ਇੱਕ ਕਦਮ ਹੋਰ ਵਧਿਆ 
ਨਵੀਂ ਦਿੱਲੀ: 14 ਜੁਲਾਈ 2019: (ਪੀਆਈਬੀ)::
Image Courtesy:   Indian Defence Review
ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਚਾਲੂ ਕਰਨ ਦੀ ਰੂਪ-ਰੇਖਾ ਤਿਆਰ ਕਰਨ ਬਾਰੇ  ਗੱਲਬਾਤ ਦਾ ਦੂਜਾ ਦੌਰ ਅੱਜ ਪਾਕਿਸਤਾਨ ਦੇ ਵਾਹਗਾ ਵਿਖੇ ਹੋਇਆ। ਭਾਰਤੀ ਵਫ਼ਦ ਦੀ ਅਗਵਾਈ ਗ੍ਰਿਹ ਮੰਤਰਾਲਾ ਦੇ ਸੰਯੁਕਤ ਸਕੱਤਰ, ਸ਼੍ਰੀ ਐੱਸਸੀਐੱਲ ਦਾਸ ਨੇ ਕੀਤੀ ਅਤੇ ਇਸ ਵਫ਼ਦ ਵਿੱਚ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ, ਪੰਜਾਬ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਨੁਮਾਇੰਦੇ ਸ਼ਾਮਲ ਹੋਏ।

ਅੱਜ ਹੋਈ ਮੀਟਿੰਗ ਵਿੱਚ ਕਰਤਾਰਪੁਰ ਸਾਹਿਬ ਕੌਰੀਡੋਰ ਜਾਣ ਵਾਲੇ ਤੀਰਥ ਯਾਤਰੀਆਂ ਦੀ ਸੁਵਿਧਾ ਲਈ ਰੂਪ-ਰੇਖਾ ਅਤੇ ਸਮਝੌਤੇ ਦੇ ਖਰਡ਼ੇ ਅਤੇ ਕੌਰੀਡੋਰ ਲਈ ਵਿਕਸਿਤ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਬਾਰੇ ਚਰਚਾ ਹੋਈ।  

ਮੀਟਿੰਗ ਵਿੱਚ ਮਾਰਚ, ਅਪ੍ਰੈਲ ਅਤੇ ਮਈ 2019 ਵਿੱਚ ਹੋਈਆਂ ਤਕਨੀਕੀ ਮੀਟਿੰਗਾਂ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਕ੍ਰਾਸਿੰਗ ਪੁਆਇੰਟ/ਜ਼ੀਰੋ ਪੁਆਇੰਟ ਕੋਆਰਡੀਨੇਟਸ ਦੀ ਪੁਸ਼ਟੀ ਕੀਤੀ ਜਿਸ ‘ਤੇ ਤਕਨੀਕੀ ਪੱਧਰ ਦੀ ਵਾਰਤਾ ਵਿੱਚ ਸਹਿਮਤੀ ਜਤਾਈ ਗਈ ਸੀ। 

ਭਾਰਤੀ ਧਿਰ ਨੇ ਪਾਕਿਸਤਾਨ ਵੱਲੋਂ ਉਨ੍ਹਾਂ ਵੱਲ ਪ੍ਰਸਤਾਵਿਤ ਮਿੱਟੀ ਤੋਂ ਭਰੇ ਪੁਲ਼ ਵਾਲੀ ਸਡ਼ਕ ਜਾਂ ਕਾਜ਼ਵੇ (ਸੇਤੂ ਮਾਰਗ) ਕਾਰਨ ਡੇਰਾ ਬਾਬਾ ਨਾਨਕ ਅਤੇ ਭਾਰਤੀ ਪਾਸੇ ਦੇ ਨੇਡ਼ੇ ਦੇ ਖੇਤਰਾਂ ਵਿੱਚ ਸੰਭਾਵਿਤ ਹਡ਼੍ਹ ਨੂੰ ਲੈਕੇ ਚਿੰਤਾ ਜਤਾਈ। ਭਾਰਤੀ ਵਫ਼ਦ ਨੇ ਪਾਕਿਸਤਾਨ ਨਾਲ ਹਡ਼੍ਹਾਂ ਬਾਰੇ ਆਪਣੇ ਜਾਇਜ਼ੇ ਨੂੰ ਸਾਂਝਾ ਕੀਤਾ। ਭਾਰਤ ਨੇ ਸਪਸ਼ਟ ਤੌਰ ‘ਤੇ ਸੂਚਿਤ ਕੀਤਾ ਕਿ ਮਿੱਟੀ ਭਰ ਕੇ ਸਡ਼ਕ ਬਣਾਉਣ ਜਾਂ ਕਾਜ਼ਵੇ ਬਣਾਉਣ ਨਾਲ ਸਾਡੇ ਪਾਸੇ ਵਾਲੇ ਲੋਕਾਂ ਨੂੰ ਹਡ਼੍ਹਾਂ ਦਾ ਖਤਰਾ ਪੈਦਾ ਹੋਵੇਗਾ ਅਤੇ ਇਸ ਨੂੰ ਅੰਤਰਿਮ ਤੌਰ ‘ਤੇ ਵੀ ਨਹੀਂ ਬਣਾਇਆ ਜਾਣਾ ਚਾਹੀਦਾ। ਜੋ ਪੁਲ਼ ਭਾਰਤ ਆਪਣੇ ਪਾਸੇ ਬਣਾ ਰਿਹਾ ਹੈ ਉਸ ਦੇ ਵੇਰਵੇ ਸਾਂਝੇ ਕੀਤੇ ਗਏ ਅਤੇ ਪਾਕਿਸਤਾਨੀ ਧਿਰ ਨੂੰ ਬੇਨਤੀ ਕੀਤੀ ਗਈ ਕਿ ਉਹ ਵੀ ਆਪਣੇ ਪਾਸੇ ਪੁਲ਼ ਉਸਾਰਨ। ਇਸ ਨਾਲ ਹਡ਼੍ਹ ਦੀ ਸਮੱਸਿਆ ਹੀ ਖ਼ਤਮ ਨਹੀਂ ਹੋਵੇਗੀ ਸਗੋਂ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਯਾਤਰਾ ਸਾਰਾ ਸਾਲ ਜਾਰੀ ਰਹਿ ਸਕੇਗੀ। ਪਾਕਿਸਤਾਨੀ ਧਿਰ ਸਿਧਾਂਤਕ ਤੌਰ ‘ਤੇ ਜਲਦੀ ਤੋਂ ਜਲਦੀ ਪੁਲ਼ ਬਣਾਉਣ ਲਈ ਸਹਿਮਤ ਹੋ ਗਈ ਪਰ ਜਦ ਤੱਕ ਪੁਰਾਣੇ ਰਾਵੀ ਕ੍ਰੀਕ ਉੱਤੇ ਪਾਕਿਸਤਾਨ ਵਾਲੇ ਪਾਸੇ ਪੁਲ਼ ਨਹੀਂ ਬਣਦਾ,  ਭਾਰਤ ਨੇ ਇਸ ਲਈ ਅੰਤ੍ਰਿਮ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ,  ਤਾਕਿ ਨਵੰਬਰ, 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੱਕ  ਕੌਰੀਡੋਰ ਨੂੰ ਚਾਲੂ ਕੀਤਾ ਜਾ ਸਕੇ। 

ਭਾਰਤ ਨੇ ਪਾਕਿਸਤਾਨ ਨੂੰ ਤਾਕੀਦ ਕੀਤੀ ਕਿ ਉਹ ਤੀਰਥ ਯਾਤਰੀਆਂ ਦੀਆਂ ਇਨ੍ਹਾਂ ਭਾਵਨਾਵਾਂ ਦੀ ਕਦਰ ਕਰੇ ਕਿ ਉਨ੍ਹਾਂ ਨੂੰ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪੂਰਾ ਸਾਲ ਬੇ-ਰੋਕਟੋਕ, ਅਸਾਨ ਦਰਸ਼ਨਾਂ ਦਾ ਮੌਕਾ ਹਾਸਲ ਹੋਵੇ। ਇਸ ਸੰਦਰਭ ਵਿੱਚ ਹੇਠ ਲਿਖੀਆਂ ਬੇਨਤੀਆਂ ਮੁਡ਼ ਦੁਹਰਾਈਆਂ ਗਈਆਂ -

* ਰੋਜ਼ਾਨਾ 5000 ਤੀਰਥ ਯਾਤਰੀਆਂ ਨੂੰ ਕੌਰੀਡੋਰ ਦੀ ਵਰਤੋਂ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਪ੍ਰਵਾਨਗੀ ਦਿੱਤੀ ਜਾਵੇ ਕਿਉਂਕਿ ਸਾਡੇ ਪਾਸੇ ਵੱਲ ਇਸ ਸਬੰਧੀ ਮੰਗ ਕਾਫੀ ਜ਼ਿਆਦਾ ਹੋਣ ਦੀ ਆਸ ਹੈ।

* ਵਿਸ਼ੇਸ਼ ਮੌਕਿਆਂ ਉੱਤੇ 10,000 ਵਾਧੂ ਤੀਰਥ ਯਾਤਰੀਆਂ ਨੂੰ ਯਾਤਰਾ ਦੀ ਪ੍ਰਵਾਨਗੀ ਦਿੱਤੀ ਜਾਵੇ।

* ਤੀਰਥ ਯਾਤਰੀਆਂ ਉੱਤੇ ਉਨ੍ਹਾਂ ਦੇ ਧਰਮ ਦੇ ਹਿਸਾਬ ਨਾਲ ਕੋਈ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ।

* ਸਿਰਫ ਭਾਰਤੀ ਸ਼ਹਿਰੀਆਂ ਨੂੰ ਹੀ ਨਹੀਂ ਸਗੋਂ ਭਾਰਤੀ ਮੂਲ ਦੇ ਸ਼ਹਿਰੀਆਂ (ਪੀਆਈਓਜ਼), ਜਿਨ੍ਹਾਂ ਕੋਲ ਓਸੀਆਈ ਕਾਰਡ ਹਨ, ਨੂੰ ਵੀ ਕਰਤਾਰਪੁਰ ਕੌਰੀਡੋਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇ।

* ਇਹ ਆਵਾਜਾਈ ਵੀਜ਼ਾ ਮੁਕਤ ਹੋਣੀ ਚਾਹੀਦੀ ਹੈ ਅਤੇ ਪਾਕਿਸਤਾਨ ਨੂੰ ਕੋਈ ਪਰਮਿਟ ਸਿਸਟਮ ਲਾਗੂ ਕਰਨ ਜਾਂ ਫੀਸ ਲੈਣ ਬਾਰੇ ਮੁਡ਼ ਤੋਂ ਵਿਚਾਰ ਕਰਨੀ ਚਾਹੀਦੀ ਹੈ।

* ਤੀਰਥ ਯਾਤਰੀਆਂ ਨੂੰ ਸਾਰਾ ਸਾਲ ਅਤੇ ਹਫਤੇ ਦੇ 7 ਦਿਨ ਯਾਤਰਾ ਦੀ ਪ੍ਰਵਾਨਗੀ ਹੋਣੀ ਚਾਹੀਦੀ ਹੈ।

* ਤੀਰਥ ਯਾਤਰੀਆਂ ਨੂੰ ਇਹ ਸਹੂਲਤ ਹੋਣੀ ਚਾਹੀਦੀ ਹੈ ਕਿ ਉਹ ਨਿੱਜੀ ਤੌਰ ‘ਤੇ ਜਾਂ ਜਥਿਆਂ ਵਿੱਚ ਯਾਤਰਾ ਕਰ ਸਕਣ।

* ਤੀਰਥ ਯਾਤਰੀਆਂ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਇਸ ਪਵਿੱਤਰ ਸਥਾਨ ਦੇ ਦਰਸ਼ਨ ਪੈਦਲ ਜਾ ਕੇ ਵੀ ਕਰ ਸਕਣ।

* ਤੀਰਥ ਯਾਤਰੀਆਂ ਲਈ ਲੰਗਰ ਅਤੇ ਪ੍ਰਸ਼ਾਦ ਤਿਆਰ ਕਰਨ ਅਤੇ ਵੰਡਣ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ।

ਤੀਰਥ ਯਾਤਰੀਆਂ ਲਈ ਸੁਰੱਖਿਅਤ ਅਤੇ ਠੀਕ-ਠਾਕ ਮਾਹੌਲ ਯਕੀਨੀ ਬਣਾਉਣਦੀ ਅਹਿਮੀਅਤ  ਬਾਰੇ ਵੀ ਚਰਚਾ ਹੋਈ। ਇਸ ਸੰਦਰਭ ਵਿੱਚ ਪਾਕਿਸਤਾਨ ਵਿੱਚ ਸਥਿਤ ਨਿਜੀ ਵਿਅਕਤੀਆਂ ਜਾਂ ਸੰਗਠਨਾਂ,  ਜੋ ਕਿ ਯਾਤਰਾ ਵਿੱਚ ਗਡ਼ਬਡ਼ ਕਰ ਸਕਦੇ ਹਨ ਜਾਂ ਮੌਕੇ ਦੀ ਦੁਰਵਰਤੋਂ ਕਰਕੇ ਤੀਰਥ ਯਾਤਰੀਆਂ ਦੀਆਂ ਭਾਵਨਾਵਾਂ ਨਾਲ ਖੇਡ ਸਕਦੇ ਹਨ, ਬਾਰੇ ਵੀ ਚਿੰਤਾ ਪ੍ਰਗਟਾਈ ਗਈ।  ਪਾਕਿਸਤਾਨੀ ਧਿਰ ਨੂੰ ਇਸ ਸਬੰਧ ਵਿੱਚ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਉਣ ਲਈ ਇੱਕ ਡੋਜ਼ੀਅਰ ਵੀ ਸੌਂਪਿਆ ਗਿਆ। ਭਾਰਤੀ ਵਫ਼ਦ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਇੱਕ ਕੌਂਸਲਰ ਰੱਖਣ ਦੀ ਇਜਾਜ਼ਤ ਵੀ ਮੰਗੀ ਜੋ ਕਿ ਲੋਡ਼ ਪੈਣ ਉੱਤੇ  ਯਾਤਰੀਆਂ ਨੂੰ  ਉੱਤੇ ਸਹਾਇਤਾ ਪ੍ਰਦਾਨ ਕਰ ਸਕੇ। ਪਾਕਿਸਤਾਨੀ ਧਿਰ ਨੇ ਸਾਡੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਭਾਰਤ ਵਿਰੋਧੀ ਕਿਸੇ ਸਰਗਰਮੀ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।

ਸਰਕਾਰ ਨੂੰ ਪ੍ਰਾਪਤ ਹੋਈਆਂ ਬੇਨਤੀਆਂ ਦੇ ਅਧਾਰ ਉੱਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਉੱਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਇੱਕ ਵਾਰੀ ਫਿਰ ਉਠਾਇਆ ਗਿਆ ਅਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਵਾਪਸ ਦਿਵਾਉਣ। ਪਾਕਿਸਤਾਨੀ ਧਿਰ ਨੇ ਇਸ ਮੁੱਦੇ ਉੱਤੇ ਵਿਚਾਰ ਦਾ ਭਰੋਸਾ ਦਿਵਾਇਆ।

ਭਾਰਤ ਸਰਕਾਰ ਨੇ ਅਤਿਆਧੁਨਿਕ (ਸਟੇਟ ਆਵ੍ ਆਰਟ) ਬੁਨਿਆਦੀ ਢਾਂਚਾ ਤਿਆਰ ਕਰਨ ਵਿੱਚ ਕਾਫੀ ਪ੍ਰਗਤੀ ਕੀਤੀ ਹੈ। ਇਸ ਢਾਂਚੇ ਵਿੱਚ ਭਾਰਤੀ ਪਾਸੇ ਵੱਲ ਇੱਕ ਯਾਤਰੀ ਟਰਮੀਨਲ ਦੀ ਉਸਾਰੀ ਵੀ ਸ਼ਾਮਲ ਹੈ ਜੋ ਕਿ ਰੋਜ਼ਾਨਾ 15,000 ਯਾਤਰੀਆਂ ਲਈ ਪ੍ਰਬੰਧ ਕਰ ਸਕਦਾ ਹੈ। ਇਸ ਨੂੰ 31 ਅਕਤੂਬਰ, 2019 ਤੱਕ ਪੂਰਾ ਕੀਤੇ ਜਾਣ ਦਾ ਟੀਚਾ ਹੈ। ਅੰਤਰਰਾਸ਼ਟਰੀ ਸੀਮਾ ਉੱਤੇ ਕਰਾਸਿੰਗ ਪੁਆਇੰਟਾਂ ਤੱਕ 4-ਲੇਨ ਹਾਈਵੇ ਬਣਾਉਣ ਦਾ ਕੰਮ ਤਸੱਲੀ ਨਾਲ ਅਤੇ ਸਮੇਂ ਅਨੁਸਾਰ ਚਲ ਰਿਹਾ ਹੈ। ਇਹ ਕੰਮ ਸਤੰਬਰ, 2019 ਦੇ ਅੰਤ ਤੱਕ ਪੂਰਾ ਹੋ ਜਾਵੇਗਾ। ਸਰਕਾਰ ਨੂੰ ਪੂਰੀ ਆਸ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੱਕ  ਯਾਤਰੀਆਂ ਦੇ ਲਾਂਘੇ ਲਈ ਕਰਤਾਰਪੁਰ  ਕੌਰੀਡੋਰ ਤਿਆਰ ਕਰ ਲਵੇਗੀ। 

ਪਾਕਿਸਤਾਨੀ ਧਿਰ ਨੂੰ ਵੱਖਰੇ ਤੌਰ ‘ਤੇ ਬੇਨਤੀ ਕੀਤੀ ਗਈ ਹੈ ਕਿ ਉਹ ਦਿੱਲੀ ਤੋਂ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਤੱਕ ਜੁਲਾਈ, 2019 ਵਿੱਚ ਅਤੇ ਫਿਰ ਅਕਤੂਬਰ/ ਨਵੰਬਰ 2019 ਵਿੱਚ  'ਨਗਰ ਕੀਰਤਨ' ਕੱਢਣ ਦੀ ਇਜਾਜ਼ਤ ਦੇਵੇ। ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਵੱਲੋਂ ਕੱਢੇ ਜਾ ਰਹੇ ਹਨ। ਇਹ ਸੰਸਥਾਵਾਂ 1974 ਦੇ ਦੋ-ਪੱਖੀ  ਪ੍ਰੋਟੋਕੋਲ ਤਹਿਤ ਪਾਕਿਸਤਾਨ ਵਿੱਚ ਤੀਰਥ ਯਾਤਰਾਵਾਂ ਦਾ ਆਯੋਜਨ ਕਰਦੀਆਂ ਹਨ। ਪਾਕਿਸਤਾਨ ਸਾਹਮਣੇ ਇਹ ਵੀ ਪ੍ਰਸਤਾਵ ਰੱਖਿਆ ਗਿਆ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਪਵਿੱਤਰ ਮੌਕੇ ਉੱਤੇ 10,000 ਭਾਰਤੀ ਤੀਰਥ ਯਾਤਰੀਆਂ ਨੂੰ 1974 ਦੇ ਪ੍ਰੋਟੋਕੋਲ ਤਹਿਤ ਤੀਰਥ ਯਾਤਰਾ ਦੀ ਪ੍ਰਵਾਨਗੀ ਦੇਵੇ।

ਰੂਪ-ਰੇਖਾ ਦੇ ਸਬੰਧ ਵਿੱਚ ਸਮਝੌਤਾ ਖਰਡ਼ੇ ਨੂੰ ਅੰਤਿਮ ਰੂਪ ਦੇਣ ਦੇ ਸਬੰਧ ਵਿੱਚ ਪ੍ਰਗਤੀ ਹੋਈ ਹੈ। ਇਹ ਸਹਿਮਤੀ ਬਣੀ ਕਿ ਭਾਰਤੀ ਪਾਸਪੋਰਟ ਧਾਰਕਾਂ ਅਤੇ ਓਸੀਆਈ ਕਾਰਡ ਧਾਰਕਾਂ ਨੂੰ ਹਫ਼ਤੇ ਦੇ ਸਾਰੇ ਸੱਤ ਦਿਨ ਵੀਜ਼ਾ ਮੁਕਤ ਯਾਤਰਾ ਦੀ ਪ੍ਰਵਾਨਗੀ ਦਿੱਤੀ ਜਾਵੇ। ਸਾਰਾ ਸਾਲ 5,000 ਤੀਰਥ ਯਾਤਰੀਆਂ ਨੂੰ ਰੋਜ਼ਾਨਾ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਦੀ ਪ੍ਰਵਾਨਗੀ ਹੋਵੇਗੀ। ਯਾਤਰੀਆਂ ਨੂੰ ਨਿਜੀ ਤੌਰ ‘ਤੇ ਜਾਂ ਜਥਿਆਂ ਦੇ ਰੂਪ ਵਿੱਚ ਪੈਦਲ ਯਾਤਰਾ ਕਰਨ ਦੀ ਪ੍ਰਵਾਨਗੀ ਵੀ ਹੋਵੇਗੀ। ਪਾਕਿਸਤਾਨ ਨੇ ਆਪਣੇ ਪਾਸੇ ਵੱਲ ਢਾਂਚੇ ਸਬੰਧੀ ਰੁਕਾਵਟਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਪਡ਼ਾਅਵਾਰ ਢੰਗ ਨਾਲ ਹੋਰ ਜ਼ਿਆਦਾ ਭਾਰਤੀ ਤੀਰਥ ਯਾਤਰੀਆਂ ਨੂੰ ਆਉਣ ਦੀ ਪ੍ਰਵਾਨਗੀ ਦੇ ਸਕਦੇ ਹਨ। ਪਾਕਿਸਤਾਨ ਨੂੰ ਕਿਹਾ ਗਿਆ ਕਿ ਉਹ ਆਪਣੀ ਸਥਿਤੀ ਉੱਤੇ ਮੁੜ ਵਿਚਾਰ ਕਰੇ ਕਿਉਂਕਿ ਤੀਰਥ ਯਾਤਰੀਆਂ ਦੀ ਇਹ ਲੰਬੇ ਸਮੇਂ ਤੋਂ ਮੰਗ ਹੈ ਅਤੇ ਇਹ ਆਸ ਲਗਾਈ ਜਾ ਰਹੀ ਹੈ ਕਿ ਪਾਕਿਸਤਾਨ ਵਧੇਰੇ ਤੀਰਥ ਯਾਤਰੀਆਂ ਨੂੰ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਦੇਣ ਦੀ ਪ੍ਰਵਾਨਗੀ ਦੇਵੇਗਾ।

ਦੋਹਾਂ ਧਿਰਾਂ ਵਿੱਚ ਸਹਿਮਤੀ ਬਣੀ ਕਿ ਕਰਤਾਰਪੁਰ ਸਾਹਿਬ ਕੌਰੀਡੋਰ ਬਾਰੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਦਾ ਇੱਕ ਰਸਤਾ ਖੁੱਲ੍ਹਾ ਰੱਖਿਆ ਜਾਵੇ। ਤਕਨੀਕੀ ਟੀਮਾਂ ਦੁਬਾਰਾ ਮੁਲਾਕਾਤ ਇਹ ਯਕੀਨੀ ਬਣਾਉਣ ਲਈ ਕਰਨਗੀਆਂ ਕਿ ਕਰਤਾਰਪੁਰ ਸਾਹਿਬ ਕੌਰੀਡੋਰ ਸਮੇਂ ਸਿਰ ਖੋਲ੍ਹਣ ਲਈ ਨਿਰੰਤਰ ਸੰਪਰਕ ਕਾਇਮ ਰਹੇਗਾ, ਤਾਕਿ ਨਵੰਬਰ, 2019 ਵਿੱਚ ਤੀਰਥ ਯਾਤਰਾ ਸ਼ੁਰੂ ਹੋ ਸਕੇ। (PIB)
*****

No comments: