Jun 8, 2019, 12:14 PM
ਫਿਰਕਾਪ੍ਰਸਤਾਂ ਅਤੇ ਮੌਕਾਪ੍ਰਸਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਜਾਰੀ ਕੀਤੀ
ਲੁਧਿਆਣਾ: 8 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਲੁਧਿਆਣਾ ਵਿਖੇ ਧਰਮ ਅਤੇ ਜਾਤਾਂ ਦੇ ਅਧਾਰ ਤੇ ਫ਼ਿਰਕਾ ਪ੍ਰਸਤੀ ਫੈਲਾਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲੇ ਮੌਕਾਪ੍ਰਸਤਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋ ਏ ਕੇ ਮਲੇਰੀ, ਜਨਰਲ ਸਕੱਤਰ ਪ੍ਰੋ ਜਗਮੋਹਣ ਸਿੰਘ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਜੀਰਖ ਵੱਲੋਂ ਸਾਂਝੇ ਤੌਰ ਤੇ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ, ਕਿ ਲੁਧਿਆਣੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਜ਼ਿਲ੍ਹਾ ਦੇਸ਼ ਲਈ ਕੁਰਬਾਨ ਹੋਏ ਕਿੰਨੇ ਹੀ ਸ਼ਹੀਦਾਂ ਦੀ ਜਨਮ ਭੂੰਮੀ ਹੈ। ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦੇ ਸਾਥੀ ਸੁਖਦੇਵ ਦਾ ਜਨਮ ਇਸੇ ਸ਼ਹਿਰ ਵਿੱਚ ਹੋਇਆ ਸੀ । ਥਾਂ ਥਾਂ ਇਹਨਾਂ ਤਿੰਨਾਂ ਸ਼ਹੀਦਾਂ ਦੇ ਇਕੱਠੇ ਲੱਗੇ ਬੁੱਤ ਇਸ ਗੱਲ ਦਾ ਸਬੂਤ ਹਨ ਕਿ ਉਹ ਧਰਮਾਂ ਅਤੇ ਜਾਤਾਂ ਗੋਤਾਂ ਦੇ ਵਖਰੇਵਿਆਂ ਤੋਂ ਮੁਕਤ ਸਨ। ਉਹਨਾਂ ਦੇ ਆਪਸੀ ਵਿਚਾਰਾਂ ਦੀ ਸਾਂਝ ਕਾਰਣ ਇਕੱਠਿਆਂ ਹੀ ਕੁਰਬਾਨ ਹੋਣਾ ਦਰਸਾਉਂਦਾ ਹੈ ਕਿ ਉਹਨਾਂ ਵਿੱਚ ਇਨਸਾਨੀ ਰਿਸਤਿਆਂ ਦੀ ਸਾਂਝ ਸੀ, ਨਾ ਕਿ ਕਿਸੇ ਧਰਮ ਜਾਂ ਜਾਤ ਕਰਕੇ।ਪਰ ਅੱਜ ਇਹਨਾਂ ਸ਼ਹੀਦਾਂ ਨੂੰ ਵੀ ਧਰਮਾਂ ਤੇ ਜਾਤਾਂ ਵਿੱਚ ਵੰਡਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਮੌਕਾਪ੍ਰਸਤ ਸਿਆਸਤਦਾਨ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ। ਸ਼ਹੀਦ ਸੁਖਦੇਵ ਨੇ ਕਦੀ ਵੀ ਆਪਣੇ ਨਾਮ ਨਾਲ ਥਾਪਰ ਨਹੀਂ ਲਿਖਿਆ, ਹਮੇਸ਼ਾ ਇਕੱਲਾ ਸੁਖਦੇਵ ਹੀ ਕਹਾਉਂਦਾ ਰਿਹਾ ਹੈ। ਪਰ ਹੁਣ ਉਸ ਦੇ ਨਾਂ ਨਾਲ ਥਾਪਰ ਲਗਾਉਣ ਵਾਲੇ ਕੁੱਝ ਲੋਕਾਂ ਵੱਲੋਂ ਆਪਣੇ ਸੌੜੇ ਰਾਜਨੀਤਿਕ ਹਿੱਤ ਪਾਲੇ ਜਾ ਰਹੇ ਹਨ ਅਤੇ ਆਪਣੇ ਆਪ ਨੂੰ ਸੁਖਦੇਵ ਦੇ ਪਰਿਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੋਈ ਸਚਿਆਈ ਨਹੀਂ।ਆਗੂਆਂ ਨੇ ਇਹ ਵੀ ਦੱਸਿਆ ਕਿ 1925 ਵਿੱਚ ਨੌਜਵਾਨ ਭਾਰਤ ਸਭਾ ਬਣਾਉਣ ਵਿੱਚ ਸ਼ਹੀਦ ਸੁਖਦੇਵ ਸਭ ਤੋਂ ਅੱਗੇ ਸੀ, ਜਿਸ ਵਿੱਚ ਉਹਨਾਂ ਧਰਮਾਂ ਤੇ ਜਾਤਾਂ ਤੋਂ ਉੱਪਰ ਉੱਠਕੇ ਕੰਮ ਕੀਤਾ।ਪਰ ਅੱਜ ਉਸ ਨੂੰ ਧਰਮ ਤੇ ਜਾਤ ਗੋਤ ਦੇ ਨਾਂ ਤੇ ਪੇਸ਼ ਕਰਨ ਵਾਲਿਆਂ ਵੱਲੋਂ, ਲੋਕਾਂ ਵਿੱਚ ਫਿਰਕੂ ਮਹੌਲ ਸਿਰਜਿਆ ਜਾ ਰਿਹਾ ਹੈ, ਜਿਸ ਵਿੱਚ ਸਰਕਾਰੀ ਮਸ਼ੀਨਰੀ ਵੀ ਉਹਨਾ ਦਾ ਸਾਥ ਦੇ ਰਹੀ ਹੈ।ਇਸੇ ਤਰ੍ਹਾਂ ਇਸ ਸੌੜੀ ਰਾਜਨੀਤੀ ਦਾ ਵਿਰੋਧ ਵੀ, ਧਰਮ ਤੋਂ ਪ੍ਰੇਰਿਤ ਰਾਜਨੀਤੀ ਰਾਹੀਂ ਕਰਨ ਵਾਲੇ, ਆਮ ਲੋਕਾਂ ਵਿੱਚ ਫਿਰਕੂ ਨਫ਼ਰਤ ਪੈਦਾ ਕਰਕੇ ਪੰਜਾਬ ਨੂੰ ਫਿਰ ਅੱਤਵਾਦ ਦੇ ਮਹੌਲ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਲੁਧਿਆਣੇ ਵਿੱਚ ਪਹਿਲਾਂ ਵੀ ਲੋਕਾਂ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ।ਇਸ ਲਈ ਉਪਰੋਕਤ ਆਗੂਆਂ ਨੇ ਲੋਕਾਂ ਨੂੰ ਇਨ੍ਹਾਂ ਦੋਵਾਂ ਧਿਰਾਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਿਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
No comments:
Post a Comment