Tuesday, May 07, 2019

ਆਪਣੇ ਹੀ ਪੁਰਾਣੇ ਚੋਣ ਵਾਅਦਿਆਂ ਤੋਂ ਦੂਰ ਹਨ ਸਿਆਸੀ ਪਾਰਟੀਆਂ

ਸਟੇਜਾਂ ਉੱਤੇ ਵੀ ਨਹੀਂ ਹੋ ਰਹੀ ਰਿਪੋਰਟ ਕਾਰਡ ਦੀ ਗੱਲ
ਲੁਧਿਆਣਾ: 7 ਮਈ 2019: (ਪੰਜਾਬ ਸਕਰੀਨ ਟੀਮ)::  
ਇਸ ਵਾਰ ਵੀ ਲੋਕ ਸਭਾ ਚੋਣਾਂ ਲੜ ਰਹੀਆਂ ਸਿਆਸੀ ਪਾਰਟੀਆਂ ਅਤੇ ਸੁਤੰਤਰ ਉਮੀਦਵਾਰਾਂ ਦੀਆਂ ਚੋਣ ਮੁਹਿੰਮਾਂ ਵਿੱਚ ਪੁਰਾਣੇ ਵਾਅਦੇ ਗਾਇਬ ਹਨ ਅਤੇ ਨਵੇਂ ਮਸਲੇ ਅਣਛੂਹੇ। ਚੋਣ ਰੈਲੀਆਂ ਤੋਂ ਕਈ ਕਈ ਘੰਟੇ ਪਹਿਲਾਂ ਹੀ ਚੋਂਕ ਚੁਰਾਹੇ ਜਾਮ ਕਰਕੇ ਲੋਕਾਂ ਨੂੰ ਜਜ਼ਬਾਤੀ ਜਿਹੇ ਭਾਸ਼ਣਾਂ ਵਿੱਚ ਇੱਕ ਵਾਰ ਫੇਰ ਭਰਮਾਉਣ ਦੀਆਂ ਸਾਜ਼ਿਸ਼ਾਂ ਜਾਰੀ ਹਨ। ਨਾ ਭਾਜਪਾ ਵਾਲੇ ਹੁਣ ਨੋਟਬੰਦੀ ਅਤੇ 15--15 ਲੱਖ ਰੁਪਏ ਹਰ ਇੱਕ ਦੀ ਜੇਬ ਵਿੱਚ ਲਿਆਉਣ ਦੀ ਗੱਲ ਕਰਦੇ ਹਨ ਅਤੇ ਨਾ ਹੀ ਕਾਂਗਰਸ ਪਾਰਟੀ ਕੈਪਟਨ ਸਾਹਿਬ ਵੱਲੋਂ ਖਾਧੀਆਂ ਗੁਟਕਾ ਸਾਹਿਬ ਦੀਆਂ ਸੋਹਾਂ ਦਾ ਜ਼ਿਕਰ ਕਰਦੀ ਹੈ। ਅਕਾਲੀ ਦਲ ਦੇ ਨਾਲ ਹੁਣ ਸਾਂਝੀਂਆਂ  ਚੋਣ ਸਟੇਜਾਂ ਉੱਤੇ ਉਹ ਭਾਜਪਾ ਲੀਡਰ ਵੀ ਸਜੇ ਹੁੰਦੇ ਹਨ ਜਿਹਨਾਂ ਨੂੰ ਹਰਾਉਣ ਲਈ ਅਕਾਲੀ ਦਲ ਵਿੱਚ ਹੀ ਸਾਜ਼ਿਸ਼ਾਂ ਰਚੀਆਂ ਗਈਆਂ ਸਨ ਅਤੇ ਉਮੀਦਵਾਰ ਖੜੇ ਕੀਤੇ ਗਏ ਸਨ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਸਭ ਕੁਝ ਲੋਕਾਂ ਨੇ ਬਹੁਤ ਨੇੜਿਓਂ ਹੋ ਕੇ ਦੇਖਿਆ ਸੀ।  
ਲੱਗਦਾ ਹੈ ਇਹ ਗੱਲ ਬਿਲਕੁਲ ਸਹੀ ਹੈ ਕਿ ਸੱਤਾ ਦਾ ਮੋਹ ਬਹੁਤ ਕੁਝ ਭੁਲਾ ਦੇਂਦਾ ਹੈ। ਵਕ਼ਤ ਦੀ ਮਰਹਮ ਬਹੁਤ ਸਾਰੇ ਜ਼ਖਮਾਂ ਨੂੰ ਭਰ ਦੇਂਦੀ ਹੈ। ਉਹੀ ਹਾਲ ਇਹਨਾਂ ਲੀਡਰਾਂ ਦਾ ਵੀ ਹੈ ਅਤੇ ਹੋਵੇ ਵੀ ਕਿਓਂ ਨ? ਜੇ ਵੋਟਰ ਰਾਤ ਨੂੰ ਦਾਰੂ ਦੀ ਬੋਤਲ ਜਾਂ ਨੋਟ ਲੈ ਕੇ ਆਪਣੇ ਲੀਡਰਾਂ ਦਾ ਰਿਪੋਰਟ ਕਾਰਡ ਮੰਗਣਾ ਭੁੱਲ ਸਕਦੇ ਹਨ ਤਾਂ ਲੀਡਰਾਂ ਨੂੰ ਕੀ ਪਈ ਹੈ ਉਹ ਸਭ ਕੁਝ ਯਾਦ ਦੁਆਉਂਦੇ ਫਿਰਨ। ਪਰ ਇਹ ਸਾਰੀ ਸਥਿਤੀ ਇਸ ਜਮਹੂਰੀ ਢਾਂਚੇ ਦੇ ਖੋਖਲੇਪਨ ਨੂੰ ਪੂਰੀ ਤਰਾਂ ਦਿਖਾ ਰਹੀ ਹੈ। ਗਲੀ ਮੁਹੱਲਿਆਂ ਦੇ ਸਥਾਨਕ ਲੀਡਰ ਅਤੇ ਘੜੰਮ ਚੌਧਰੀ ਵੀ ਹਰ ਪਾਰਟੀ ਦੀ ਸਟੇਜ 'ਤੇ ਬਿਰਾਜਮਾਨ ਹੁੰਦੇ ਹਨ। ਨੋਟ ਵਾਲੇ ਬਟਨ ਦੀ ਵਿਵਸਥਾ ਵੀ ਬਹੁਤੀ ਦੇਰ ਇਸ ਪਰਬੰਧ ਨੂੰ ਨਹੀਂ ਚਲਾ ਸਕੇਗੀ। 
ਅੱਜ ਨਿਊ ਕੁੰਦਨਪੁਰੀ 'ਚ ਹੋਈ ਚੋਣ ਰੈਲੀ ਦੌਰਾਨ ਵੀ ਇਹੀ ਕੁਝ ਨਜ਼ਰ ਆਇਆ। ਸ਼ਾਮ ਨੂੰ ਚਾਰ ਵਜੇ ਹੀ ਸਟੇਜ ਅਤੇ ਕੁਰਸੀਆਂ ਲਾ ਕੇ ਇਲਾਕੇ ਦੀ ਪਰਮੁੱਖ ਗਲੀ ਜਾਮ ਕਰ ਦਿੱਤੀ ਗਈ। ਇਹੀ ਕੁਝ ਸਾਰੀਆਂ ਪਾਰਟੀਆਂ ਹਰ ਮੁਹੱਲੇ ਵਿੱਚ ਕਰ ਰਹੀਆਂ ਹਨ। ਰੈਲੀ ਸ਼ੁਰੂ ਹੋਈ ਰਾਤ ਨੂੰ ਅੱਠ ਵਜੇ ਅਤੇ ਮੁੱਖ ਮਹਿਮਾਨ  ਮਹੇਸ਼ਇੰਦਰ ਸਿੰਘ ਗਰੇਵਾਲ ਆਏ ਰਾਤ ਨੂੰ 9 ਵਜੇ ਤੋਂ ਬਾਅਦ। ਉਦੋਂ ਤੱਕ ਮੰਚ ਤੋਂ ਸਰੋਤਿਆਂ ਨੂੰ ਸੰਭਾਲਿਆ ਨੌਜਵਾਨ ਆਗੂ ਗੁਰਦੀਪ ਸਿੰਘ ਗੋਸ਼ਾ, ਸੀਨੀਅਰ ਭਾਜਪਾ ਆਗੂ ਪਰਵੀਨ ਬਾਂਸਲ ਅਤੇ ਸੱਭਿਆਚਾਰਕ ਟੀਮ ਦੇ ਮੈਂਬਰਾਂ ਨੇ। ਲੋਕਸਭਾ ਲਈ ਉਮੀਦਵਾਰ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਸਵਾਗਤ ਵਿੱਚ ਭਾਰਤ ਮਾਤਾ ਕੀ ਜੈ ਦੇ ਨਾਅਰੇ ਬਾਰ ਬਾਰ ਗੂੰਜੇ। ਪੰਜਾਬ ਅਤੇ ਪੰਥ ਦੇ ਮਸਲੇ ਪੂਰੀ ਤਰਾਂ ਅਣਛੋਹੇ ਰਹੇ। ਹਾਂ ਦੇਸ਼ ਭਗਤੀ ਦੇ ਫ਼ਿਲਮੀ ਗੀਤਾਂ ਨੇ ਲੋਕਾਂ ਨੂੰ ਇੰਤਜ਼ਾਰ ਦੀਆਂ ਇਹਨਾਂ ਲੰਮੀਆਂ ਘੜੀਆਂ ਵਿੱਚ ਵੀ ਦਿਲਚਸਪੀ ਨਾਲ ਬਿਠਾਈ ਰੱਖਿਆ। ਵੋਟਰਾਂ ਨੂੰ ਭਰਮਾਉਣ ਵਿੱਚ ਕਿਹੜੀ ਪਾਰਟੀ ਕਾਮਯਾਬ ਰਹਿੰਦੀ ਹੈ ਇਹ ਗੱਲ ਤਾਂ ਚੋਣ ਨਤੀਜੇ ਆਉਣ ਤੇ ਹੀ ਪਤਾ ਲੱਗੇਗੀ।    

No comments: